ਬੋਲਾਂ ਵਿਚ ਸਹਿਜਤਾ, ਗੱਲਬਾਤ ਵਿਚ ਠਰੰਮਾ ਤੇ ਸਾਊ ਸੁਭਾਅ ਉਸ ਦੇ ਸੂਫ਼ੀਵਾਦ ਦੇ ਨੇੜੇ ਹੋਣ ਦੀ ਗਵਾਹੀ ਭਰਦੇ ਹਨ। ਅਸੀਂ ਗੱਲ ਕਰ ਰਹੇ ਹਾਂ ਗਾਇਕੀ ਦੇ ਖੇਤਰ 'ਚ ਲੰਬੀ ਪਰਵਾਜ਼ ਭਰਨ ਦੀ ਤਿਆਰੀ ਕਰ ਰਹੇ ਗਾਇਕ ਨਰਿੰਦਰ ਬੋਪਾਰਾਏ ਦੀ। ਉਸ ਦੇ ਪਹਿਲੇ ਗੀਤ 'ਮੇਰੀ ਹਸਰਤ' ਨੇ ਇਹ ਗੱਲ ਤਾਂ ਸਾਫ਼ ਕਰ ਦਿੱਤੀ ਸੀ ਕਿ ਇਹ ਸੋਹਣਾ ਸੁਨੱਖਾ ਮੁੰਡਾ ਲੱਚਰਤਾ ਤੋਂ ਕੋਹਾਂ ਦੂਰ ਰਹੇਗਾ ਅਤੇ ਕਾਮਯਾਬੀ ਲਈ ਕੋਈ ਸ਼ਾਰਟਕੱਟ ਨਹੀਂ ਅਖ਼ਤਿਆਰ ਕਰੇਗਾ। ਦੂਜੇ ਗੀਤ 'ਦਿਨ' ਦੀ ਸਫਲਤਾ ਤੋਂ ਬਾਅਦ ਹੁਣ ਨਿਰੰਦਰ ਆਪਣੇ ਨਵੇਂ ਆਏੇ ਗੀਤ 'ਚੰਗੇ ਟਾਈਮ' ਨਾਲ ਮੁੜ ਚਰਚਾ 'ਚ ਹੈ। ਸਰੋਤਿਆਂ ਵੱਲੋਂ ਇਸ ਗੀਤ ਨੂੰ ਵੀ ਪਹਿਲਾਂ ਗੀਤਾਂ ਵਾਂਗ ਚੰਗਾ ਹੁੰਗਾਰਾ ਦਿੱਤਾ ਗਿਆ ਹੈ। ਗੀਤਕਾਰ ਨੋਨੀ ਮਾਂਗਟ ਅਤੇ ਉੱਘੇ ਪੰਜਾਬੀ ਗਾਇਕ ਹਰਪ੍ਰੀਤ ਮਾਂਗਟ ਨਾਲ ਭਰਾਵਾਂ ਵਰਗਾ ਰਿਸ਼ਤਾ ਰੱਖਣ ਵਾਲਾ ਨਰਿੰਦਰ ਬੋਪਾਰਾਏ ਮਸ਼ਹੂਰ ਗਾਇਕ ਫਿਰੋਜ਼ ਖ਼ਾਨ ਨੂੰ ਆਪਣਾ ਆਦਰਸ਼ ਮੰਨਦਾ ਹੈ। ਗੁਰਮਤਿ ਸੰਗੀਤ ਅਕੈਡਮੀ ਮਾਛੀਵਾੜਾ ਤੋਂ ਗਾਇਕੀ ਦੀ ਤਾਲੀਮ ਲੈਣ ਵਾਲਾ ਇਹ ਨੌਜਵਾਨ ਗਾਇਕ ਆਪਣੇ ਪਿਤਾ ਹਰਜਿੰਦਰ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਨਾਲ ਪਿੰਡ ਰਹੀਮਾਬਾਦ ਖ਼ੁਰਦ ਵਿਚ ਰਹਿੰਦਿਆਂ ਗਾਇਕੀ ਦੇ ਖੇਤਰ 'ਚ ਨਵੀਆਂ ਪੈੜਾਂ ਪਾਉਂਦਾ ਹੋਇਆ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਨਰਿੰਦਰ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਚੰਗੀ ਗਾਇਕੀ ਨੂੰ ਹੀ ਪਹਿਲ ਦੇਵਾਗਾ। ਉਸ ਦੀ ਇਹੀ ਕੋਸ਼ਿਸ਼ ਰਹੇਗੀ ਕਿ ਉਸ ਦੀ ਗੀਤਾਂ ਨੂੰ ਸਰੋਤੇ ਆਪਣੇ ਪਰਿਵਾਰ ਨਾਲ ਬੈਠ ਕੇ ਸੁਣ ਸਕਣ।

- ਕੰਗ ਬਰਵਾਲੀ

88963-01000

Posted By: Harjinder Sodhi