ਪਰਮੀਸ਼ ਵਰਮਾ ਅੱਜ ਕਿਸੇ ਰਸਮੀ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਹੁਣ ਤਕ ਉਹ ਬਤੌਰ ਮਾਡਲ, ਗਾਇਕ, ਅਦਾਕਾਰ ਤੇ ਵੀਡੀਓ ਨਿਰਦੇਸ਼ਕ ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਦੀ ਤਰੱਕੀ 'ਚ ਆਪਣਾ ਅਹਿਮ ਯੋਗਦਾਨ ਪਾ ਚੁੱਕਾ ਹੈ। ਪਰਮੀਸ਼ ਦੀ ਇਹ ਸਫਲਤਾ ਉਸ ਦੀ ਸਖ਼ਤ ਮਿਹਨਤ ਤੇ ਲੰਬੇ ਸੰਘਰਸ਼ ਦਾ ਹੀ ਨਤੀਜਾ ਹੈ। ਉਹ ਰਾਤੋਂ-ਰਾਤ ਸਟਾਰ ਨਹੀਂ ਬਣਿਆ ਬਲਕਿ ਉਸ ਨੇ ਇਹ ਮੁਕਾਮ 'ਤੇ ਪਹੁੰਚ ਲਈ ਦਿਨ-ਰਾਤ ਇਕ ਕੀਤਾ ਹੈ। ਕਲਾ ਦੇ ਖੇਤਰ 'ਚ ਆ ਰਹੇ ਨਵੇਂ ਮੁੰਡੇ-ਕੁੜੀਆਂ ਲਈ ਪਰਮੀਸ਼ ਦਾ ਇਹ ਸਫ਼ਰ ਪ੍ਰੇਰਣਾ ਸਰੋਤ ਦਾ ਕੰਮ ਕਰਦਾ ਹੈ। ਉਸ ਨੂੰ ਪਾਲੀਵੁੱਡ ਦਾ 'ਸਿੰਘਮ' ਵੀ ਕਿਹਾ ਜਾ ਸਕਦਾ ਹੈ। ਅਸਲ 'ਚ ਪਿਛਲੇ ਸਾਲ ਰਿਲੀਜ਼ ਹੋਈ ਪੰਜਾਬੀ ਫਿਲਮ 'ਸਿੰਘਮ' 'ਚ ਉਸ ਨੇ ਇਕ ਧਾਕੜ ਪੁਲਿਸ ਅਧਿਕਾਰੀ ਦਾ ਕਿਰਦਾਰ ਬਾਖ਼ੂਬੀ ਨਿਭਾਇਆ ਹੈ। ਵੈਸੇ, ਐਕਸ਼ਨ ਦੇ ਨਾਲ-ਨਾਲ ਰੁਮਾਂਟਿਕ ਫਿਲਮਾਂ 'ਚ ਵੀ ਉਹ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾ ਚੁੱਕਾ ਹੈ।


ਥੀਏਟਰ ਨਾਲ ਸਾਂਝ


ਪਰਮੀਸ਼ ਵਰਮਾ ਦਾ ਜਨਮ 3 ਜੁਲਾਈ 1990 ਨੂੰ ਪਿਤਾ ਡਾ. ਸਤੀਸ਼ ਕੁਮਾਰ ਵਰਮਾ ਤੇ ਮਾਤਾ ਪ੍ਰੋ. ਪਰਮਜੀਤ ਵਰਮਾ ਦੇ ਘਰ ਪਟਿਆਲਾ ਵਿਖੇ ਹੋਇਆ। ਜ਼ਿਕਰਯੋਗ ਹੈ ਕਿ ਡਾ. ਸਤੀਸ਼ ਕੁਮਾਰ ਵਰਮਾ ਨੇ ਪੰਜਾਬੀ ਸਾਹਿਤ ਤੇ ਰੰਗਮੰਚ ਦੇ ਖੇਤਰ 'ਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ। ਪਰਮੀਸ਼ ਵਰਮਾ ਦਾ ਛੋਟਾ ਭਰਾ ਸੁਖਨ ਵਰਮਾ ਵੀ ਉਸ ਨਾਲ ਹਮੇਸ਼ਾ ਸੋਸ਼ਲ ਮੀਡੀਆ 'ਤੇ ਨਜ਼ਰ ਆਉਂਦਾ ਰਹਿੰਦਾ ਹੈ। ਪਰਮੀਸ਼ ਨੇ ਸਕੂਲ ਪੜ੍ਹਦਿਆਂ ਹੀ ਥੀਏਟਰ ਨਾਲ ਸਾਂਝ ਪਾ ਲਈ ਸੀ। ਉਹ ਸਕੂਲ 'ਚ ਹੁੰਦੇ ਫੈਸਟੀਵਲਾਂ ਤੇ ਪ੍ਰੋਗਰਾਮਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਂਦਾ। ਫਿਰ ਉਹ ਹੋਟਲ ਮੈਨੇਜ਼ਮੈਂਟ ਦੀ ਪੜ੍ਹਾਈ ਦੇ ਚੱਲਦਿਆਂ ਆਸਟ੍ਰੇਲੀਆ ਜਾ ਵਸਿਆ। ਵਿਦੇਸ਼ 'ਚ ਰਹਿੰਦਿਆਂ ਉਸ ਨੇ ਖ਼ੂਬ ਮਿਹਨਤ ਕੀਤੀ ਪਰ ਉਸ ਅੰਦਰੇ ਅਦਾਕਾਰ ਨੇ ਉਸ ਨੂੰ ਉੱਥੇ ਬਹੁਤਾ ਸਮਾਂ ਟਿਕਣ ਨਹੀਂ ਦਿੱਤਾ ਤੇ ਉਹ ਮੁੜ ਵਾਪਸ ਪੰਜਾਬ ਪਰਤ ਆਇਆ।

ਕਰੀਅਰ ਦੀ ਸ਼ੁਰੂਆਤ

ਆਸਟ੍ਰੇਲੀਆ ਤੋਂ ਵਾਪਸ ਪੰਜਾਬ ਆ ਕੇ ਪਰਮੀਸ਼ ਵਰਮਾ ਨੇ ਬਤੌਰ ਵੀਡੀਓ ਡਾਇਰੈਕਟਰ ਸਾਲ 2014 'ਚ ਸਭ ਤੋਂ ਪਹਿਲਾਂ ਗੀਤ 'ਜ਼ਿੰਮੇਵਾਰੀ ਭੁੱਖ ਤੇ ਦੂਰੀ' ਤਿਆਰ ਕੀਤਾ। ਇਸ ਗੀਤ ਰਾਹੀਂ ਉਸ ਨੇ ਪ੍ਰਦੇਸੀਆਂ ਦੀ ਜ਼ਿੰਦਗੀ ਨਾਲ ਜੁੜੀਆਂ ਮੁਸ਼ਕਲਾਂ ਨੂੰ ਬਾਖ਼ੂਬੀ ਵਿਖਾਇਆ। ਇਸ ਗੀਤ ਦੀ ਸਫਲਤਾ ਤੋਂ ਬਾਅਦ ਉਸ ਨੇ ਗਾਇਕ ਨਿੰਜਾ ਦੇ ਗੀਤ ਦਾ ਫਿਲਮਾਂਕਣ ਕੀਤਾ। ਇਹ ਗੀਤ ਵੀ ਦਰਸ਼ਕਾਂ ਦੀ ਪਸੰਦ ਦੇ ਮੇਚ ਆਇਆ। ਇਸ ਤੋਂ ਬਾਅਦ 'ਆਦਤ', 'ਗੱਲ ਜੱਟਾਂ ਵਾਲੀ', 'ਗੱਲਾਂ ਮਿੱਠੀਆਂ' ਆਦਿ ਗੀਤਾਂ ਨੇ ਤਾਂ ਪਰਮੀਸ਼ ਵਰਮਾ ਨੂੰ ਇਸ ਖੇਤਰ 'ਚ ਪੱਕੇ ਪੈਰੀਂ ਕਰ ਦਿੱਤਾ। ਇਨ੍ਹਾਂ ਗੀਤਾਂ 'ਚ ਉਸ ਨੇ ਬਤੌਰ ਮਾਡਲ ਵੀ ਕੰਮ ਕੀਤਾ। ਹੁਣ ਤਕ ਉਹ ਅਨੇਕਾਂ ਗੀਤਾਂ ਦਾ ਸਫਲ ਫਿਲਮਾਂਕਣ ਕਰ ਚੁੱਕਾ ਹੈ। ਇਨ੍ਹਾਂ ਗੀਤਾਂ 'ਚ ਸਰੋਤਿਆਂ ਨੇ ਉਸ ਦੀ ਕਲਾ ਨੂੰ ਖ਼ੂਬ ਪਸੰਦ ਕੀਤਾ ਹੈ। ਦੱਸਣਯੋਗ ਹੈ ਕਿ ਪਰਮੀਸ਼ ਨੇ ਇਸ ਖੇਤਰ ਨਾਲ ਜੁੜੀਆਂ ਬਾਰੀਕੀਆਂ ਦਾ ਗਿਆਨ ਵੀ ਵੱਖ-ਵੱਖ ਸਰੋਤਾਂ ਤੋਂ ਹਾਸਲ ਕੀਤਾ ਹੈ। ਸਭ ਤੋਂ ਵੱਡੀ ਗੱਲ ਹੈ ਕਿ ਉਹ ਖ਼ੁਦ ਨੂੰ ਸਮੇਂ ਦੇ ਅਨੁਸਾਰ ਢਾਲਣ 'ਚ ਵਿਸ਼ੇਸ਼ ਜਾਚ ਰੱਖਦਾ ਹੈ।


ਫਿਲਮੀ ਪਰਦੇ ਦਾ ਰੁਖ਼

ਪੰਜਾਬੀ ਸੰਗੀਤ ਇੰਡਸਟਰੀ 'ਚ ਬਤੌਰ ਮਾਡਲ ਤੇ ਵੀਡੀਓ ਨਿਰਦੇਸ਼ਕ ਵੱਖਰੀ ਪਛਾਣ ਬਣਾਉਣ ਤੋਂ ਬਾਅਦ ਪਰਮੀਸ਼ ਵਰਮਾ ਨੇ ਫਿਲਮੀ ਪਰਦੇ ਦਾ ਰੁਖ਼ ਕੀਤਾ। ਦੱਸਣਯੋਗ ਹੈ ਕਿ ਓਦਾਂ ਪਰਮੀਸ਼ ਨੇ 2011 'ਚ ਆਈ ਫਿਲਮ 'ਪੰਜਾਬ ਬੋਲਦਾ' 'ਚ ਵੀ ਅਹਿਮ ਕਿਰਦਾਰ ਨਿਭਾਇਆ ਸੀ। ਇਸ ਫਿਲਮ ਦੀ ਕਹਾਣੀ ਪਰਮੀਸ਼ ਦੇ ਪਿਤਾ ਡਾ. ਸਤੀਸ਼ ਵਰਮਾ ਨੇ ਹੀ ਲਿਖੀ ਹੈ। ਫਿਰ 2017 'ਚ ਆਈ ਐਕਸ਼ਨ ਪੰਜਾਬੀ ਫਿਲਮ 'ਰੌਕੀ ਮੈਂਟਲ' ਤੋਂ ਪਰਮੀਸ਼ ਨੇ ਬਤੌਰ ਹੀਰੋ ਫਿਲਮੀ ਪਰਦੇ 'ਤੇ ਧਮਾਕੇਦਾਰ ਐਂਟਰੀ ਕੀਤੀ। ਫਿਲਮ 'ਚ ਉਸ ਨੇ ਇਕ ਮੁੱਕੇਬਾਜ਼ ਦਾ ਦਮਦਾਰ ਕਿਰਦਾਰ ਨਿਭਾਇਆ। ਇਸ ਤੋਂ ਬਾਅਦ ਉਸ ਨੇ ਪੰਜਾਬੀ ਫਿਲਮਾਂ 'ਦਿਲ ਦੀਆਂ ਗੱਲਾਂ' ਤੇ 'ਸਿੰਘਮ' (2019) 'ਚ ਵੀ ਬਤੌਰ ਹੀਰੋ ਸ਼ਾਨਦਾਰ ਕਿਰਦਾਰ ਨਿਭਾਇਆ। ਦੱਸਣਯੋਗ ਹੈ ਕਿ ਪੰਜਾਬੀ ਫਿਲਮ 'ਸਿੰਘਮ' ਸੁਪਰਹਿੱਟ ਹਿੰਦੀ ਫਿਲਮ 'ਸਿੰਘਮ' ਦਾ ਹੀ ਰੀਮੇਕ ਹੈ। ਇਸ 'ਚ ਉਸ ਨੇ ਡੀਐੱਸਪੀ ਦਿਲਸ਼ੇਰ ਦੀ ਭੂਮਿਕਾ ਬਾਖ਼ੂਬੀ ਨਿਭਾਈ। ਫਿਲਮ 'ਚ ਬਤੌਰ ਹੀਰੋਇਨ ਸੋਨਮ ਬਾਜਵਾ ਉਸ ਨਾਲ ਨਜ਼ਰ ਆਈ। ਇਸ ਫਿਲਮ 'ਚ ਵੀ ਪਰਮੀਸ਼ 'ਤੇ ਕਾਫ਼ੀ ਐਕਸ਼ਨ ਦ੍ਰਿਸ਼ ਫਿਲਮਾਏ ਗਏ ਜੋ ਦਰਸ਼ਕਾਂ ਨੇ ਖ਼ੂਬ ਪਸੰਦ ਆਏ। ਇਸੇ ਸਾਲ ਦੀ ਸ਼ੁਰੂਆਤ 'ਚ ਪਰਮੀਸ਼ ਵਰਮਾ ਦੀ ਫਿਲਮ 'ਜਿੰਦੇ ਮੇਰੀਏ' ਆਈ ਹੈ। ਇਸ ਫਿਲਮ 'ਚ ਉਸ ਨਾਲ ਇਕ ਵਾਰ ਫਿਰ ਸੋਨਮ ਬਾਜਵਾ ਨੇ ਮੁੱਖ ਭੂਮਿਕਾ ਨਿਭਾਈ। ਇਸ ਸਮੇਂ ਪਰਮੀਸ਼ ਵਰਮਾ ਆਪਣੇ ਅਗਲੇ ਪ੍ਰਾਜੈਕਟਾਂ 'ਚ ਰੁੱਝਾ ਹੋਇਆ ਹੈ।


ਗਾਇਕੀ 'ਚ ਚਮਕਾਇਆ ਨਾਂ

ਪਰਮੀਸ਼ ਵਰਮਾ ਨੇ ਨਿਰਦੇਸ਼ਨ ਤੇ ਫਿਲਮੀ ਖੇਤਰ 'ਚ ਪਛਾਣ ਬਣਾਉਣ ਦੇ ਨਾਲ-ਨਾਲ ਪੰਜਾਬੀ ਗਾਇਕੀ ਦੇ ਖੇਤਰ 'ਚ ਵੀ ਵੱਡੀਆਂ ਮੱਲਾਂ ਮਾਰੀਆਂ ਹਨ। ਆਮ ਤੌਰ 'ਤੇ ਗਾਇਕੀ 'ਚ ਨਾਂ ਚਮਕਾਉਣ ਤੋਂ ਬਾਅਦ ਗਾਇਕ ਫਿਲਮੀ ਪਰਦੇ ਵਾਲੇ ਪਾਸੇ ਆਉਂਦੇ ਹਨ ਪਰ ਪਰਮੀਸ਼ ਨੇ ਇਸ ਰੀਤ ਨੂੰ ਤੋੜਦੇ ਹੋਏ ਅਦਾਕਾਰੀ 'ਚ ਪਛਾਣ ਬਣਾਉਣ ਤੋਂ ਬਾਅਦ ਗਾਇਕੀ ਦਾ ਰੁਖ਼ ਕੀਤਾ। ਉਸ ਦਾ ਸਭ ਤੋਂ ਪਹਿਲਾ ਗੀਤ 'ਆ ਲੈ ਚੱਕ ਮੈਂ ਆ ਗਿਆ' ਸਾਲ 2017 'ਚ ਰਿਲੀਜ਼ ਹੋਇਆ। ਪਰਮੀਸ਼ ਦੇ ਇਸ ਪਹਿਲੇ ਹੀ ਗੀਤ ਨੇ ਰਿਕਾਰਡ ਤੋੜ ਸਫਲਤਾ ਹਾਸਲ ਕੀਤੀ। ਇਸ ਤੋਂ ਬਾਅਦ ਉਸ ਨੇ ਸਮੇਂ-ਸਮੇਂ ਆਏ ਗੀਤ ਜਿਵੇਂ 'ਗਾਲ੍ਹ ਨੀਂ ਕੱਢਣੀ', 'ਸਭ ਫੜੇ ਜਾਣਗੇ', 'ਟੌਹਰ ਨਾਲ ਛੜਾ', 'ਚਿੜੀ ਉੱਡ, ਕਾਂ ਉੱਡ', 'ਜਾ ਵੇ ਜਾ', 'ਕੱਚੇ ਪੱਕੇ ਯਾਰ', 'ਕਲੋਲਾਂ' ਆਦਿ ਨਾਲ ਖ਼ੂਬ ਪ੍ਰਸਿੱਧੀ ਹਾਸਲ ਕੀਤੀ। ਦਿਲਚਸਪ ਗੱਲ ਇਹ ਹੈ ਕਿ ਪਰਮੀਸ਼ ਆਮ ਗੀਤਾਂ ਨਾਲੋਂ ਕਾਫ਼ੀ ਹਟਵੇਂ ਵਿਸ਼ੇ 'ਤੇ ਗੀਤ ਗਾਉਣੇ ਪਸੰਦ ਕਰਦਾ ਹੈ ਜੋ ਬੇਹੱਦ ਜਲਦ ਹਰ ਇਕ ਸੰਗੀਤ ਪ੍ਰੇਮੀਆਂ ਦੀ ਜ਼ੁਬਾਨ 'ਤੇ ਸਹਿਜੇ ਹੀ ਚੜ੍ਹ ਜਾਂਦੇ ਹਨ। ਇਨ੍ਹਾਂ ਗੀਤਾਂ 'ਚ ਪਰਮੀਸ਼ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਹੈ। ਨੌਜਵਾਨ ਦਿਲਾਂ ਦੀ ਧੜਕਣ ਬਣ ਚੁੱਕੇ ਪਰਮੀਸ਼ ਵਰਮਾ ਤੋਂ ਆਉਣ ਵਾਲੇ ਸਮੇਂ 'ਚ ਪੰਜਾਬੀ ਸੰਗੀਤ ਤੇ ਫਿਲਮ ਜਗਤ ਨੂੰ ਵੱਡੀਆਂ ਉਮੀਦਾਂ ਹਨ।


ਪਰਮਿੰਦਰ ਸਿੰਘ ਖੱਖ

73556-93018

Posted By: Harjinder Sodhi