ਆਪਣੀ ਗਾਇਕੀ, ਗੀਤਕਾਰੀ ਤੇ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ’ਚ ਵਿਲੱਖਣ ਜਗ੍ਹਾ ਬਣਾਉਣ ਵਾਲਾ ਬੱਬੂ ਮਾਨ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਉਸ ਦਾ ਜਨਮ 29 ਮਾਰਚ ਨੂੰ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਖੰਟ ਮਾਨਪੁਰ ’ਚ ਹੋਇਆ। ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਉਸ ਨੇ 1997 ’ਚ ਆਈ ਐਲਬਮ ‘ਸੱਜਣ ਰੁਮਾਲ ਦੇ ਗਿਆ’ ਨਾਲ ਕੀਤੀ ਪਰ ਉਸ ਨੂੰ ਅਸਲ ਕਾਮਯਾਬੀ ਮਿਲੀ 1999 ’ਚ ਆਈ ਐਲਬਮ ‘ਤੂੰ ਮੇਰੀ ਮਿਸ ਇੰਡੀਆ’ ਨਾਲ।

2001 ’ਚ ਆਈ ਐਲਬਮ ‘ਸਾਉਣ ਦੀ ਝੜੀ’ ਨਾਲ ਉਹ ਰਾਤੋ-ਰਾਤ ਸਟਾਰ ਬਣ ਗਿਆ। ਇਸ ਐਲਬਮ ਦੇ ਟਾਈਟਲ ਗੀਤ ਤੋਂ ਇਲਾਵਾ ‘ਚੰਨ ਚਾਨਣੀ ਰਾਤ ਮਹਿਰਮਾ’, ‘ਮੈਂ ਰੋ ਕੇ ਰਾਤ ਗੁਜ਼ਾਰ ਲਈ, ‘ਦਿਲ ਤਾਂ ਪਾਗ਼ਲ ਹੈ’, ‘ਇਸ਼ਕ’, ‘ਕਬਜ਼ਾ’ ਤੇ ‘ਟੱਚਵੁੱਡ’ ਨੂੰ ਲੋਕਾਂ ਨੇ ਮਣਾਂਮੂੰਹੀ ਪਿਆਰ ਦਿੱਤਾ। 2004 ’ਚ ‘ਉਹੀ ਚੰਨ ਉਹੀ ਰਾਤਾਂ’ ਅਤੇ 2005 ’ਚ ਆਈ ਐਲਬਮ ‘ਪਿਆਸ’ ਸਭ ਤੋਂ ਵੱਧ ਵਿਕਣ ਵਾਲੀਆਂ ਐਲਬਮਾਂ ’ਚ ਸ਼ੁਮਾਰ ਹੋਈਆਂ। ਪੰਜਾਬੀ ਗੀਤਾਂ ਨਾਲ ਨਾਮਣਾ ਖੱਟਣ ਦੇ ਨਾਲ-ਨਾਲ ਉਸ ਨੇ 2007 ’ਚ ਪਹਿਲੀ ਹਿੰਦੀ ਐਲਬਮ ‘ਮੇਰਾ ਗ਼ਮ’ ਰਿਲੀਜ਼ ਕੀਤੀ। ਕਈ ਸਾਲਾਂ ਦੇ ਵਕਫ਼ੇ ਮਗਰੋਂ 2013 ’ਚ ‘ਤਲਾਸ਼’ ਨਾਂ ਦੀ ਐਲਬਮ ਆਈ, ਜਿਸ ਦੇ ਸਾਰੇ ਹੀ ਗਾਣਿਆਂ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ। ਇਸ ਐਲਬਮ ਨੂੰ ਦੁਨੀਆ ਭਰ ਦੀਆਂ 10 ਸਭ ਤੋਂ ਵਧੀਆ ਐਲਬਮਾਂ ’ਚ ਸ਼ੁਮਾਰ ਕੀਤਾ ਗਿਆ। ਇਸ ਤੋਂ ਬਾਅਦ ‘ਇਤਿਹਾਸ’ ਅਤੇ ‘ਇਕ ਸੀ ਪਾਗ਼ਲ’ ਐਲਬਮਾਂ ਆਈਆਂ। ਰੁਮਾਂਟਿਕ, ਬੀਟ ਤੇ ਉਦਾਸ ਗੀਤਾਂ ਦੇ ਨਾਲ-ਨਾਲ ਉਸ ਦੇ ਕਈ ਧਾਰਮਿਕ ਗੀਤ ਵੀ ਮਕਬੂਲ ਹੋਏ। ‘ਸਿੰਘ ਬੈਟਰ ਦੈਨ ਕਿੰਗ’ ਧਾਰਮਿਕ ਗੀਤਾਂ ਦੀ ਪੂਰੀ ਐਲਬਮ ਸੀ। ‘ਇਕ ਬਾਬਾ ਨਾਨਕ ਸੀ’ ਗੀਤ ਨਾਲ ਉਸ ਨੇ ਅਜੋਕੇ ਪਖੰਡੀ ਬਾਬਿਆਂ ’ਤੇ ਕਟਾਖ਼ਸ਼ ਕੀਤਾ। ਕਰਤਾਰਪੁਰ ਲਾਂਘਾ ਖੁੱਲ੍ਹਣ ’ਤੇ ਉਸ ਨੇ ‘ਇਕ ਲਾਂਘਾ ਤਾਂ ਖੁੱਲ੍ਹ ਗਿਆ ਏ ਦੂਜਾ ਵੀ ਹੁਣ ਖੋਲ੍ਹ ਦਿਓ’ ਨਾਲ ਭਾਰਤ-ਪਾਕਿ ’ਚ ਭਾਈਚਾਰਕ ਸਾਂਝ ਵਧਾਉਣ ਦਾ ਸੰਦੇਸ਼ ਦਿੱਤਾ।

ਫਿਲਮਾਂ ਰਾਹੀਂ ਵੀ ਖੱਟਿਆ ਨਾਮਣਾ

ਆਪਣੀ ਦਮਦਾਰ ਗੀਤਕਾਰੀ ਅਤੇ ਗਾਇਕੀ ਨਾਲ ਮਕਬੂਲੀਅਤ ਹਾਸਲ ਕਰਨ ਵਾਲੇ ਬੱਬੂ ਮਾਨ ਨੇ ਫਿਲਮੀ ਖੇਤਰ ’ਚ ਵੀ ਮੀਲ ਪੱਥਰ ਕਾਇਮ ਕੀਤੇ ਹਨ। 2003 ’ਚ 1984 ਦੇ ਸਿੱਖ ਦੰਗਿਆਂ ਬਾਰੇ ਨਿਰਦੇਸ਼ਕ ਅਮਿਤੋਜ ਮਾਨ ਦੀ ਫਿਲਮ ‘ਹਵਾਏਂ’ ਨਾਲ ਉਸ ਨੇ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ। ਉਸ ਨੇ ਜਿੱਥੇ ਇਸ ਫਿਲਮ ’ਚ ਦਮਦਾਰ ਅਦਾਕਾਰੀ ਕੀਤੀ, ਉੱਥੇ ਹੀ ਕਈ ਗੀਤ ਵੀ ਗਾਏ। 2006 ’ਚ ਉਸ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਰੱਬ ਨੇ ਬਣਾਈਆਂ ਜੋੜੀਆਂ’ ਰਿਲੀਜ਼ ਹੋਈ। 2008 ’ਚ ਆਈ ਫਿਲਮ ‘ਹਸ਼ਰ’ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਅਤੇ ਇਸ ਦੇ ਗੀਤ ਹਾਲੇ ਵੀ ਸੁਣੇ ਜਾਂਦੇ ਹਨ। ਕਿਸਾਨੀ ਬਾਰੇ ਬਣੀ ਫਿਲਮ ‘ਏਕਮ’ ’ਚ ਉਸ ਦੀ ਅਦਾਕਾਰੀ ਨੂੰ ਕਾਫ਼ੀ ਸਲਾਹਿਆ ਗਿਆ। ਇਸ ਤੋਂ ਇਲਾਵਾ ਉਸ ਨੇ ‘ਹੀਰੋ ਹਿਟਲਰ ਇਨ ਲਵ’, ‘ਦੇਸੀ ਰੋਮੀਓਜ਼’ ਅਤੇ ‘ਵਣਜਾਰਾ’ ਫਿਲਮਾਂ ਦਾ ਨਿਰਮਾਣ ਵੀ ਕੀਤਾ ਤੇ ਅਦਾਕਾਰੀ ਵੀ।

ਬਾਲੀਵੁੱਡ ’ਚ ਬੋਲੀ ਤੂਤੀ

ਪੰਜਾਬੀ ਫਿਲਮਾਂ ’ਚ ਅਦਾਕਾਰੀ ਤੇ ਗਾਇਕੀ ਦੇ ਨਾਲ-ਨਾਲ ਬੱਬੂ ਮਾਨ ਨੇ ਬਾਲੀਵੁੱਡ ’ਚ ਵੀ ਵਿਲੱਖਣ ਮੁਕਾਮ ਹਾਸਲ ਕੀਤਾ ਹੈ। ਫਿਲਮ ‘ਵਾਦਾ ਰਹਾ’ ’ਚ ‘ਰੱਬ ਨਾ ਕਰੇ’, ਫਿਲਮ ‘ਖੇਲ’ ’ਚ ‘ਛਰਾਟਾ’, ਫਿਲਮ ‘ਸਾਹਿਬ ਬੀਵੀ ਔਰ ਗੈਂਗਸਟਰ’ ’ਚ ‘ਜੁਗਨੀ’, ਫਿਲਮ ‘ਕਰੂਕ’ ’ਚ ‘ਜੁਗਨੀ’, ਫਿਲਮ ‘31 ਅਕਤੂਬਰ’ ’ਚ ‘ਜੁਗਨੀ’ ਆਦਿ ਗਾਣੇ ਸੁਪਰਹਿੱਟ ਰਹੇ।

ਦੁਨੀਆ ਭਰ ’ਚ ਹੋਇਆ ਮਕਬੂਲ

ਬੱਬੂ ਮਾਨ ਨੇ ਆਪਣੀ ਗਾਇਕੀ ਨਾਲ ਸਿਰਫ਼ ਪੰਜਾਬੀਆਂ ਦਾ ਹੀ ਦਿਲ ਨਹੀਂ ਜਿੱਤਿਆ ਸਗੋਂ ਦੁਨੀਆ ਭਰ ’ਚ ਮਕਬੂਲ ਹੋਇਆ ਹੈ। ਉਹ ਆਸਟਰੇਲੀਆ, ਯੂਰਪ, ਅਮਰੀਕਾ ਤੋਂ ਇਲਾਵਾ ਕਈ ਦੇਸ਼ਾਂ ’ਚ ਪੇਸ਼ਕਾਰੀ ਕਰ ਚੁੱਕਿਆ ਹੈ। 2010 ’ਚ ਉਸ ਨੂੰ ਬਿ੍ਰਟ ਏਸ਼ੀਆ ਟੀਵੀ ਮਿਊਜ਼ਿਕ ਐਵਾਰਡਜ਼ ਵੱਲੋਂ ‘ਬੈਸਟ ਇੰਟਰਨੈਸ਼ਨਲ ਆਰਟਿਸਟ’ ਐਵਾਰਡ ਨਾਲ ਸਨਮਾਨਿਆ ਗਿਆ। ਇਸ ਤੋਂ ਇਲਾਵਾ ਬੈਸਟ ਇੰਡੀਅਨ ਮੇਲ ਆਰਟਿਸਟ, ਬੈਸਟ ਇੰਡੀਅਨ ਲਾਈਵ ਆਰਟਿਸਟ, ਬੈਸਟ ਇੰਡੀਅਨ ਇੰਟਰਟੇਨਰ ਜਿਹੇ ਨਾਮੀ ਐਵਾਰਡ ਹਾਸਲ ਕੀਤੇ। ਉਸ ਨੂੰ ਜਰਮਨੀ ’ਚ ਦੋ ਵਾਰ ਡੀਏਐੱਫ ਬਾਮਾ ਮਿਊਜ਼ਿਕ ਐਵਾਰਡ ਵੀ ਮਿਲ ਚੁੱਕਿਆ ਹੈ।

ਸਮਾਜਿਕ ਸਰੋਕਾਰਾਂ ਪ੍ਰਤੀ ਵਚਨਬੱਧ

ਬੱਬੂ ਮਾਨ ਜਿੱਥੇ ਵਧੀਆ ਗਾਇਕ, ਲੇਖਕ ਅਤੇ ਅਦਾਕਾਰ ਹੈ, ਉੱਥੇ ਹੀ ਕਲਾਕਾਰ ਹੋਣ ਦੇ ਨਾਤੇ ਸਮਾਜਿਕ ਜ਼ਿੰਮੇਵਾਰੀ ਨੂੰ ਵੀ ਬਾਖ਼ੂਬੀ ਨਿਭਾ ਰਿਹਾ ਹੈ। ਕਿਸਾਨ ਅੰਦੋਲਨ ਦੌਰਾਨ ਉਸ ਨੇ ਵੱਖ-ਵੱਖ ਮੋਰਚਿਆਂ ’ਚ ਸ਼ਿਰਕਤ ਕਰ ਕੇ ਕਿਸਾਨ ਭਰਾਵਾਂ ਨੂੰ ਏਕਤਾ ਦੇ ਸੂਤਰ ’ਚ ਪਿਰੋਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਵਿਦੇਸ਼ ਗਿਆ ਹੋਣ ਦੇ ਬਾਵਜੂਦ ਉਸ ਨੇ ਉਚੇਚੇ ਤੌਰ ’ਤੇ ਪੰਜਾਬ ਆ ਕੇ ਕਿਸਾਨੀ ਸੰਘਰਸ਼ ’ਚ ਹਿੱਸਾ ਪਾਇਆ ਹੈ। ਸਮੁੱਚੇ ਪੰਜਾਬੀਆਂ ਨੂੰ ਉਸ ’ਤੇ ਮਾਣ ਹੈ।

-ਗੁਰਪ੍ਰੀਤ ਖੋਖਰ 75289-06680

Posted By: Harjinder Sodhi