ਪੰਜਾਬੀ ਗਾਇਕੀ 'ਚ ਸਰਬਜੀਤ ਚੀਮਾ ਦਾ ਨਾਂ ਚੰਗੇ ਗੀਤ ਗਾਉਣ ਲਈ ਜਾਣਿਆ ਜਾਂਦਾ ਹੈ। ਕਿਤੇ ਉਹ ਆਪਣੇ ਗੀਤ 'ਚ ਰੰਗਲੇ ਪੰਜਾਬ ਦੀ ਗੱਲ ਕਰਦਾ ਹੈ ਤੇ ਕਿਤੇ ਰੰਗਲੇ ਪੰਜਾਬ ਦੀਆਂ ਮੁਟਿਆਰਾਂ ਦੀ। ਉਸ ਦੇ ਗੀਤਾਂ 'ਚ ਪੰਜਾਬ ਦੇ ਅਮੀਰ ਸੱਭਿਆਚਾਰ ਦੀ ਝਲਕ ਮਿਲਦੀ ਹੈ। ਚੀਮਾ ਦੇ ਗੀਤਾਂ ਦਾ ਫਿਲਮਾਂਕਣ ਵੀ ਕਾਫ਼ੀ ਹੱਦ ਤਕ ਪੰਜਾਬ ਦੀ ਤਸਵੀਰ ਪੇਸ਼ ਕਰਦਾ ਹੈ। ਕਈ ਵਾਰ ਉਹ ਆਪਣੇ ਗੀਤਾਂ 'ਚ ਆਪਣੀ ਮਿੱਟੀ, ਆਪਣਾ ਵਤਨ ਛੱਡ ਕੇ ਵਿਦੇਸ਼ਾਂ 'ਚ ਸੰਤਾਪ ਹੰਢਾਉਂਦੇ ਵਿਅਕਤੀ ਦੀ ਗੱਲ ਕਰਦਾ ਹੈ। ਪੰਜਾਬ ਦੀ ਡੁੱਬ ਰਹੀ ਕਿਰਸਾਨੀ ਲਈ ਉਸ ਦੇ ਸੀਨੇ 'ਚ ਦਰਦ ਹੈ। ਉਹ ਇਕ ਚੰਗਾ ਗਾਇਕ, ਅਦਾਕਾਰ ਤੇ ਚੰਗਾ ਇਨਸਾਨ ਹੈ। ਮਾਂ-ਬੋਲੀ ਪੰਜਾਬੀ ਦਾ ਸੱਚਾ ਸਪੂਤ ਹੋਣ ਦੇ ਨਾਤੇ ਉਹ ਮਾਂ ਖੇਡ ਕਬੱਡੀ ਦੇ ਖਿਡਾਰੀਆਂ ਨੂੰ ਆਪਣੇ ਗੀਤਾਂ ਜ਼ਰੀਏ ਹੱਲਾਸ਼ੇਰੀ ਵੀ ਦਿੰਦਾ ਹੈ।

ਜ਼ਿਲ੍ਹਾ ਜਲੰਧਰ ਦੇ ਚੀਮਾ ਕਲਾਂ ਦਾ ਜੰਮਪਲ ਸਰਬਜੀਤ ਚੀਮਾ ਗਾਇਕੀ 'ਚ ਆਉਣ ਤੋਂ ਪਹਿਲਾਂ ਕਾਲਜ ਦੀ ਭੰਗੜਾ ਟੀਮ ਦਾ ਮੈਂਬਰ ਰਿਹਾ ਹੈ। ਉਹ ਜਲੰਧਰ ਦੇ ਲਾਇਲਪੁਰ ਕਾਲਜ ਵੱਲੋਂ ਲਗਾਤਾਰ ਪੰਜ ਸਾਲ ਯੂਥ ਫੈਸਟੀਵਲਾਂ ਤੇ ਹੋਰ ਸੱਭਿਆਚਾਰਕ ਪ੍ਰੋਗਰਾਮਾਂ 'ਚ ਭੰਗੜੇ ਦੇ ਜੌਹਰ ਵਿਖਾਉਂਦਾ ਰਿਹਾ। ਬਲਰਾਜ ਬੱਸੀ ਤੇ ਬੀਐੱਸ ਨਾਰੰਗ ਪਾਸੋਂ ਸੰਗੀਤਕ ਸਮਝ ਲੈਣ ਤੋਂ ਬਾਅਦ ਉਸ ਨੇ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ। 1993 'ਚ ਉਸ ਦੀ ਪਲੇਠੀ ਐਲਬਮ 'ਯਾਰ ਨੱਚਦੇ' ਰਿਲੀਜ਼ ਹੋਈ। ਇਸ ਐਲਬਮ ਨੂੰ ਬਹੁਤਾ ਹੁੰਗਾਰਾ ਨਹੀਂ ਮਿਲਿਆ।

ਫਿਰ 1996 'ਚ ਆਈ ਐਬਲਮ 'ਮੇਲਾ ਦੇਖਦੀਏ ਮੁਟਿਆਰੇ' ਨੇ ਗਾਇਕੀ ਵਿਚ ਉਸ ਦਾ ਨਾਂ ਸਥਾਪਤ ਕਰ ਦਿੱਤਾ। ਇਸ ਤੋਂ ਬਾਅਦ ਸਰਬਜੀਤ ਚੀਮਾ ਨੇ ਐਸੀ ਰਫ਼ਤਾਰ ਫੜੀ ਕਿ ਹੁਣ ਤਕ ਉਹ ਹਰ ਰੰਗ ਦਾ ਗੀਤ ਸਰੋਤਿਆਂ ਦੀ ਝੋਲੀ ਪਾ ਚੁੱਕਾ ਹੈ। ਗਾਇਕੀ 'ਚ ਸਫਲਤਾ ਤੋਂ ਬਾਅਦ ਉਸ ਨੇ ਅਦਾਕਾਰੀ ਵੱਲ ਰੁਖ਼ ਕੀਤਾ। ਬਤੌਰ ਹੀਰੋ ਚੀਮਾ ਦੀ ਪਹਿਲੀ ਪੰਜਾਬੀ ਫਿਲਮ 'ਪਿੰਡ ਦੀ ਕੁੜੀ' 2005 ਵਿਚ ਰਿਲੀਜ਼ ਹੋਈ। ਇਸ ਤੋਂ ਬਾਅਦ ਉਸ ਨੇ 'ਆਪਣੀ ਬੋਲੀ ਆਪਣਾ ਦੇਸ', 'ਹਾਣੀ', 'ਪੰਜਾਬ ਬੋਲਦਾ', 'ਯਾਰ ਅਣਮੁੱਲੇ-2' ਆਦਿ ਫਿਲਮਾਂ 'ਚ ਦਮਦਾਰ ਅਦਾਕਾਰੀ ਵਿਖਾਈ।

ਪਿਛਲੇ ਸਾਲ ਚਰਚਿਤ ਰਹੀ ਫਿਲਮ 'ਅਸ਼ਕੇ' ਵਿਚ ਵੀ ਚੀਮਾ ਨੇ ਪ੍ਰਭਾਵਸ਼ਾਲੀ ਕਿਰਦਾਰ ਨਿਭਾਇਆ। ਸਰਬਜੀਤ ਚੀਮਾ ਦਾ ਕਹਿਣਾ ਹੈ ਕਿ ਇਸ ਸਾਲ 4 ਜਨਵਰੀ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਦੁੱਲਾ ਵੈਲੀ' ਵਿਚ ਗੁੱਗੂ ਗਿੱਲ ਤੇ ਯੋਗਰਾਜ ਵਰਗੇ ਅਦਾਕਾਰਾਂ ਨਾਲ ਕੰਮ ਕਰ ਕੇ ਉਸ ਦਾ ਵੱਡਾ ਸੁਪਨਾ ਸਾਕਾਰ ਹੋਇਆ ਹੈ। ਇਸ ਫਿਲਮ 'ਚ ਸਰਬਜੀਤ ਚੀਮਾ ਦਾ ਬੇਟਾ ਗੁਰਵਰ ਚੀਮਾ ਵੀ ਨਜ਼ਰ ਆਇਆ ਸੀ। ਜਲਦ ਰਿਲੀਜ਼ ਹੋ ਰਹੀ ਪੰਜਾਬੀ ਫਿਲਮ 'ਮੁਕਲਾਵਾ' 'ਚ ਇਕ ਵਾਰ ਫਿਰ ਸਰਬਜੀਤ ਚੀਮਾ ਪੁਰਾਤਨ ਪੰਜਾਬ ਦੇ ਰੰਗ 'ਚ ਰੰਗਿਆ ਨਜ਼ਰ ਆਵੇਗਾ। ਇਸ ਫਿਲਮ 'ਚ ਉਹ ਐਮੀ ਵਿਰਕ ਦੇ ਵੱਡੇ ਭਰਾ ਦਾ ਰੋਲ ਨਿਭਾ ਰਿਹਾ ਹੈ। ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ। ਇਹ ਫਿਲਮ 1980 ਦੇ ਦਹਾਕੇ ਦੀ ਕਹਾਣੀ ਹੈ। ਫਿਲਮ ਦੀ ਕਹਾਣੀ ਉਸ ਸਮੇਂ ਪ੍ਰਚਲਿਤ ਮੁਕਲਾਵੇ ਦੀ ਰਸਮ ਦੇ ਆਲੇ-ਦੁਆਲੇ ਘੁੰਮਦੀ ਹੈ। ਸਰਬਜੀਤ ਚੀਮਾ ਦਾ ਕਹਿਣਾ ਹੈ ਕਿ ਇਹ ਫਿਲਮ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ। ਚੀਮਾ ਨੇ ਪੰਜਾਬੀ ਸਿਨੇਮਾ ਬਾਰੇ ਗੱਲ ਕਰਦਿਆਂ ਕਿਹਾ ਕਿ ਅੱਜ ਪਰਿਵਾਰਕ ਤੇ ਸੱਭਿਆਚਾਰਕ ਵਿਸ਼ਿਆਂ 'ਤੇ ਫਿਲਮਾਂ ਬਣਾਉਣਾ ਸਮੇਂ ਦੀ ਵੱਡੀ ਮੰਗ ਹੈ। ਇਹ ਫਿਲਮਾਂ ਦਰਸ਼ਕਾਂ ਨੂੰ ਪੰਜਾਬੀ ਸਿਨੇਮਾ ਨਾਲ ਜੋੜਨ 'ਚ ਅਹਿਮ ਭੂਮਿਕਾਵਾਂ ਨਿਭਾਉਣਗੀਆਂ।

ਗੁਰਬਾਜ ਗਿੱਲ

98723-62507

Posted By: Harjinder Sodhi