ਸਟਾਫ ਰਿਪੋਰਟਰ, ਲੰਬੀ : ਮਸ਼ਹੂਰ ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਆਪਣੇ ਪਿੰਡ ਬਾਦਲ ਦੇ ਸਰਕਾਰੀ ਸਕੂਲ ਵਿਖੇ ਵਿਦਿਆਰਥੀਆਂ ਦੇ ਸਾਹਮਣੇ ਲੱਚਰ ਗੀਤ ਗਾਉਂਦਿਆਂ ਵਾਇਰਲ ਹੋਈ ਵੀਡੀਓ ਨੇ ਹੰਗਾਮਾ ਮਚਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਵੀਡੀਓ ਨੂੰ ਅਫ਼ਸਾਨਾ ਖ਼ਾਨ ਨੇ ਖੁਦ ਹੀ ਟਿਕ-ਟਾਕ 'ਤੇ ਵਾਇਰਲ ਕੀਤਾ ਸੀ ਜੋ ਕਿ ਬਾਅਦ 'ਚ ਸੋਸ਼ਲ ਮੀਡੀਆ 'ਤੇ ਆ ਗਈ।

ਮਾਮਲਾ ਸਿੱਖਿਆ ਵਿਭਾਗ ਚੰਡੀਗੜ੍ਹ ਤਕ ਜਾ ਪੁੱਜਾ ਹੈ। ਸਕੂਲ 'ਚ ਬੱਚਿਆਂ ਸਾਹਮਣੇ ਲੱਚਰ ਗੀਤ ਗਾਉਣ 'ਤੇ ਅਫ਼ਸਾਨਾ 'ਤੇ ਕੇਸ ਦਰਜ ਕਰਨ ਦੀ ਸ਼ਿਕਾਇਤ ਐੱਸਐੱਸਪੀ ਤਕ ਵੀ ਪੁੱਜ ਗਈ ਹੈ। ਪੁਲਿਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ। ਜ਼ਿਕਰਯੋਗ ਹੈ ਕਿ ਪਿੰਡ ਬਾਦਲ ਦੇ ਸਰਕਾਰੀ ਸਕੂਲ 'ਚ ਬੀਤੇ ਦਿਨੀਂ ਉਕਤ ਗਾਇਕਾ ਪੁੱਜੀ ਸੀ ਜੋ ਮੁਲ ਰੂਪ 'ਚ ਪਿੰਡ ਬਾਦਲ ਦੀ ਹੀ ਰਹਿਣ ਵਾਲੀ ਹੈ। ਸਰਕਾਰੀ ਸਕੂਲ 'ਚ ਗਾਇਕਾ ਦੇ ਪੁੱਜਣ 'ਤੇ ਪ੍ਰੋਗਰਾਮ ਕੀਤਾ ਗਿਆ ਸੀ। ਵਾਇਰਲ ਵੀਡੀਓ 'ਚ ਅਫ਼ਸਾਨਾ ਗੀਤ ਗਾ ਰਹੀ ਹੈ।

ਮਾਮਲਾ ਸਿੱਖਿਆ ਵਿਭਾਗ ਚੰਡੀਗੜ੍ਹ ਕੋਲ ਪੁੱਜਣ ਪਿੱਛੋਂ ਵਿਭਾਗ ਨੇ ਸਕੂਲ ਪ੍ਰਿੰਸੀਪਲ ਕਰਨਪਾਲ ਸਿੰਘ ਨੂੰ ਸਕੂਲ 'ਚ ਪੋ੍ਗਰਾਮ ਕਰਵਾਉਣ ਸਬੰਧੀ ਕਾਰਨ ਦੱਸੋ ਨੋਟਿਸ ਭੇਜ ਦਿੱਤਾ ਹੈ।

ਉਧਰ ਚੰਡੀਗੜ੍ਹ ਨਿਵਾਸੀ ਪੰਡਿਤ ਰਾਓ ਧਰੇਨਵਰ ਨੇ ਐੱਸਐੱਸਪੀ ਮੁਕਤਸਰ ਨੂੰ ਸ਼ਿਕਾਇਤ ਭੇਜਦੇ ਹੋਏ ਅਫ਼ਸਾਨਾ 'ਤੇ ਸਿੱਖਿਆ ਦੇ ਮੰਦਰ 'ਚ ਵਿਦਿਆਰਥੀਆਂ ਸਾਹਮਣੇ ਲੱਚਰ ਗੀਤ ਗਾਉਣ ਅਤੇ ਗਵਾਉਣ 'ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ। ਓਧਰ ਐਸਐਸਪੀ ਰਾਜਬਚਨ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਮਾਮਲਾ ਆਇਆ ਹੈ। ਉਨ੍ਹਾਂ ਡੀਐੱਸਪੀ ਮਲੋਟ ਮਨਮੋਹਨ ਸਿੰਘ ਨੂੰ ਮਾਮਲੇ ਦੀ ਜਾਂਚ ਕਰਨ ਲਈ ਡਿਊਟੀ ਲਗਾ ਦਿੱਤੀ ਹੈ, ਉਹ ਜਾਂਚ ਕਰ ਰਹੇ ਹਨ। ਸ਼ੋਸ਼ਲ ਮੀਡੀਆ 'ਤੇ ਮਾਮਲਾ ਆ ਜਾਣ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਲਕੀਤ ਸਿੰਘ ਖੋਸਾ ਨੇ ਕਾਰਵਾਈ ਕਰਦਿਆਂ ਐੱਸਐੱਸਪੀ ਨੂੰ ਗਾਇਕਾ 'ਤੇ ਕੇਸ ਦਰਜ ਕਰਨ ਨੂੰ ਕਿਹਾ ਹੈ।

ਓਧਰ ਪਿੰੰਸੀਪਲ ਕਰਨਪਾਲ ਸਿੰਘ ਦਾ ਕਹਿਣਾ ਹੈ ਕਿ ਅਫ਼ਸਾਨਾ ਖ਼ਾਨ ਸਕੂਲ ਦੀ ਹੋਣਹਾਰ ਵਿਦਿਆਰਥਣ ਰਹੀ ਹੈ ਤੇ ਉਹ ਤਿੰਨ ਵਜੇ ਸਟਾਫ ਦਾ ਅਸ਼ੀਰਵਾਦ ਲੈਣ ਆਈ ਸੀ, ਉਦੋਂ ਛੁੱਟੀ ਹੋਣ ਵਾਲੀ ਸੀ। ਇਹ ਪ੍ਰੋਗਰਾਮ ਵੀ ਛੁੱਟੀ ਤੋਂ ਬਾਅਦ ਹੀ ਕੀਤਾ ਸੀ। ਉਸ ਨੇ ਬੱਚਿਆਂ ਨੂੰ ਗੀਤ ਗਾਉਣ ਲਈ ਉਤਸ਼ਾਹਿਤ ਕੀਤਾ ਸੀ ਤੇ ਇਕ ਗੀਤ ਗ਼ਲਤ ਗਾਇਆ ਪਰ ਉਸ ਨੂੰ ਰੋਕ ਦਿੱਤਾ ਗਿਆ ਸੀ।