ਲੇਖਕ - ਸੁਖਵਿੰਦਰ ਸੰਧੂ (98785-96522)

'ਬਾਈ ਮੇਰਾ ਨਾਮ ਸ਼ੁਭਦੀਪ ਸਿੱਧੂ ਆ, ਤੇ ਲਿਖਣਾ-ਗਾਉਣ ਮੇਰਾ ਸ਼ੌਂਕ ਆ' ਸਾਲ 2016 ਵਿਚ ਇੰਨੀ ਗੱਲ ਕਹਿਣ ਵਾਲੇ ਸਧਾਰਨ ਜਿਹੇ ਦਿਸਣ ਵਾਲੇ ਨੌਜਵਾਨ ਨੂੰ ਖੁਦ ਵੀ ਨਹੀਂ ਪਤਾ ਹੋਵੇਗਾ ਕਿ ਇਕ ਦਿਨ ਉਹ ਸਿਰਫ ਪੰਜਾਬੀ ਹੀ ਨਹੀ ਸਗੋਂ ਪੂਰੀ ਵਿਸ਼ਵ ਦੀ ਮਿਊਜ਼ਿਕ ਇੰਡਸਟਰੀ ਦਾ ਨਜ਼ਰੀਆ ਬਦਲ ਦੇਵੇਗਾ। ਉਹ ਬਿਲਕੁਲ ਅਣਜਾਣ ਸੀ ਕਿ ਅੱਜ ਤੋਂ 6 ਬਾਅਦ ਉਸ ਦਾ ਮਿਊਜ਼ਿਕ ਇੰਡਸਟਰੀ ਵਿਚ ਕੀ ਕੱਦ ਹੋਣ ਵਾਲਾ ਸੀ, ਉਸ ਨੇ ਮਿਹਨਤ ਨਾਲ ਉਹ ਮੁਕਾਮ ਹਾਸਲ ਕੀਤਾ ਜੋ ਕਿਸੇ ਲਈ ਸਾਰੀ ਜ਼ਿੰਦਗੀ ਵਿਚ ਹਾਸਲ ਕਰਨਾ ਨਾ ਮੁਮਕਿਨ ਹੈ।

11 ਜੂਨ 1993 'ਚ ਮਾਨਸਾ ਦੇ ਛੋਟੇ ਜਿਹੇ ਪਿੰਡ ਮੂਸਾ 'ਚ ਸ਼੍ਰੀਮਤੀ ਚਰਨ ਕੌਰ ਤੇ ਸ. ਬਲਕੌਰ ਸਿੰਘ ਦੇ ਘਰ ਜਨਮ ਲੈਣ ਵਾਲੇ ਸ਼ੁਭਦੀਪ ਸਿੱਧੂ (ਸਿੱਧੂ ਮੂਸੇਵਾਲਾ) ਨੂੰ ਸ਼ਾਇਦ ਪਤਾ ਸੀ ਕਿ ਉਸ ਦੀ ਜ਼ਿੰਦਗੀ ਦਾ ਸਫਰ ਛੋਟਾ ਹੈ ਤੇ ਇਸ ਲਈ ਹੀ ਉਸ ਨੇ ਆਪਣੇ ਸਿਰਫ 5 ਸਾਲ ਦੇ ਗਾਇਕੀ ਦੇ ਸਫਰ 'ਚ ਉਹ ਮੁਕਾਮ ਹਾਸਲ ਕੀਤਾ ਜੋ ਸ਼ਾਇਦ ਕੋਈ ਪੂਰੀ ਉਮਰ ਨਹੀਂ ਕਮਾ ਸਕਦਾ।

ਸਿੱਧੂ ਮੂਸੇਵਾਲਾ ਨੇ ਆਪਣੇ ਕਾਲਜ ਟਾਈਮ 'ਚ ਹੀ ਪੰਜਾਬੀ ਗਾਇਕ ਨਿੰਜਾ ਨੂੰ ਲਾਈਸੈਂਸ ਵਰਗਾ ਉਸ ਸਮੇਂ ਦਾ ਮਕਬੂਲ ਗੀਤ ਲਿਖ ਕੇ ਦਿੱਤਾ ਸੀ। ਉਸ ਤੋਂ ਬਾਅਦ ਜਦ ਸਿੱਧੂ ਮੂਸੇਵਾਲਾ ਉੱਚ ਪੜ੍ਹਾਈ ਲਈ ਕੈਨੇਡਾ ਚਲਾ ਗਿਆ ਤਾਂ ਉੱਥੇ ਵੀ ਉਸ ਨੇ ਆਪਣੀ ਪੜ੍ਹਾਈ ਦਾ ਖਰਚ ਨਾਲ-ਨਾਲ ਚਲਾਉਣ ਲਈ ਜਿੱਥੇ ਹੋਟਲਾਂ ਵਿਚ ਕੰਮ ਕੀਤਾ, ਉੱਥੇ ਹੀ ਆਪਣੀ ਕਲਮ ਦੀ ਵਰਤੋਂ ਕਰਕੇ ਕਈ ਕਲਾਕਾਰਾਂ ਨੂੰ ਆਪਣੇ ਲਿਖੇ ਗੀਤ ਦਿੱਤੇ। ਇਸ ਦੌਰਾਨ ਦੀਪ ਜੰਡੂ ਤੇ ਸਿੱਪੀ ਗਿੱਲ ਵਰਗੇ ਕਲਾਕਾਰਾਂ ਨੇ ਉਸ ਦੇ ਲਿਖੇ ਗੀਤ ਗਾਏ ਤੇ ਉਹ ਮਸ਼ਹੂਰ ਵੀ ਹੋਏ।

ਇਸ ਦੌਰਾਨ ਜੁਲਾਈ 2017 ਵਿਚ ਸਿੱਧੂ ਮੂਸੇਵਾਲਾ ਨੇ ਆਪਣੀ ਆਵਾਜ਼ 'ਚ ਖੁਦ ਦਾ ਲਿਖਿਆ ਪਹਿਲਾਂ ਗੀਤ ਰਿਕਾਰਡ ਕਰਵਾਇਆ, ਜਿਸ ਦਾ ਮਿਊਜ਼ਿਕ ਦੀਪ ਜੰਡੂ ਨੇ ਦਿੱਤਾ ਸੀ, ਇਸ ਗੀਤ ਤੋਂ ਉਸ ਨੂੰ ਇਕ ਪਛਾਣ ਤਾਂ ਮਿਲੀ ਪਰ ਉਸ ਦੇ ਅਗਲੇ ਮਹੀਨੇ ਹੀ ਰਿਲੀਜ਼ ਹੋਏ ਗੀਤ 'ਸੋ ਹਾਈ' ਨੇ ਉਸ ਨੂੰ ਰਾਤੋਂ-ਰਾਤ ਇਕ ਇੰਟਰਨੈਸ਼ਨਲ ਸੈਲੀਬ੍ਰਿਟੀ ਬਣਾ ਦਿੱਤਾ। 'ਸੋ ਹਾਈ' ਗੀਤ ਦੇ ਬੋਲ ਵੀ ਉਸ ਦੇ ਖੁਦ ਦੇ ਹੀ ਸਨ ਤੇ ਇਸ ਵਾਰ ਮਿਊਜ਼ਿਕ ਬਿੱਗ ਬ੍ਰਡ ਨੇ ਦਿੱਤਾ ਸੀ। ਇਸ ਗੀਤ ਨੂੰ ਰਿਲੀਜ਼ ਕਰਵਾਉਣ ਲਈ ਉਹ ਕਿਸੇ ਵੱਡੇ ਲੇਬਲ ਦੀ ਤਲਾਸ਼ ਵਿਚ ਸਨ ਪਰ ਉਸ ਸਮੇਂ ਕੋਈ ਵੀ ਸਿੱਧੂ ਮੂਸੇਵਾਲਾ 'ਤੇ ਉਹ ਵਿਸ਼ਵਾਸ ਦਿਖਾ ਨਹੀਂ ਰਿਹਾ ਸੀ, ਜੋ ਉਸ ਸਮੇਂ ਸਿੰਗਰ/ਐਕਟਰ ਗਿੱਪੀ ਗਰੇਵਾਲ ਨੇ ਦਿਖਾਇਆ। ਗਿੱਪੀ ਗਰੇਵਾਲ ਨੇ ਵੀ ਉਸ ਸਮੇਂ 'ਹੰਬਲ ਮਿਊਜ਼ਿਕ' ਦੇ ਨਾ ਤੋਂ ਇਕ ਨਵੇਂ ਲੇਬਲ ਦੀ ਸ਼ੁਰੂਆਤ ਕੀਤੀ ਤੇ ਉਸ ਨੂੰ ਆਪਣੇ ਪਹਿਲੇ ਪ੍ਰਾਜੈਕਟ ਲਈ ਕੋਈ ਧਮਾਕੇਦਾਰ ਗੀਤ ਦੀ ਲੋੜ ਸੀ ਤੇ ਗਿੱਪੀ ਗਰੇਵਾਲ ਦੀ ਉਸ ਧਮਾਕੇਦਾਰ ਗੀਤ ਦੀ ਤਲਾਸ਼ ਸਿੱਧੂ ਮੂਸੇਵਾਲਾ ਦੇ 'ਸੋ ਹਾਈ' ਨਾਲ ਪੂਰੀ ਹੋਈ ਅਤੇ ਦੂਜੇ ਪਾਸੇ ਸਿੱਧੂ ਮੂਸੇਵਾਲਾ ਨੂੰ ਵੀ ਆਪਣਾ ਗੀਤ ਰਿਲੀਜ਼ ਕਰਨ ਲਈ ਇਕ ਲੇਬਲ ਮਿਲ ਗਿਆ।

'ਸੋ ਹਾਈ' ਲਈ ਸਿੱਧੂ ਮੂਸੇਵਾਲਾ ਨੂੰ ਬੈਸਟ ਲੀਰਿਕਸ ਬ੍ਰਿਟਿਸ਼ ਏਸ਼ੀਆ ਐਵਾਰਡ ਵੀ ਮਿਲਿਆ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਇਕ ਤੋਂ ਬਾਅਦ ਇਕ ਬਿਹਤਰੀਨ ਗਾਣੇ ਦਿੱਤੇ। ਇਸ ਦੌਰਾਨ ਉਸ ਦਾ ਆਪਣੇ ਸਹਿ ਕਲਾਕਾਰਾਂ ਨਾਲ ਵਿਵਾਦ ਵੀ ਚੱਲਦਾ ਰਿਹਾ ਪਰ ਉਹ ਵੀ ਉਹਨਾਂ ਦੇ 'ਮਿਊਜ਼ਿਕ ਕਲਚਰ' ਦਾ ਹੀ ਹਿੱਸਾ ਸੀ।

ਸਿੱਧੂ ਮੂਸੇਵਾਲਾ ਨੇ ਅਮੇਰੀਕਨ ਗੈਂਗਸਟਾ ਰੈਪ ਕਲਚਰ ਨੂੰ ਪੰਜਾਬੀ ਭਾਸ਼ਾ 'ਚ ਗਾ ਕੇ ਪੰਜਾਬੀ ਭਾਸ਼ਾ ਨੂੰ ਦੇਸ਼-ਵਿਦੇਸ਼ ਵਿਚ ਮਕਬੂਲ ਕੀਤਾ। ਉਸ ਨੇ ਇਸ ਦੌਰਾਨ ਕਈ ਨਾਨ-ਪੰਜਾਬੀ ਕਲਾਕਾਰਾਂ ਨਾਲ ਵੀ ਜੁਗਲਬੰਦੀ ਕੀਤੀ ਅਤੇ ਇਸ ਦੌਰਾਨ ਕੈਨੇਡਾ, ਅਮਰੀਕਾ ਤੇ ਇੰਗਲੈਂਡ ਤੋਂ ਇਲਾਵਾ ਕੀ ਹਾਲੀਵੁੱਡ ਸਿੰਗਰਾਂ ਨਾਲ ਉਸ ਦੀ ਕਾਫੀ ਵਧੀਆ ਦੋਸਤੀ ਸੀ।

ਅਕਤੂਬਰ 2018 ਵਿਚ ਸਿੱਧੂ ਮੂਸੇਵਾਲਾ ਨੇ ਟੀ-ਸੀਰੀਜ਼ ਲੇਬਲ ਹੇਠ ਆਪਣੀ ਪਹਿਲੀ ਐਲਬਮ ਪੀਬੀਐਕਸ-1 ਰਿਲੀਜ਼ ਕੀਤੀ। ਇਸ ਵਿਚ ਉਸ ਦੇ ਕੁੱਲ 8 ਗੀਤ ਸਨ ਅਤੇ ਇਹ ਐਲਬਮ ਇੰਨੀ ਮਕਬੂਲ ਹੋਈ ਕਿ ਬਿਲਬੋਰਡ ਕੈਨੇਡੀਅਨ ਐਲਬਮ ਚਾਰਟ 'ਤੇ 66ਵੇਂ ਨੰਬਰ 'ਤੇ ਟਰੈਂਡ ਹੋਈਹੋਈ ਅਤੇ ਆਈਟਿਊਨ ਇੰਡੀਆ ਦੇ ਟਾਪ ਚਾਰਟ 'ਤੇ ਸੀ। ਇਸ ਐਲਬਮ ਦੇ ਗੀਤ ਜੱਟ ਦਾ ਮੁਕਾਬਲਾ, ਬੇਡਫੈਲਾ ਤੇ ਦਾਊਦ ਯੂਕੇ ਏਸ਼ੀਅਨ ਮਿਊਜ਼ਿਕ ਚਾਰਟ ਵਿਚ ਕਰਮਵਾਰ 11, 24 ਤੇ 26 ਨੰਬਰ 'ਤੇ ਟਰੈਂਡ ਕੀਤੇ। ਇਸ ਤੋਂ ਇਲਾਵਾ ਜੱਟ ਦਾ ਮੁਕਾਬਲਾ, ਬੇਡਫੈਲਾ ਤੇ ਸੈਲਫਮੇਡ ਗੀਤਾਂ ਨੂੰ ਏਪਲ ਮਿਊਜ਼ਿਕ ਨੇ ਦਹਾਕੇ ਦੇ ਟਾਪ-10 ਗੀਤਾਂ ਵਿਚ ਥਾਂ ਦਿੱਤੀ। ਇਸ ਐਲਬਮ ਵਿਚ ਬਿੱਗ ਬ੍ਰਡ, ਹਰਜ ਨਾਗਰਾ, ਇਨਟੇਨਸ ਤੇ ਸਨੈਪੀ ਨੇ ਮਿਊਜ਼ਿਕ ਦਿੱਤਾ ਸੀ।

ਦੂਜੀ ਐਲਬਮ ਸਨੀਚਸਜ਼ ਗੈੱਟ ਸਟੀਚਸਜ਼ ਸਿੱਧੂ ਮੂਸੇਵਾਲਾ ਨੇ ਮਈ 2020 ਵਿਚ ਰਿਲੀਜ਼ ਕੀਤੀ। ਇਸ ਦੌਰਾਨ ਐਲਬਮ ਦੀ ਕੋਈ ਪ੍ਰਮੋਸ਼ਨ ਨਹੀਂ ਕੀਤੀ ਗਈ ਅਤੇ ਫਿਰ ਵੀ ਇਹ ਐਲਬਮ ਲੋਕਾਂ ਨੇ ਕਾਫੀ ਪਸੰਦ ਕੀਤੀ। ਇਸ ਐਲਬਮ ਵਿਚ ਵੀ ਕੁਲ 8 ਗੀਤ ਸਨ ਤੇ ਇਸ ਦੇ ਗੀਤ ਅੱਜਕੱਲ੍ਹ ਵੇ, ਬਾਪੂ ਤੇ ਰੋਟੀ ਨੂੰ ਲੋਕਾਂ ਨੇ ਬਹੁਤ ਹੀ ਜ਼ਿਆਦਾ ਪਸੰਦ ਕੀਤਾ। ਇਹ ਐਲਬਮ ਬਿਨਾਂ ਕਿਸੇ ਪ੍ਰਮੋਸ਼ਨ ਤੋਂ ਸਿੱਧੂ ਮੂਸੇਵਾਲਾ ਦੇ ਆਪਣੇ ਲੇਬਲ ਹੇਠ ਰਿਲੀਜ਼ ਕੀਤੀ ਗਈ ਸੀ। ਇਸ ਐਲਬਮ ਦੇ ਸਾਰੇ ਗੀਤ ਸਿੱਧੂ ਮੂਸੇਵਾਲਾ ਨੇ ਖੁਦ ਹੀ ਲਿਖੇ ਸਨ ਅਤੇ ਇਸ ਐਲਬਮ ਵਿਚ ਬਿੱਗ ਬ੍ਰਡ, ਦੀ ਕਿੱਡ, ਨਿੱਕ ਧਾਮੂ, ਗੁਰ ਸਿੱਧੂ, ਇਨਟੇਨਸ ਤੇ ਸਨੈਪੀ ਨੇ ਮਿਊਜ਼ਿਕ ਦਿੱਤਾ ਸੀ।

ਮਈ 2021 ਵਿਚ ਪੂਰਾ ਇਕ ਮਹੀਨਾ ਇਕ-ਇਕ ਗੀਤ ਨਾਲ ਰਿਲੀਜ਼ ਕੀਤੀ ਸਿੱਧੂ ਮੂਸੇਵਾਲਾ ਦੀ ਤੀਜੀ ਐਲਬਮ 'ਮੂਸੇਟੇਪ' ਹੁਣ ਤਕ ਦੀਆਂ ਸਭ ਤੋਂ ਸਫਲ ਐਲਬਮਜ਼ ਵਿਚੋਂ ਇਕ ਹੈ, ਜਿਸ ਨੇ ਸਿਰਫ਼ ਭਾਰਤ ਵਿਚ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿਚ ਸਫਲਤਾ ਦੇ ਝੰਡੇ ਗੱਡੇ। ਇਸ ਐਲਬਮ ਵਿਚ 12 ਗੀਤਾਂ ਦੇ ਨਾਲ ਗੀਤਾਂ ਦੀ ਇੰਟਰੋ ਤੇ ਸਕਿੱਟਜ਼ ਰਿਲੀਜ਼ ਕੀਤੀ ਗਈ। ਇਸ ਐਲਬਮ ਵਿਚ ਕੁੱਲ 8 ਸੰਗੀਤਕਾਰਾਂ ਨੇ ਕੰਮ ਕੀਤਾ, ਜਿਨ੍ਹਾਂ ਵਿਚ ਦੀ ਕਿੱਡ, ਵਜ਼ੀਰ ਪਾਤਰ, ਸਨੈਪੀ, ਸਟੀਲ ਬੈਂਗਲਜ਼, ਕ੍ਰਿਸ ਰਿੱਚ, ਏ ਸਿੰਘ, ਜੇਬੀ ਤੇ ਐੱਮ1 ਆਨ ਦਿ ਬੀਟ ਸ਼ਾਮਿਲ ਹਨ। ਇਸ ਐਲਬਮ ਵਿਚ ਸਿੱਧੂ ਮੂਸੇਵਾਲਾ ਦੀ ਕਈ ਨੈਸ਼ਨਲ ਤੇ ਇੰਟਰਨੈਸ਼ਨਲ ਕਲਾਕਾਰਾਂ ਨਾਲ ਜੁਗਲਬੰਦੀ ਸੀ। ਇਸ ਐਲਬਮ ਦੇ ਗੀਤ ਬਿੱਚ ਆਈਐਮ ਬੈਕ ਤੇ ਮੂਸਾ ਡਰਿੱਲ ਗਲੋਬਲ ਬਿਲਬੋਰਡ ਚਾਰਟ ਨੰਬਰ-1 ਪੁਜ਼ੀਸ਼ਨ 'ਤੇ ਰਹੇ, ਇਸ ਤੋਂ ਇਲਾਵਾ ਅਸ (us) ਨੰਬਰ 3, ਬਰਾਊਨ ਸ਼ੌਰਟੀ ਨੰਬਰ 7 ਤੇ ਦੀਜ਼ ਡੇਅ ਨੰਬਰ 13 ਗਲੋਬਲ ਬਿਲਬੋਰਡ 'ਤੇ ਟਰੈਂਡ ਕੀਤਾ। ਇਸ ਤੋਂ ਇਲਾਵਾ ਐਲਬਮ ਦੇ ਬਾਕੀ ਗੀਤ ਵੀ ਕੈਨੇਡੀਅਨ ਤੇ ਨਿਊਜ਼ੀਲੈਂਡ ਸਮੇਤ ਗਲੋਬਲ ਬਿਲਬੋਰਡ ਦੇ ਟਾਪ 100 ਚਾਰਟ ਵਿਚ ਰਹੇ। ਇਸ ਐਲਬਮ ਦਾ ਗੀਤ 295 ਵੀ ਬਹੁਤ ਜ਼ਿਆਦਾ ਮਕਬੂਲ ਹੋਇਆ ਤੇ ਇਸ ਕਾਰਨ ਕਈ ਵਿਵਾਦ ਵੀ ਖੜੇ ਹੋਏ। 295 ਗੀਤ ਦਾ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਨਾਲ ਇਹ ਵੀ ਨਾਤਾ ਰਿਹਾ, ਜਿਸ ਦਿਨ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਉਸ ਦਿਨ ਤਰੀਕ ਵੀ 29 ਮਈ ਹੀ ਸੀ।

ਆਪਣੀ ਚੌਥੀ ਐਲਬਮ 'ਨੋ ਨੇਮ' ਬਾਰੇ ਸਿੱਧੂ ਮੂਸੇਵਾਲਾ ਨੇ ਰਿਲੀਜ਼ ਤੋਂ ਇਕ ਦਿਨ ਪਹਿਲਾਂ 24 ਅਪ੍ਰੈਲ ਨੂੰ ਹੀ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦੱਸਿਆ ਅਤੇ 25 ਤਰੀਕ ਨੂੰ ਸਾਰੀ ਐਲਬਮ ਰਿਲੀਜ਼ ਕਰ ਦਿੱਤੀ। ਇਹ ਐਲਬਮ ਵੀ ਇਕ ਦਿਨ ਵਿਚ ਹੀ ਕੈਨੇਡੀਅਨ ਬਿਲਬੋਰਡ ਟਾਪ-100 ਵਿਚ ਪਹੁੰਚ ਗਈ। ਇਸ ਐਲਬਮ ਵਿਚ ਕੁੱਲ 5 ਗੀਤ ਸਨ। ਇਸ ਦੇ ਸਾਰੇ ਹੀ ਗੀਤ ਏਸ਼ੀਅਨ ਮਿਊਜ਼ਿਕ ਚਾਰਟ ਟਾਪ-10 ਵਿਚ ਰਹੇ।

ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਨੇ ਅਨੇਕਾਂ ਸਿੰਗਲ ਟਰੈਕ ਵੀ ਲੋਕਾਂ ਸਾਹਮਣੇ ਪੇਸ਼ ਕੀਤੇ। ਇਸ ਦੌਰਾਨ ਉਸ ਨੇ ਕਈ ਸਹਿ ਕਲਾਕਾਰਾਂ ਨਾਲ ਡਿਊਟ ਵੀ ਗਾਏ ਅਤੇ ਇਸ ਦੌਰਾਨ ਉਸ ਨਾਲ ਜੁਗਲਬੰਦੀ ਕਰਨ ਵਾਲੇ ਕਲਾਕਾਰ ਵੀ ਕਾਫੀ ਮਕਬੂਲ ਹੋਏ। ਇਸ ਦੌਰਾਨ ਉਸ ਨੇ ਕਈ ਨਵੇਂ ਕਲਾਕਾਰਾਂ ਨੂੰ ਵੀ ਮੌਕਾ ਦਿੱਤਾ। ਇਸ ਦੌਰਾਨ ਕਈ ਵਿਵਾਦਾਂ ਨੂੰ ਪਿੱਛੇ ਛੱਡ ਉਸ ਨੇ ਛੋਟੀ ਉਮਰੇ ਹੀ ਚੋਟੀ ਦਾ ਮੁਕਾਮ ਹਾਸਲ ਕੀਤਾ ਸੀ।

ਇਸ ਦੌਰਾਨ ਸਿੱਧੂ ਮੂਸੇਵਾਲਾ ਨੇ ਆਪਣੀ ਖੁਦ ਦੀ ਮਿਊਜ਼ਿਕ ਕੰਪਨੀ ਵੀ ਸ਼ੁਰੂ ਕੀਤੀ ਤੇ ਇਸ ਦਾ ਨਾਮ ਵੀ ਉਸ ਨੇ ਆਪਣੇ ਮਨਪਸੰਦ ਟਾਇਰੈਕਟਰ 5911 ਦੇ ਨਾ 'ਤੇ ਰੱਖਿਆ। ਇਸ ਜ਼ਰੀਏ ਕਈ ਨਵੇਂ ਕਲਾਕਾਰਾਂ ਨੂੰ ਵੀ ਮੌਕਾ ਦਿੱਤਾ ਗਿਆ।

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕੁਝ ਦਿਨ ਪਹਿਲਾਂ ਉਸ ਦੇ 2 ਸਿੰਗਲ ਟਰੈਕ ਆਏ। ਇਨ੍ਹਾਂ ਵਿੱਚੋਂ 15 ਮਈ ਨੂੰ ਲਾਸਟ ਰਾਈਡ ਤੇ 25 ਮਈ ਨੂੰ ਲੈਵਲ ਗੀਤ ਨੂੰ ਰਿਲੀਜ਼ ਕੀਤਾ ਗਿਆ। ਇਨ੍ਹਾਂ ਵਿੱਚੋਂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਸਟ ਰਾਈਡ ਗੀਤ ਦੀ ਕਾਫੀ ਚਰਚਾ ਹੈ, ਇਹ ਗੀਤ ਸਿੱਧੂ ਮੂਸੇਵਾਲਾ ਵੱਲੋਂ ਆਪਣੇ ਆਦਰਸ਼ ਸਵ. ਟੂਪਾਕ ਸ਼ਾਕੁਰ ਨੂੰ ਸ਼ਰਧਾਂਜਲੀ ਸੀ ਅਤੇ ਉਨ੍ਹਾਂ ਦੀ ਮੌਤ ਨਾਲ ਹੀ ਸਬੰਧਤ ਸੀ ਪਰ ਪਤਾ ਨਹੀਂ ਸੀ ਕਿ ਕਈ ਵਾਰ ਬੋਲ ਹੀ ਸੱਚ ਹੋ ਜਾਂਦੇ ਹਨ ਅਤੇ ਅਜਿਹਾ ਹੀ ਸਿੱਧੂ ਮੂਸੇਵਾਲਾ ਨਾਲ ਹੋਇਆ।

ਸਿੱਧੂ ਮੂਸੇਵਾਲਾ ਨੇ ਗਾਉਣ ਤੋਂ ਇਲਾਵਾ ਐਕਟਿੰਗ ਵਿਚ ਵੀ ਹੱਥ ਅਜਮਾਇਆ। ਇਸ ਦੌਰਾਨ ਉਸ ਨੇ ਮੂਸਾ ਜੱਟ ਤੇ ਯੈੱਸ ਆਈਐੱਮ ਸਟੂਡੈਂਟ ਨਾਲ ਵੱਡੇ ਪਰਦੇ ਉੱਤੇ ਕਦਮ ਰੱਖਿਆ। ਇਹ ਦੋਵੇਂ ਫਿਲਮਾਂ 2021 ਵਿਚ ਕਰਮਵਾਰ 8 ਤੇ 22 ਅਕਤੂਬਰ ਨੂੰ ਰਿਲੀਜ਼ ਹੋਈਆਂ ਪਰ ਫਿਲਮਾਂ ਵਿਚ ਸਿੱਧੂ ਮੂਸੇਵਾਲਾ ਨੂੰ ਖਾਸ ਕਾਮਯਾਬੀ ਨਹੀਂ ਮਿਲੀ। ਇਸ ਤੋਂ ਇਲਾਵਾ ਉਸ ਨੇ 2019 ਵਿਚ ਤੇਰੀ-ਮੇਰੀ ਜੋੜੀ ਫਿਲਮ ਲਈ ਵੀ ਗੈਸਟ ਰੋਲ ਕੀਤਾ ਸੀ। ਇਸ ਤੋਂ ਇਲਾਵਾ ਅੰਬਰਦੀਪ ਸਿੰਘ ਦੀ ਡਾਇਰੈਕਸ਼ਨ ਵਿਚ ਜੱਟਾਂ ਦਾ ਮੁੰਡਾ ਗਾਉਣ ਲੱਗਿਆ ਉਸਦੀ ਆਉਣ ਵਾਲੀ ਫਿਲਮ ਸੀ।

ਅਮਰੀਕੀ ਰੈਪਰ ਟੂਪਾਕ ਤੇ ਨਿਪਸੀ ਨੂੰ ਮੰਨਦਾ ਸੀ ਆਦਰਸ਼

ਸਿੱਧੂ ਮੂਸੇਵਾਲਾ ਅਮਰੀਕੀ ਰੈਪਰ ਟੂਪਾਕ ਸ਼ਾਕੁਰ ਤੇ ਨਿਪਸੀ ਹਸਲੇ ਨੂੰ ਆਪਣਾ ਆਦਰਸ਼ ਮੰਨਦਾ ਸੀ ਅਤੇ ਉਨ੍ਹਾਂ ਵਾਂਗ ਹੀ ਲਿਖਦਾ ਤੇ ਗਾਉਂਦਾ ਸੀ। ਗੈਂਗਸਟਾ ਰੈਪ ਕਲਚਰ ਵੀ ਸਿੱਧੂ ਮੂਸੇਵਾਲਾ ਨੇ ਇਨ੍ਹਾਂ ਤੋਂ ਹੀ ਸਿੱਖਿਆ ਸੀ। ਉਸ ਨੇ ਕਈ ਵਾਰ ਆਪਣੀਆਂ ਇੰਟਰਵਿਊਆਂ ਵਿਚ ਕਿਹਾ ਸੀ ਕਿ ਉਹ ਹਮੇਸ਼ਾ ਇਨ੍ਹਾਂ ਨੂੰ ਸੁਣਦਾ ਸੀ ਅਤੇ ਉਹ ਹੀ ਅੰਦਾਜ਼ ਉਸ ਨੇ ਪੰਜਾਬੀ ਭਾਸ਼ਾ ਵਿਚ ਅਪਨਾਇਆ। ਟੂਪਾਕ ਦੇ ਵੀ 7 ਸਤੰਬਰ 1996 ਵਿਚ ਚਾਰ ਗੋਲੀ ਮਾਰ ਦਿੱਤੀਆਂ ਸਨ ਅਤੇ 6 ਦਿਨ ਹਸਪਤਾਲ ਵਿਚ ਰਹਿਣ ਦੇ ਬਾਅਦ ਉਸ ਨੇ ਦਮ ਤੋੜ ਦਿੱਤਾ। ਇਸੇ ਤਰ੍ਹਾਂ ਨਿਪਸੀ ਹਸਲੇ ਵੀ ਇਕ ਸਟੋਰ ਦੇ ਬਾਹਰ ਖੜੇ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ।

ਭਾਰਤ 'ਚ ਲਿਆਂਦਾ ਸੀ ਹਿਪ-ਹਾਪ ਦਾ ਨਵਾਂ ਦੌਰ

'ਗੋਲੀ ਦੇ ਖੜਾਕੇ ਜਿਹੇ ਗੀਤ ਲਿਖਤੇ, ਹਿਪ-ਹਾਪ ਬੀਟਾਂ 'ਚੋਂ' ਇਹ ਉਹ ਗੀਤ ਸਨ, ਜਿਸ ਨੂੰ ਸਾਡੇ ਆਪਣੇ ਲੋਕਾਂ ਨੇ ਹੀ ਸਮਝਣ ਵਿਚ ਦੇਰ ਕਰ ਦਿੱਤੀ। 20ਵੀਂ ਸਦੀ ਹੈ ਤੇ ਅਸੀ ਅੱਜ ਵੀ ਇਕ ਨੌਜਵਾਨ ਨੂੰ ਉਸ ਦੀ ਕੋਸ਼ਿਸ਼ ਦੀ ਸ਼ਲਾਘਾ ਕਰਨ ਦੀ ਬਜਾਏ ਨਿਖੇਧੀ ਕਰਦੇ ਰਹੇ। ਜਿਸ ਹਿਪ-ਹਾਪ ਕਲਚਰ ਨੂੰ ਇਸ ਸਮੇਂ ਸਾਰਾ ਵਿਸ਼ਵ ਪਸੰਦ ਕਰ ਰਿਹਾ ਸੀ, ਪੰਜਾਬ ਵਿਚ ਉਸ ਕਲਚਰ ਜਰੀਏ ਪੰਜਾਬੀ ਭਾਸ਼ਾ ਤੇ ਦਸਤਾਰ ਨੂੰ ਵਿਸ਼ਵਭਰ ਵਿਚ ਪ੍ਰਸਿੱਧ ਕਰਨ ਵਾਲੇ ਨੌਜਵਾਨ ਨੂੰ ਸਾਡੇ ਕੁੱਝ ਅਖੌਤੀ ਬੁੱਧੀਜੀਵੀ ਭੰਡ ਰਹੇ ਸਨ। ਬਾਲੀਵੁੱਡ ਤੋਂ ਹਾਲੀਵੁੱਡ ਤਕ ਦੇ ਸਟਾਰ ਜਿਸ ਦੇ ਗੀਤਾਂ ਤੇ ਨੱਚ ਰਹੇ ਸਨ, ਸਾਡੇ ਖੁਦ ਦੇ ਹੀ ਕਈ ਲੋਕ ਉਸ ਦਾ ਵਿਰੋਧ ਕਰ ਰਹੇ ਸਨ।

ਸਿਆਸੀ ਸਫਰ

ਇਕ ਕਲਾਕਾਰ ਵਜੋਂ ਕਾਮਯਾਬ ਹੋਣ ਤੋਂ ਬਾਅਦ ਕੈਨੇਡਾ ਤੋਂ ਪੰਜਾਬ ਆ ਕੇ ਸਿੱਧੂ ਮੂਸੇਵਾਲਾ ਨੇ ਪਿੰਡ ਦੀ ਸਰਪੰਚੀ ਲਈ ਆਪਣੀ ਮਾਂ ਚਰਨ ਕੌਰ ਨੂੰ ਉਮੀਦਵਾਰ ਵਜੋਂ ਖੜੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਫਲਤਾ ਵੀ ਹਾਸਲ ਕੀਤੀ ਅਤੇ ਆਪਣੀ ਮਾਂ ਨੂੰ ਸਰਪੰਚ ਬਣਾਉਣ ਤੋਂ ਬਾਅਦ ਲਗਾਤਾਰ ਖੁਦ ਵੀ ਉਹ ਪਿੰਡ ਵਿਚ ਹੀ ਸਰਗਰਮ ਰਹੇ।

ਇਸ ਦੌਰਾਨ ਸਿੱਧੂ ਮੂਸੇਵਾਲਾ ਨੇ ਵਿਧਾਨ ਸਭਾ ਚੋਣਾਂ ਲਈ ਵੀ ਤਿਆਰੀ ਕੀਤੀ ਅਤੇ ਦਸਬੰਰ 2021 ਵਿਚ ਉਸ ਸਮੇਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਦੌਰਾਨ ਉਹ ਮਾਨਸਾ ਹਲਕੇ ਤੋਂ ਪਾਰਟੀ ਦੇ ਕਈ ਆਗੂਆਂ ਵੱਲੋਂ ਭਾਰੀ ਵਿਰੋਧ ਦੇ ਬਾਵਜੂਦ ਵਿਧਾਨ ਸਭਾ ਚੋਣਾਂ ਲਈ ਟਿਕਟ ਲੈਣ ਵਿਚ ਵੀ ਸਫਲ ਰਹੇ। ਹਾਲਾਂਕਿ ਉਨ੍ਹਾਂ ਨੂੰ 'ਆਪ' ਉਮੀਦਵਾਰ ਡਾ. ਵਿਜੇ ਸਿੰਗਲਾ ਹੱਥੋ ਹਾਰ ਦਾ ਸਾਹਮਣਾ ਕਰਨਾ ਪਿਆ। ਹਾਰ ਤੋਂ ਬਾਅਦ ਉਨ੍ਹਾਂ ਦਾ ਗਾਇਆ ਗੀਤ ਸਕੇਪਗੋਟ ਕਾਰਨ ਵੀ ਕਈ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਸੀ।

ਹਾਲੀਵੁੱਡ ਤੇ ਬਾਲੀਵੁੱਡ ਸਟਾਰ ਵੀ ਸਨ ਮੁਰੀਦ

ਅਮਰੀਕਨ/ਕੈਨੇਡੀਅਨ ਸਿੰਗਰ ਔਬਰੀ ਡਰੇਕ ਗ੍ਰਾਹਮ ਤੋਂ ਇਲਾਵਾ ਕਈ ਹੋਰ ਸਿੰਗਰ ਤੇ ਬਾਲੀਵੁੱਡ ਦੇ ਕਈ ਸਟਾਰ ਰਣਵੀਰ ਸਿੰਘ, ਵਰੁਣ ਧਵਨ, ਸ਼ਾਹਿਦ ਕਪੂਰ, ਵਿੱਕੀ ਕੌਸ਼ਲ, ਸਾਰਾ ਅਲੀ ਖਾਨ ਤੇ ਕਈ ਹੋਰ ਸਟਾਰ ਵੀ ਸਿੱਧੂ ਮੂਸੇਵਾਲਾ ਦੀ ਕਲਾ ਦੇ ਮੁਰੀਦ ਸਨ। ਸਿੱਧੂ ਮੂਸੇਵਾਲਾ ਨੇ ਪੰਜਾਬੀ ਸੰਗੀਤ ਨੂੰ ਵਿਸ਼ਵਭਰ ਵਿਚ ਇਕ ਖਾਸ ਮੁਕਾਮ ਦਿਵਾਇਆ ਸੀ। ਸਿੱਧੂ ਮੂਸੇਵਾਲਾ ਦੇ ਪੰਜਾਬ ਤੋਂ ਬਾਹਰ ਵੀ ਲਾਈਵ ਸ਼ੋਅਜ਼ ਵਿਚ ਭਾਰੀ ਭੀੜ ਇਕੱਠੀ ਹੁੰਦੀ ਸੀ। ਪੰਜਾਬ ਨੇ ਇਕ ਉਹ ਤਾਰਾ ਗਵਾ ਲਿਆ ਹੈ, ਜਿਸ ਨੇ ਅਜੇ ਹੋਰ ਵੀ ਚਮਕ ਬਿਖੇਰਨਾ ਸੀ।

Posted By: Shubham Kumar