ਮੌਤ ਹਰ ਜਿਉਂਦੀ ਚੀਜ਼ ਨੂੰ ਆਪਣੀ ਬੁੱਕਲ ’ਚ ਲਪੇਟ ਲੈਂਦੀ ਹੈ। ਜਾਣਾ ਦੁਨੀਆ ਤੋਂ ਸਾਰਿਆਂ ਨੇ ਹੈ ਪਰ ਉਹ ਫ਼ਨਕਾਰ ਜਿਨ੍ਹਾਂ ਨੇ ਆਪਣੀ ਕਲਾ ਦੀ ਬਦੌਲਤ ਸੱਭਿਆਚਾਰ ਦੀ ਸੇਵਾ ਕੀਤੀ ਹੋਵੇ, ਉਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਭਾਵੇਂ ਹਰ ਵਿਅਕਤੀ ਦਾ ਆਪਣਾ ਪਰਿਵਾਰ, ਸਕੇ-ਸਬੰਧੀਆਂ ਤੇ ਦਾਇਰੇ ’ਚ ਵੱਖਰਾ ਰੁਤਬਾ ਹੁੰਦਾ ਹੈ ਪਰ ਕਲਾਕਾਰ ਸਭ ਦੇ ਸਾਂਝੇ ਹੁੰਦੇ ਹਨ। ਉਨ੍ਹਾਂ ਦੇ ਗੀਤਾਂ ਅਤੇ ਲਿਖਤਾਂ ਨਾਲ ਜੁੜ ਕੇ ਅਸੀਂ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨ ਲੈਂਦੇ ਹਾਂ। ਅਜਿਹਾ ਹੀ ਫ਼ਨਕਾਰ ਸੀ ਸੁਰਾਂ ਦਾ ਸਿਕੰਦਰ ‘ਸਰਦੂਲ ਸਿਕੰਦਰ’। 24 ਫਰਵਰੀ, 2021 ਨੂੰ ਸੱਚਮੱੁਚ ਉਹ ਸੁਰਾਂ ਦਾ ਦਰਿਆ ਵਹਿ ਗਿਆ। ਅਮਰ ਨੂਰੀ ਦੇ ਜੀਵਨ ਸਾਥੀ ਨੂੰ ਗਿਆਂ ਭਾਵੇਂ ਦੋ ਸਾਲ ਹੋ ਗਏ ਹਨ ਪਰ ਉਹ ਆਪਣੇ ਗਾਏ ਗੀਤਾਂ ਜ਼ਰੀਏ ਸਦਾ ਅਮਰ ਰਹੇਗਾ।

ਪਿੰਡੇ ’ਤੇ ਹੰਢਾਈ ਗ਼ਰੀਬੀ

ਗ਼ਰੀਬੀ ਉਸ ਨੇ ਆਪਣੇ ਪਿੰਡੇ ’ਤੇ ਹੰਢਾਈ । ਆਪਣੀ ਸਖ਼ਤ ਮਿਹਨਤ ਤੇ ਲਗਨ ਨਾਲ ਉਸ ਨੇ ਲੋਕਾਂ ਦੇ ਦਿਲਾਂ ’ਚ ਆਪਣੀ ਇਕ ਵੱਖਰੀ ਜਗ੍ਹਾ ਬਣਾ ਲਈ ਸੀ ਤੇ ਉਸ ਦੇ ਤੁਰ ਜਾਣ ਮਗਰੋਂ ਵੀ ਲੋਕ ਉਸ ਨੂੰ ਚੇਤੇ ਕਰਦੇ ਨੇ। ਉਸ ਦਾ ਗਾਇਆ ਹਰ ਗੀਤ ‘ਮੌਤ ਵੀ ਨਹੀਂ ਆਉਣੀ ਮੈਨੂੰ ਤੇਰੇ ਤੋਂ ਬਗ਼ੈਰ ਨੀਂ’, ‘ਸਾਡਾ ਤੇਰੇ ਕੋਲ ਸਾਮਾਨ ਅਜੇ ਹੋਰ ਵੀ ਪਿਆ ਏ’, ‘ਚਿੱਠੀ ਕਿਹੜੇ ਵਤਨਾਂ ਨੂੰ ਪਾਵਾਂ’, ‘ਕਦੇ ਸਾਡੇ ਵਾਂਗੂ ’ਕੱਲਾ ਬਹਿ ਕੇ ਰੋ ਕੇ ਤਾਂ ਵੇਖੀਂ’, ‘ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ’,‘ਖਤ ਟੁਕੜੇ ਟੁਕੜੇ ਕਰ ਦੇਣੇ’, ‘ਨਜ਼ਰਾਂ ਤੋਂ ਗਿਰ ਗਈ ਕੀ ਕਰੀਏ’, ‘ਯਾਰੀ ਪਰਦੇਸੀਆਂ ਦੀ’, ‘ਤੇਰਾ ਲਿਖਦੂ ਸਫ਼ੈਦਿਆਂ ’ਤੇ ਨਾਂ’, ‘ਲੱਗੀਆਂ ਦੇ ਦੁੱਖ ਚੰਦਰੇ’, ‘ਬੇਰੀਆਂ ਦੇ ਬੇਰ ਖਾਣੀਏ’, ‘ਇਸ਼ਕ ਬਰਾਂਡੀ’ ਅੱਜ ਵੀ ਸਰੋਤਿਆਂ ਦੀ ਜ਼ੁਬਾਨ ’ਤੇ ਹੈ। ਉਮਰ ਦਾ ਵੱਡਾ ਹਿੱਸਾ ਸਰਦੂਲ ਦੀ ਸੰਗੀਤ ਨਾਲ ਨੇੜਤਾ ਰਹੀ। ਆਪਣਾ ਸੰਗੀਤਕ ਸਫ਼ਰ ਉਸ ਨੇ ਦੂਰਦਰਸ਼ਨ ਜਲੰਧਰ ਤੋਂ ‘ਰੋਡਵੇਜ਼ ਦੀ ਲਾਰੀ’ ਗੀਤ ਨਾਲ ਸ਼ੁਰੂ ਕੀਤਾ ਸੀ। ਉਸ ਨੂੰ ਪੰਜਾਬੀ ਗਾਇਕੀ ’ਚ ਅਸਲ ਪਛਾਣ ‘ਫੁੱਲਾਂ ਦੀਏ ਕੱਚੀਏ ਵਪਾਰਨੇ’ ਗੀਤ ਨਾਲ ਮਿਲੀ। ਅੱਜ ਵੀ ਹਰ ਕੋਈ ਸਰਦੂਲ ਦੀ ਚੰਗਿਆਈ ਨੂੰ ਚੇਤੇ ਕਰਦਾ।

ਉਦਾਸ ਗੀਤਾਂ ਨੂੰ ਖੁੱਭ ਕੇ ਗਾਇਆ

ਮੈਂ ਪਹਿਲਾਂ ਵੀ ਉਸ ਦੇ ਗੀਤ ਸੁਣਦਾ ਸੀ ਤੇ ਉਸ ਦੇ ਤੁਰ ਜਾਣ ਮਗਰੋਂ ਵੀ। ਉਸ ਨੇ ਹਰ ਵੰਨਗੀ ਦੇ ਗੀਤ ਗਾਏ ਪਰ ਉਦਾਸ ਗੀਤਾਂ ਨੂੰ ਜ਼ਿਆਦਾ ਖੁੱਭ ਕੇ ਗਾਇਆ। ਉਸ ਦੇ ਗਾਣੇ ਦੀ ਪੇਸ਼ਕਾਰੀ ’ਚ ਏਨੀ ਸ਼ਿੱਦਤ, ਮੰੂਹੋਂ ਖ਼ੁਦ ਨਿਕਲਦਾ ਕਮਾਲ-ਬਾਕਮਾਲ। ਜਦੋਂ ਉਸ ਦਾ ਗਾਇਆ ਗੀਤ ‘ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ’ ਸੁਣਦਾ ਤਾਂ ਲੱਗਦਾ ਵਾਕਿਆ ਹੀ ਅਜੇ ਉਸ ਕੋਲੋਂ ਇਹ ਉਮੀਦ ਨਹੀਂ ਸੀ। ਅਜੇ ਸੰਗੀਤ ਤੇ ਪਰਿਵਾਰ ਨੂੰ ਉਸ ਦੀ ਬਹੁਤ ਲੋੜ ਸੀ। ਹਾਲੇ ਹੋਰ ਗਾਉਣ ਦਾ ਵੇਲਾ ਸੀ। ਜਦੋਂ ਉਸ ਦਾ ਗੀਤ ‘ਪੱਤਝੜਾਂ ’ਚ ਪੱਤਿਆਂ ਦਾ ਹਾਲ ਪੱੁਛਦੀ ਏ ਨੀਂ ਤੰੂ ਜਾਣ-ਜਾਣ ਕੇ’ ਕੋਈ ਸੁਣਦਾ ਹੈ ਤਾਂ ਆਪਣੀ ਪੀੜ ਦੇ ਨਾਲ-ਨਾਲ ਉਸ ਦੀ ਪੀੜ ਦਾ ਅਹਿਸਾਸ ਵੀ ਜ਼ਰੂਰ ਹੋਵੇਗਾ। ਪਰਦੇਸੀਆਂ ਬਾਰੇ ਉਸ ਦਾ ਗੀਤ ‘ਲੋਕਾਂ ਦੇ ਪੁੱਤ ਨਿੱਤ ਵਤਨਾਂ ਨੂੰ ਆਉਂਦੇ ਤੇਰਾ ਆਉਂਦਾ ਨਹੀਂ ਚੰਦਰਾ ਜਹਾਜ਼’ ਅੱਜ ਵੀ ਦਿਲਾਂ ’ਚ ਦਰਦ ਨੂੰ ਜਗਾ ਦਿੰਦਾ ਹੈ। ਹਰ ਵਿਆਹ ਵਾਲੀ ਫਿਲਮ ’ਚ ਡੋਲੀ ਵੇਲੇ ਚੱਲਦਾ ਗੀਤ ‘ਪਿੱਛੋਂ ਵੇਖ-ਵੇਖ ਰੋਵੀਂ ਮੇਰੇ ਗੁੱਡੀਆਂ ਪਟੋਲੇ’ ਸੁਣ ਕੇ ਹਰ ਅੱਖ ’ਚ ਬਿਨਾਂ ਰੋਕਿਆਂ ਹੰਝੂ ਆ ਜਾਂਦੇ। ਜਦੋਂ ਉਸ ਦੇ ਗਾਏ ਉਦਾਸ ਗੀਤ ਸੁਣਦੇ ਤਾਂ ਇਹੀ ਲੱਗਦਾ ਸ਼ਾਇਦ ਉਹ ਗਾਉਂਦਾ ਹੀ ਸਾਡੇ ਲਈ ਸੀ। ਇਹੀ ਨਹੀਂ ਕਿ ਉਸ ਨੇ ਉਦਾਸ ਗੀਤ ਗਾਏ, ਜਦੋਂ ਉਹ ‘ਇਕ ਚਰਖਾ ਗਲੀ ਦੇ ਵਿਚ ਡਾਹ ਲਿਆ’ ਗੀਤ ਗਾਉਂਦਾ ਤਾਂ ਦਿਲ ਨੱਚਣ ਨੂੰ ਆਪ-ਮੁਹਾਰੇ ਕਰਦਾ।

ਧਾਰਮਿਕ ਗਾਇਕੀ ’ਚ ਨਾਂ

ਧਾਰਮਿਕ ਗਾਇਕੀ ’ਚ ਵੀ ਸਰਦੂਲ ਸਿਕੰਦਰ ਨੇ ਸਫਲਤਾ ਪੱਖੋਂ ਨਵੇਂ ਆਯਾਮ ਤੈਅ ਕੀਤੇ ਹਨ। ‘ਦੇ ਚਰਨਾਂ ਦਾ ਪਿਆਰ, ਮਾਏ ਨੀ ਮੈਨੂੰ ਰੱਖ ਲੈ ਸੇਵਾਦਾਰ’, ‘ਹੋਏ ਨਾ ਦੀਦਾਰ’, ‘ਸ਼ਿਵਾ ਦਾ ਡਮਰੂ ਵੱਜਦਾ’, ਦਵਾਰਾ ਸ਼ੇਰਾਂਵਾਲੀ ਦਾ’, ‘ਦੁੱਖ ਕਟ ਜਾਣਗੇ’, ‘ਸਾਡੇ ਘਰ ਜਗਰਾਤਾ ਹੋਇਆ’, ‘ਆਜਾ ਦਾਤੀਏ’, ‘ਭਗਤ ਧਿਆਨੂ ਵਾਂਗੂ ਨੱਚਣਾ’, ‘ਸਾਨੂੰ ਵੀ ਚਿੱਠੀ ਪਾਈਂ ਦਾਤੀਏ’, ‘ਖੋਲ੍ਹ ਬੂਹੇ ਮੰਦਰਾਂ ਦੇ’ ਉਸ ਦੀਆਂ ਚਰਚਿਤ ਭੇਟਾਂ ਹਨ। ‘ਖ਼ਾਲਸੇ ਦੀ ਚੜ੍ਹਦੀ ਕਲਾ’, ‘ਬਾਬਾ ਨਾਨਕ’, ‘ਪੰਥ ਖ਼ਾਲਸਾ’, ‘ਸੀਸਾਂ ਦੇ ਵਣਜਾਰੇ’ ਜਿਹੇ ਧਾਰਮਿਕ ਗੀਤ ਗਾਏ।

ਕਦੇ ਨਹੀਂ ਭੁੱਲਣੇ ਉਸ ਦੇ ਗਾਏ ਗੀਤ

ਭਾਵੇਂ ਸੁਰ ਸਾਧਨਾ ਮਿੱਟੀ ਦੇ ਢੇਰ ਥੱਲੇ ਦੱਬ ਗਈ ਹੈ। ਪਤਾ ਨਹੀਂ ਕੌਣ ਉਸ ਨੂੰ ਕਿੰਨਾ ਕੁ ਚਿਰ ਚੇਤੇ ਰੱਖੇਗਾ ਪਰ ਉਸ ਦੇ ਗਾਣੇ ਕਦੇ ਨਹੀਂ ਭੁੱਲਣੇ। ਉਹ ਕਮਾਲ ਦਾ ਗਵੱਈਆ। ਜਦੋਂ ਕਿਤੇ ਸਟੇਜ ’ਤੇ ਗਾਉਂਦਾ ਤਾਂ ਸਰੋਤੇ ਅਸ਼-ਅਸ਼ ਕਰ ਉੱਠਦੇ ਸਨ। ਜਿਉਂਦੇ ਬੰਦੇ ਦੀ ਸਾਨੂੰ ਅਹਿਮੀਅਤ ਪਤਾ ਨਹੀਂ ਹੰੁਦੀ ਪਰ ਜਦੋਂ ਉਹ ਦੁਨੀਆ ਤੋਂ ਰੁਖ਼ਸਤ ਹੋ ਜਾਂਦੈ ਤਾਂ ਉਸ ਦੀ ਘਾਟ ਰੜਕਦੀ ਰਹਿੰਦੀ। ਮਰਨਾ ਸੱਚ ਹੈ, ਸਭ ਦੀ ਵਾਰੀ ਆਉਂਦੀ ਹੈ ਪਰ ਚੰਗੇ ਬੰਦਿਆਂ ਦਾ ਮਰਨਾ ਕਿੰਨਾ ਦੁੱਖਦਾਈ ਹੁੰਦਾ ਹੈ। ਉਸ ਦੇ ਤੁਰ ਜਾਣ ਮਗਰੋਂ ਵੀ ਉਸ ਦੀਆਂ ਗੱਲਾਂ ਚੇਤੇ ਆਉਂਦੀਆਂ ਰਹਿੰਦੀਆਂ। ਅੱਜ ਵੀ ਜਦੋਂ ਕਿਤੇ ਉਸ ਦੇ ਗਾਏ ਗੀਤ ਚੱਲ ਰਹੇ ਹੋਣ ਤਾਂ ਯਾਦ ਕਰ ਅੱਖਾਂ ਨਮ ਹੋ ਜਾਂਦੀਆਂ।

ਫਿਲਮਾਂ ’ਚ ਖੱਟਿਆ ਖ਼ੂਬ ਨਾਂ

ਸਰਦੂਲ ਨੇ ਸਿਰਫ਼ ਗੀਤ ਹੀ ਨਹੀਂ ਗਾਏ, ਫਿਲਮਾਂ ’ਚ ਵੀ ਖ਼ੂਬ ਨਾਮਣਾ ਖੱਟਿਆ। ਪੰਜਾਬੀ ਫਿਲਮ ‘ਜੱਗਾ ਡਾਕੂ’ ’ਚ ਉਸ ਨੇ ਪੁਲਿਸ ਇੰਸਪੈਕਟਰ ਦਾ ਕਿਰਦਾਰ ਨਿਭਾਇਆ। ਜਿੰਮੀ ਸ਼ੇਰਗਿੱਲ ਦੀ ਫਿਲਮ ‘ਮੁੰਡੇ ਯੂਕੇ ਦੇ’ ’ਚ ਉਸ ਵੱਲੋਂ ਗਾਏ ਤੇ ਬਾਬੂ ਸਿੰਘ ਮਾਨ ਦੀ ਕਲਮ ਤੋਂ ਲਿਖੇ ਗੀਤ ‘ਕੁਝ ਬੋਲ ਜ਼ੁਬਾਨੋ ਬੋਲ’ ਨੂੰ ਸਰੋਤਿਆਂ ਖ਼ੂਬ ਸਲਾਹਿਆ। ਪੰਜਾਬੀ ਫਿਲਮ ‘ਪੁਲਿਸ ਇਨ ਪਾਲੀਵੁੱਡ’ ’ਚ ਭਗਵੰਤ ਮਾਨ ਤੇ ਮਰਹੂਮ ਰਾਜ ਬਰਾੜ ਨਾਲ ਅਹਿਮ ਕਿਰਦਾਰ ਨਿਭਾਇਆ। ‘ਹੀਰੋ’ ਫਿਲਮ ’ਚ ਉਸ ਨੇ ਜਸਪਿੰਦਰ ਨਰੂਲਾ ਨਾਲ ‘ਮਾਰੀ ਕੋਇਲ ਨੇ ਐਸੀ ਕੂਕ’ ਗੀਤ ਗਾਇਆ। ‘ਦੁਸ਼ਮਣੀ ਜੱਟਾਂ ਦੀ’, ‘ਇਸ਼ਕ ਨਚਾਵੇ ਗਲੀ-ਗਲੀ’ ‘ਪਿਆਸਾ’ ਪੰਜਾਬੀ ਫਿਲਮਾਂ ’ਚ ਉਸ ਨੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ।

ਬਾਕੀਆਂ ਨਾਲੋਂ ਵੱਖਰੀ ਕਲਾ

ਉਸ ਨੇ ਇਹ ਵੀ ਧਾਰਨਾ ਤੋੜੀ ਕਿ ਗਾਉਣ ਵਾਲੇ ਦਾ ਕਲਾ ਨਾਲ ਤਾਅਲੁਕ ਹੋਣਾ ਚਾਹੀਦਾ, ਗੋਰੇ-ਕਾਲੇ ਰੰਗ ਨਾਲ ਕੀ ਤਾਅਲੁਕ। ਰੰਗ ਤਾਂ ਕੁਦਰਤ ਦੀ ਦੇਣ ਹੈ ਪਰ ਕਲਾ ਤੁਹਾਡੀ ਮਿਹਨਤ। ਇਸ ਦੁਨੀਆ ਤੋਂ ਜਾਣਾ ਸਾਰਿਆਂ ਨੇ ਹੈ, ਅੱਗੜ-ਪਿੱਛੜ ਵਾਰੀ ਸਭ ਦੀ ਆਉਣੀ ਤੈਅ ਹੈ ਪਰ ਸਰਦੂਲ ਦੇ ਬੇਵਕਤੀ ਤੁਰ ਜਾਣ ਦਾ ਦੁੱਖ ਇਸ ਕਰਕੇ ਜ਼ਿਆਦਾ ਹੁੰਦਾ ਕਿਉਂਕਿ ਉਸ ਦੀ ਕਲਾ ਉਸ ਨੂੰ ਬਾਕੀਆਂ ਨਾਲੋਂ ਵੱਖਰਾ ਕਰਦੀ ਹੈ। ਇਹੀ ਕਲਾ ਪ੍ਰਸਿੱਧੀ ਦਿੰਦੀ ਹੈ, ਪੈਸਾ ਦਿੰਦੀ ਹੈ, ਸ਼ੁਹਰਤ ਦਿੰਦੀ ਹੈ ਤੇ ਜਦੋਂ ਮੌਤ ਦਿੰਦੀ ਹੈ ਤਾਂ ਦੇਖਣ-ਸੁਣਨ ਵਾਲਿਆਂ ਦੀਆਂ ਅੱਖਾਂ ’ਚ ਹੰਝੂ ਵੀ ਦੇ ਜਾਂਦੀ ਹੈ। ਉਸ ਦੇ ਤੁਰ ਜਾਣ ਮਗਰੋਂ ਅੱਜ ਹਰ ਗਵੱਈਆ ਉਸ ਦਾ ਗੀਤ ਗਾ ਕੇ ਉਸ ਨੂੰ ਸ਼ਰਧਾਂਜਲੀ ਦਿੰਦੈ।

- ਹਨੀ ਸੋਢੀ

Posted By: Harjinder Sodhi