ਕਲਾਕਾਰ ਸਭ ਦੇ ਸਾਂਝੇ ਹੰੁਦੇ ਹਨ। ਉਨ੍ਹਾਂ ਦੀ ਕਲਾ ਨਾਲ ਜੁੜ ਕੇ ਅਸੀਂ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨ ਲੈਂਦੇ ਹਾਂ। ਅਜਿਹਾ ਹੀ ਫ਼ਨਕਾਰ ਸੀ ਸੁਰਾਂ ਦਾ ਸਿਕੰਦਰ ਸਰਦੂਲ ਸਿਕੰਦਰ। 24 ਫਰਵਰੀ, 2021 ਨੂੰ ਸੱਚਮੱੁਚ ਉਹ ਸੁਰਾਂ ਦਾ ਦਰਿਆ ਵਹਿ ਗਿਆ। ਅਮਰ ਨੂਰੀ ਦੇ ਜੀਵਨ ਸਾਥੀ ਨੂੰ ਗਿਆਂ ਭਾਵੇਂ ਪੂਰਾ ਇਕ ਵਰ੍ਹਾ ਹੋ ਗਿਆ ਹੈ ਪਰ ਉਸ ਦੇ ਗਾਏ ਗੀਤ ਅਮਰ ਰਹਿਣਗੇ। ਉਸ ਦੀ ਖੱਟੀ ਸ਼ੋਹਰਤ ਇਹੀ ਹੈ ਕਿ ਉਸ ਦੇ ਤੁਰ ਜਾਣ ਮਗਰੋਂ ਅੱਜ ਹਰ ਗਵੱਈਆ ਉਸ ਦਾ ਗੀਤ ਗਾ ਕੇ ਉਸ ਨੂੰ ਸ਼ਰਧਾਂਜਲੀ ਦਿੰਦਾ ਹੈ।

ਪਰਿਵਾਰ ਦਾ ਸੰਗੀਤ ਨਾਲ ਪਿਆਰ

ਸਰਦੂਲ ਸਿਕੰਦਰ ਦਾ ਜਨਮ 15 ਜਨਵਰੀ, 1961 ਨੂੰ ਪਿੰਡ ਖੇੜੀ ਨੌਧ ਸਿੰਘ (ਸ੍ਰੀ ਫ਼ਤਿਹਗੜ੍ਹ ਸਾਹਿਬ) ਵਿਖੇ ਹੋਇਆ। ਉਸ ਦੇ ਪਿਤਾ ਸਾਗਰ ਮਸਤਾਨਾ ਪ੍ਰਸਿੱਧ ਤਬਲਾ ਵਾਦਕ ਸਨ ਤੇ ਵੱਡੇ ਭਰਾ ਗਮਦੂਰ ਨੂੰ ਵੀ ਸੁਰ-ਤਾਲ ਦੀ ਚੰਗੀ ਸਮਝ ਸੀ। ਤਬਲਾ ਵਾਦਕ ਸਾਗਰ ਮਸਤਾਨਾ ਦੇ ਘਰ ਮਾਤਾ ਲੀਲਾਵਤੀ ਦੀ ਕੱੁਖੋਂ ਜਨਮਿਆ ਸਰਦੂਲ ਦੋ ਭਰਾਵਾਂ ਤੇ ਤਿੰਨ ਭੈਣਾਂ ’ਚੋਂ ਸਭ ਤੋਂ ਛੋਟਾ ਸੀ। ਸੰਗੀਤ ਦੀ ਗੁੜ੍ਹਤੀ ਤਾਂ ਉਸ ਨੂੰ ਪਰਿਵਾਰ ’ਚੋਂ ਹੀ ਮਿਲੀ। 1993 ’ਚ ਅਮਰ ਨੂਰੀ ਨਾਲ ਵਿਆਹ ਕਰਵਾਇਆ। ਫਿਰ ਉਨ੍ਹਾਂ ਦੇ ਘਰ ਦੋ ਪੱੁਤਰਾਂ ਅਲਾਪ ਤੇ ਸਾਰੰਗ ਨੇ ਜਨਮ ਲਿਆ। ਉਨ੍ਹਾਂ ਨੂੰ ਵੀ ਸੰਗੀਤ ਨਾਲ ਅਥਾਹ ਪਿਆਰ ਹੈ ਤੇ ਹੁਣ ਉਹ ਵਿਰਾਸਤ ’ਚੋਂ ਮਿਲੀ ਗਾਇਕੀ ਨੂੰ ਅਗਾਂਹ ਤੋਰ ਰਹੇ ਹਨ।

ਖੱੁਭ ਕੇ ਗਾਏ ਉਦਾਸ ਗੀਤ

ਸਰਦੂਲ ਸਿਕੰਦਰ ਨੇ ਹਰ ਵੰਨਗੀ ਦੇ ਗੀਤ ਗਾਏ ਪਰ ਉਦਾਸ ਗੀਤਾਂ ਨੂੰ ਜ਼ਿਆਦਾ ਖੱੁਭ ਕੇ ਗਾਇਆ। ਉਸ ਦੇ ਗਾਣੇ ਦੀ ਪੇਸ਼ਕਾਰੀ ’ਚ ਏਨੀ ਸ਼ਿੱਦਤ ਹੁੰਦੀ ਕਿ ਮੰੂਹੋਂ ਖ਼ੁਦ ਨਿਕਲਦਾ ਕਮਾਲ-ਬਾਕਮਾਲ। ਉਸ ਦਾ ਗਾਇਆ ਗੀਤ ‘ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ’ ਸੁਣੀਦਾ ਹੈ ਤਾਂ ਲੱਗਦਾ ਵਾਕਿਆ ਹੀ ਅਜੇ ਉਸ ਕੋਲੋਂ ਇਹ ਉਮੀਦ ਨਹੀਂ ਸੀ। ਅਜੇ ਸੰਗੀਤ ਤੇ ਪਰਿਵਾਰ ਨੂੰ ਉਸ ਦੀ ਬਹੁਤ ਲੋੜ ਸੀ। ਹਾਲੇ ਹੋਰ ਗਾਉਣ ਦਾ ਵੇਲਾ ਸੀ। ਜਦੋਂ ਉਸ ਦਾ ਗੀਤ ‘ਪੱਤਝੜਾਂ ’ਚ ਪੱਤਿਆਂ ਦਾ ਹਾਲ ਪੱੁਛਦੀ ਏ ਨੀਂ ਤੰੂ ਜਾਣ-ਜਾਣ ਕੇ’ ਕੋਈ ਸੁਣਦਾ ਹੈ ਤਾਂ ਆਪਣੀ ਪੀੜ ਦੇ ਨਾਲ-ਨਾਲ ਉਸ ਦੀ ਪੀੜ ਦਾ ਅਹਿਸਾਸ ਵੀ ਜ਼ਰੂਰ ਹੁੰਦਾ ਹੈ। ਪਰਦੇਸੀਆਂ ਬਾਰੇ ਉਸ ਦਾ ਗੀਤ ‘ਲੋਕਾਂ ਦੇ ਪੁੱਤ ਨਿੱਤ ਵਤਨਾਂ ਨੂੰ ਆਉਂਦੇ ਤੇਰਾ ਆਉਂਦਾ ਨਹੀਂ ਚੰਦਰਾ ਜਹਾਜ਼’ ਅੱਜ ਵੀ ਦਿਲਾਂ ’ਚ ਦਰਦ ਨੂੰ ਜਗਾ ਦਿੰਦਾ ਹੈ। ਹਰ ਵਿਆਹ ਵਾਲੀ ਫਿਲਮ ’ਚ ਡੋਲੀ ਵੇਲੇ ਚੱਲਦਾ ਗੀਤ ‘ਜਦੋਂ ਹੋ ਗਈ ਮੇਰੀ ਡੋਲੀ ਮਾਏਂ ਅੱਖੀਆਂ ਤੋਂ ਓਹਲੇ ਪਿੱਛੋਂ ਵੇਖ-ਵੇਖ ਰੋਵੀਂ ਮੇਰੇ ਗੱੁਡੀਆਂ ਪਟੋਲੇ’ ਸੁਣ ਕੇ ਹਰ ਅੱਖ ’ਚ ਬਿਨਾਂ ਰੋਕਿਆਂ ਹੰਝੂ ਆ ਜਾਂਦੇ ਹਨ। ਦੂਜੇ ਪਾਸੇ ਜਦੋਂ ਉਹ ‘ਇਕ ਚਰਖਾ ਗਲੀ ਦੇ ਵਿਚ ਡਾਹ ਲਿਆ’ ਗੀਤ ਗਾਉਂਦਾ ਤਾਂ ਦਿਲ ਨੱਚਣ ਨੂੰ ਆਪ-ਮੁਹਾਰੇ ਕਰਦਾ।

ਅੱਜ ਵੀ ਸਰੋਤਿਆਂ ਦੀ ਜ਼ੁਬਾਨ ’ਤੇ ਹਨ ਗੀਤ

ਸਰਦੂਲ ਸਿਕੰਦਰ ਨੇ ਗ਼ਰੀਬੀ ਆਪਣੇ ਪਿੰਡੇ ’ਤੇ ਹੰਢਾਈ। ਆਪਣਾ ਸੰਗੀਤਕ ਸਫ਼ਰ ਉਸ ਨੇ ਦੂਰਦਰਸ਼ਨ ਜਲੰਧਰ ਤੋਂ ‘ਰੋਡਵੇਜ਼ ਦੀ ਲਾਰੀ’ ਗੀਤ ਨਾਲ ਸ਼ੁਰੂ ਕੀਤਾ ਸੀ। ਉਸ ਨੂੰ ਪੰਜਾਬੀ ਗਾਇਕੀ ’ਚ ਅਸਲ ਪਛਾਣ ‘ਫੁੱਲਾਂ ਦੀਏ ਕੱਚੀਏ ਵਪਾਰਨੇ’ ਗੀਤ ਨਾਲ ਮਿਲੀ। ਆਪਣੀ ਸਖ਼ਤ ਮਿਹਨਤ ਤੇ ਲਗਨ ਨਾਲ ਉਸ ਨੇ ਲੋਕਾਂ ਦੇ ਦਿਲਾਂ ’ਚ ਆਪਣੀ ਵੱਖਰੀ ਜਗ੍ਹਾ ਬਣਾ ਲਈ ਸੀ ਤੇ ਉਸ ਦੇ ਤੁਰ ਜਾਣ ਮਗਰੋਂ ਵੀ ਲੋਕ ਉਸ ਨੂੰ ਚੇਤੇ ਕਰਦੇ ਨੇ। ਉਸ ਦਾ ਗਾਇਆ ਹਰ ਗੀਤ ‘ਮੌਤ ਵੀ ਨਹੀਂ ਆਉਣੀ ਮੈਨੂੰ ਤੇਰੇ ਤੋਂ ਬਗ਼ੈਰ ਨੀਂ’, ‘ਸਾਡਾ ਤੇਰੇ ਕੋਲ ਸਾਮਾਨ ਅਜੇ ਹੋਰ ਵੀ ਪਿਆ ਏ’, ‘ਚਿੱਠੀ ਕਿਹੜੇ ਵਤਨਾਂ ਨੂੰ ਪਾਵਾਂ’, ‘ਕਦੇ ਸਾਡੇ ਵਾਂਗੂ ’ਕੱਲਾ ਬਹਿ ਕੇ ਰੋ ਕੇ ਤਾਂ ਵੇਖੀਂ’, ‘ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ’,‘ਖ਼ਤ ਟੁਕੜੇ ਟੁਕੜੇ ਕਰ ਦੇਣੇ’, ‘ਨਜ਼ਰਾਂ ਤੋਂ ਗਿਰ ਗਈ ਕੀ ਕਰੀਏ’, ‘ਯਾਰੀ ਪਰਦੇਸੀਆਂ ਦੀ’, ‘ਤੇਰਾ ਲਿਖਦੂ ਸਫ਼ੈਦਿਆਂ ’ਤੇ ਨਾਂ’, ‘ਲੱਗੀਆਂ ਦੇ ਦੱੁਖ ਚੰਦਰੇ’, ‘ਬੇਰੀਆਂ ਦੇ ਬੇਰ ਖਾਣੀਏ’, ‘ਇਸ਼ਕ ਬਰਾਂਡੀ’ ਅੱਜ ਵੀ ਸਰੋਤਿਆਂ ਦੀ ਜ਼ੁਬਾਨ ’ਤੇ ਹਨ।

ਫਿਲਮਾਂ ’ਚ ਖੱਟਿਆ ਖ਼ੂਬ ਨਾਂ

ਸਰਦੂਲ ਸਿਕੰਦਰ ਨੇ ਸਿਰਫ਼ ਐਲਬਮਾਂ ਨਾਲ ਹੀ ਨਹੀਂ ਸਗੋਂ ਫਿਲਮਾਂ ਨਾਲ ਵੀ ਖ਼ੂਬ ਨਾਮਣਾ ਖੱਟਿਆ। ਪੰਜਾਬੀ ਫਿਲਮ ‘ਜੱਗਾ ਡਾਕੂ’ ’ਚ ਉਸ ਨੇ ਪੁਲਿਸ ਇੰਸਪੈਕਟਰ ਦਾ ਕਿਰਦਾਰ ਨਿਭਾਇਆ। ਜਿੰਮੀ ਸ਼ੇਰਗਿੱਲ ਦੀ ਫਿਲਮ ‘ਮੰੁਡੇ ਯੂਕੇ ਦੇ’ ’ਚ ਉਸ ਵੱਲੋਂ ਗਾਏ ਤੇ ਬਾਬੂ ਸਿੰਘ ਮਾਨ ਦੀ ਕਲਮ ਤੋਂ ਲਿਖੇ ਗੀਤ ‘ਕੁਝ ਬੋਲ ਜ਼ੁਬਾਨੋਂ ਬੋਲ ਤੇਰੇ ਲਈ ਜਾਨ ਵੀ ਹਾਜ਼ਰ ਮੇਰੀ’ ਨੂੰ ਸਰੋਤਿਆਂ ਨੇ ਖ਼ੂਬ ਸਲਾਹਿਆ। ਪੰਜਾਬੀ ਫਿਲਮ ‘ਪੁਲਿਸ ਇਨ ਪਾਲੀਵੱੁਡ’ ’ਚ ਭਗਵੰਤ ਮਾਨ ਤੇ ਮਰਹੂਮ ਰਾਜ ਬਰਾੜ ਨਾਲ ਅਹਿਮ ਕਿਰਦਾਰ ਨਿਭਾਇਆ। ‘ਹੀਰੋ’ ਫਿਲਮ ’ਚ ਉਸ ਨੇ ਜਸਪਿੰਦਰ ਨਰੂਲਾ ਨਾਲ ‘ਮਾਰੀ ਕੋਇਲ ਨੇ ਐਸੀ ਕੂਕ’ ਗੀਤ ਗਾਇਆ। ‘ਦੁਸ਼ਮਣੀ ਜੱਟਾਂ ਦੀ’, ‘ਇਸ਼ਕ ਨਚਾਵੇ ਗਲੀ-ਗਲੀ’ ‘ਪਿਆਸਾ’ ਜਿਹੀਆਂ ਪੰਜਾਬੀ ਫਿਲਮਾਂ ’ਚ ਉਸ ਨੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ।

ਧਾਰਮਿਕ ਗਾਇਕੀ ’ਚ ਨਾਂ

ਧਾਰਮਿਕ ਗਾਇਕੀ ’ਚ ਵੀ ਸਰਦੂਲ ਸਿਕੰਦਰ ਨੇ ਸਫਲਤਾ ਪੱਖੋਂ ਨਵੇਂ ਆਯਾਮ ਤੈਅ ਕੀਤੇ। ‘ਦੇ ਚਰਨਾਂ ਦਾ ਪਿਆਰ, ਮਾਏ ਨੀ ਮੈਨੂੰ ਰੱਖ ਲੈ ਸੇਵਾਦਾਰ’, ‘ਹੋਏ ਨਾ ਦੀਦਾਰ’, ‘ਸ਼ਿਵਾ ਦਾ ਡਮਰੂ ਵੱਜਦਾ’, ਦੁਆਰਾ ਸ਼ੇਰਾਂਵਾਲੀ ਦਾ’, ‘ਦੱੁਖ ਕੱਟ ਜਾਣਗੇ’, ‘ਸਾਡੇ ਘਰ ਜਗਰਾਤਾ ਹੋਇਆ’, ‘ਆ ਜਾ ਦਾਤੀਏ’, ‘ਭਗਤ ਧਿਆਨੰੂ ਵਾਂਗੂ ਨੱਚਣਾ’, ‘ਸਾਨੂੰ ਵੀ ਚਿੱਠੀ ਪਾਈਂ ਦਾਤੀਏ’, ‘ਖੋਲ੍ਹ ਬੂਹੇ ਮੰਦਰਾਂ ਦੇ’ ਉਸ ਦੀਆਂ ਚਰਚਿਤ ਭੇਟਾਂ ਹਨ। ‘ਖ਼ਾਲਸੇ ਦੀ ਚੜ੍ਹਦੀ ਕਲਾ’, ‘ਬਾਬਾ ਨਾਨਕ’, ‘ਪੰਥ ਖਾਲਸਾ’, ‘ਸੀਸਾਂ ਦੇ ਵਣਜਾਰੇ’ ਜਿਹੇ ਉਸ ਨੇ ਕਈ ਧਾਰਮਿਕ ਗੀਤ ਗਾਏ।

ਉਹ ਵਧੀਆ ਗਾਇਕ ਹੀ ਨਹੀਂ ਸਗੋਂ ਸਮਾਜ ਸੇਵਾ ਦੀ ਬਿਰਤੀ ਵਾਲਾ ਬਿਹਤਰੀਨ ਇਨਸਾਨ ਵੀ ਸੀ। ਦੌਲਤ ਤੇ ਸ਼ੁਹਰਤ ਦੀਆਂ ਬੁਲੰਦੀਆਂ ’ਤੇ ਪਹੁੰਚ ਕੇ ਵੀ ਉਹ ਬੇਹੱਦ ਨਿਮਰਤਾ ਭਰੇ ਸੁਭਾਅ ਦਾ ਮਾਲਕ ਸੀ। ਉਹ ਭਾਵੇਂ ਸਰੀਰਕ ਤੌਰ ’ਤੇ ਸਾਡੇ ਦਰਮਿਆਨ ਨਹੀਂ ਰਿਹਾ ਪਰ ਹਮੇਸ਼ਾ ਸਭ ਦੇ ਦਿਲਾਂ ਅੰਦਰ ਰਹੇਗਾ।

- ਹਨੀ ਸੋਢੀ

Posted By: Harjinder Sodhi