ਮੌਤ ਹਰ ਜਿਉਂਦੀ ਚੀਜ਼ ਨੂੰ ਆਪਣੀ ਬੱੁਕਲ ’ਚ ਲਪੇਟ ਲੈਂਦੀ ਹੈ। ਇਸ ਨੇ ਕਦੇ ਵੀ ਕਿਸੇ ਭਿਖਾਰੀ, ਅਮੀਰ ਜਾਂ ਗ਼ਰੀਬ, ਗੋਰੇ ਜਾਂ ਕਾਲੇ, ਸਾਧੂ ਜਾਂ ਚੋਰ ’ਚ ਫ਼ਰਕ ਨਹੀਂ ਕੀਤਾ। ਸਾਰੇ ਹੀ ਜੀਵ ਚਾਹੇ ਉਹ ਇਨਸਾਨ ਹੋਵੇ ਜਾਂ ਜਾਨਵਰ, ਮੌਤ ਦੇ ਬੇ-ਤਲ ਖ਼ੂਹ ’ਚ ਡਿੱਗ ਕੇ ਕਦੇ ਵਾਪਸ ਨਹੀਂ ਆਉਂਦੇ। ਜਾਣਾ ਤਾਂ ਬੇਸ਼ੱਕ ਦੁਨੀਆ ਤੋਂ ਸਾਰਿਆਂ ਨੇ ਹੈ ਪਰ ਉਹ ਫ਼ਨਕਾਰ ਜਿਨ੍ਹਾਂ ਨੇ ਆਪਣੀ ਕਲਾ ਦੀ ਬਦੌਲਤ ਆਪਣੇ ਸੱਭਿਆਚਾਰ ਦੀ ਸੇਵਾ ਕੀਤੀ ਹੋਵੇ, ਉਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਜਦੋਂ ਕਿਸੇ ਕਲਾਕਾਰ ਦੀ ਬਿਮਾਰੀ ਦੀ ਖ਼ਬਰ ਆਉਂਦੀ ਹੈ ਤਾਂ ਪ੍ਰਸ਼ੰਸਕ ਉਸ ਦੀ ਸਿਹਤਯਾਬੀ ਲਈ ਦੁਆਵਾਂ ਕਰਨ ਲੱਗਦੇ ਹਨ। ਭਾਵੇਂ ਹਰ ਵਿਅਕਤੀ ਦਾ ਆਪਣਾ ਪਰਿਵਾਰ, ਸਕੇ-ਸਬੰਧੀਆਂ ਤੇ ਦਾਇਰੇ ’ਚ ਵੱਖਰਾ ਰੁਤਬਾ ਹੰੁਦਾ ਹੈ ਪਰ ਕਲਾਕਾਰ ਸਭ ਦੇ ਸਾਂਝੇ ਹੰੁਦੇ ਹਨ। ਉਨ੍ਹਾਂ ਦੇ ਗੀਤਾਂ ਅਤੇ ਲਿਖਤਾਂ ਨਾਲ ਜੁੜ ਕੇ ਅਸੀਂ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨ ਲੈਂਦੇ ਹਾਂ। ਅਜਿਹਾ ਹੀ ਫ਼ਨਕਾਰ ਸੀ ਸੁਰਾਂ ਦਾ ਸਿਕੰਦਰ ‘ਸਰਦੂਲ ਸਿਕੰਦਰ’। 24 ਫਰਵਰੀ ਨੂੰ ਸੱਚਮੱੁਚ ਉਹ ਸੁਰਾਂ ਦਾ ਦਰਿਆ ਵਹਿ ਗਿਆ।

ਕੰਪਿਊਟਰ ’ਤੇ ਕੰਮ ਕਰ ਰਿਹਾ ਸੀ। ਕੰਮ ਕਰਦਿਆਂ ਗੁਰਪ੍ਰੀਤ ਦੀ ਅਚਾਨਕ ਖ਼ਬਰ ’ਤੇ ਨਿਗ੍ਹਾ ਪਈ ਕਿ ਸੁਰਾਂ ਦਾ ਸਿਕੰਦਰ ਨਹੀਂ ਰਿਹਾ। ਕਹੇ-ਸੁਣੇ ’ਤੇ ਯਕੀਨ ਨਹੀਂ ਆ ਰਿਹਾ ਸੀ। ਦਿਮਾਗ਼ ਸੰੁਨ ਜਿਹਾ ਹੋ ਗਿਆ, ਕਿੰਨਾ ਡੂੰਘਾ ਸਦਮਾ ਸੀ। ਉਸ ਦੀ ਅੰਤਿਮ ਯਾਤਰਾ ਵੇਲੇ ਵੀ ਦਫ਼ਤਰ ਸਾਰਾ ਦਿਨ ਲਾਈਵ ਦੇਖਦਾ ਰਿਹਾ। ਉਸ ਦਾ ਗਾਇਆ ਹਰ ਗੀਤ ‘ਮੌਤ ਵੀ ਨਹੀਂ ਆਉਣੀ ਮੈਨੂੰ ਤੇਰੇ ਤੋਂ ਬਗ਼ੈਰ ਨੀਂ’, ‘ਜਾਂਦਾ ਹੋਇਆ ਦੱਸ ਨਾ ਗਿਆ’, ‘ਸਾਡਾ ਤੇਰੇ ਕੋਲ ਸਾਮਾਨ ਅਜੇ ਹੋਰ ਵੀ ਪਿਆ ਏ’, ‘ਕਦੇ ਸਾਡੇ ਵਾਂਗੂ ’ਕੱਲਾ ਬਹਿ ਕੇ ਰੋ ਕੇ ਤਾਂ ਵੇਖੀਂ’, ‘ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ’,‘ਖਤ ਟੁਕੜੇ ਟੁਕੜੇ ਕਰ ਦੇਣੇ’, ‘ਨਜ਼ਰਾਂ ਤੋਂ ਗਿਰ ਗਈ ਕੀ ਕਰੀਏ’ ਆਪ-ਮੁਹਾਰੇ ਜ਼ੁਬਾਨ ’ਤੇ ਆ ਰਿਹਾ ਸੀ। ਉਮਰ ਦਾ ਵੱਡਾ ਹਿੱਸਾ ਸਰਦੂਲ ਦੀ ਸੰਗੀਤ ਨਾਲ ਨੇੜਤਾ ਰਹੀ। ਆਪਣਾ ਸੰਗੀਤਕ ਸਫ਼ਰ ਉਸ ਨੇ ਦੂਰਦਰਸ਼ਨ ਜਲੰਧਰ ਤੋਂ ‘ਰੋਡਵੇਜ਼ ਦੀ ਲਾਰੀ’ ਗੀਤ ਨਾਲ ਸ਼ੁਰੂ ਕੀਤਾ। ਉਸ ਨੂੰ ਪੰਜਾਬੀ ਗਾਇਕੀ ’ਚ ਅਸਲ ਪਛਾਣ ‘ਫੁੱਲਾਂ ਦੀਏ ਕੱਚੀਏ ਵਪਾਰਨੇ’ ਗੀਤ ਨਾਲ ਮਿਲੀ।

ਮਿੰਟਾਂ-ਸਕਿੰਟਾਂ ’ਚ ਫੇਸਬੱੁਕ, ਵ੍ਹਟਸਐਪ ’ਤੇ ਸੁਨੇਹੇ ਆਉਣ ਲੱਗੇ ਕਿ ਅਲਵਿਦਾ! ਸਰਦੂਲ ਸਿਕੰਦਰ ਨਹੀਂ ਰਿਹਾ। ਅਗਲੇ ਦਿਨ ਖੇੜੀ ਨੌਧ ਸਿੰਘ ’ਚ ਸਰਦੂਲ ਨੂੰ ਸਪੁਰਦ-ਏ-ਖ਼ਾਕ ਕਰਨਾ ਸੀ। ਉਸ ਦੇ ਪਿੰਡ ਦੀ ਹਰ ਗਲੀ ਉਦਾਸ ਸੀ। ਅੰਤਿਮ ਯਾਤਰਾ ਵੇਲੇ ਲੋਕ ਬਾਹਰ ਖੜ੍ਹ-ਖੜ੍ਹ ਕੇ ਦੇਖ ਰਹੇ ਸਨ ਤੇ ਉਸ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸਨ। ਜੀਹਨੂੰ ਜਿੱਥੇ ਥਾਂ ਮਿਲੀ, ਉੱਥੇ ਰੁਕ ਗਿਆ, ਖੜ੍ਹ ਗਿਆ। ਹਰ ਕੋਈ ਸਰਦੂਲ ਦੀ ਚੰਗਿਆਈ ਨੂੰ ਚੇਤੇ ਕਰ ਰਿਹਾ ਸੀ। ਸੰਗੀਤ ਨਾਲ ਜੁੜੇ ਕਈ ਨਾਮਵਰ ਫ਼ਨਕਾਰ ਅੰਤਿਮ ਯਾਤਰਾ ਵੇਲੇ ਸ਼ਾਮਿਲ ਹੋਏ।

ਸਰਦੂਲ ਨੂੰ ਦਫਨਾ ਦਿੱਤਾ ਗਿਆ। ਸੁਰ ਸਾਧਨਾ ਮਿੱਟੀ ਦੇ ਢੇਰ ਥੱਲੇ ਦੱਬ ਗਈ। ਪਤਾ ਨਹੀਂ ਕੌਣ ਉਸ ਨੂੰ ਕਿੰਨਾ ਕੁ ਚਿਰ ਚੇਤੇ ਰੱਖੇਗਾ ਪਰ ਉਸ ਦੇ ਗਾਣੇ ਕਦੇ ਨਹੀਂ ਭੱੁਲਣੇ। ਕਮਾਲ ਦਾ ਗਵੱਈਆ ਸੀ। ਜਦੋਂ ਉਹ ਕਿਤੇ ਸਟੇਜ ’ਤੇ ਗਾਉਂਦਾ ਤਾਂ ਸਰੋਤੇ ਅਸ਼-ਅਸ਼ ਕਰ ਉੱਠਦੇ। ਕਦੇ ਮਾੜਾ ਗਾਇਆ ਹੀ ਨਹੀਂ ਸੀ। ਜਿਉਂਦੇ ਬੰਦੇ ਦੀ ਸਾਨੂੰ ਅਹਿਮੀਅਤ ਪਤਾ ਨਹੀਂ ਹੰੁਦੀ ਪਰ ਜਦੋਂ ਉਹ ਦੁਨੀਆ ਤੋਂ ਰੁਖ਼ਸਤ ਹੋ ਜਾਂਦੈ ਤਾਂ ਉਸ ਦੀ ਘਾਟ ਰੜਕਦੀ ਹੈ। ਮਰਨਾ ਸੱਚ ਹੈ, ਸਭ ਦੀ ਵਾਰੀ ਆਉਂਦੀ ਹੈ ਪਰ ਚੰਗੇ ਬੰਦਿਆਂ ਦਾ ਮਰਨਾ ਕਿੰਨਾ ਦੱੁਖਦਾਈ ਹੰੁਦਾ ਹੈ। ਉਸ ਦੇ ਪਰਿਵਾਰ ਦਾ ਰੋਣਾ ਝੱਲਿਆ ਨਹੀਂ ਜਾ ਰਿਹਾ ਸੀ। ਘਰਵਾਲੀ, ਰਿਸ਼ਤੇਦਾਰ, ਹੋਰ ਸਕੇ-ਸਬੰਧੀ ਵਿਲਕ ਰਹੇ ਸਨ।

ਮੈਂ ਪਹਿਲਾਂ ਵੀ ਉਸ ਦੇ ਗੀਤ ਸੁਣਦਾ ਸੀ ਤੇ ਉਸ ਦੇ ਤੁਰ ਜਾਣ ਮਗਰੋਂ ਵੀ। ਉਸ ਨੇ ਹਰ ਵੰਨਗੀ ਦੇ ਗੀਤ ਗਾਏ ਪਰ ਉਦਾਸ ਗੀਤਾਂ ਨੂੰ ਜ਼ਿਆਦਾ ਖੱੁਭ ਕੇ ਗਾਇਆ। ਉਸ ਦੇ ਗਾਣੇ ਦੀ ਪੇਸ਼ਕਾਰੀ ’ਚ ਏਨੀ ਸ਼ਿੱਦਤ, ਮੰੂਹੋਂ ਖ਼ੁਦ ਨਿਕਲਦਾ ਕਮਾਲ-ਬਾਕਮਾਲ। ਜਦੋਂ ਉਸ ਦਾ ਗਾਇਆ ਗੀਤ ‘ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ’ ਸੁਣਦਾ ਤਾਂ ਲੱਗਦਾ ਵਾਕਿਆ ਹੀ ਉਸ ਕੋਲੋਂ ਇਹ ਉਮੀਦ ਨਹੀਂ ਸੀ। ਅਜੇ ਉਸ ਦੀ ਲੋੜ ਸੀ। ਹਾਲੇ ਹੋਰ ਗਾਉਣ ਦਾ ਵੇਲਾ ਸੀ। ਇਹ ਤਾਂ ਕੁਦਰਤ ਨੇ ਕਹਿਰ ਕਮਾਇਆ। ਜਦੋਂ ਉਸ ਦਾ ਗੀਤ ‘ਪੱਤਝੜਾਂ ’ਚ ਪੱਤਿਆਂ ਦਾ ਹਾਲ ਪੱੁਛਦੀ ਏ ਨੀਂ ਤੰੂ ਜਾਣ-ਜਾਣ ਕੇ’ ਕੋਈ ਸੁਣਦਾ ਹੈ ਤਾਂ ਆਪਣੀ ਪੀੜ ਦੇ ਨਾਲ-ਨਾਲ ਉਸ ਦੀ ਪੀੜ ਦਾ ਅਹਿਸਾਸ ਵੀ ਹੋਵੇਗਾ। ਪਰਦੇਸੀਆਂ ਬਾਰੇ ਉਸ ਦਾ ਗੀਤ ‘ਲੋਕਾਂ ਦੇ ਪੁੱਤ ਨਿੱਤ ਵਤਨਾਂ ਨੂੰ ਆਉਂਦੇ ਤੇਰਾ ਆਉਂਦਾ ਨਹੀਂ ਚੰਦਰਾ ਜਹਾਜ਼’ ਅੱਜ ਵੀ ਦਿਲਾਂ ’ਚ ਦਰਦ ਨੂੰ ਜਗਾ ਦਿੰਦਾ ਹੈ। ਹਰ ਵਿਆਹ ਵਾਲੀ ਫਿਲਮ ’ਚ ਡੋਲੀ ਵੇਲੇ ਚੱਲਦਾ ਗੀਤ ‘ਪਿੱਛੋਂ ਵੇਖ-ਵੇਖ ਰੋਵੀਂ ਮੇਰੇ ਗੱੁਡੀਆਂ ਪਟੋਲੇ’ ਸੁਣ ਕੇ ਹਰ ਅੱਖ ’ਚ ਬਿਨਾਂ ਰੋਕਿਆਂ ਹੰਝੂ ਆ ਜਾਂਦੇ। ਜਦੋਂ ਉਸ ਦੇ ਗਾਏ ਉਦਾਸ ਗੀਤ ਸੁਣਦੇ ਤਾਂ ਇਹੀ ਲੱਗਦਾ ਸ਼ਾਇਦ ਉਹ ਗਾਉਂਦਾ ਹੀ ਸਾਡੇ ਲਈ ਹੈ। ਇਹੀ ਨਹੀਂ ਕਿ ਉਸ ਨੇ ਉਦਾਸ ਗੀਤ ਹੀ ਗਾਏ, ਜਦੋਂ ਉਹ ‘ਇਕ ਚਰਖਾ ਗਲੀ ਦੇ ਵਿਚ ਡਾਹ ਲਿਆ’ ਗੀਤ ਗਾਉਂਦਾ ਤਾਂ ਦਿਲ ਨੱਚਣ ਨੂੰ ਕਰਦੈ।

ਹਊਮੈ ਤੋਂ ਦੂਰ ਰਹਿਣ ਵਾਲੇ ਸਰਦੂਲ ਸਿਕੰਦਰ ਦੀਆਂ ਹੋਰ ਕਲਾਕਾਰਾਂ ਨਾਲ ਸਟੇਜ ’ਤੇ ਮਜ਼ਾਕ ਕਰਦਿਆਂ ਦੀਆਂ ਵੀਡੀਓ ਅਕਸਰ ਸੋਸ਼ਲ ਮੀਡੀਆ ’ਤੇ ਵਾਇਰਲ ਹੰੁਦੀਆਂ ਰਹਿੰਦੀਆਂ ਹਨ। ਇਸ ਗੱਲ ਤੋਂ ਤਾਂ ਅਸੀਂ ਸਾਰੇ ਵਾਕਿਫ਼ ਸੀ ਕਿ ਉਹ ਕਿੰਨੀ ਗੰਭੀਰ ਬਿਮਾਰੀ ਦੀ ਗਿ੍ਰਫ਼ਤ ’ਚ ਸੀ ਪਰ ਫਿਰ ਵੀ ਦਿੱਲੀ ’ਚ ਚੱਲ ਰਹੇ ਕਿਸਾਨ ਅੰਦੋਲਨ ’ਚ ਦੋ-ਤਿੰਨ ਵਾਰ ਆਪਣੀ ਪਤਨੀ ਅਮਰ ਨੂਰੀ ਤੇ ਬੱਚਿਆਂ ਅਲਾਪ ਅਤੇ ਸਾਰੰਗ ਸਮੇਤ ਸ਼ਿਰਕਤ ਕਰ ਕੇ ਆਇਆ। ਦੇਸ਼ ਦੇ ਕਿਸਾਨਾਂ ਪ੍ਰਤੀ ਉਨ੍ਹਾਂ ਦਾ ਦਰਦ ਛਲਕਦਾ ਸੀ।

ਅਮਰ ਨੂਰੀ ਦਾ ਜੀਵਨ ਸਾਥੀ ਤਾਂ ਭਾਵੇਂ ਚਲਾ ਗਿਆ ਪਰ ਉਸ ਦੇ ਗਾਏ ਗੀਤ ਅਮਰ ਰਹਿਣਗੇ। ਉਸ ਨੇ ਇਹ ਵੀ ਧਾਰਨਾ ਤੋੜੀ ਕਿ ਗਾਉਣ ਵਾਲੇ ਦਾ ਕਲਾ ਨਾਲ ਤਾਅਲੁਕ ਹੋਣਾ ਚਾਹੀਦਾ, ਗੋਰੇ-ਕਾਲੇ ਰੰਗ ਨਾਲ ਕੀ ਤਾਅਲੁਕ। ਰੰਗ ਤਾਂ ਕੁਦਰਤ ਦੀ ਦੇਣ ਹੈ ਪਰ ਕਲਾ ਤੁਹਾਡੀ ਮਿਹਨਤ। ਸਮੇਂ-ਸਮੇਂ ਹਸਪਤਾਲ ’ਚ ਭਰਤੀ ਕਲਾਵਾਨਾਂ ਦੇ ਸਰਕਾਰੀ ਪੱਧਰ ’ਤੇ ਇਲਾਜ ਲਈ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਬਹੁਤ ਦੱੁਖ ਹੰੁਦਾ। ਵਾਸਤੇ ਪਾ-ਪਾ ਕੇ ਭਰਵਾਈ ਗਈ ਹਾਮੀ ਕਲਾਵਾਨਾਂ ਦੀ ਇੱਜ਼ਤ ਨਹੀਂ, ਬੇਇੱਜ਼ਤੀ ਹੈ ਜੋ ਨਹੀਂ ਹੋਣੀ ਚਾਹੀਦੀ।

- ਹਨੀ ਸੋਢੀ

Posted By: Harjinder Sodhi