ਮਾਝੇ ਦੀ ਧਰਤੀ ਦਾ ਜੰਮਪਲ ਪੰਜਾਬੀ ਗੀਤਕਾਰੀ ਵਿੱਚ ਵਿੱਲਖਣ ਪਹਿਚਾਣ ਬਣਾ ਚੁੱਕਾ ਨਾਮ ਸਾਬ ਪਨਗੋਟਾ ਪੰਜਾਬੀ ਸੰਗੀਤ ਜਗਤ ਵਿੱਚ ਇਸ ਵਕਤ ਧਰੂ ਤਾਰੇ ਵਾਂਗ ਚਮਕ ਰਿਹਾ ਹੈ। ਪੰਜਾਬੀ ਗੀਤਕਾਰੀ ਖੇਤਰ ਦੀ ਗੱਲ ਕਰੀਏ ਤਾਂ ਬਹੁਤ ਘੱਟ ਗੀਤਕਾਰ ਹੋਏ ਹਨ ਜੋ ਬਤੌਰ ਗੀਤਕਾਰ ਆਪਣੀ ਪਛਾਣ ਸਥਾਪਿਤ ਕਰ ਸਕੇ ਹੋਣ, ਨਹੀਂ ਤਾਂ ਬਹੁਤੀ ਵਾਰ ਦਰਸ਼ਕਾਂ ਦੇ ਮਨਾਂ ਤੇ ਗਾਇਕ ਦਾ ਵਜੂਦ ਹੀ ਭਾਰਾ ਰਹਿੰਦਾ ਹੈ ਅਤੇ ਗੀਤਕਾਰ ਨੂੰ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ। ਸਾਬ ਦਾ ਨਾਮ ਹੀ ਉਸ ਦੇ ਗੀਤਾਂ ਵਿੱਚ ਆਉਣਾ ਉਸ ਦੀ ਪਛਾਣ ਨਹੀਂ ਸਗੋਂ ਸਾਬ ਪਨਗੋਟੇ ਦੇ ਚਿਹਰੇ ਤੋਂ ਵੀ ਦਰਸਕ ਚੰਗੀ ਤਰ੍ਹਾਂ ਵਾਕਿਫ ਹਨ। ਇੱਕ ਗੀਤਕਾਰ ਵੱਜੋਂ ਅਜਿਹੀ ਪ੍ਰਾਪਤੀ ਕਿਸੇ ਵਿਰਲੇ ਦੇ ਹਿੱਸੇ ਹੀ ਆਉਂਦੀ ਹੈ। ਗੀਤਕਾਰਾਂ ਨਾਲ ਹੁੰਦੇ ਵਿਤਕਰੇ ਦੀ ਮਿੱਥ ਨੂੰ ਤੋੜਦਿਆਂ ਸਾਬ ਨੇ ਆਪਣੀ ਜੋਰਦਾਰ ਹਾਜਰੀ ਹੀ ਨਹੀਂ ਲਗਾਈ ਸਗੋਂ ਆਉਣ ਵਾਲੇ ਗੀਤਕਾਰਾਂ ਲਈ ਵੀ ਰਾਹ ਪੱਧਰਾ ਕੀਤਾ ਹੈ ਕਿ ਗੀਤਕਾਰ ਵੀ ਸਰੋਤਿਆਂ ਦੇ ਪਿਆਰ, ਸਤਿਕਾਰ ਦਾ ਪਾਤਰ ਹੋ ਸਕਦਾ ਹੈ।

ਸਾਬ ਪਨਗੋਟੇ ਦਾ ਅਸਲ ਨਾਮ ਸਾਹਿਬ ਸਿੰਘ ਹੈ। ਸਾਹਿਬ ਸਿੰਘ ਦਾ ਜਨਮ ਪੱਟੀ ਸ਼ਹਿਰ ਨਜ਼ਦੀਕ ਪਿੰਡ ਪਨਗੋਟੇ 1982 ਸੰਨ ਵਿੱਚ ਪਿਤਾ ਜਸਵੰਤ ਸਿੰਘ ਦੇ ਘਰ ਮਾਤਾ ਪਾਲ ਕੌਰ ਦੀ ਕੁੱਖੋਂ ਹੋਇਆ। ਉਸ ਦਾ ਬਚਪਨ ਅੰਤਾਂ ਦੀ ਗੁਰਬਤ ਵਿੱਚ ਬੀਤਿਆ। 8 ਭੈਣ ਭਰਾਵਾਂ ’ਚੋਂ ਸਭ ਤੋਂ ਛੋਟੇ ਸਾਬ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਪਨਗੋਟੇ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ 2013 ਵਿੱਚ ਪਤਨੀ ਰਣਜੀਤ ਕੌਰ ਨਾਲ ਵਿਆਹ ਕਰਵਾ ਕੇ ਗ੍ਰਹਿਸਥ ਜੀਵਨ ਦੀ ਸ਼ੁਰੂਆਤ ਕੀਤੀ। ਕੁਦਰਤ ਨੇ ਦੋ ਪੁੱਤਰ ਸਹਿਬਾਜ਼ ਅਤੇ ਪਾਰਸ ਉਸ ਦੀ ਝੋਲੀ ਪਾਏ। ਗ੍ਰਹਿਸਥ ਚਲਾਉਣ ਲਈ ਕਿਸੇ ਸਮੇਂ ਚੁੰਨੀਆਂ ਰੰਗਣ ਦਾ ਕੰਮ ਕਰਨ ਵਾਲਾ ਲਲਾਰੀ ਇਸ ਸਮੇਂ ਸ਼ਬਦਾਂ ਨੂੰ ਗੀਤਾਂ ਵਿੱਚ ਰੰਗਣ ਵਾਲਾ ਗੀਤਕਾਰ ਹੈ। ਗੀਤਕਾਰੀ ਖੇਤਰ ਵਿੱਚ ਸਾਹਿਬ ਸਿੰਘ ਤੋਂ ਬਣੇ ਸਾਬ ਨੇ ਆਪਣੇ ਨਾਮ ਨਾਲ ਪਿੰਡ ਦੇ ਨਾਮ ਨੂੰ ਤਖੱਲਸ ਵੱਜੋਂ ਲਗਾ ਕੇ ਸਾਬ ਪਨਗੋਟੇ ਹੋਣ ਦੇ ਸਫ਼ਰ ਦੀ ਸ਼ੁਰੂਆਤ ਕੀਤੀ।

ਸਾਬ ਨੂੰ ਤੁਕਾਂ ਜੋੜਨ ਦੀ ਚੇਟਕ ਤਾਂ ਬਚਪਨ ਵਿਚ ਹੀ ਲੱਗ ਗਈ। ਹੌਲੀ-ਹੌਲੀ ਉਹ ਤੁਕਾਂ ਗੀਤਾਂ ਦੇ ਰੂਪ ਵਿੱਚ ਵਟ ਗਈਆਂ। ਅਕਸਰ ਪਿੰਡ ਵਿੱਚ ਆਪਣੇ ਦੋਸਤਾਂ ਨੂੰ ਜਦ ਸਾਬ ਨੇ ਗੀਤ ਸੁਣਾਉਣੇ ਤਾਂ ਸਭ ਨੇ ਪ੍ਰਸ਼ੰਸਾ ਕਰਨੀ ਪਰ ਉਸ ਵਕਤ ਇਹ ਇਲਮ ਨਹੀਂ ਸੀ ਕਿ ਦੋਸਤਾਂ ਦੀਆਂ ਮਹਿਫਲਾਂ ਵਿੱਚ ਗੀਤ ਸੁਣਾਉਣ ਵਾਲਾ ਸਾਬ ਬਹੁਤ ਜਲਦ ਸਾਬ ਪਨਗੋਟੇ ਦੇ ਨਾਮ ਨਾਲ ਬਤੌਰ ਗੀਤਕਾਰ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰੇਗਾ।

ਸਾਬ ਪਨਗੋਟੇ ਨੇ ਪੰਜਾਬੀਆਂ ਅਤੇ ਵਿਸ਼ੇਸ਼ ਤੌਰ ਤੇ ਤੰਗੀ-ਤੁਰਸ਼ੀ ਨਾਲ ਜੂਝਦੇ ਕਿਸਾਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਗੀਤਕਾਰੀ ਕੀਤੀ ਅਤੇ ਪੰਜਾਬੀ ਗਾਣਿਆਂ ਵਿੱਚ ਜੱਟ ਦੇ ਬਣਾਏ ਅਕਸ ਉੱਲਟ ਜਮੀਨੀ ਹਕੀਕਤ ਤੇ ਕਿਸਾਨਾਂ ਦੀ ਆਰਥਿਕ, ਸਮਾਜਿਕ ਦੁਰਦਸ਼ਾ ਬਿਆਨ ਕਰਦੀ ਗੀਤਕਾਰੀ ਰਾਹੀਂ ਆਪਣੀ ਅਲੱਗ ਪਛਾਣ ਬਣਾਈ। ਅਜਿਹੀ ਸ਼ੈਲੀ ਦੇ ਗੀਤਾਂ ਵਿੱਚ ਬੜਾ ਮਾੜਾ ਹਾਲ ਆ ਜੱਟਾਂ ਦਾ ਗਾਇਕ ਰੇਸਮ ਮਰਹਾਣਾ ,ਓ ਜੱਟ ਕਿਹੜੇ ਪਿੰਡ ਰਹਿੰਦਾ ਹੈ ਗਾਇਕ ਰੰਮੀ ਰੰਧਾਵਾ,ਮੈਨੂੰ ਨਾਜਰਾ ਕਣਕ ਨਾਲ ਸੜ ਜਾਣ ਦੇ ਗਾਇਕ ਪੰਮਾ ਡੂੰਮੇਵਾਲ,ਵੱਟ ਤੇ ਰੋਟੀ - ਗਾਇਕ ਰੇਸਮ ਮਰਹਾਣਾ ਅਤੇ ਜੱਟ ਸਿਰ ਕਰਜਾ ਗਾਇਕ ਜੱਸ ਨਿੱਝਰ ਬੇਹੱਦ ਮਕਬੂਲ ਹੋਏ। ਸਾਬ ਪਨਗੋਟੇ ਦੇ ਲਿਖੇ ਇਹਨਾਂ ਗੀਤਾਂ ਨੂੰ ਪੰਜਾਬੀਆਂ ਨੇ ਰੱਜ ਕੇ ਪਿਆਰ ਦਿੱਤਾ। ਇਸ ਤੋਂ ਇਲਾਵਾ ਕਿਸਾਨੀ ਅੰਦੋਲਨ ਦੌਰਾਨ “ਲੈ ਕੇ ਮੁੜਾਂਗੇ ਪੰਜਾਬ ਅਸੀਂ ਹੱਕ ਦਿੱਲੀਏ“ ਗਾਇਕ ਰਾਜਵੀਰ ਜਵੰਦਾ ਅਤੇ “ਸੁੱਤੇ ਸਰਦਾਰ ਭਾਂਵੇ ਸੜਕਾਂ ਦੇ ਉੱਤੇ“ ਗਾਇਕ ਨਿਰਵੈਰ ਪੰਨੂ ਗੀਤਾਂ ਨੇ ਸਾਬ ਪਨਗੋਟਾ ਨੂੰ ਮੂਹਰਲੀ ਕਤਾਰ ਦੇ ਗੀਤਕਾਰਾਂ ਵਿੱਚ ਲਿਆ ਖੜਾ ਕਰ ਦਿੱਤਾ।

2005 ’ਚ ਆਇਆ ਪਹਿਲਾ ਗਾਣਾ

ਗੀਤਕਾਰੀ ਦੇ ਸ਼ੁਰੂਆਤੀ ਦੌਰ ਦੀ ਗੱਲ ਕਰੀਏ ਤਾਂ ਸੰਨ 2005 ਵਿੱਚ ਸਾਬ ਦਾ ਲਿਖਿਆ ਪਹਿਲਾਂ ਗਾਣਾ ‘ਨਵੇਂ ਸੱਜਣਾਂ ਦਾ ਚਾਅ ਹੀ ਐਨਾ ਹੁੰਦਾ ਹੈ’ ਗਾਇਕ ਰਾਣਾ ਦੀ ਆਵਾਜ ਵਿੱਚ ਮਾਰਕੀਟ ਵਿੱਚ ਆਇਆ। ਉਸ ਤੋਂ ਬਾਅਦ ਸਾਬ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਲੰਮਾ ਸਮਾਂ ਗੀਤਕਾਰ ਰੰਮੀ ਰੰਧਾਵਾ ਅਤੇ ਪਿ੍ਰੰਸ ਰੰਧਾਵਾ ਨਾਲ ਮਿਲ ਕੇ ਅਨੇਕਾਂ ਗੀਤ ਦਰਸ਼ਕਾਂ ਦੀ ਝੋਲੀ ਪਾਏ ,ਜਿਸ ਨੂੰ ਪੰਜਾਬੀ ਸਰੋਤਿਆਂ ਨੇ ਰੱਜ ਕੇ ਪਿਆਰ ਦਿੱਤਾ ਪਰ ਅਫਸੋਸ ਇਹ ਮੇਲ ਬਹੁਤਾ ਲੰਮਾ ਸਮਾਂ ਨਾ ਚੱਲਿਆ ਅਤੇ ਵਿਵਾਦਾਂ ਦੇ ਰੂਪ ਵਿੱਚ ਇਸ ਜੋੜੀ ਦਾ ਤੋੜ ਵਿਛੋੜਾ ਹੋ ਗਿਆ ਪਰ ਉਸ ਵਕਤ ਤੱਕ ਸਾਬ ਪਨਗੋਟੇ ਦਾ ਨਾਮ ਪੰਜਾਬੀ ਸੰਗੀਤ ਜਗਤ ਵਿੱਚ ਗੀਤਕਾਰ ਵੱਜੋਂ ਸਥਾਪਿਤ ਹੋ ਚੁੱਕਾ ਸੀ !

ਸਾਬ ਪਨਗੋਟੇ ਦੀ ਕਲਮ ਨੂੰ ਅਨੇਕਾਂ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ । ਅਸ਼ਲੀਲਤਾ ਅਤੇ ਫੁੱਕਰਪੁਣੇ ਤੋਂ ਛੁੱਟ ਸਾਬ ਪਨਗੋਟੇ ਨੇ ਗੀਤਾਂ ਰਾਹੀਂ ਆਪਣੀ ਵਿਲੱਖਣ ਪਹਿਚਾਣ ਬਣਾਈ।

ਸਾਬ ਪਨਗੋਟੇ ਦੇ ਲਿਖੇ ਚਾਰ ਕੜਿਆਂ ਦੇ ਵਾਲੀ ਗੱਡੀ ਗਾਇਕ ਰੰਮੀ ਰੰਧਾਵਾ,ਸਿਰਾ-ਸਿਰਾ - ਗਾਇਕ ਹਰਕਮਲ ਬਹਿਲਾ,ਫੈਸਲੇ ,ਗੋਰੇ ਦਾ ਸਟੋਰ ਗਾਇਕ ਹਨੀ ਸਿੱਧੂ,ਪਰਖ ਗਾਇਕ ਕੁਲਦੀਪ ਰੰਧਾਵਾ,ਪਰਦੇਸੀ ਗਾਇਕ ਸਰਬਜੀਤ ਚੀਮਾ, ਲਾਹੌਰ ਗਾਇਕ ਜੱਸ ਨਿੱਝਰ,ਭਾਜੀ ਗਾਇਕ ਜੋਤੀ ਗਿੱਲ ਗਾਣਿਆਂ ਨੂੰ ਪੰਜਾਬੀਆਂ ਨੇ ਦਿਲ ਖੋਲ੍ਹ ਕੇ ਪਿਆਰ ਦਿੱਤਾ।

ਜਿੱਥੇ ਸਾਬ ਪਨਗੋਟੇ ਨੇ ਮਿਆਰੀ ਗੀਤਕਾਰੀ ਕਰਦਿਆਂ ਅਨੇਕਾਂ ਖੂਬਸੂਰਤ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾਏ ਓਥੇ ਪੰਜਾਬੀਆਂ ਨੇ ਵੀ ਆਪਣੇ ਮਹਿਬੂਬ ਗੀਤਕਾਰ ਨੂੰ ਮਾਣ ਸਨਮਾਨ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ। ਆਪਣੀ ਕਲਾ ਦੀ ਬਦੌਲਤ ਸਾਬ ਹੁਣ ਤੱਕ ਇੰਗਲੈਂਡ,ਨਿਊਜੀਲੈਂਡ, ਦੁਬਈ,ਖਾੜੀ ਦੇਸ ,ਬਹਿਰੀਨ ਦੇਸਾਂ ਦੇ ਦੌਰੇ ਕਰ ਚੁੱਕਾ ਹੈ। ਇਸ ਤੋਂ ਇਲਾਵਾ ਪੰਜਾਬ ਹੁੰਦੇ ਸਭਿਆਚਾਰ ਮੇਲਿਆਂ, ਕਬੱਡੀ ਕੱਪਾਂ ਦੌਰਾਨ ਸੋਨੇ ਦੀਆਂ ਮੁੰਦਰੀਆਂ, ਕੜਿਆਂ, ਮੋਟਰਸਾਈਕਲਾਂ ਅਤੇ ਕਾਰ ਨਾਲ ਸਨਮਾਨਿਤ ਹੋ ਚੁੱਕਾ ਹੈ। ਭਵਿੱਖ ਦੀ ਗੱਲ ਕਰੀਏ ਤਾਂ ਸਰੋਤੇ ਸਾਬ ਪਨਗੋਟੇ ਨੂੰ ਗੀਤਕਾਰ ਦੇ ਨਾਲ ਗਾਇਕ ਵੱਜੋਂ ਵੀ ਸੁਣਨਗੇ। ਆਪਣੀ ਕਲਮ ਦਾ ਲੋਹਾ ਮੰਨਵਾ ਚੁੱਕਾ ਸਾਬ ਗਾਇਕ ਵੱਜੋਂ ਦਰਸਕਾਂ ਦੀ ਕਸੌਟੀ ਤੇ ਪੂਰਾ ਉਤਰਦਾ ਹੈ ਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ !

- ਪਿ੍ਰੰਸ ਧੁੰਨਾ

Posted By: Harjinder Sodhi