ਅੱਜਕੱਲ੍ਹ ਦੇ ਦੌਰ ’ਚ ਪੈਸਾ ਨਾ ਹੋਣਾ ਕਿਸੇ ਦੇ ਹੁਨਰ ਨੂੰ ਨਿਖਾਰਨ, ਦਿਖਾਉਣ ਅਤੇ ਅੱਗੇ ਵਧਣ ’ਚ ਵੱਡਾ ਅੜਿੱਕਾ ਬਣਦਾ ਦਿਖਾਈ ਦੇ ਰਿਹਾ ਹੈ। ਜਿਨ੍ਹਾਂ ਨੂੰ ਗਾਇਕੀ ਅਤੇ ਸੰਗੀਤ ਬਾਰੇ ਕੁਝ ਵੀ ਪਤਾ ਨਹੀਂ, ਉਹ ਵੀ ਅੱਜਕੱਲ੍ਹ ਪੈਸੇ ਦੇ ਸਿਰ ’ਤੇ ਅੱਗੇ ਵਧਦੇ, ਕੈਸਿਟਾਂ ਕਰਦੇ ਅਤੇ ਸੋਸ਼ਲ ਮੀਡੀਆ ’ਤੇ ਦਿਖਾਈ ਦਿੰਦੇ ਹਨ। ਗੜ੍ਹਦੀਵਾਲਾ ਦਾ ਰਿੰਕੂ ਸ਼ਾਹ ਦੀਵਾਨਾ ਪੈਸੇ ਦੀ ਕਮੀ ਅਤੇ ਕਿਸੇ ਵੱਲੋਂ ਬਾਂਹ ਨਾ ਫੜੇ ਜਾਣ ਕਰਕੇ ਗਾਇਕੀ ਨੂੰ ਛੱਡ ਕੇ ਜਗਰਾਤਿਆਂ ’ਚ ਕੈਸੀਓ ਅਤੇ ਢੋਲਕ ਵਜਾ ਕੇ ਰੋਜ਼ੀ-ਰੋਟੀ ਦਾ ਸਿਲਸਿਲਾ ਚਲਾਉਣ ਲਈ ਮਜਬੂਰ ਹੋ ਗਿਆ ਹੈ।

ਉਸ ਦਾ ਪਹਿਲਾਂ ਨਾਂ ਰਿੰਕੂ ਮਲਹੋਤਰਾ ਸੀ। ਫਿਰ ਉਸਤਾਦ ਭੁਪਿੰਦਰ ਸਿੰਘ ਬਿਜਲੀ ਨੇ ਉਸ ਨੂੰ ਰਿੰਕੂ ਸ਼ਾਹ ਦੀਵਾਨਾ ਨਾਂ ਦੇ ਦਿੱਤਾ। 4 ਸਾਲ ਦੀ ਉਮਰ ’ਚ ਹੀ ਉਸ ਨੇ ਭੁਪਿੰਦਰ ਸਿੰਘ ਬਿਜਲੀ ਨੂੰ ਉਸਤਾਦ ਧਾਰਨ ਕਰ ਲਿਆ ਸੀ। ਪਿਤਾ ਪਿਆਰਾ ਲਾਲ ਅਤੇ ਮਾਤਾ ਸ਼ੀਲਾ ਦੇਵੀ ਦੇ ਆਸ਼ੀਰਵਾਦ ਤੇ ਸਹਿਯੋਗ ਨਾਲ ਉਸ ਨੇ ਆਪਣੀ ਗਾਇਕੀ ਦੀ ਸਿੱਖਿਆ ਸ਼ੁਰੂ ਕੀਤੀ। 15 ਅਗਸਤ, 26 ਜਨਵਰੀ ਅਤੇ ਦੁਸਹਿਰੇ ਮੌਕੇ ਉਸ ਨੂੰ ਗੀਤ ਗਾਉਣ ਦਾ ਮੌਕਾ ਮਿਲਦਾ ਰਿਹਾ ਤੇ ਫਿਰ ਲੋਕਾਂ ਨੇ ਪਿਆਰ ਦੇਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਸੱਭਿਆਚਾਰਕ ਪ੍ਰੋਗਰਾਮਾਂ ’ਚ ਵੀ ਹਾਜ਼ਰੀ ਲਗਵਾਉਣ ਦਾ ਮੌਕਾ ਮਿਲਿਆ ਤੇ ਅਨੇਕਾਂ ਸਨਮਾਨ ਵੀ ਹਾਸਲ ਹੋਏ।

1995 ’ਚ ਦੁਸਹਿਰੇ ਮੌਕੇ ਗਾਇਕ ਸਾਬਰ ਕੋਟੀ ਦੇ ਅਖਾੜੇ ਤੋਂ ਪਹਿਲਾਂ ਲੱਗਣਾ ਸੀ, ਦੋ ਗੀਤ ਰਿੰਕੂ ਸ਼ਾਹ ਦੀਵਾਨਾ ਨੇ ਗਾਏ, ਜਿਸ ਮੌਕੇ ਉਸ ਸਮੇਂ ਦੇ ਐੱਸਐੱਚਓ ਦਿਲਬਾਗ ਸਿੰਘ ਵੱਲੋਂ ਦਿੱਤੀ ਗਈ ਬਾਬਾ ਬਾਲਕ ਨਾਥ ਦੀ ਤਸਵੀਰ ਉਸ ਦਾ ਪਹਿਲਾ ਸਨਮਾਨ ਸੀ। 1999 ’ਚ ਡੀਆਰਸੀ ਕੰਪਨੀ ਵੱਲੋਂ ਇੱਕ ਕੈਸੇਟ ਕੱਢੀ ਗਈ, ਜਿਸ ’ਚ ਉਸ ਦੇ ਦੋ ਗਾਣੇ ਸਨ, ਜਿਸ ਨੂੰ ਉਸ ਵੇਲੇ ਕਾਫ਼ੀ ਪਿਆਰ ਮਿਲਿਆ। ਹੌਲੀ-ਹੌਲੀ ਉਸਤਾਦ ਭੁਪਿੰਦਰ ਸਿੰਘ ਬਿਜਲੀ ਨਾਲ ਉਸ ਵੱਲੋਂ ਬਣਾਏ ਗਏ ਸਰਗਮ ਆਰਕੈਸਟਰਾ ਮਿਊਜ਼ੀਕਲ ਗਰੁੱਪ ਨਾਲ ਕੰਮ ਕਰਨਾ ਸ਼ੁਰੂ ਕੀਤਾ। 2009 ’ਚ ਕੀਰਤਪੁਰ ਸਾਹਿਬ ਵਿਖੇ ਕੀਤੇ ਗਏ ਕਵਾਲੀਆਂ ਦੇ ਪ੍ਰੋਗਰਾਮ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਦਿੱਤਾ ਗਿਆ ਸਨਮਾਨ ਉਸ ਲਈ ਬਹੁਤ ਵੱਡਾ ਸਤਿਕਾਰ ਸੀ ਕਿਉਂਕਿ ਉਸ ਸਮੇਂ ਰਿੰਕੂ ਸ਼ਾਹ ਦੀਵਾਨਾ ਦੇ ਪਿਤਾ ਪਿਆਰਾ ਲਾਲ ਨੂੰ ਵੀ ਸਨਮਾਨਿਤ ਕੀਤਾ ਗਿਆ। ਪਿਤਾ ਤੇ ਉਸਤਾਦ ਭੁਪਿੰਦਰ ਸਿੰਘ ਨਾਲ ਉਹ ਅੱਗੇ ਵਧਦਾ ਰਿਹਾ।

ਉਸ ਨੇ ਉਸਤਾਦ ਸ਼ਾਇਰ ਚਰਨ ਸਿੰਘ ਸਫ਼ਰੀ, ਸੁਖਜੀਤ ਝਾਂਸਾਵਾਲਾ, ਨਿਰਧਨ ਕਰਤਾਰਪੁਰੀ, ਸ਼ਿਵ ਕੁਮਾਰ ਬਟਾਲਵੀ ਅਤੇ ਬੁੱਲੇ੍ਹ ਸ਼ਾਹ ਦੇ ਸੂਫ਼ੀ ਕਲਾਮ ਆਦਿ ਸਮੇਤ ਉਨ੍ਹਾਂ ਲੇਖਕਾਂ ਦੇ ਲਿਖੇ ਸੂਫ਼ੀ ਕਲਾਮ ਤੇ ਗੀਤ ਗਾਏ, ਜਿਨ੍ਹਾਂ ਨੇ ਕਦੇ ਵੀ ਲੱਚਰ ਨਹੀਂ ਲਿਖਿਆ ਅਤੇ ਵੱਡੇ ਗਾਇਕਾਂ ਨੇ ਵੀ ਇਨ੍ਹਾਂ ਨੂੰ ਗਾਇਆ ਹੈ। ਉਸ ਦਾ ਪਿਤਾ ਬੈਂਕ ’ਚ ਸਫ਼ਾਈ ਸੇਵਕ ਦੇ ਤੌਰ ’ਤੇ ਕੰਮ ਕਰਦਾ ਸੀ। ਘਰ ਦਾ ਖ਼ਰਚਾ ਚੱਲ ਰਿਹਾ ਸੀ ਪਰ 2010 ’ਚ ਪਿਤਾ ਪਿਆਰਾ ਲਾਲ ਦੇ ਦੇਹਾਂਤ ਤੋਂ ਬਾਅਦ ਰਿੰਕੂ ਸ਼ਾਹ ਦੀਵਾਨਾ ਫਿਰ ਟੁੱਟ ਗਿਆ ਅਤੇ ਗਾਇਕੀ ਛੱਡ ਕੇ ਜਗਰਾਤਿਆਂ ’ਚ ਸਾਜ਼ ਵਜਾ ਕੇ ਘਰ ਦਾ ਖ਼ਰਚ ਪਾਣੀ ਚਲਾਉਣ

ਲੱਗ ਪਿਆ।

ਰਿੰਕੂ ਸ਼ਾਹ ਦੀਵਾਨਾ ਨੇ ਦੱਸਿਆ ਕਿ ਉਸ ਦੇ ਪਿਤਾ ਤੇ ਉਸਤਾਦ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਪੁੱਤਰ ਕੈਸੇਟ ਕਰੇ ਅਤੇ ਵੱਡਾ ਗਾਇਕ ਬਣੇ ਪਰ ਪੈਸਿਆਂ ਦੀ ਕਮੀ ਇਸ ’ਚ ਬਹੁਤ ਵੱਡਾ ਅੜਿੱਕਾ ਬਣ ਕੇ ਸਾਹਮਣੇ ਆਈ। ਉਸ ਨੇ 2020 ’ਚ ਫਿਰ ਮੁੜ ਕੇ ਗਾਇਕੀ ਸ਼ੁਰੂ ਕਰਨ ਦੀ ਪੋਸਟ ਫੇਸਬੁੱਕ ’ਤੇ ਪਾਈ, ਜਿਸ ਤੋਂ ਬਾਅਦ ਇਕ ਵੱਡੇ ਡਾਇਰੈਕਟਰ ਦਾ ਫੋਨ ਜ਼ਰੂਰ ਆਇਆ ਪਰ ਪੈਸੇ ਨਾ ਹੋਣ ਕਰਕੇ ਫਿਰ ਕੰਮ ਦੀ ਸ਼ੁਰੂਆਤ ਹੁੰਦੇ-ਹੁੰਦੇ ਫਿਰ ਬੰਦ ਹੋ ਗਿਆ।

ਭਰੇ ਮਨ ਨਾਲ ਉਸ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨੇ ਬਾਂਹ ਹੀ ਨਹੀਂ ਫੜੀ। ਲੋਕ, ਸਮਾਜ ਸੇਵਕ ਤੇ ਹੋਰ ਮੋਹਤਬਰ ਸਿਰਫ਼ ਗੱਲਾਂ ’ਚ ਹੀ ਇਹ ਕਹਿੰਦੇ ਹਨ ਕਿ ਹੁਨਰ ਨੂੰ ਨਿਖਾਰਨ ਲਈ ਕੰਮ ਕੀਤਾ ਜਾਵੇਗਾ ਪਰ ਰਿੰਕੂ ਸ਼ਾਹ ਦੀਵਾਨਾ ਵਰਗੇ ਸੁਰੀਲੀ ਗਾਇਕੀ ਦੇ ਮਾਲਕ ਪੈਸੇ ਦੀ ਕਮੀ ਕਾਰਨ ਮੁਕਾਮ ਹਾਸਲ ਕਰਨ ਤੋਂ ਦੂਰ ਹੁੰਦੇ ਦਿਖਾਈ ਦੇ ਰਹੇ ਹਨ। ਉਹ ਉਸ ਫ਼ਰਿਸ਼ਤੇ ਦਾ ਇੰਤਜ਼ਾਰ ਕਰ ਰਿਹਾ ਹੈ, ਜੋ ਉਸ ਦੀ ਬਾਂਹ ਫੜੇਗਾ।

Posted By: Sandip Kaur