ਪੰਜਾਬੀ ਗਾਇਕੀ 'ਚ ਅਸ਼ਲੀਲਤਾ ਨੂੰ ਮਨੋਂ ਵਿਸਾਰਨ ਵਾਲੇ ਰਣਜੀਤ ਰਾਣਾ ਦਾ ਨਾਂ ਉਨ੍ਹਾਂ ਚੰਦ ਕੁ ਕਲਾਕਾਰਾਂ 'ਚ ਸ਼ੁਮਾਰ ਹੈ, ਜੋ ਸਮੇਂ ਦੇ ਵਹਾਅ ਨਾਲ ਵਹਿਣ ਦੀ ਬਜਾਇ ਆਪਣੇ ਲਈ ਅਜਿਹੇ ਰਾਹਾਂ ਦਾ ਪੈਂਡਾ ਚੁਣਦੇ ਹਨ, ਜਿਨ੍ਹਾਂ 'ਤੇ ਤੁਰਨਾ ਔਖਾ ਹੀ ਨਹੀਂ, ਜੋਖਮ ਭਰਿਆ ਹੁੰਦਾ ਹੈ। ਰਣਜੀਤ ਰਾਣਾ ਅੱਜ ਕਿਸੇ ਜਾਣ-ਪਛਾਣ ਦਾ ਮੁਥਾਜ਼ ਨਹੀਂ। ਵੈਸੇ ਸਧਾਰਨ ਜਿਹੇ ਪਰਿਵਾਰ 'ਚ ਜੰਮੇ ਰਣਜੀਤ ਰਾਣਾ ਨੇ ਆਪਣੀ ਦਮਦਾਰ ਆਵਾਜ਼ ਤੇ ਲਿਆਕਤ ਨਾਲ ਦੁਨੀਆ ਭਰ 'ਚ ਨਾਂ ਕਮਾਇਆ ਹੈ। ਨਾਨਕਾ ਪਰਵਾਰ ਵਿਚ ਸੰਗੀਤ ਦਾ ਮਾਹੌਲ ਸੀ ਤੇ ਉਸ ਨੂੰ ਵੀ ਗਾਇਕੀ ਦੀ ਗੁੜ੍ਹਤੀ ਨਾਨਕਾ ਪਰਵਾਰ ਵਿੱਚੋਂ ਹੀ ਮਿਲੀ। ਮਾਮੇ ਸਰਦਾਰ ਮੁਹੰਮਦ ਵੱਲੋਂ ਮਿਲੀ ਸੰਗੀਤਕ ਅਗਵਾਈ ਕਾਰਨ ਹੀ ਉਹ ਮੁਕਾਬਲੇ ਭਰੇ ਇਸ ਸੰਗੀਤਕ ਯੁੱਗ 'ਚ ਆਪਣੀ ਪਛਾਣ ਬਣਾਉਣ 'ਚ ਸਫਲ ਹੋ ਸਕਿਆ। ਉਸ ਨੇ ਹੋਰ ਦੱਸਿਆ ਕਿ ਸੰਗੀਤ ਉਸ ਦੀ ਰੂਹ 'ਚ ਏਨਾ ਕੁ ਵੱਸ ਚੁੱਕਿਆ ਸੀ ਕਿ ਉਸ ਲਈ ਰੂਹ ਦੀ ਖ਼ੁਰਾਕ ਬਣ ਗਿਆ।

ਗਾਇਕੀ ਦਾ ਸਫ਼ਰ

ਗਾਇਕੀ ਦੇ ਸਫ਼ਰ ਸੰਬੰਧੀ ਗੱਲ ਕਰਦਿਆਂ ਰਾਣਾ ਨੇ ਦੱਸਿਆ ਕਿ 10 ਕੁ ਸਾਲ ਦੀ ਉਮਰ 'ਚ ਉਸ ਨੇ ਪਹਿਲਾ ਗੀਤ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ 'ਝਿਲਮਿਲ ਤਾਰੇ' ਵਿਚ ਗਾਇਆ ਤੇ ਫ਼ਿਰ ਤਕਰੀਬਨ ਉਹ ਦੂਰਦਰਸ਼ਨ ਦੇ ਹਰ ਪ੍ਰੋਗਰਾਮ ਦਾ ਹਿੱਸਾ ਬਣਿਆ। 1999 ਵਿਚ ਉਸ ਦੀ ਪਲੇਠੀ ਐਲਬਮ 'ਅਸੀਂ ਤੇਰੇ ਨਾਲ ਨੱਚਣਾ' ਰਿਲੀਜ਼ ਹੋਈ।

ਇਸ ਤੋਂ ਬਾਅਦ ਦੂਜੀ ਐਲਬਮ 'ਸਾਡਾ ਦਿਲ ਬੇਈਮਾਨ' ਮਾਰਕਿਟ ਵਿਚ ਆਈ, ਜਿਸ ਵਿਚਲੇ ਗੀਤ 'ਸਾਡੀਆਂ ਤਬਾਹੀਆਂ ਕਿਹੜੇ ਖ਼ਾਤੇ ਵਿਚ ਪਾਵੇਗੀ', ਜਿਸ ਨੂੰ ਜਨਾਬ ਦੇਬੀ ਮਖ਼ਸੂਸਪੁਰੀ ਨੇ ਕਲਮਬੱਧ ਕੀਤਾ ਸੀ ਤੇ ਸੁਖਪਾਲ ਔਜਲਾ ਦੀ ਕਲਮ ਤੋਂ ਲਿਖਿਆ ਗੀਤ 'ਹੱਥ ਜੋੜ ਕੇ ਕਹਿੰਨੈ ਚੇਤੇ ਆਇਆ ਨਾ ਕਰ ਨੀਂ' ਗਾ ਕੇ ਸਰੋਤਿਆਂ ਦੇ ਦਿਲਾਂ ਵਿਚ ਆਪਣੀ ਵੱਖਰੀ ਜਗ੍ਹਾ ਬਣਾਈ। ਫਿਰ ਅਗਲੀ ਐਲਬਮ 'ਦਿਲ ਦੀ ਗੱਲ' ਵਿਚਲੇ ਗੀਤ 'ਕਦੇ ਤੈਨੂੰ ਵੀ ਏ ਸਾਡੀ ਯਾਦ ਆਈ ਨੀ', 'ਕੋਈ ਦਿਲ ਦੀ ਗੱਲ ਵੀ ਦੱਸੇਗੀ' ਗੀਤਾਂ ਨੇ ਤਾਂ ਰਾਣਾ ਨੂੰ ਸੰਗੀਤ ਦੇ ਖੇਤਰ 'ਚ ਅੰਬਰੀਂ ਚਾੜ੍ਹ ਦਿੱਤਾ। ਇਸ ਮਗਰੋਂ ਉਸ ਦੇ ਗੀਤਾਂ 'ਜਾਂਦੇ ਸੱਜਣਾ ਨੂੰ', ਪੈਂਦੇ ਰਹਿਣ ਭੁਲੇਖੇ', 'ਭੁੱਲਦਾ ਨੀਂ ਚੇਤਾ ਫ਼ਗਵਾੜੇ ਸ਼ਹਿਰ ਦਾ', 'ਦਿਨ ਲੰਘਦੇ ਨੇ ਕਿੱਦਾਂ', 'ਧੋਖਾ', 'ਦਿਲ 'ਚੋਂ ਭੁਲਾਉਣਾ', 'ਲੀਕ', 'ਯਕੀਨ', 'ਪਰਛਾਵਾਂ', 'ਬਹਾਨੇ', 'ਜਾਨੋਂ ਪਿਆਰੀਏ', 'ਹਰ ਪਲ', 'ਯਾਰੀ', 'ਵਲੈਤ', 'ਅਫ਼ਸੋਸ', 'ਹੋਲੀ', 'ਰੌਲਾ' ਤੇ ਹੋਰ ਅਣਗਿਣਤ ਗੀਤਾਂ ਨੂੰ ਵੀ ਸਰੋਤਿਆਂ ਬੇਹੱਦ ਪਿਆਰ ਬਖ਼ਸ਼ਿਆ ਤੇ ਅੱਜ ਰਣਜੀਤ ਰਾਣਾ ਦਾ ਗਾਇਆ ਹਰ ਗੀਤ ਪੰਜਾਬੀ ਸਰੋਤਿਆਂ ਦੀ ਜ਼ੁਬਾਨ 'ਤੇ ਹੈ। ਉਹ ਬੀਟ, ਰੁਮਾਂਟਿਕ ਤੇ ਉਦਾਸ ਗੀਤਾਂ ਨੂੰ ਖੁੱਭ ਕੇ ਗਾਉਂਦੈ ਪਰ ਸਰੋਤੇ ਉਸ ਦੇ ਉਦਾਸ ਗੀਤਾਂ ਨੂੰ ਜ਼ਿਆਦਾ ਪਿਆਰ ਕਰਦੇ।

ਅਭੁੱਲ ਯਾਦ

ਆਪਣੇ ਸੰਗੀਤਕ ਸਫ਼ਰ ਦੀ ਅਭੁੱਲ ਯਾਦ ਬਾਰੇ ਗੱਲ ਕਰਦਿਆਂ ਰਣਜੀਤ ਰਾਣਾ ਨੇ ਦੱਸਿਆ ਕਿ 'ਮੈਨੂੰ ਯਾਦ ਏ ਜਦੋਂ ਮੈਂ 8 ਕੁ ਸਾਲ ਦਾ ਸੀ ਤਾਂ ਪਿੰਡ ਕੁਲਦੀਪ ਮਾਣਕ ਜੀ ਦਾ ਪ੍ਰੋਗਰਾਮ ਸੀ। ਉਦੋਂ ਮੈਂ ਉਨ੍ਹਾਂ ਦਾ ਗੀਤ 'ਇਹ ਦੁਨੀਆ ਧੋਖੇਬਾਜ਼ਾਂ ਦੀ' ਸਟੇਜ 'ਤੇ ਗਾਇਆ ਤਾਂ ਉਨ੍ਹਾਂ ਆਸ਼ੀਰਵਾਦ ਵਜੋਂ ਮੈਨੂੰ ਸਟੇਜ 'ਤੇ ਵੀਹ ਰੁਪਏ ਦਿੱਤੇ ਤੇ ਨਾਲ ਕਹਿੰਦੇ ਪਤੰਦਰਾ! ਮੈਂ ਤਾਂ ਅਜੇ ਗਾਉਣਾ ਸੀ, ਤੂੰ ਪਹਿਲਾਂ ਹੀ ਬੱਲੇ-ਬੱਲੇ ਕਰਵਾ'ਤੀ।' ਇਹ ਮੇਰੇ ਲਈ ਖ਼ੁਸ਼ੀ ਦਾ ਅਹਿਮ ਪਲ਼ ਸੀ। ਇਕ ਵਾਰ ਪਾਕਿਸਤਾਨ ਦੀ ਮਸ਼ਹੂਰ ਸੂਫ਼ੀ ਗਾਇਕਾ 'ਬੀਬੀ ਰੇਸ਼ਮਾ' ਮੰਢਾਲੀ ਸ਼ਰੀਫ਼ ਦਰਬਾਰ ਬਿਨਾਂ ਸਾਜ਼ਾਂ ਤੋਂ ਗਾਉਣ ਆਏ ਸਨ। ਉਦੋਂ ਮੈਂ ਛੋਟੀ ਉਮਰੇ ਹੀ ਬੀਬੀ ਰੇਸ਼ਮਾ ਨਾਲ ਮੰਦਲ (ਢੋਲਕ) ਵਜਾਈ। ਵੈਸੇ ਮੈਨੂੰ ਪਹਿਲਾਂ ਉਹ ਇੰਨੀ ਛੋਟੀ ਉਮਰ ਵਿਚ ਢੋਲਕ ਨਾਲ ਦੇਖ ਇਕ ਵਾਰ ਹੈਰਾਨ ਤਾਂ ਜ਼ਰੂਰ ਹੋਏ, ਤਾਂ ਉਦੋਂ ਦਾਤਾ ਸਾਬਰ ਅਲੀ ਅਹਿਮਦ ਜੀ ਮੰਢਾਲੀ ਸ਼ਰੀਫ ਨੇ ਮੈਨੂੰ ਸਾਜ਼ ਵਜਾਉਣ ਦੇ ਨਾਲ-ਨਾਲ ਗਾਉਣ ਦਾ ਆਸ਼ੀਰਵਾਦ ਵੀ ਦਿੱਤਾ, ਜੋ ਮੇਰੇ ਸੰਗੀਤਕ ਸਫ਼ਰ ਦੀ 'ਅਭੁੱਲ ਯਾਦ' ਹੈ।

ਲਾਈਵ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

ਹਾਲ ਹੀ ਵਿਚ ਰਿਲੀਜ਼ ਹੋਏ 'ਰਣਜੀਤ ਰਾਣਾ ਲਾਈਵ-ਦਿਲ ਦੀ ਕੋਰੀ ਚਾਦਰ' ਵਿਚਲੇ ਗੀਤਾਂ ਤੇ ਸ਼ਾਇਰੀ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਵਿਚਲੇ ਗੀਤ ਅਤੇ ਸ਼ਿਅਰ ਗੀਤਕਾਰ ਬਿੰਦਰ ਬਿਰਕ, ਸ਼ਫ਼ੀ ਜਲਬੇੜ੍ਹਾ, ਦੇਬੀ ਮਖ਼ਸੂਸਪੁਰੀ, ਜੀਤ ਰਾਜਪੁਰੀ, ਸਾਬੀ ਈਸਪੁਰੀ, ਅਜਮੇਰ ਚਾਨਾ, ਹੈਪੀ ਹੇਮੰਤ, ਰੇਸ਼ਮ ਰਾਜਪੁਰੀ, ਰਾਜਾ ਖੇਲਾ, ਸੋਨੂੰ ਬਾਹੋਵਾਲ, ਰਵੀ ਰਾਜ, ਦੀਪ ਅਲਾਚੌਰੀਆ, ਸੋਮਾ ਖੋਥੜਾ, ਨਵੀਂ ਕੁਲਾਰ, ਹਨੀ ਜੰਡੂਸਿੰਘਾ ਨੇ ਕਲਮਬੱਧ ਕੀਤਾ ਹੈ। ਗ੍ਰੇਟ 7 ਮਿਊਜਿਕ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਲਾਈਵ ਨੂੰ ਨਿਰਮਲ ਕੇ ਵੱਲੋਂ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਗਿਆ ਹੈ ਤੇ ਜਿੰਦੀ ਕੁਲਥਮ ਵੱਲੋਂ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ 'ਚ ਬਾਖ਼ੂਬੀ ਫਿਲਮਾਂਕਣ ਕੀਤਾ ਗਿਆ ਹੈ। ਸਰੋਤਿਆਂ ਵੱਲੋਂ ਇਸ ਨੂੰ ਮਣਾਂਮੂੰਹੀ ਮਿਲ ਰਿਹਾ ਹੈ।

ਉਸ ਦਾ ਮੰਨਣਾ ਹੈ ਕਿ ਅੱਜ ਸਰੋਤੇ ਬੜੇ ਸੂਝਵਾਨ ਹੋ ਗਏ ਹਨ ਤੇ ਚੰਗੇ-ਮਾੜੇ ਦੀ ਪਰਖ਼ ਕਰਨਾ ਜਾਣਦੇ ਹਨ। ਅਜੋਕੀ ਗਾਇਕੀ ਸੰਬੰਧੀ ਗੱਲ ਕਰਦਿਆਂ ਰਣਜੀਤ ਰਾਣਾ ਨੇ ਦੱਸਿਆ ਕਿ ਉਹ ਰੌਲਾ ਪਾਉਣ ਵਾਲੀ ਗਾਇਕੀ ਤੋਂ ਕੋਹਾਂ ਦੂਰ ਹੈ। ਜੇ ਉਸ ਨੇ ਕੁਝ ਚੰਗਾ ਗਾਇਆ ਤਾਂ ਹੀ ਸਰੋਤੇ ਇੰਨੀ ਇੱਜ਼ਤ, ਮਾਣ-ਸਤਿਕਾਰ ਬਖ਼ਸ਼ਦੇ ਨੇ, ਜਿਨ੍ਹਾਂ ਸਰੋਤਿਆਂ ਦੀ ਬਦੌਲਤ ਅੱਜ ਉਸ ਦੀ ਮਿਹਨਤ ਨੂੰ ਬੂਰ ਪਿਐ। ਉਸ ਦੀ ਸੋਚ ਹੈ ਕਿ ਗਾਣੇ ਦਾ ਘੱਟ-ਵੱਧ ਚੱਲਣਾ ਤਾਂ ਆਮ ਗੱਲ ਹੈ ਪਰ ਇਨਸਾਨ ਦਾ ਕਿਰਦਾਰ ਵੱਧ ਅਹਿਮੀਅਤ ਰੱਖਦਾ। ਸੋ ਰਣਜੀਤ ਰਾਣਾ ਵੱਲੋਂ ਗਾਇਆ ਹਰ ਇਕ ਗੀਤ ਉਸ ਦਾ ਕਿਰਦਾਰ ਹੈ।

ਹਨੀ ਸੋਢੀ, 98156-19248

Posted By: Harjinder Sodhi