Malkeet Singh : ਪੰਜਾਬੀ ਇੰਡਸਟਰੀ ਵਿਚ ਇਕ ਗਾਇਕ ਵੱਜੋਂ ਆਪਣਾ ਨਾਂ ਬਣਾਉਣ ਵਾਲੇ ਮਸ਼ਹੂਰ ਗਾਇਕ ਮਲਕੀਤ ਸਿੰਘ ਦਾ ਇੰਸਟਾਗ੍ਰਾਮ ਤੇ ਫੈਸਬੁੱਕ ਅਕਾਊਂਟ ਹੈਕ ਹੋ ਗਿਆ ਹੈ। ਇਹ ਜਾਣਕਾਰੀ ਖ਼ੁਦ ਮਲਕੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਦਿੱਤੀ। ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਮੇਰਾ ਇੰਸਟਾਗ੍ਰਾਮ ਤੇ ਫੇਸਬੁੱਕ ਅਕਾਊਂਟ ਕਿਸੇ ਅਣ-ਪਛਾਤੇ ਵੱਲੋਂ ਹੈਕ ਕੀਤਾ ਜਾ ਚੁੱਕਾ ਹੈ। ਇਸ ਲਈ ਸਭ ਨੂੰ ਅਪੀਲ ਹੈ ਕਿ ਕੋਈ ਮੇਰੇ ਅਕਾਊਂਟ 'ਤੇ ਮੈਸੇਜ ਨਾ ਕਰੇ ਤੇ ਨਾ ਹੀ ਮੇਰੇ ਅਕਾਊਂਟ ਤੋਂ ਹੋਣ ਵਾਲੀ ਕਿਸੇ ਪੋਸਟ 'ਤੇ ਕੋਈ ਪ੍ਰਤੀਕਿਰਿਆ ਦੇਵੇ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਈਬਰ ਕਰਾਈਮ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਉਮੀਦ ਹੈ ਕਿ ਜਲਦ ਹੀ ਇਸ ਦਾ ਹੱਲ ਕੱਢ ਲਿਆ ਜਾਵੇਗਾ। ਮੈਂ ਜਲਦੀ ਹੀ ਇਸ ਮਸਲੇ ਦੇ ਹੱਲ ਤੋਂ ਬਾਅਦ ਲਾਈਵ ਹੋ ਕੇ ਸਭ ਨੂੰ ਜਾਣਕਾਰੀ ਦੇਵਾਂਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਅੱਜ-ਕੱਲ੍ਹ ਸਾਈਬਰ ਕਰਾਈਮ ਪੀਕ 'ਤੇ ਹਨ। ਇਸ ਲਈ ਤੁਹਾਨੂੰ ਵੀ ਸੁਰੱਖਿਅਤ ਰਹਿਣ ਦੀ ਲੋਡ਼ ਹੈ।

ਮਲਕੀਤ ਸਿੰਘ ਪੰਜਾਬ ਦੇ ਨਕੋਦਰ 'ਚ ਜਮਪਲ਼ ਇਕ ਮਸ਼ਹੂਰ ਪੰਜਾਬੀ ਗਾਇਕ ਹੈ ਜੋ ਇਸ ਸਮੇਂ ਕਨੇਡਾ ਵਿਖੇ ਰਹਿ ਰਹੇ ਹਨ। ਉਨ੍ਹਾਂ ਨੇ ਬਹੁਤ ਸਾਰੇ ਹਿੱਟ ਗਾਣੇ ਗਾਏ ਹਨ ਜਿਨ੍ਹਾਂ ਵਿਚ ਗੁਡ਼ ਨਾਲੋਂ ਇਸ਼ਕ ਮਿੱਠਾ, ਤੂਤਕ ਤੂਤਕ ਤੂਤਕ ਤੂਤੀਆਂ ਆਦਿ ਸ਼ਾਮਲ ਹਨ।

Posted By: Ramandeep Kaur