ਗੁਰਬਾਜ ਗਿੱਲ - ਪੰਜਾਬੀ ਸੰਗੀਤ ਦੇ ਖੇਤਰ 'ਚ ਮਾਖਿਓਂ ਮਿੱਠੀ ਦੇ ਦਮਦਾਰ ਆਵਾਜ਼ ਵਾਲਾ ਗਾਇਕ ਬਲਕਾਰ ਸਿੱਧੂ ਲੰਬੇ ਸਮੇਂ ਤੋਂ ਪੰਜਾਬੀ ਸਰੋਤਿਆਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ। ਉਹ ਹੁਣ ਤਕ ਦੀ ਸੰਗੀਤਕ ਸਫ਼ਰ ਦੌਰਾਨ 'ਮੁੰਡਾ ਆਪਣੇ ਵਿਆਹ ਦੇ ਵਿਚ ਨੱਚਦਾ ਫਿਰੇ', 'ਭਿੱਜ ਗਈਆਂ ਭਾਬੀਏ ਪੂਣੀਆਂ', 'ਮੁੰਡਾ ਲਾਈਨਮੈਨ ਲੱਗਿਆ', 'ਦੋ ਗੱਲਾਂ ਕਰੀਏ, ਬਹਿਜਾ', 'ਲੌਂਗ ਤਵੀਤੜੀਆਂ', 'ਮਾਝੇ ਦੀਏ ਮੋਮਬੱਤੀਏ', 'ਐਨਾ ਤੈਨੂੰ ਪਿਆਰ ਕਰਾਂ' ਆਦਿ ਗੀਤਾਂ ਰਾਹੀਂ ਸਰੋਤਿਆਂ ਦੀ ਪ੍ਰਸ਼ੰਸਾ ਹਾਸਲ ਕਰ ਚੁੱਕਾ ਹੈ।

ਬਠਿੰਡਾ ਜ਼ਿਲ੍ਹੇ ਦੇ ਪਿੰਡ ਪੂਹਲਾ ਦੇ ਜੰਮਪਲ ਬਲਕਾਰ ਸਿੱਧੂ ਨੇ ਜਿੰਨਾ ਵੀ ਗਾਇਆ ਹੈ, ਉਹ ਲੋਕਾਂ ਦੇ ਚੇਤਿਆਂ 'ਚ ਵਸਿਆ ਹੋਇਆ ਹੈ। ਉਸ ਦੇ ਗੀਤਾਂ ਵਿਚੋਂ ਮਾਲਵਾ ਖਿੱਤੇ ਦੀ ਬੋਲੀ-ਸ਼ੈਲੀ ਤੇ ਸੱਭਿਆਚਾਰ ਦੀ ਝਲਕ ਨਜ਼ਰੀ ਪੈਂਦੀ ਹੈ। ਬਲਕਾਰ ਨੇ ਗਾਇਕੀ ਦੀ ਸ਼ੁਰੂਆਤ ਕੈਸਿਟ 'ਦਿਨ ਪੇਪਰਾਂ ਦੇ' ਤੋਂ ਕੀਤੀ। ਇਸ ਤੋਂ ਬਾਅਦ 'ਵੱਡਿਆਂ ਘਰਾਂ ਦੇ ਕਾਕੇ', 'ਮੁੰਡਾ ਮੇਰੇ ਨਾਲ ਪੜ੍ਹਦਾ', 'ਪਿੰਡ ਦੀ ਰੌਣਕ', 'ਚਰਖ਼ੇ', 'ਦੋ ਗੱਲਾਂ', 'ਪੀਂਘਾਂ', 'ਮਹਿੰਦੀ', 'ਫੁਲਕਾਰੀ', 'ਆਜਾ ਗੰਨੇ ਚੂਪੀਏ', 'ਚੁਬਾਰੇ ਵਾਲੀ ਬਾਰੀ', 'ਗੱਲ ਤਾਂ ਬਣਦੀ' ਆਦਿ ਐਲਬਮਜ਼ ਤੋਂ ਇਲਾਵਾ ਇਕ ਦਰਜਨ ਸਿੰਗਲ ਟਰੈਕ ਵੀ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਏ। ਉਸ ਦੇ ਗੀਤਾਂ ਦੇ ਫਿਲਮਾਂਕਣ ਉੱਪਰ ਵੀ ਕਦੇ ਉਂਗਲ ਨਹੀਂ ਉੱਠੀ। ਗਾਇਕ ਹੋਣ ਦੇ ਨਾਲ-ਨਾਲ ਉਹ ਚੰਗਾ ਇਨਸਾਨ ਵੀ ਹੈ। ਉਸ ਦੀ ਖ਼ਾਸੀਅਤ ਹੈ ਕਿ ਹਰ ਗੱਲ ਮੂੰਹ 'ਤੇ ਕਹਿਣ 'ਚ ਵਿਸ਼ਵਾਸ ਰੱਖਦਾ ਹੈ। ਉਸ ਦੀ ਗਾਇਕੀ ਮਾਲਵੇ ਜਾਂ ਪੰਜਾਬ ਵਿਚ ਹੀ ਨਹੀਂ ਬਲਕਿ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟ ਚੁੱਕੀ ਹੈ।

ਪੰਜਾਬ ਵਿਚ ਬੀਤੇ ਦੋ ਦਹਾਕਿਆਂ ਤੋਂ ਸ਼ਾਇਦ ਹੀ ਕੋਈ ਅਜਿਹਾ ਕੋਈ ਵਿਆਹ ਸਮਾਗਮ ਹੋਵੇਗਾ, ਜਿੱਥੇ ਉਸ ਦਾ ਗੀਤ 'ਮੁੰਡਾ ਆਪਣੇ ਵਿਆਹ ਵਿਚ ਨੱਚਦਾ ਫਿਰੇ' ਡੀਜੇ 'ਤੇ ਨਾ ਵੱਜਦਾ ਹੋਵੇ। ਬਲਕਾਰ ਨੇ ਲਗਾਤਾਰ 10 ਸਾਲਾਂ ਦੌਰਾਨ ਗੀਤਕਾਰ ਕਿਰਪਾਲ ਮਾਅਣੇ ਦੇ ਲਿਖੇ ਦਰਜਨਾਂ ਗੀਤ ਹਰ ਰੰਗ 'ਚ ਗਾਏ। ਇਨ੍ਹਾਂ ਵਿਚੋਂ ਕੁਝ ਦਰਦ ਭਰੇ ਗੀਤ 'ਜਾਗਦੇ ਦੀ ਰਾਤ ਲੰਘਦੀ', 'ਤੇਰਾ ਚਾਨਣ ਰਹਿੰਦਾ ਹੋਰਾਂ ਨੂੰ', 'ਜ਼ਖ਼ਮੀ ਪਰਿੰਦੇ ਵਾਂਗੂੰ ਦਿਨ ਕੱਟਦੀ', 'ਸਜ਼ਾ ਕਾਤਲਾਂ ਨੂੰ ਮਿਲਦੀ ਅਦਾਲਤਾਂ 'ਚੋਂ, ਸਾਨੂੰ ਤੇਰੇ ਪਿਆਰ 'ਚੋਂ ਮਿਲੀ' ਆਦਿ ਕਾਫ਼ੀ ਮਕਬੂਲ ਹੋਏ।

ਹੁਣ ਇਕ ਵਾਰ ਫਿਰ 19 ਸਾਲ ਬਾਅਦ ਬਲਕਾਰ ਸਿੱਧੂ ਤੇ ਗੀਤਕਾਰ ਕਿਰਪਾਲ ਮਾਅਣੇ ਦੀ ਜੋੜੀ ਸੰਗੀਤ ਦੇ ਖੇਤਰ 'ਚ ਨਵੇਂ ਗੀਤਾਂ ਨਾਲ ਸਰਗਰਮ ਹੋ ਰਹੀ ਹੈ। ਬਲਕਾਰ ਦੇ ਕਈ ਗੀਤ, ਜਿਵੇਂ 'ਮਾਏ ਤੇਰਾ ਪੁੱਤ ਲਾਡਲਾ, 'ਕੱਲਾ ਬੈਠ ਕੇ ਰਾਤ ਨੂੰ ਰੋਵੇ', 'ਦੌਲਤਾਂ ਵੀ ਮਿਲ ਗਈਆਂ ਸ਼ੁਹਰਤਾਂ ਵੀ ਮਿਲ ਗਈਆਂ', 'ਐਨਾ ਤੈਨੂੰ ਪਿਆਰ ਕਰਾਂ' ਆਦਿ ਅੱਜ ਵੀ ਲੋਕ ਗੁਣਗਣਾਉਂਦੇ ਹਨ।

ਬਲਕਾਰ ਦੀ ਪਲੇਠੀ ਪੰਜਾਬੀ ਫਿਲਮ 'ਦੇਸੀ ਮੁੰਡੇ' ਮੁਕੰਮਲ ਹੋਣ ਤੋਂ ਬਾਅਦ ਚਾਰ ਸਾਲ ਤੋਂ ਰਿਲੀਜ਼ ਹੋਣ ਲਈ ਰੁਕੀ ਰਹੀ। ਇਸੇ ਦੌਰਾਨ ਉਸ ਦੇ ਕੁਝ ਸਿੰਗਲ ਟਰੈਕ ਆਏ ਪਰ ਪਹਿਲੇ ਗੀਤਾਂ ਦੇ ਮੁਕਾਬਲੇ ਘੱਟ ਮਕਬੂਲ ਹੋਏ। ਅਖ਼ੀਰ ਫਿਲਮ 'ਦੇਸੀ ਮੁੰਡੇ' ਰਿਲੀਜ਼ ਤਾਂ ਹੋਈ ਪਰ ਫਲਾਪ ਵੀ ਹੋ ਗਈ। ਬਠਿੰਡਾ ਵਿਖੇ ਉਸ ਨਾਲ ਗੱਲਬਾਤ ਹੋਈ ਤਾਂ ਉਸ ਨੇ ਪੰਜਾਬੀ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ 'ਪੰਜਾਬੀ ਲੋਕਾਂ ਨੇ ਮੈਨੂੰ ਰੋਜ਼ੀ-ਰੋਟੀ ਦਿੱਤੀ, ਮਣਾਂ-ਮੂੰਹੀਂ ਪਿਆਰ ਦਿੱਤਾ, ਪਿਛਲੇ ਸਮੇਂ ਦੌਰਾਨ ਉਹ ਕੁਝ ਕਾਰਨਾਂ ਕਰਕੇ ਗਾਇਕੀ ਤੋਂ ਦੂਰ ਰਿਹਾ ਹਾਂ ਪਰ ਇਸ ਸਾਲ ਤੋਂ ਮੁੜ ਗਾਇਕੀ ਵਿਚ ਕਦਮ ਰੱਖ ਕੇ ਸੰਗੀਤ ਪ੍ਰੇਮੀਆਂ ਤੇ ਆਪਣੇ ਦਰਮਿਆਨ ਪਈ ਦੂਰੀ ਨੂੰ ਮਿਆਰੀ ਗੀਤਾਂ ਨਾਲ ਮੇਟਣ ਦੀ ਕੋਸ਼ਿਸ਼ ਕਰਾਂਗਾ। ਮੈਂ ਹਮੇਸ਼ਾ ਪੰਜਾਬੀ ਸੱਭਿਆਚਾਰ ਦੇ ਦਾਇਰੇ 'ਚ ਰਹਿ ਕੇ ਗਾਇਆ ਹੈ ਤੇ ਏਦਾਂ ਹੀ ਗਾਉਂਦਾ ਰਹੇਗਾ।'

ਛੇਤੀ ਹੀ ਬਲਕਾਰ ਸਿੱਧੂ ਫੋਕ ਸ਼ਬਦਾਵਲੀ 'ਚ ਗਾਏ ਗੀਤਾਂ ਦੀ ਐਲਬਮ ਸਰੋਤਿਆਂ ਦੇ ਸਨਮੁੱਖ ਕਰੇਗਾ। ਸਿੰਗਲ ਟਰੈਕ ਬਾਰੇ ਗਾਇਕ ਬਲਕਾਰ ਸਿੱਧੂ ਦਾ ਕਹਿਣਾ ਹੈ ਕਿ ਪਹਿਲਾਂ ਐਲਬਮ 'ਚ 8-9 ਗੀਤ ਹੁੰਦੇ ਸਨ। ਕਿਹੜਾ ਗੀਤ ਹਿੱਟ ਹੋਵੇਗਾ ਕਿਹੜਾ ਨਹੀਂ, ਧੱਕੇ ਨਾਲ ਜੇ-ਜੱਕ ਕਰਦਿਆਂ 9ਵਾਂ ਗੀਤ ਵੀ ਪਾ ਲੈਂਦੇ ਸਨ। ਉਸ ਗੀਤ ਬਾਰੇ ਜ਼ਿਆਦਾ ਧਿਆਨ ਨਹੀਂ ਕਰਦੇ ਸੀ ਨਾ ਕੰਪਨੀ, ਨਾ ਗੀਤਕਾਰ ਤੇ ਨਾ ਹੀ ਗਾਇਕ ਪਰ ਕਈ ਵਾਰ ਧੱਕੇ ਨਾਲ ਪਾਇਆ ਗਿਆ 9ਵਾਂ ਗੀਤ ਹਿੱਟ ਹੋ ਜਾਂਦਾ ਸੀ ਪਰ ਅੱਜ ਕੰਪਨੀ ਪੈਸਾ ਨਹੀਂ ਲਗਾਉਂਦੀ ਤੇ ਲੋਕਾਂ ਕੋਲ ਵੀ ਸੁਣਨ ਲਈ ਟਾਈਮ ਘੱਟ ਹੈ। ਸਿੰਗਲ ਟਰੈਕ ਆ ਰਿਹਾ, ਗਾਇਕ ਉਸ ਦੇ ਵੀਡੀਓ ਉੱਪਰ ਲੱਖਾਂ ਰੁਪਏ ਲਗਾ ਦਿੱਦਾ ਹੈ ਜੂਏ ਵਾਂਗ ਹੈ। ਕਈ ਵਾਰ ਉਹ ਗੀਤ ਚੱਲਦਾ ਹੀ ਨਹੀਂ ਪਰ ਮੈਂ ਪੂਰੀ ਦੀ ਪੂਰੀ ਐਲਬਮ 8 ਜਾਂ 9 ਗੀਤਾਂ ਦੀ 2019 ਵਿਚ ਸੰਗੀਤ ਪ੍ਰੇਮੀਆਂ ਦੀ ਕਚਹਿਰੀ 'ਚ ਲੈ ਕੇ ਆਵਾਂਗਾ। ਜਿਸ ਵਿਚ ਜਵਾਨੀ, ਕਿਰਸਾਨੀ, ਦਰਦਾਂ ਵਿੰਨ੍ਹੇ, ਪ੍ਰਦੇਸੀਂ ਜਾਂਦੇ ਪੁੱਤਰ ਦਾ ਦਰਦ, ਬੀਟ ਗੀਤ ਹੋਣਗੇ।

ਪਲੇਠੀ ਪੰਜਾਬੀ ਫਿਲਮ

ਪੰਜਾਬੀ ਗਾਇਕੀ 'ਚ ਸਫਲਤਾ ਦੇ ਝੰਡੇ ਗੱਡਣ ਤੋਂ ਬਾਅਦ ਬਲਕਾਰ ਸਿੱਧੂ ਪੰਜਾਬੀ ਫਿਲਮਾਂ 'ਚ ਵੀ ਕਿਸਮਤ ਅਜ਼ਮਾ ਚੁੱਕਾ ਹੈ। ਉਸ ਦੀ ਪਲੇਠੀ ਪੰਜਾਬੀ ਫਿਲਮ 'ਦੇਸੀ ਮੁੰਡੇ'ਸੀ ਜੋ ਤਿਆਰ ਹੋਣ ਤੋਂ ਬਾਅਦ ਕਰੀਬ ਚਾਰ ਸਾਲ ਤਕ ਰਿਲੀਜ਼ ਲਈ ਰੁਕੀ ਰਹੀ। ਜਦੋਂ ਇਹ ਫਿਲਮ ਰਿਲੀਜ਼ ਹੋਈ ਤਾਂ ਕੋਈ ਖ਼ਾਸ ਪ੍ਰਦਰਸ਼ਨ ਨਾ ਕਰ ਸਕੀ। ਇਸ ਫਿਲਮ ਦਾ ਉਸ ਦੀ ਗਾਇਕੀ 'ਤੇ ਵੀ ਅਸਰ ਪਿਆ ਜਿਸ ਦੇ ਫਲਸਰੂਪ ਉਸ ਦੇ ਗੀਤ ਘੱਟ ਆਉਣੇ ਸ਼ੁਰੂ ਹੋ ਗਏ। ਹੁਣ ਇਕ ਵਾਰ ਫਿਰ ਬਲਕਾਰ ਸਿੱਧੂ ਗਾਇਕੀ ਖੇਤਰ 'ਚ ਸਰਗਰਮ ਹੋ ਰਿਹਾ ਹੈ।

Posted By: Harjinder Sodhi