ਪੰਜਾਬੀ ਜਾਗਰਣ ਟੀਮ, ਚੰਡੀਗੜ੍ਹ : ਪੰਜਾਬ ਦੇ ਟੈਲੇਂਟ ਨੂੰ ਦੁਨੀਆ ਦੇ ਕੋਨੇ ਕੋਨੋ ਤੱਕ ਪਹੁੰਚਾਉਣ ਲਈ ਪੀਟੀਸੀ ਪੰਜਾਬੀ ਇੱਕ ਵਾਰ ਫਿਰ ਤਿਆਰ ਹੈ। ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ ‘ਹੁਨਰ ਪੰਜਾਬ ਦਾ’ ਦੇ ਸੀਜ਼ਨ-2 ਦੀ ਸ਼ੁਰੂਆਤ ਹੋ ਗਈ ਹੈ । ਇਸ ਵਾਰ ਸ਼ੋਅ ਦੀ ਮੇਜ਼ਬਾਨੀ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਕਰ ਰਹੀ ਹੈ ।

ਇਹ ਆਪਣੇ ਆਪ ਵਿੱਚ ਪਹਿਲਾ ਮੌਕਾ ਹੈ ਜਦੋਂ ਸੁਨੰਦਾ ਸ਼ਰਮਾ ਟੀਵੀ 'ਤੇ ਸ਼ੋਅ ਦੀ ਮੇਜ਼ਬਾਨੀ ਕਰ ਰਹੀ ਹੈ । ਇਹ ਸ਼ੋਅ ਪੀਟੀਸੀ ਪੰਜਾਬੀ 'ਤੇ ਸੋਮਵਾਰ ਤੋਂ ਵੀਰਵਾਰ ਸ਼ਾਮ 7:30 ਵਜੇ ਪ੍ਰਸਾਰਿਤ ਹੋਵੇਗਾ।

‘ਹੁਨਰ ਪੰਜਾਬ ਦਾ’ ਸੀਜ਼ਨ-2 ਦਾ ਅੰਦਾਜ਼ ਪਿਛਲੇ ਸਾਲ ਦੇ ਮੁਕਾਬਲੇ ਕੁੱਝ ਵੱਖਰਾ ਹੋਵੇਗਾ । ਜਦੋਂ ਕਿ ਪਿਛਲੇ ਸਾਲ ਕੋਰੋਨਾਵਾਇਰਸ ਕਰਕੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਸਨ, ਜਿਸ ਕਰਕੇ ਇਸ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਦੀ ਪੇਸ਼ਕਾਰੀ ਨੂੰ ਡਿਜੀਟਲ ਮਾਧਿਅਮ ਰਾਹੀਂ ਸੱਦਾ ਦਿੱਤਾ ਗਿਆ ਤੇ ਦਿਖਾਇਆ ਗਿਆ ਸੀ । ਪਰ ਇਸ ਸਾਲ ਇਹ ਸ਼ੋਅ ਬਹੁਤ ਹੀ ਵੱਡਾ ਤੇ ਸ਼ਾਨਦਾਰ ਹੋਣ ਜਾ ਰਿਹਾ ਹੈ ।ਸ਼ੋਅ ਵਿੱਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਵੱਡੇ ਸਿਤਾਰਿਆਂ ਨੂੰ ਬੁਲਾਇਆ ਜਾਵੇਗਾ । ਇਸ ਤੋਂ ਇਲਾਵਾ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਨੂੰ ਵੀ ਆਪਣਾ ਹੁਨਰ ਚੰਗੀ ਤਰ੍ਹਾਂ ਦਿਖਾਉਣ ਦਾ ਮੌਕਾ ਮਿਲੇਗਾ ।

ਇਸ ਮੌਕੇ ਪੀਟੀਸੀ ਨੈਟਵਰਕ ਦੇ ਐਮਡੀ ਅਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਣ ਨੇ ਕਿਹਾ ਕਿ ਹਰ ਪੰਜਾਬੀ ਪ੍ਰਤਿਭਾਸ਼ਾਲੀ ਹੈ । ‘ਹੁਨਰ ਪੰਜਾਬ ਦਾ’ ਇਹਨਾਂ ਪ੍ਰਤਿਭਾਸ਼ਾਲੀ ਲੋਕਾਂ ਦਾ ਹੀ ਸ਼ੋਅ ਹੈ, ਜਿਸ ਵਿੱਚ ਇਹ ਲੋਕ ਆਪਣਾ ਹੁਨਰ ਪੂਰੀ ਦੁਨੀਆ ਨੂੰ ਦਿਖਾ ਸਕਦੇ ਹਨ ।

ਮੀਡੀਆ ਨਾਲ ਗੱਲਬਾਤ ਕਰਦਿਆਂ ਸੁਨੰਦਾ ਸ਼ਰਮਾ ਨੇ ਕਿਹਾ, “ਮੈਂ ਸ਼ੋਅ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ ਸਾਨੂੰ ਸ਼ੋਅ ਵਿੱਚ ਕੁਝ ਵਧੀਆ ਐਂਟਰੀਆਂ ਮਿਲੀਆਂ ਹਨ, ਇਹ ਨਾ ਸਿਰਫ ਸਾਡਾ ਮਨੋਰੰਜਨ ਕਰਨਗੀਆਂ ਬਲਕਿ ਭਾਵਨਾਵਾਂ, ਜੋਸ਼, ਜਨੂੰਨ ਅਤੇ ਪ੍ਰਤੀਬੱਧਤਾ ਨੂੰ ਵੀ ਉਜਾਗਰ ਕਰਨਗੀਆਂ। ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਪੰਜਾਬੀ ਦੇ ਸ਼ੋਅ "ਹੁਨਰ ਪੰਜਾਬ ਦਾ" ਦੇ ਪਹਿਲੇ ਸੀਜ਼ਨ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਸੀ । 'ਹੁਨਰ ਪੰਜਾਬ ਦਾ' ਦੇ ਪਿਛਲੇ ਸੀਜ਼ਨ ਵਿੱਚ, ਪ੍ਰਿੰਸ ਸਿੰਘ ਅਤੇ ਸੁਨੀਲ ਕੁਮਾਰ ਜੇਤੂ ਰਹੇ ਸਨ।

Posted By: Jagjit Singh