ਜਤਿੰਦਰ ਪੰਮੀ, ਜਲੰਧਰ : 2010 'ਚ ਆਈ ਫਿਲਮ 'ਮਿੱਟੀ' ਦਾ ਸੀਕਵਲ 'ਮਿੱਟੀ-ਵਿਰਾਸਤ ਬੱਬਰਾਂ ਦੀ' ਭਾਰਤ ਦੇ ਆਜ਼ਾਦੀ ਸੰਘਰਸ਼ ਦੌਰਾਨ ਉਠੀਆਂ ਲਹਿਰਾਂ 'ਚ ਵੱਖਰਾ ਸਥਾਨ ਰੱਖਣ ਵਾਲੀ 1920 'ਚ ਚੱਲੀ ਬੱਬਰ ਅਕਾਲੀ ਲਹਿਰ ਦੀ ਪੰਜਾਬੀਆਂ ਨੂੰ ਯਾਦ ਦਿਵਾਏਗੀ। ਇਹ ਪ੍ਰਗਟਾਵਾ ਫਿਲਮ ਦੇ ਲੇਖਕ ਤੇ ਹੀਰੋ ਰੱਬੀ ਕੰਦੋਲਾ ਨੇ ਮੰਗਲਵਾਰ 'ਪੰਜਾਬੀ ਜਾਗਰਣ' ਦੇ ਦਫ਼ਤਰ 'ਚ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਫਿਲਮ ਦਾ ਵਿਸ਼ਾ ਅੱਜ ਦੀ ਪੀੜ੍ਹੀ ਨੂੰ ਆਪਣੇ ਕੁਰਬਾਨੀਆਂ ਭਰੇ ਵਿਰਸੇ ਬਾਰੇ ਦੱਸਣ ਲਈ ਚੁਣਿਆ ਗਿਆ ਹੈ ਤਾਂ ਜੋ ਡਿਜ਼ੀਟਲ ਤੇ ਆਧੁਨਿਕਤਾ ਦੀ ਦੌੜ ਗੁਆਚੀ ਨੌਜਵਾਨ ਪੀੜ੍ਹੀ ਨੂੰ ਇਹ ਚੇਤੇ ਕਰਵਾਇਆ ਜਾਵੇਗਾ ਕਿ ਜਿਹੜੀ ਆਜ਼ਾਦੀ ਦਾ ਨਿੱਘ ਅੱਜ ਉਹ ਮਾਣ ਰਹੇ ਹਨ, ਉਸ ਲਈ ਸਾਰੇ ਪੂਰਵਜਾਂ ਨੇ ਕਿੰਨੀਆਂ ਮਹਾਨ ਕੁਰਬਾਨੀਆਂ ਕੀਤੀਆਂ ਹਨ।

ਰੱਬੀ ਕੰਦੋਲਾ ਨੇ ਦੱਸਿਆ ਕਿ ਇਹ ਉਨ੍ਹਾਂ 5 ਨੌਜਵਾਨਾਂ ਦੀ ਕਹਾਣੀ ਹੈ, ਜਿਨ੍ਹਾਂ ਨੇ ਬਿਨਾਂ ਡਰੇ ਆਜ਼ਾਦੀ ਲਈ ਬਰਤਾਨਵੀ ਹਕੂਮਤ ਨਾਲ ਲੋਹਾ ਲੈਣ ਦਾ ਫ਼ੈਸਲਾ ਲਿਆ ਸੀ। ਉਨ੍ਹਾਂ ਦੱਸਿਆ ਕਿ ਫਿਲਮ ਦਾ ਨਿਰਮਾਣ ਪੰਜਾਬ ਦੀ ਨੂੰਹ ਤੇ ਬਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ ਹੇਮਾ ਮਾਲਿਨੀ ਵੱਲੋਂ ਐੱਚਐੱਮ ਕ੍ਰੀਏਸ਼ਨਜ਼ ਉਤਾਰਾ ਫੂਡ ਐਂਡ ਫੀਡ ਦੇ ਬੈਨਰ ਹੇਠ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪਾਲੀਵੁੱਡ ਦੇ ਸਾਰੇ ਪ੍ਰੋਡਿਊਸਰ ਹਾਸੇ ਦੀਆਂ ਕਹਾਣੀਆਂ ਲੱਭ ਰਹੇ ਹਨ, ਉਥੇ ਹੀ ਹੇਮਾ ਮਾਲਿਨੀ ਨੇ ਸਾਡੇ ਸਾਰਿਆਂ 'ਤੇ ਭਰੋਸਾ ਕੀਤਾ ਅਤੇ ਦਰਸ਼ਕਾਂ ਲਈ ਕੁਝ ਨਵਾਂ 'ਤੇ ਵੱਖਰਾ ਕਰਕੇ ਦਿਖਾਇਆ ਹੈ।

ਫਿਲਮ ਦੀ ਹੀਰੋਇਨ ਜਪੁਜੀ ਖਹਿਰਾ ਨੇ ਦੱਸਿਆ ਕਿ ਫਿਲਮ 'ਚ ਉਸ ਦੀ ਭੂਮਿਕਾ ਬੱਬਰ ਅਕਾਲੀ ਧੰਨਾ ਸਿੰਘ ਬੱਬਰ ਦੀ ਪਤਨੀ ਅਤੇ ਐੱਨਆਰਆਈ ਕੁੜੀ ਵਜੋਂ ਹੈ। ਜਪੁਜੀ ਨੇ ਕਿਹਾ ਕਿ ਫਿਲਮ 'ਚ ਕੰਮ ਕਰਕੇ ਉਸ ਨੂੰ ਬਹੁਤ ਚੰਗਾ ਲੱਗਾ ਤੇ ਗਿਆਨ 'ਚ ਵਾਧਾ ਵੀ ਹੋਇਆ ਹੈ। ਕਾਮੇਡੀ ਅਦਾਕਾਰ ਜਗਜੀਤ ਸੰਧੂ ਨੇ ਕਿਹਾ ਕਿ ਉਨ੍ਹਾਂ ਦੀ ਭੂਮਿਕਾ ਕਾਮੇਡੀ ਹੋਣ ਦੇ ਨਾਲ-ਨਾਲ ਗੰਭੀਰ ਵੀ ਹੈ। ਉਨ੍ਹਾਂ ਕਦੇ ਵੀ ਮਿੱਟੀ ਵਰਗੀ ਫਿਲਮ ਨਹੀਂ ਕੀਤੀ। ਇਸ ਲਈ ਇਹ ਇਕ ਨਵੀਂ ਕਹਾਣੀ ਸੀ ਅਤੇ ਉਸ ਦੀ ਭੂਮਿਕਾ ਦਰਸ਼ਕਾਂ ਨੂੰ ਵੀ ਬਹੁਤ ਪਸੰਦ ਆਵੇਗੀ। ਇਹ ਫਿਲਮ 23 ਅਗਸਤ ਨੂੰ ਰਿਲੀਜ਼ ਕੀਤੀ ਜਾਵੇਗੀ। ਫਿਲਮ ਦੇ ਨਿਰਦੇਸ਼ਕ ਹਿਰਦੇ ਸ਼ੈਟੀ ਹਨ ਅਤੇ ਫਿਲਮ ਦੀ ਸ਼ੂਟਿੰਗ ਚੰਡੀਗੜ੍ਹ ਅਤੇ ਬੰਬੇਲੀ ਪਿੰਡ ਤੋਂ ਇਲਾਵਾ ਹੋਰ ਥਾਵਾਂ 'ਤੇ ਕੀਤੀ ਗਈ ਹੈ।

ਇਸ ਫਿਲਮ ਦੇ ਗੀਤਾਂ ਨੂੰ ਆਵਾਜ਼ ਗੁਰਨਾਮ ਠੱਕਰ 'ਤੇ ਰੁਪਿੰਦਰ ਹਾਂਡਾ ਨੇ ਦਿੱਤੀ ਹੈ। ਇਸ ਫਿਲਮ ਨਿਸ਼ਾਵਣ ਭੁੱਲਰ, ਕੁਲਜਿੰਦਰ ਸਿੱਧੂ, ਧੀਰਜ ਕੁਮਾਰ, ਆਕਾਂਕਸ਼ਾ ਸਰੀਨ, ਪ੍ਰਿੰਸ ਕੰਵਲਜੀਤ, ਪਾਲੀ ਸੰਧੂ, ਸ਼ਿਵ ਇੰਦਰ ਮਾਹਲ, ਗੁਰਪ੍ਰੀਤ ਭੰਗੂ, ਗੁਰਿੰਦਰ ਮੱਖਣਾ, ਨੀਟੂ ਪੰਧੇਰ, ਨਰਿੰਦਰ ਨੀਨਾ, ਅਨੀਤਾ ਸਬਦੀਸ਼, ਲੱਕੀ ਧਾਲੀਵਾਲ, ਸੰਸਾਰ ਸੰਧੂ ਅਤੇ ਕਈ ਹੋਰ ਅਦਾਕਾਰ ਵੀ ਹਨ।