v> ਜਤਿੰਦਰ ਪੰਮੀ, ਜਲੰਧਰ : ਵਿਆਹ ਦੇ ਆਧਾਰ ’ਤੇ ਕੁੜੀਆਂ ਨੂੰ ਕੈਨੇਡਾ ਭੇਜਣ ਲਈ ਕਈ ਮਾਪੇ ਇਥੋਂ ਤਕ ਚਲੇ ਜਾਂਦੇ ਹਨ ਕਿ ਉਹ ਐੱਨਆਰਆਈ ਲਾੜੇ ਦੀ ਉਮਰ ਦਾ ਵੀ ਧਿਆਨ ਨਹੀਂ ਰੱਖਦੇ। ਐੱਨਆਰਆਈ ਲਾੜੇ ਨਾਲ ਵਿਆਹ ਕਰਵਾ ਕੇ ਕੈਨੇਡਾ ਜਾਣ ਲਈ ਅਜਿਹੇ ਲੋਕ ਉਕਤ ਵਿਅਕਤੀ ਨੂੰ ਕਿਸੇ ਵੀ ਢੰਗ ਨਾਲ ਪ੍ਰਭਾਵਿਤ ਕਰਨ ਲਈ ਹਰ ਹੀਲਾ ਵਰਤਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 31 ਮਈ ਨੂੰ ਰਿਲੀਜ਼ ਹੋਣ ਜਾ ਰਹੀ ਸਟੂਡੀਓ 7 ਫਿਲਮਜ਼ ਦੀ ਪੰਜਾਬੀ ਫਿਲਮ ‘ਮੀ ਐਂਡ ਮਿਸਟਰ ਕੈਨੇਡੀਅਨ’ ਦੇ ਨਿਰਮਾਤਾ ਤੇ ਹੀਰੋ ਸੰਜੀਵ ਝਾਂਜੀ ‘ਪੰਜਾਬੀ ਜਾਗਰਣ’ ਦੇ ਦਫਤਰ ਵਿਚ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਝਾਂਜੀ ਨੇ ਦੱਸਿਆ ਕਿ ਬਤੌਰ ਨਿਰਮਾਤਾ ਇਹ ਉਨ੍ਹਾਂ ਦੀ ਚੌਥੀ ਫਿਲਮ ਹੈ ਜਦੋਂਕਿ ਹੀਰੋ ਵਜੋਂ ਪਹਿਲੀ ਫਿਲਮ ਹੈ। ਫਿਲਮ ਦੇ ਲੇਖਕ ਵੀ ਝਾਂਜੀ ਆਪ ਹੀ ਹਨ ਜਦੋਂਕਿ ਹੀਰੋਇਨ ਦੀ ਭੂਮਿਕਾ ਆਰੂਸ਼ੀ ਜੈਨ ਨੇ ਨਿਭਾਈ ਹੈ। ਇਸ ਫਿਲਮ ਦੇ ਵਿਸ਼ਾ-ਵਸਤੂ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਅਤੇ ਫਿਲਮ ਦੀ ਕਹਾਣੀ ਤੇ ਪਾਤਰ ਅਸਲ ਜੀਵਨ ਤੋਂ ਪ੍ਰੇਰਿਤ ਹਨ। ਉਨ੍ਹਾਂ ਦੱਸਿਆ ਕਿ ਇਹ ਫਿਲਮ ਇਕ ਰੁਮਾਂਟਿਕ ਕਾਮੇਡੀ, ਜਿਸ ਵਿਚ ਉਹ ਕੁਆਰੇ ਡਾਕਟਰ ਦੀ ਭੂਮਿਕਾ ਨਿਭਾਅ ਰਹੇ ਹਨ ਜੋ 25 ਸਾਲ ਬਾਅਦ ਆਪਣੇ ਭਰਾ ਦੇ ਵਿਆਹ ਲਈ ਪੰਜਾਬ ਆਉਂਦਾ ਹੈ ਅਤੇ ਪੰਜਾਬ ਦੇ ਮੌਜੂਦਾ ਸਥਿਤੀ ਤੋਂ ਉਹ ਅਣਜਾਣ ਹੁੰਦਾ ਹੈ। ਕੁਆਰਾ ਐੱਨਆਰਆਈ ਡਾਕਟਰ ਵੇਖ ਕੇ ਕੁੜੀਆਂ ਉਸ ਨਾਲ ਵਿਆਹ ਕਰਵਾ ਕੇ ਕੈਨੇਡਾ ਜਾਣਾ ਚਾਹੁੰਦੀਆਂ ਹਨ। ਫਿਲਮ ਦੇ ਨਿਰਦੇਸ਼ਕ ਨਾਗੇਂਦਰ ਚੌਹਾਨ ਨੇ ਦੱਸਿਆ ਕਿ ਇਸ ਫਿਲਮ ਵਿਚ ਪੇਂਡੂ ਕੁੜੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਕਦੇ ਪਿੰਡ ਵਿਚ ਨਹੀਂ ਗਈ ਪਰ ਉਸ ਨੇ ਆਪਣੀ ਅਦਾਕਾਰੀ ਰਾਹੀਂ ਵਧੀਆ ਭੂਮਿਕਾ ਨਿਭਾਈ ਹੈ। ਫਿਲਮ ਦੀ ਸ਼ੂਟਿੰਗ ਪਠਾਨਕੋਟ, ਚੰਡੀਗੜ੍ਹ ਤੇ ਵੈਨਕੂਵਰ ਵਿਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫਿਲਮ ਦੇ ਹੋਰਨਾਂ ਕਲਾਕਾਰਾਂ ਵਿਚ ਸੁਰਿੰਦਰ ਸ਼ਿੰਦਾ, ਗੁਰਪ੍ਰੀਤ ਭੰਗੂ, ਅਮਰਦੀਮ ਮਾਨਾ, ਦਿਲਰਾਜ ਕੌਰ, ਨਿਲਾਕਸ਼ਾ ਮਹਿਤਾ, ਉਜਾਲਾ, ਪੁਸ਼ਪਲਤਾ, ਅਮਨ ਕੋਟਿਸ਼, ਸਰਬਜੀਤ ਮਾਂਗਟ, ਰਾਣਾ ਭੰਗੂ, ਸੁਖਬੀਰ ਗਿੱਲ ਅਤੇ ਰਾਜਵੀਰ ਸਿੰਘ ਸ਼ਾਮਲ ਹਨ। ਇਹ ਫਿਲਮ 31 ਮਈ ਨੂੰ ਭਾਰਤ ਵਿਚ ਰਿਲੀਜ਼ ਹੋ ਰਹੀ ਹੈ ਜਦੋਂਕਿ ਵਿਦੇਸ਼ਾਂ ਵਿਚ 14 ਜੂਨ ਨੂੰ ਮੂਵੀਜ਼ ਐਂਟਰਟੇਨਮੈਂਟ ਵੱਲੋਂ ਰਿਲੀਜ਼ ਕੀਤੀ ਜਾਵੇਗੀ।

Posted By: Susheel Khanna