ਜਤਿੰਦਰ ਪੰਮੀ, ਜਲੰਧਰ : 14 ਜੂਨ ਨੂੰ ਰਿਲੀਜ਼ ਹੋ ਰਹੀ ਨਵੀਂ ਪੰਜਾਬੀ ਫਿਲਮ 'ਮੁੰਡਾ ਫਰੀਦਕੋਟੀਆ' ਵੱਖਰੀ ਤਰ੍ਹਾਂ ਦੀ ਫਿਲਮ ਹੈ। ਇਹ ਪੰਜਾਬ ਤੇ ਪਾਕਿਸਤਾਨ ਵਿਚਲੇ ਦੋ ਫਰੀਦਕੋਟਾਂ ਦੀ ਕਹਾਣੀ ਬਿਆਨ ਕਰੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫਿਲਮ ਦੇ ਨਿਰਮਾਤਾ ਵੈਨਕੂਵਰ ਵਾਸੀ ਦਲਜੀਤ ਸਿੰਘ ਥਿੰਦ ਅਤੇ ਨਿਰਦੇਸ਼ਕ ਮਨਦੀਪ ਸਿੰਘ ਚਾਹਲ ਨੇ 'ਪੰਜਾਬੀ ਜਾਗਰਣ' ਦੇ ਦਫਤਰ ਵਿਚ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਦੱਸਿਆ ਕਿ ਫਿਲਮ ਦੀ ਕਹਾਣੀ ਦੋ ਫਰੀਦਕੋਟਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਇਸ ਲਈ ਹੀ ਫਿਲਮ ਦਾ ਨਾਂ 'ਮੁੰਡਾ ਫਰੀਦਕੋਟੀਆ' ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਫਰੀਦਕੋਟ, ਦੁਰਾਹੇ, ਮਾਲੇਰਕੋਟਲਾ ਅਤੇ ਮੋਹਾਲੀ ਨੇੜੇ ਕੀਤੀ ਗਈ ਹੈ।

ਇਸ ਫਿਲਮ ਦੇ ਹੀਰੋ ਗਾਇਕ ਤੇ ਕਲਾਕਾਰ ਰੌਸ਼ਨ ਪ੍ਰਿੰਸ, ਹੀਰੋਇਨ ਸ਼ਰਣ ਕੌਰ ਤੋਂ ਇਲਾਵਾ ਫਿਲਮ ਵਿਚ ਕਰਮਜੀਤ ਅਨਮੋਲ, ਨਵਪ੍ਰੀਤ ਬੰਗਾ, ਮੁਕੁਲ ਦੇਵ, ਹੌਬੀ ਧਾਲੀਵਾਲ, ਰੋਜ਼ ਜੇ ਕੌਰ, ਰੁਪਿੰਦਰ ਰੂਪੀ ਅਤੇ ਕਾਮੇਡੀ ਕਲਾਕਾਰ ਬੀਐੱਨ ਸ਼ਰਮਾ ਨੇ ਭੂਮਿਕਾ ਨਿਭਾਈ ਹੈ। ਫਿਲਮ ਦੀ ਕਹਾਣੀ, ਸਕਰੀਨ ਪਲੇਅ ਅਤੇ ਡਾਇਲਾਗ ਅੰਜਲੀ ਖੁਰਾਣਾ ਨੇ ਲਿਖੇ ਹਨ। ਫਿਲਮ 'ਚ ਸੰਗੀਤ ਜੈਦੇਵ ਕੁਮਾਰ, ਗੁਰਮੀਤ ਸਿੰਘ ਤੇ ਜੱਗੀ ਸਿੰਘ ਨੇ ਦਿੱਤਾ ਹੈ।


ਫਿਲਮ ਦੇ ਹੀਰੋ ਰੌਸ਼ਨ ਪ੍ਰਿੰਸ ਨੇ ਦੱਸਿਆ ਕਿ ਉਹ 'ਫਰੀਦ ਸਿੰਘ' ਨਾਂ ਦੇ ਮੁੰਡੇ ਦਾ ਕਿਰਦਾਰ ਅਦਾ ਕਰ ਰਹੇ ਹਨ, ਜੋ ਪਾਕਿਸਤਾਨ ਦੇ ਫਰੀਦਕੋਟ 'ਚ ਪੁੱਜ ਜਾਂਦਾ ਹੈ, ਜਿਥੇ ਉਸ ਨੂੰ ਭਾਸ਼ਾ ਦੀ ਸਮੱਸਿਆ ਪੇਸ਼ ਆਉਣ ਕਾਰਨ ਗੂੰਗਾ ਬਣਨਾ ਪੈਂਦਾ ਹੈ। ਪ੍ਰਿੰਸ ਨੇ ਦੱਸਿਆ ਕਿ ਗੂੰਗੇ ਦੀ ਭੂਮਿਕਾ ਨਿਭਾਉਣੀ ਉਸ ਲਈ ਨਵਾਂ ਤਜਰਬਾ ਹੈ ਪਰ ਉਸ ਨੇ ਕਿਰਦਾਰ ਨਾਲ ਪੂਰਾ ਇਨਸਾਫ ਕੀਤਾ ਹੈ। ਸ਼ਰਣ ਕੌਰ ਨੇ ਦੱਸਿਆ ਕਿ ਇਹ ਉਸ ਦੀ ਪਹਿਲੀ ਫਿਲਮ ਹੈ। ਉਹ ਪਹਿਲਾਂ ਹਿੰਦੀ ਸੀਰੀਅਲਾਂ ਵਿਚ ਕੰਮ ਕਰ ਚੁੱਕੀ ਹੈ। ਫਿਲਮ ਦੇ ਨਿਰਦੇਸ਼ਕ ਤੇ ਹੀਰੋ ਤੋਂ ਇਲਾਵਾ ਹੋਰ ਸਟਾਰ ਕਾਸਟ ਨਾਲ ਕੰਮ ਕਰ ਕੇ ਉਸ ਨੂੰ ਚੰਗਾ ਲੱਗਾ ਹੈ।

ਸ਼ਰਣ ਕੌਰ ਨੇ ਦੱਸਿਆ ਕਿ ਇਸ ਫਿਲਮ ਵਿਚ ਉਸ ਨੇ ਪਾਕਿਸਤਾਨ ਦੀ ਪੋਠੋਹਾਰੀ ਭਾਸ਼ਾ ਸਿੱਖਣ ਲਈ ਕਾਫੀ ਮਿਨਹਤ ਕੀਤੀ ਹੈ ਅਤੇ ਸਾਰੇ ਡਾਇਲਾਗ ਪੋਠੋਹਾਰੀ ਵਿਚ ਬੋਲੇ ਹਨ, ਜਿਸ ਨਾਲ ਉਹ ਪਾਕਿਸਤਾਨੀ ਕੁੜੀ ਲੱਗਦੀ ਹੈ। ਸ਼ਰਣ ਨੇ ਦੱਸਿਆ ਕਿ ਉਸ ਨੂੰ 14 ਜੂਨ ਨੂੰ ਰਿਲੀਜ਼ ਹੋ ਰਹੀ ਆਪਣੀ ਪਹਿਲੀ ਪੰਜਾਬੀ ਫਿਲਮ 'ਮੁੰਡਾ ਫਰੀਦਕੋਟੀਆ' ਤੋਂ ਕਾਫੀ ਉਮੀਦਾਂ ਹਨ ਅਤੇ ਦਰਸ਼ਕ ਫਿਲਮ ਨੂੰ ਚੰਗਾ ਹੁੰਗਾਰਾ ਦੇਣਗੇ।