ਜਤਿੰਦਰ ਪੰਮੀ, ਜਲੰਧਰ : ਪੰਜਾਬ ਟੈਲੇਂਟ ਨਾਲ ਭਰਿਆ ਪਿਆ ਹੈ ਅਤੇ ਇਸ ਦੇ ਹਰ ਬਸ਼ਿੰਦੇ 'ਚੋਂ ਟੈਲੇਂਟ ਝਲਕਦਾ ਹੈ। ਇਸੇ ਲਈ ਜੇਕਰ ਪਾਲੀਵੁੱਡ ਜਾਂ ਬਾਲੀਵੁੱਡ ਫਿਲਮਾਂ ਦੀ ਗੱਲ ਕਰੀਏ ਤਾਂ ਹਰ ਫਿਲਮ 'ਚ ਕਿਸੇ ਨਾ ਕਿਸੇ ਪੰਜਾਬੀ ਦਾ ਜ਼ਿਕਰ ਜ਼ਰੂਰ ਆਉਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 28 ਜੂਨ ਨੂੰ ਰਿਲੀਜ਼ ਹੋ ਰਹੀ ਨਵੀਂ ਪੰਜਾਬੀ ਫਿਲਮ 'ਮਿੰਦੋ ਤਹਿਸੀਲਦਾਰਨੀ' ਦੀ ਹੀਰੋਇਨ ਕਵਿਤਾ ਕੌਸ਼ਿਕ ਨੇ 'ਪੰਜਾਬੀ ਜਾਗਰਣ' ਦੇ ਦਫਤਰ ਵਿਚ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਖੁੱਲ੍ਹੇ ਤੇ ਹਸਮੁਖ ਸੁਭਾਅ ਦੇ ਹਨ, ਜੋ ਹਰ ਕਿਸੇ ਨੂੰ ਮੋਹ ਲੈਂਦੇ ਹਨ।

ਪੰਜਾਬੀ ਫਿਲਮਾਂ 'ਚ ਆਉਣ ਬਾਰੇ ਪੁੱਛੇ ਜਾਣ 'ਤੇ ਕਵਿਤਾ ਕੌਸ਼ਿਕ ਨੇ ਦੱਸਿਆ ਕਿ ਪੰਜਾਬੀ ਫਿਲਮ 'ਚ ਕੰਮ ਕਰਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗਦਾ ਹੈ। ਮਿੰਦੋ ਤਹਿਸੀਲਦਾਰਨੀ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਕਵਿਤਾ ਕੌਸ਼ਿਕ ਨੇ ਕਿਹਾ ਕਿ ਮਿੰਦੋ ਦਾ ਕਰੈਕਟਰ ਇਕ ਕੰਮਕਾਜੀ ਔਰਤ ਦੇ ਨਾਲ-ਨਾਲ ਆਪਣੇ ਪਰਿਵਾਰ ਪ੍ਰਤੀ ਜ਼ਿੰਮੇਵਾਰ ਔਰਤ ਵਾਲਾ ਹੈ ਜੋ ਦੋਵੇਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਉਂਦੀ ਹੈ। ਫਿਲਮ ਦੇ ਅਦਾਕਾਰ ਕਰਮਜੀਤ ਅਨਮੋਲ ਜੋ ਕਿ ਇਸ ਮੂਵੀ ਦੇ ਪ੍ਰੋਡਿਊਸਰ ਵੀ ਹਨ, ਨੇ ਦੱਸਿਆ ਕਿ ਫਿਲਮ ਵਿਚ 80ਵੇਂ ਦੇ ਦਹਾਕੇ 'ਚ ਪਿੰਡਾਂ ਵਿਚਲੇ ਸਾਂਝੇ ਪਰਿਵਾਰਾਂ ਦੀ ਬਾਤ ਪਾਈ ਗਈ ਹੈ ਕਿ ਵੱਡੇ ਪਰਿਵਾਰਾਂ ਵਿਚ ਲੋਕ ਕਿਸ ਤਰ੍ਹਾਂ ਪਿਆਰ-ਮੁਹੱਬਤ ਨਾਲ ਇਕਜੁਟ ਹੋ ਕੇ ਰਹਿੰਦੇ ਸਨ।

ਉਨ੍ਹਾਂ ਦੱਸਿਆ ਕਿ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਚੰਡੀਗੜ੍ਹ ਨੇੜਲੇ ਪਿੰਡਾਂ ਅਤੇ ਮਨਾਲੀ ਵਿਚ ਕੀਤੀ ਗਈ ਹੈ। ਫਿਲਮ 'ਚ ਮਿੰਦੋ ਤਹਿਸੀਲਦਾਰਨੀ ਪੜ੍ਹੀ-ਲਿਖੀ ਤੇ ਅਮੀਰ ਪਰਿਵਾਰ ਦੀ ਕੁੜੀ ਦੱਸੀ ਗਈ ਜਦੋਂਕਿ ਹੀਰੋ ਇਕ ਸਧਾਰਨ ਪਰਿਵਾਰ ਦਾ ਮੁੰਡਾ ਦੱਸਿਆ ਗਿਆ ਹੈ। ਫਿਲਮ ਵਿਚ ਇਮੋਸ਼ਨ, ਫਾਈਟ, ਕਾਮੇਡੀ ਤੇ ਫੈਮਿਲੀ ਡਰਾਮਾ ਹੈ, ਜੋ ਕਿ ਦਰਸ਼ਕਾਂ ਨੂੰ ਕਾਫੀ ਪਸੰਦ ਆਵੇਗੀ ਅਤੇ ਦਰਸ਼ਕ ਫਿਲਮ ਦੇਖਣ ਤੋਂ ਬਾਅਦ ਖੁਸ਼ ਹੋ ਕੇ ਬਾਹਰ ਆਉਣਗੇ।

ਫਿਲਮ ਦੇ ਡਾਇਰੈਕਟਰ ਤੇ ਲੇਖਕ ਅਵਤਾਰ ਸਿੰਘ ਹਨ ਜਦੋਂਕਿ ਡਾਇਲਾਗ ਅਮਨ ਸਿੱਧੂ ਨੇ ਲਿਖੇ ਹਨ। ਹਾਸਰਸ ਕਲਾਕਾਰ ਹਰਬੀ ਸੰਘਾ ਨੇ ਕਿਹਾ ਕਿ ਉਹ ਆਪਣੇ ਕਰੈਕਟਰ ਨਾਲ ਪੂਰਾ ਇਨਸਾਫ਼ ਕਰਦੇ ਹਨ ਅਤੇ ਇਸ ਫਿਲਮ 'ਚ ਵੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਆਪਣੇ ਕਰੈਕਟਰ ਨੂੰ ਸਾਕਾਰ ਰੂਪ 'ਚ ਪੇਸ਼ ਕਰਨ। ਏਕਤਾ ਗੁਲਾਟੀ ਖੇੜਾ ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ, ਨੇ ਦੱਸਿਆ ਕਿ ਉਸ ਦੀ ਇਹ ਪਹਿਲੀ ਪੰਜਾਬੀ ਫਿਲਮ ਹੈ, ਜਿਸ ਵਿਚ ਕੰਮ ਕਰਕੇ ਚੰਗਾ ਤਜਰਬਾ ਹੋਇਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਉਹ ਛੋਟੇ ਪਰਦੇ 'ਤੇ ਕੰਮ ਕਰ ਚੁੱਕੀ ਹੈ। ਫਿਲਮ ਦੇ ਹੋਰਨਾਂ ਕਲਾਕਾਰਾਂ ਵਿਚ ਰਾਜਵੀਰ ਜਵੰਦਾ, ਈਸ਼ਾ ਰਿਖੀ, ਏਕਤਾ ਗੁਲਾਟੀ ਖੇੜਾ, ਲੱਕੀ ਧਾਲੀਵਾਲ, ਸਰਦਾਰ ਸੋਹੀ, ਤਰਸੇਮ ਪੌਲ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਰਾਣਾ ਰਣਬੀਰ, ਪ੍ਰਕਾਸ਼ ਗੱਧੂ ਆਦਿ ਸ਼ਾਮਲ ਹਨ।