Daljeet Kaur Death : ਮਸ਼ਹੂਰ ਪੰਜਾਬੀ ਅਦਾਕਾਰਾ ਦਲਜੀਤ ਕੌਰ ਦਾ ਵੀਰਵਾਰ ਸਵੇਰੇ ਕਸਬਾ ਸੁਧਾਰ ਬਾਜ਼ਾਰ 'ਚ ਦੇਹਾਂਤ ਹੋ ਗਿਆ। ਦਲਜੀਤ ਕੌਰ ਨੇ ਕਦੇ ਪੰਜਾਬੀ ਫਿਲਮ ਇੰਡਸਟਰੀ 'ਤੇ ਰਾਜ ਕੀਤਾ ਸੀ। ਉਸ ਨੇ ਕਈ ਹਿੱਟ ਹਿੰਦੀ ਫਿਲਮਾਂ 'ਚ ਵੀ ਕੰਮ ਕੀਤਾ। 69 ਸਾਲਾ ਦਲਜੀਤ ਕੌਰ ਲੰਬੇ ਸਮੇਂ ਤੋਂ ਬਿਮਾਰ ਸਨ। ਦੁਪਹਿਰ 12 ਵਜੇ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ।

ਦਲਜੀਤ ਕੌਰ ਨੇ 10 ਤੋਂ ਜ਼ਿਆਦਾ ਹਿੰਦੀ ਤੇ 70 ਤੋਂ ਜ਼ਿਆਦਾ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਸੀ। ਦਿੱਲੀ ਦੇ ਲੇਡੀ ਸ਼੍ਰੀ ਰਾਮ ਕਾਲਜ ਗ੍ਰੈਜੂਏਟ ਦਲਜੀਤ ਕੌਰ ਨੇ ਪੁਣੇ ਫਿਲਮ ਇੰਸਟੀਚਿਊਟ ਤੋਂ ਅਦਾਕਾਰੀ ਦੀ ਸ਼ੁਰੂਆਤ ਕੀਤੀ। 1976 'ਚ ਉਨ੍ਹਾਂ ਦੀ ਪਹਿਲੀ ਫਿਲਮ ਦਾਜ ਰਿਲੀਜ਼ ਹੋਈ। ਉਨ੍ਹਾਂ ਸੁਪਰਹਿੱਟ ਪੰਜਾਬੀ ਫਿਲਮ ਪੁੱਤ ਜੱਟਾਂ ਦੇ, ਮਾਮਲਾ ਗੜਬੜ ਹੈ, ਸਰਪੰਚ, ਕੀ ਬਣੂ ਦੁਨੀਆ ਦਾ ਤੇ ਪਟੋਲਾ 'ਚ ਹੀਰੋਇਨ ਦੀ ਭੂਮਿਕਾ ਨਿਭਾਈ। ਪਤੀ ਹਰਮਿੰਦਰ ਸਿੰਘ ਦਿਓਲ ਦੀ ਸੜਕ ਹਾਦਸੇ 'ਚ ਮੌਤ ਤੋਂ ਬਾਅਦ ਉਨ੍ਹਾਂ ਫਿਲਮੀ ਦੁਨੀਆ 'ਚ ਕਦਮ ਰੱਖਿਆ। ਉਮਰ ਦੇ ਹਿਸਾਬ ਨਾਲ ਮਾਂ ਤੇ ਹੋਰ ਭੂਮਿਕਾਵਾਂ 'ਚ ਵੀ ਨਜ਼ਰ ਆਏ। ਉਨ੍ਹਾਂ ਪੰਜਾਬੀ ਫਿਲਮ 'ਸਿੰਘ ਵਰਸਿਜ਼ ਕੌਰ' 'ਚ ਗਿੱਪੀ ਗਰੇਵਾਲ ਦੀ ਮਾਂ ਦਾ ਕਿਰਦਾਰ ਨਿਭਾਇਆ।

ਦਲਜੀਤ ਕੌਰ ਕਬੱਡੀ ਤੇ ਹਾਕੀ ਦੀ ਨੈਸ਼ਨਲ ਖਿਡਾਰਨ ਵੀ ਰਹੇ ਹਨ। ਉਹ ਪਿਛਲੇ ਕੁਝ ਸਾਲਾਂ ਤੋਂ ਦਿਮਾਗ਼ ਦੀ ਗੰਭੀਰ ਬਿਮਾਰੀ ਨਾਲ ਪੀੜਤ ਸਨ। ਇਸੇ ਕਾਰਨ ਉਹ ਮੁੰਬਈ ਤੋਂ ਲੁਧਿਆਣਾ ਆ ਕੇ ਕਸਬਾ ਗੁਰੂਸਰ ਸੁਧਾਰ ਬਾਜ਼ਾਰ 'ਚ ਆਪਣੇ ਇਕ ਰਿਸ਼ਤੇਦਾਰ ਦੇ ਘਰ ਰਹਿਣ ਲੱਗੇ ਸਨ। ਉਨ੍ਹਾਂ ਆਪਣੀ ਪਿਛਲੀ ਜ਼ਿੰਦਗੀ ਬਾਰੇ ਕੁਝ ਵੀ ਯਾਦ ਨਹੀਂ ਰਿਹਾ ਸੀ। ਆਖਰੀ ਦਿਨਾਂ 'ਚ ਕਾਫੀ ਸਰੀਰਕ ਕਸ਼ਟ ਭੋਗਿਆ ਤੇ ਵੀਰਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ।

Posted By: Sandip Kaur