ਜਤਿੰਦਰ ਪੰਮੀ, ਜਲੰਧਰ : ਪੰਜਾਬ ਸਰਕਾਰ ਪੰਜਾਬੀ ਫਿਲਮਾਂ ਤੇ ਸਾਹਿਤਕਾਰਾਂ ਦਾ ਕਦੇ ਕੋਈ ਮਾਣ-ਸਨਮਾਨ ਨਹੀਂ ਕਰਦੀ, ਜਿਸ ਕਾਰਨ ਪੰਜਾਬ 'ਚ ਲਗਾਤਾਰ ਬਣਦੀਆਂ ਆ ਰਹੀਆਂ ਸਰਕਾਰਾਂ ਨਾਲ ਸਾਡੀ ਸ਼ਿਕਾਇਤ ਰਹੀ ਹੈ ਅਤੇ ਅੱਜ ਵੀ ਹੈ ਕਿ ਉਨ੍ਹਾਂ ਨੇ ਪੰਜਾਬੀ ਸਭਿਆਚਾਰ, ਪੰਜਾਬੀ ਬੋਲੀ ਤੇ ਪੰਜਾਬੀ ਵਿਰਸੇ ਨੂੰ ਹੱਲਾਸ਼ੇਰੀ ਦੇਣ ਲਈ ਕੁਝ ਨਹੀਂ ਕੀਤਾ। ਨਾ ਹੀ ਫਿਲਮਸਾਜ਼ਾਂ, ਥੀਏਟਰ ਕਰਨ ਵਾਲਿਆਂ ਤੇ ਕਵੀਆਂ ਲਈ ਕੋਈ ਸੰਸਥਾ ਬਣਾਈ ।

ਪੰਜਾਬੀ ਬੋਲੀ ਤੇ ਭਾਸ਼ਾ ਪ੍ਰਤੀ ਸਰਕਾਰਾਂ ਦੀ ਬੇਰੁਖ਼ੀ ਦਾ ਜ਼ਿਕਰ ਪੀਟੀਸੀ ਚੈਨਲ ਦੇ ਐੱਮਡੀ ਤੇ ਪ੍ਰੈਜ਼ੀਡੈਂਟ ਰਾਬਿੰਦਰਾ ਨਾਰਾਇਣ ਨੇ ਸ਼ਨਿਚਰਵਾਰ ਨੂੰ 'ਪੰਜਾਬੀ ਜਾਗਰਣ' ਵੱਲੋਂ ਕਰਵਾਏ ਗਏ ਦੋ ਦਿਨਾ 'ਕਾਫ਼ਲਾ ਕਲਮਾਂ ਦਾ' ਉਤਸਵ ਦੇ ਦੂਜੇ ਦਿਨ ਦੇ ਚੌਥੇ ਸੈਸ਼ਨ 'ਪੰਜਾਬੀ ਫਿਲਮਾਂ-ਸੰਭਾਵਨਾਵਾਂ ਤੇ ਚੁਣੌਤੀਆਂ' ਵਿਸ਼ੇ ਦੌਰਾਨ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਸੂਬੇ ਦੀਆਂ ਸਰਕਾਰਾਂ 'ਤੇ ਗਿਲ਼ਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਲਈ ਕੰਮ ਕਰਨ ਵਾਲਿਆਂ ਨੂੰ ਪੰਜਾਬ 'ਚ ਕੋਈ ਐਵਾਰਡ ਨਹੀਂ ਦਿੱਤਾ ਜਾਂਦਾ ਹੈ ਜਿਸ ਨਾਲ ਕਿ ਪੰਜਾਬੀ ਪਿਆਰੇ ਪੰਜਾਬੀ ਮਾਂ ਬੋਲੀ ਲਈ ਸੇਵਾਵਾਂ ਦੇਣ ਵਾਸਤੇ ਹੋਰ ਉਤਸ਼ਾਹਤ ਹੋਣ।

ਰਬਿੰਦਰਾ ਨਾਰਾਇਣ ਨੇ ਕਿਹਾ ਕਿ ਜੇਕਰ ਪੰਜਾਬੀ ਲਈ ਕੰਮ ਕਰ ਰਹੇ ਚਾਰ ਕੁ ਅਦਾਰੇ ਬੰਦ ਹੋ ਜਾਣ ਤਾਂ ਮਾਂ-ਬੋਲੀ ਦਾ ਅੰਤ ਨਿਸ਼ਚਿਤ ਹੈ। ਇਸ ਲਈ ਪੰਜਾਬੀ ਭਾਸ਼ਾ ਲਈ ਵੱਖ-ਵੱਖ ਮੁਹਾਜ਼ਾਂ 'ਤੇ ਅਹਿਮ ਯੋਗਦਾਨ ਪਾਉਣ ਵਾਲਿਆਂ ਨੂੰ ਚਾਹੇ ਕੋਈ ਕਹਾਣੀਕਾਰ, ਨਾਵਲਕਾਰ, ਸ਼ਾਇਰ, ਥੀਏਟਰ ਕਲਾਕਾਰ, ਨਿਰਦੇਸ਼ਕ ਅਤੇ ਭਾਸ਼ਾ ਵਿਗਿਆਨੀ ਹੋਵੇ ਜਾਂ ਪੰਜਾਬੀ ਦੇ ਸਾਫਟਵੇਅਰ ਤਿਆਰ ਕਰਨ ਵਾਲੇ ਮਾਹਿਰ ਹੋਣ, ਉਨ੍ਹਾਂ ਦੀ ਹੌਸਲਾ ਅਫਜ਼ਾਈ ਲਈ ਐਵਾਰਡ ਦਿੱਤੇ ਜਾਣ। ਪੀਟੀਸੀ ਨੈੱਟਵਰਕ ਨੇ ਇਸ ਪਾਸੇ ਕੰਮ ਕਰਨ ਦਾ ਹੀਲਾ ਕੀਤਾ ਹੈ ਕਿ ਫਿਲਮਾਂ ਬਣਾਈਆਂ ਜਾਣ, ਜਿਸ ਵਿਚ ਪੰਜਾਬੀ ਦੇ ਨਵੇਂ ਲੇਖਕ, ਕਲਾਕਾਰਾਂ ਅਤੇ ਨਿਰਦੇਸ਼ਕਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇ।

ਪੰਜਾਬੀ ਸਾਫਟਵੇਅਰਾਂ ਦੇ ਪਿਤਾਮਾ ਮੰਨੇ ਜਾਂਦੇ ਡਾ. ਗੁਰਪ੍ਰੀਤ ਲਹਿਲ ਨੇ 'ਕਾਫਲਾ ਕਲਮਾਂ ਦਾ' ਉਤਸਵ ਦੇ ਦੂਜੇ ਦਿਨ ਦੇ ਪਹਿਲੇ ਸੈਸ਼ਨ 'ਪੰਜਾਬੀ ਨੌਜਵਾਨ ਬਨਾਮ ਸੋਸ਼ਲ ਮੀਡੀਾ/ਪੰਜਾਬੀ ਸਾਫਟਵੇਅਰ' ਵਿਚ ਵਿਚਾਰ-ਚਰਚਾ ਦੌਰਾਨ ਗਿਲ਼ਾ ਕੀਤਾ ਕਿ ਪੰਜਾਬੀ ਭਾਸ਼ਾ ਤੇ ਲਿਪੀ ਨੂੰ ਕੰਪਿਊਟਰਾਈਜ਼ਡ ਕਰਨ ਅਤੇ ਇਸ ਦਾ ਸਾਫਟਵੇਅਰ ਤਿਆਰ ਕਰਨ 'ਚ ਹੁਣ ਤਕ ਜਿੰਨੇ ਵੀ ਪ੍ਰਾਜੈਕਟ ਬਣਾਏ ਗਏ ਹਨ, ਉਨ੍ਹਾਂ ਦੀ ਫੰਡਿੰਗ ਵਿਦੇਸ਼ਾਂ ਜਾਂ ਭਾਰਤ ਸਰਕਾਰ ਵੱਲੋਂ ਤਾਂ ਕੀਤੀ ਗਈ ਹੈ ਪਰ ਪੰਜਾਬ ਦੀ ਕਿਸੇ ਵੀ ਸਰਕਾਰ ਨੇ ਇਸ ਲਈ ਕੋਈ ਫੰਡਿੰਗ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਹੁਣ ਤਕ ਪੰਜਾਬ ਦੇ ਜਿੰਨੇ ਵੀ ਸਾਫਟਵੇਅਰ ਤਿਆਰ ਕੀਤੇ ਗਏ ਹਨ, ਉਨ੍ਹਾਂ ਲਈ ਫੰਡਿੰਗ ਸਿੰਗਾਪੁਰ, ਆਸਟ੍ਰੇਲੀਆ ਅਤੇ ਭਾਰਤ ਸਰਕਾਰ ਵੱਲੋਂ ਤਾਂ ਕੀਤੀ ਗਈ ਹੈ ਪਰ ਪੰਜਾਬ ਸਰਕਾਰ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ। ਕੰਪਿਊਟਰ ਸਾਇੰਸ ਦੇ ਮਾਹਰ ਡਾ. ਲਹਿਲ ਨੇ ਦੱਸਿਆ ਕਿ ਉਨ੍ਹਾਂ ਨੇ ਗੁਰਮੁਖੀ ਤੇ ਸ਼ਾਹਮੁਖੀ ਲਿਪੀਆਂ ਦੀ ਲਿਪੀਅੰਤਰ ਕਰਨ ਬਾਰੇ ਪ੍ਰਾਜੈਕਟ 2001 ਵਿਚ ਸ਼ੁਰੂ ਕੀਤਾ ਸੀ। ਪ੍ਰਾਜੈਕਟ ਦੇ ਕੋਆਰਡੀਨੇਟਰ ਨੇ ਸਾਨੂੰ ਦੱਸਿਆ ਸੀ ਕਿ ਇਹ ਮੁੱਦਾ ਪ੍ਰਸਿੱਧ ਸਾਹਿਤਕਾਰ ਤੇ ਰਾਜ ਸਭਾ ਮੈਂਬਰ ਕਰਤਾਰ ਸਿੰਘ ਦੁੱਗਲ ਨੇ ਸੰਸਦ 'ਚ ਚੁੱਕਿਆ ਸੀ ਕਿ ਭਾਸ਼ਾਵਾਂ ਨੇ ਏਨਾ ਕੰਮ ਹੋ ਰਿਹਾ ਤਾਂ ਸਾਨੂੰ ਗੁਰਮੁਖੀ ਲਿਪੀ ਦੇ ਸ਼ਾਹਮੁਖੀ ਲਿਪੀ 'ਚ ਲਿਪੀਅੰਤਰ ਕਰਨ ਲਈ ਵੀ ਸਾਫਟਵੇਅਰ ਤਿਆਰ ਕਰਨਾ ਚਾਹੀਦਾ ਹੈ।

ਉਸ ਤੋਂ ਬਾਅਦ ਉਨ੍ਹਾਂ ਨੇ ਅਜਿਹਾ ਸਾਫਟਵੇਅਰ ਬਣਾਉਣ ਦਾ ਪ੍ਰਾਜੈਕਟ 2001 'ਚ ਮਿਲਿਆ ਸੀ। ਸ਼ੁਰੂਆਤ 'ਚ ਇਸ ਵਿਚ ਕਾਫੀ ਖਾਮੀਆਂ ਸਨ ਪਰ ਸਾਲ ਦਰ ਸਾਲ ਦੀ ਮਿਹਨਤ ਤੇ ਇਸ ਦੇ ਨਤੀਜਿਆਂ ਨੂੰ ਦੇਖਦਿਆਂ ਹੋਰ ਸੁਧਾਰ ਕੀਤਾ ਗਿਆ ਅਤੇ 2007 ਇਹ ਸਾਫਟਵੇਅਰ ਪੂਰੀ ਤਰ੍ਹਾਂ ਖਾਮੀਆਂ ਰਹਿਤ ਬਣ ਕੇ ਤਿਆਰ ਹੋ ਗਿਆ।

ਇਸ ਨਾਲ ਸ਼ਾਹਮੁਖੀ ਨੂੰ ਗੁਰਮੁਖੀ ਅਤੇ ਗੁਰਮੁਖੀ ਨੂੰ ਸ਼ਾਹਮੁਖੀ 'ਚ ਤਬਦੀਲ ਕੀਤਾ ਜਾ ਸਕਦਾ ਹੈ। ਡਾ. ਲਹਿਲ ਨੇ ਪੰਜਾਬ ਸਰਕਾਰ ਨੂੰ 'ਪੰਜਾਬੀ ਜਾਗਰਣ' ਦੇ ਇਸ ਮੰਚ ਤੋਂ ਪੰਜਾਬੀ ਨਾਲ ਸਬੰਧਤ ਸਾਫਟਵੇਅਰ ਤਿਆਰ ਕਰਨ ਲਈ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਕੰਪਿਊਟਰੀਕਰਨ ਤੇ ਸੋਸ਼ਲ ਮੀਡੀਆ ਦੇ ਇਸ ਦੌਰ ਵਿਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਅਤੇ ਸਮੇਂ ਦੀ ਹਾਣ ਦੀ ਬਣਾਉਣ ਲਈ ਸਰਕਾਰੀ ਸਹਾਇਤਾ ਤੋਂ ਬਿਨਾਂ ਕੁਝ ਨਹੀਂ ਕੀਤਾ ਜਾ ਸਕਦਾ।