ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ : 90 ਦੇ ਦਹਾਕੇ ਦੌਰਾਨ ਪੰਜਾਬ 'ਚ ਆਪਣੀ ਗਾਇਕੀ ਨਾਲ ਮਕਬੂਲ ਹੋਏ ਸਵਰਗੀ ਮੇਜਰ ਰਾਜਸਥਾਨੀ ਦੇ ਨਜ਼ਦੀਕੀ ਕਾਬਲ ਰਾਜਸਥਾਨੀ (Kabal Rajasthani) 52 ਸਾਲ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਆਪਣੀ ਗਾਇਕੀ ਦੌਰਾਨ ਕਈ ਹਿੱਟ ਗੀਤ ਪੰਜਾਬੀਆਂ ਦੀ ਝੋਲੀ ਪਾਏ ਜਿਨ੍ਹਾਂ ਵਿਚ ਉੱਚੀ-ਉੱਚੀ ਰੋਇਆ ਕਰੇਂਗੀ, ਮਾਹੀ ਸ਼ੱਕ ਕਰਦਾ, ਕਿਹੜੀ ਗੱਲੋਂ ਰੁੱਸਿਆ ਫਿਰੇਂ..., ਭੁੱਲ ਗਈ ਗ਼ਰੀਬ ਨੂੰ, ਅੱਖੀਆਂ ਨੂੰ ਰੱਜ ਲੈਣ ਦੇ, ਫੋਟੋ ਤੇਰੇ ਕੋਲ ਪਈ ਏ... ਆਦਿ ਸ਼ਾਮਲ ਹਨ। ਕਾਬਲ ਰਾਜਸਥਾਨੀ ਦੇ ਹੋਏ ਦੇਹਾਂਤ 'ਤੇ ਸੰਗੀਤ ਜਗਤ 'ਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦਾ ਸਸਕਾਰ ਮੋਗਾ ਦੇ ਕੋਟ ਈਸੇ ਖਾਂ ਵਿਖੇ ਕੀਤਾ ਜਾਵੇਗਾ। ਗੀਤਕਾਰ ਤੇ ਗਾਇਕ ਗਿੱਲ ਗੁਲਾਮੀ ਵਾਲਾ, ਗੀਤਕਾਰ ਸਤਨਾਮ ਮੱਲੇਆਣਾ ਨੇ ਕਾਬਲ ਰਾਜਸਥਾਨੀ ਦੀ ਬੇਵਕਤੀ ਮੌਤ 'ਤੇ ਦੁੱਖ ਜ਼ਾਹਰ ਕੀਤਾ ਹੈ।

Posted By: Seema Anand