ਪੰਜਾਬੀ ਗਾਇਕੀ ਦੇ ਖੇਤਰ 'ਚ ਅਜਿਹੇ ਨਾਂ ਗਿਣਵੇਂ-ਚੁਣਵੇਂ ਹੀ ਹਨ, ਜਿਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਤੇ ਸੁਰੀਲੀ ਆਵਾਜ਼ ਸਦਕਾ ਖ਼ੁਦ ਦੀ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ 'ਚੋਂ ਹੀ ਇਕ ਨਾਂ ਹੈ ਫਿਰੋਜ਼ ਖ਼ਾਨ। ਫਿਰੋਜ਼ ਕੋਈ ਰਾਤੋਂ-ਰਾਤ ਸਟਾਰ ਨਹੀਂ ਬਣਿਆ ਬਲਕਿ ਉਹ ਆਪਣੀ ਪ੍ਰਸਿੱਧੀ ਪਿੱਛੇ ਇਕ ਲੰਬਾ ਇਤਿਹਾਸ ਸਮੋਈ ਬੈਠਾ ਹੈ। ਪਿੰਡ ਧਲੇਰ (ਸੰਗਰੂਰ) ਦੇ ਜੰਮਪਲ ਫਿਰੋਜ਼ ਖ਼ਾਨ ਨੂੰ ਗਾਉਣ ਦੀ ਚੇਟਕ ਜਨਾਬ ਨੁਸਰਤ ਫ਼ਤਹਿ ਅਲੀ ਖ਼ਾਨ, ਲਤਾ ਮੰਗੇਸ਼ਕਰ ਤੇ ਸਰਦੂਲ ਸਿਕੰਦਰ ਦੇ ਗੀਤ ਸੁਣ-ਸੁਣ ਕੇ ਬਚਪਨ 'ਚ ਹੀ ਲੱਗ ਗਈ ਸੀ। ਉਸ ਨੇ ਘਰ ਦੀਆਂ ਤੰਗੀਆਂ-ਤੁਰਸ਼ੀਆਂ 'ਚ ਵੀ ਨਿਰੰਤਰ ਤੌਰ 'ਤੇ ਗਾਇਕੀ ਨਾਲ ਨੇੜ੍ਹਤਾ ਬਣਾਈ ਰੱਖੀ ਤੇ ਉਸਤਾਦ ਅਨਿਲ ਭਾਰਤੀ ਤੇ ਸ਼ੌਕਤ ਅਲੀ ਮਤੋਈ ਕੋਲੋਂ ਸੰਗੀਤ ਦੀਆਂ ਬਾਰੀਕੀਆਂ ਸਿੱਖਦਾ ਰਿਹਾ। ਨਿਰੰਤਰ ਰਿਆਜ਼ ਸਦਕਾ ਉਸ ਦੇ ਗਲੇ 'ਚ ਮਿਠਾਸ ਤੇ ਸੁਰੀਲਾਪਨ ਪੈਦਾ ਹੋਇਆ।

ਪ੍ਰਸਿੱਧ ਸੰਗੀਤਕਾਰ ਤੇਜਵੰਤ ਕਿੱਟੂ, ਜੈ ਦੇਵ ਕੁਮਾਰ, ਗੀਤਕਾਰ ਹਰਜਿੰਦਰ ਬੱਲ ਤੇ ਸਾਗਾ ਮਿਊਜ਼ਿਕ ਕੰਪਨੀ ਦੇ ਮਾਲਕ ਪ੍ਰਦੀਪ ਦੇ ਸਹਿਯੋਗ ਸਦਕਾ 1996 'ਚ ਜਦੋਂ ਫਿਰੋਜ਼ ਖ਼ਾਨ ਦੀ ਪਹਿਲੀ ਕੈਸਿਟ 'ਤੇਰੀ ਮੈਂ ਹੋ ਨਾ ਸਕੀ' ਮਾਰਕੀਟ 'ਚ ਆਈ ਤਾਂ ਉਸ ਦੀ ਪ੍ਰਸਿੱਧੀ ਦਿਨਾਂ 'ਚ ਹੀ ਚਾਰੇ ਪਾਸੇ ਹੋ ਗਈ। ਇਸ ਕੈਸਿਟ ਨੂੰ ਸਰੋਤਿਆਂ ਵਲੋਂ ਰੱਜਵਾਂ ਪਿਆਰ ਮਿਲਿਆ। ਇਸ ਕੈਸਿਟ ਦਾ ਟਾਈਟਲ ਗੀਤ ਕਾਫ਼ੀ ਮਕਬੂਲ ਹੋਇਆ। ਹੁਣ ਤਕ ਫਿਰੋਜ਼ ਖ਼ਾਨ ਦੀਆਂ 2 ਦਰਜ਼ਨ ਤੋਂ ਵੱਧ ਕੈਸਿਟਾਂ ਰਿਲੀਜ਼ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਫਿਰੋਜ਼ ਨੇ ਕਈ ਫਿਲਮੀ ਤੇ ਧਾਰਮਿਕ ਗੀਤ ਵੀ ਰਿਕਾਰਡ ਕਰਵਾਏ ਹਨ। ਉਸ ਦੀਆਂ ਤਕਰੀਬਨ ਸਾਰੀਆਂ ਹੀ ਕੈਸਿਟਾਂ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ।

ਫਿਰ ਵੀ ਫਿਰੋਜ਼ ਦੇ ਕੁਝ ਬਹੁਤ ਮਕਬੂਲ ਰਹੇ ਗੀਤਾਂ 'ਚ 'ਦਰਦ ਜੁਦਾਈਆਂ ਦੇ', 'ਪਾਣੀ ਦੀਆਂ ਛੱਲਾਂ', 'ਹੀਰੀਏ', 'ਦੱਸੀਂ ਮੇਰੇ ਪਿਆਰ ਵਿਚ ਕਮੀਂ ਕਿੱਥੇ ਰਹਿ ਗਈ ਸੀ', 'ਮਾਹੀ-ਮਾਹੀ', 'ਕੋਈ ਵੀ ਐਸਾ ਪਲ ਨਾ ਆਵੇ', 'ਛੱਡ ਕਿਹੜੇ ਪਿਆਰ ਦੀ ਦੁਹਾਈ ਦੇਣ ਆਈਂ ਏਂ', 'ਕਹਾਣੀ', 'ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ', 'ਮੱਥੇ ਦੀਆਂ ਲਿਖੀਆਂ', 'ਚਿੱਟੀਆਂ ਵੰਗਾਂ', 'ਦਿਲ', 'ਧੋਖਾ ਦੇ ਹੀ ਜਾਂਦੀ ਏ', 'ਉਹ ਕੁੜੀ', 'ਹੋ ਨਹੀਂ ਸਕਦਾ' ਆਦਿ ਸ਼ਾਮਲ ਹਨ। ਫਿਰੋਜ਼ ਦੀ ਖ਼ਾਸੀਅਤ ਹੈ ਕਿ ਉਸ ਨੇ ਨੱਚਣ-ਟੱਪਣ, ਮੁਹੱਬਤ ਤੇ ਫਿਲਮੀ ਗੀਤਾਂ ਤੋਂ ਲੈ ਕੇ ਸਮਾਜ ਨੂੰ ਕੋਈ ਚੰਗਾ ਸੁਨੇਹਾ ਦੇਣ ਵਾਲੇ ਹਰ ਰੰਗ ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ।

ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦੀ ਅਦਾਕਾਰੀ ਦੇ ਮੁਰੀਦ ਫਿਰੋਜ਼ ਖ਼ਾਨ ਦਾ ਸੁਪਨਾ ਸੀ ਕਿ ਉਹ ਵੀ ਕਿਸੇ ਹਿੰਦੀ ਫਿਲਮ 'ਚ ਪਿੱਠਵਰਤੀ ਗਾਇਕ ਵਜੋਂ ਗੀਤ ਗਾਏ। ਉਸ ਦਾ ਇਹ ਸੁਪਨਾ ਉਦੋਂ ਪੂਰਾ ਹੋਇਆ ਜਦੋਂ ਉਸ ਨੂੰ ਬਾਲੀਵੁੱਡ ਫਿਲਮ 'ਲੰਡਨ ਡਰੀਮਜ਼' 'ਚ ਗੀਤ 'ਟੱਪਕੇ ਮਸਤੀ' ਗਾਉਣ ਦਾ ਮੌਕਾ ਮਿਲਿਆ। ਵੈਸੇ ਫਿਰੋਜ਼ ਹੁਣ ਤਕ ਕਈ ਪੰਜਾਬੀ ਫਿਲਮਾਂ 'ਚ ਪਿੱਠਵਰਤੀ ਗਾਇਕ ਵਜੋਂ ਗੀਤ ਗਾ ਚੁੱਕਾ ਹੈ। ਇਨ੍ਹਾਂ ਫਿਲਮਾਂ 'ਚ 'ਮੰਨਤ', 'ਮੇਲ ਕਰਾਦੇ ਰੱਬਾ', 'ਰੰਗੀਲੇ', 'ਯਾਰਾਂ ਨਾਲ ਬਹਾਰਾਂ', 'ਤੇਰਾ ਮੇਰਾ ਕੀ ਰਿਸ਼ਤਾ', 'ਸਾਕਾ', 'ਸੂਬੇਦਾਰ ਜੋਗਿੰਦਰ ਸਿੰਘ', 'ਟਾਈਟੈਨਿਕ', 'ਰੰਗੀਲੇ', 'ਆਸੀਸ', 'ਬਲੈਕੀਆਂ' ਆਦਿ ਪ੍ਰਮੁੱਖ ਹਨ। ਵੈਸੇ ਪੰਜਾਬੀ ਫਿਲਮਾਂ 'ਚ ਫਿਰੋਜ਼ ਨੇ ਜ਼ਿਆਦਾਤਰ ਰੁਮਾਂਟਿਕ ਗੀਤ ਗਾਏ ਹਨ ਜੋ ਕਾਫ਼ੀ ਮਕਬੂਲ ਹੋਏ ਹਨ ਤੇ ਹਮੇਸ਼ਾ ਸਰੋਤਿਆਂ ਦੀ ਪਹਿਲੀ ਪਸੰਦ ਰਹੇ ਹਨ।

ਫਿਲਮੀ ਗੀਤ ਗਾਉਣ ਤੋਂ ਇਲਾਵਾ ਫਿਰੋਜ਼ ਖ਼ੁਦ ਵੀ ਪੰਜਾਬੀ ਫਿਲਮ 'ਜੁਗਾੜੀ ਡੌਟ ਕਾਮ' 'ਚ ਆਪਣੀ ਅਦਾਕਾਰੀ ਦੇ ਜੌਹਰ ਵਿਖਾ ਚੁੱਕਾ ਹੈ। ਫਿਰੋਜ਼ ਖ਼ਾਨ ਨੇ ਕੁਝ ਦੋਗਾਣੇ ਸੁਦੇਸ਼ ਕੁਮਾਰੀ, ਮਿਸ ਪੂਜਾ ਤੇ ਸਿਪਰਾ ਗੋਇਲ ਆਦਿ ਗਾਇਕਾਵਾਂ ਨਾਲ ਵੀ ਗਾਏ ਹਨ। ਉਸ ਦਾ ਪਿਛਲੇਂ ਦਿਨੀਂ ਰਿਲੀਜ਼ ਹੋਇਆ ਨਵਾਂ ਸਿੰਗਲ ਟਰੈਕ 'ਇਕ ਨਾਮ ਤੇਰੇ' ਵੀ ਸਰੋਤਿਆਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦਾ ਮਿਊਜ਼ਿਕ ਪ੍ਰਭ ਨੀਅਰ ਨੇ ਤਿਆਰ ਕੀਤਾ ਹੈ ਤੇ ਇਸ ਗੀਤ ਦੇ ਬੋਲਾਂ ਨੂੰ ਗੀਤਕਾਰ ਨਵ ਗੜ੍ਹੀਵਾਲਾ ਨੇ ਬਹੁਤ ਖ਼ੂਬਸੂਰਤੀ ਨਾਲ ਕਲਮਬੱਧ ਕੀਤਾ ਹੈ।

ਵੈਸੇ ਫਿਰੋਜ਼ ਖ਼ਾਨ ਹਵਾ ਦੇ ਬੁੱਲ੍ਹੇ ਵਰਗਾ ਗਾਇਕ ਹੈ, ਉਸ ਦੀਆਂ ਦਰਿਆ ਦਿਲੀ ਆਦਤਾਂ ਤੇ ਅਦੁੱਤੀ ਨਸੀਹਤਾਂ ਸਦਕਾ ਵੀ ਉਹ ਪੈਸੇ ਤੇ ਸ਼ੁਹਰਤ ਦੀ ਆਕੜ ਤੋਂ ਕੋਹਾਂ ਦੂਰ ਹੈ। ਉਹ ਗਾਇਕੀ ਤੇ ਇਨਸਾਨੀ ਗੁਣਾਂ ਦਾ ਅਨਮੋਲ ਖ਼ਜਾਨਾ ਹੈ। ਇਕ ਚੰਗਾ ਗਾਇਕ ਹੋਣ ਦੇ ਨਾਲ-ਨਾਲ ਉਹ ਇਕ ਮਿਲਣਸਾਰ ਤੇ ਪੰਜਾਬੀਅਤ ਨੂੰ ਦਿਲੋਂ ਪਿਆਰ ਕਰਨ ਵਾਲਾ ਫ਼ਨਕਾਰ ਹੈ। ਅੱਜ ਕੱਲ੍ਹ ਉਹ ਆਪਣੇ ਪਰਿਵਾਰ ਨਾਲ ਫਗਵਾੜਾ ਸ਼ਹਿਰ ਵਿਚ ਖ਼ੁਸ਼ੀ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਜਲਦ ਹੀ ਫਿਰੋਜ਼ ਆਪਣੇ ਨਵੇਂ ਗੀਤਾਂ ਨਾਲ ਸਰੋਤਿਆਂ ਦੇ ਰੂਬਰੂ ਹੋਵੇਗਾ।

ਜਗਮੋਹਣ ਸ਼ਾਹ ਰਾਏਸਰ/ 94786-81528

Posted By: Harjinder Sodhi