ਚੰਡੀਗੜ੍ਹ, ਜੇਐੱਨਐੱਨ : ਪੰਜਾਬੀ ਗੈਂਸਟਰ ਸੁੱਖਾ ਕਾਹਲਵਾਂ ’ਤੇ ਆਧਾਰਿਤ ਫਿਲਮ ਸ਼ੂਟਰ ਨੂੰ ਰਿਲੀਜ਼ ਕਰਨ ’ਤੇ ਪੰਜਾਬ ਤੇ ਹਰਿਆਣਾ ’ਚ ਪਾਬੰਦੀ ਲਗਾਈ ਗਈ ਹੈ। ਇਸ ਪਾਬੰਦੀ ਖ਼ਿਲਾਫ਼ ਹੁਣ ਪੰਜਾਬ ਤੇ ਹਰਿਆਣਆ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਫਿਲਮ ਨਿਰਮਾਤਾ ਕੇਵਲ ਸਿੰਘ ਦੁਆਰਾ ਦਾਇਰ ਪਟੀਸ਼ਨ ’ਚ ਦੱਸਿਆ ਗਿਆ ਹੈ ਕਿ ਹਰਿਆਣਾ ਤੇ ਪੰਜਾਬ ਸਰਕਾਰ ਨੇ ਫਿਲਮ ’ਤੇ ਜੋ ਪਬੰਦੀ ਲਗਾਈ ਹੈ ਉਹ ਕਾਨੂੰਨ ਗ਼ਲਤ ਹੈ।

ਮਾਮਲੇ ’ਚ ਬਹਿਸ ਦੌਰਾਨ ਬੈਂਚ ਪੱਖ ਦੇ ਵਕੀਲ ਵਿਜੇ ਪਾਲ ਨੇ ਬੈਂਚ ਨੂੰ ਦੱਸਿਆ ਕਿ ਪਿਛਲੇ ਸਾਲ ਫਰਵਰੀ ਮਹੀਨੇ ’ਚ ਹਰਿਣਆ ਤੇ ਪੰਜਾਬ ਸਰਕਾਰ ਨੇ ਆਪਣੇ ਸੂਬਿਆਂ ’ਚ ਫਿਲਮ ਰਿਲੀਜ਼ ਹੋਣ ਤੋਂ ਰੋਕਣ ਦੀ ਜਾਣਕਾਰੀ ਜਾਰੀ ਕੀਤੀ ਸੀ। 10 ਮਾਰਚ 2020 ਨੂੰ Central Board of Film Certification ਨੇ ਫਿਲਮ ਜਾਰੀ ਕਰਨ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ। ਸੁਪਰੀਮ ਕੋਰਟ ਵੀ ਪ੍ਰਕਾਸ਼ ਝਾਅ ਮਾਮਲੇ ’ਚ ਸਪੱਸ਼ਟ ਕਰ ਚੁੱਕਾ ਹੈ ਕਿ ਜੇ ਇਕ ਵਾਰ ਕੇਂਦਰੀ ਫਿਲਮ ਸਰਟੀਫਿਕੇਟ ਬੋਰਡ ਕਿਸੇ ਫਿਲਮ ਨੂੰ ਰਿਲੀਜ਼ ਸਰਟੀਫਿਕੇਟ ਜਾਰੀ ਕਰ ਦੇਵੇ ਤਾਂ ਉਸ ’ਤੇ ਰੋਕ ਨਹੀਂ ਲਗਾਈ ਜਾ ਸਕਦੀ ਹੈ।

ਕੋਰਟ ਨੂੰ ਦੱਸਿਆ ਗਿਆ ਕਿ ਪਟੀਸ਼ਨ ਪੱਖ ਨੇ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਇਸ ਬਾਬਤ ਕਾਨੂੰਨੀ ਨੋਟਿਸ ਦੇ ਕੇ ਫਿਲਮ ’ਤੇ ਪਬੰਦੀ ਦੇ ਹੁਕਮ ਵਾਪਸ ਲੈਣ ਦੀ ਮੰਗ ਕੀਤੀ ਸੀ ਪਰ ਸਰਕਾਰ ਨੇ ਹੁਣ ਤਕ ਉਸ ’ਤੇ ਕੋਈ ਫ਼ੈਸਲਾ ਨਹੀਂ ਲਿਆ। ਹਾਈ ਕੋਰਟ ਨੂੰ ਮੰਗ ਕੀਤੀ ਗਈ ਕਿ ਕੋਰਟ ਸਰਕਾਰ ਦੇ ਹੁਕਮ ਨੂੰ ਰੱਦ ਕਰ ਕੇ ਫਿਲਮ ਰਿਲੀਜ਼ ਕਰਨ ਦੀ ਆਗਿਆ ਦੇਵੇ। ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਮਾਮਲੇ ਨੂੰ ਮੰਗਲਵਾਰ ਤਕ ਮੁਲਤਵੀ ਕਰ ਦਿੱਤਾ ਹੈ।


ਫਿਲਮ ਸ਼ੂਟਰ ’ਤੇ ਕੀ ਹੈ ਵਿਵਾਦ


ਇਹ ਫਿਲਮ ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਕਾਹਲਵਾਂ ’ਤੇ ਤਿੰਨ ਦਰਜਨ ਤੋਂ ਜ਼ਿਆਦਾ ਆਪਰਾਧਿਕ ਮਾਮਲੇ ਦਰਜ ਸਨ। ਇਸ ਫਿਲਮ ’ਤੇ ਦੋਸ਼ ਸੀ ਕਿ ਇਸ ’ਚ ਹਿੰਸਾ ਦੇ ਨਾਲ-ਨਾਲ ਗਨ ਕਲਚਰ ਨੂੰ ਬੜਾਵਾ ਦਿੱਤਾ ਗਿਆ ਹੈ। ਇਨ੍ਹਾਂ ਦੋਸ਼ਾਂ ਤੋਂ ਬਾਅਦ ਪੰਜਾਬ ਦੇ ਸੀਐੱਮ ਨੇ ਫਿਲਮ ਦੇ ਇਕ ਨਿਰਮਾਤਾ ਕੇਵੀ ਢਿੱਲੋਂ ਖ਼ਿਲਾਫ਼ ਐਕਸ਼ਨ ਲੈਣ ਦੇ ਵੀ ਹੁਕਮ ਜਾਰੀ ਕੀਤੇ ਸੀ। ਫਿਲਮ ਦੇ ਵਿਵਾਦ ’ਚ ਆਉਣ ਤੋਂ ਬਾਅਦ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਫਿਲਮ ’ਤੇ ਪਬੰਦੀ ਲੱਗਾ ਦਿੱਤੀ ਸੀ।

Posted By: Rajnish Kaur