ਗੀਤ ਇਕ ਸਾਧਨਾ ਹੈ। ਇਸ ’ਚ ਕਈ ਜਣਿਆਂ ਦਾ ਯੋਗਦਾਨ ਹੁੰਦਾ ਹੈ। ਗੀਤਕਾਰ, ਗਾਇਕ ਤੇ ਸੰਗੀਤਕਾਰ ਦੇ ਨਾਂ ਨੂੰ ਤਾਂ ਬਹੁਤ ਲੋਕ ਜਾਣਦੇ ਹਨ ਪਰ ਹਰ ਗੀਤ ਪਿੱਛੇ ਸਾਜ਼ੀਆਂ ਦੀ ਮਿਹਨਤ ਦਾ ਵੀ ਬੜਾ ਹੱਥ ਹੁੰਦਾ ਹੈ। ਇਨ੍ਹਾਂ ਨੂੰ ਉਹ ਮਾਣ-ਸਨਮਾਨ ਨਹੀਂ ਮਿਲਦਾ ਜਿਸ ਦੇ ਉਹ ਹੱਕਦਾਰ ਹਨ।

ਇਸੇ ਤਰ੍ਹਾਂ ਦੀ ਮਿਹਨਤੀ ਸ਼ਖ਼ਸੀਅਤ ਦਾ ਨਾਂ ਹੈ ਪ੍ਰਮੋਦ ਕੁਮਾਰ ਸੋਨੂੰ, ਜੋ ਗਿਟਾਰ ਵਜਾਉਣ ’ਚ ਕਮਾਲ ਦੀ ਮੁਹਾਰਤ ਰੱਖਦਾ ਹੈ। ਉਸ ਦੇ ਨਾਜ਼ੁਕ ਹੱਥ ਜਦੋਂ ਗਿਟਾਰ ਹੱਥ ’ਚ ਫੜਦੇ ਹਨ ਤਾਂ ਕੰਨ ਆਨੰਦ ਨਾਲ ਲਬਰੇਜ਼ ਹੋ ਜਾਂਦੇ ਹਨ। ਨਵਾਂਸ਼ਹਿਰ ਵਾਸੀ ਪ੍ਰਮੋਦ ਕੁਮਾਰ ਦਾ ਕਹਿਣਾ ਹੈ ਕਿ ਉਸ ਨੂੰ ਸੰਗੀਤ ਦਾ ਸ਼ੌਕ ਬਚਪਨ ਤੋਂ ਹੀ ਸੀ। ਜਿਉਂ-ਜਿਉਂ ਉਹ ਵੱਡਾ ਹੁੰਦਾ ਗਿਆ, ਸੰਗੀਤ ਦੀ ਲਗਨ ਹੋਰ ਜ਼ਿਆਦਾ ਵਧਦੀ ਗਈ। ਇਸ ਲਈ ਉਸ ਨੇ ਕਲਾਸੀਕਲ ਸੰਗੀਤ ਦੇ ਮਾਹਰ ਉਸਤਾਦਾਂ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ ਤੇ ਹਾਲੇ ਵੀ ਸਿੱਖ ਰਿਹਾ ਹੈ। ਵੱਡੀ ਗੱਲ ਇਹ ਵੀ ਹੈ ਕਿ ਉਸ ਨੇ ਨਵਾਂਸ਼ਹਿਰ ’ਚ ਅਕੈਡਮੀ ਖੋਲ੍ਹੀ ਹੋਈ ਹੈ, ਜਿੱਥੇ ਉਹ ਬੱਚਿਆਂ ਨੂੰ ਸੰਗੀਤ ਦੀ ਸਿਖਲਾਈ ਦੇ ਰਿਹਾ ਹੈ। ਸਿੱਖਣ-ਸਿਖਾਉਣ ਦਾ ਕੰਮ ਉਹ ਇਕੱਠਿਆਂ ਕਰ ਰਿਹਾ ਹੈ। ਅਕੈਡਮੀ ’ਚ ਬੱਚਿਆਂ ਨੂੰ ਬਹੁਤ ਹੀ ਘੱਟ ਖ਼ਰਚੇ ’ਤੇ ਸਿਖਲਾਈ ਦਿੱਤੀ ਜਾਂਦੀ ਹੈ ਤੇ ਜੋ ਮਾਪੇ ਖ਼ਰਚਾ ਨਹੀਂ ਵੀ ਦੇ ਸਕਦੇ, ਉਨ੍ਹਾਂ ਨੂੰ ਮੁਫ਼ਤ ਵੀ ਸਿਖਾਇਆ ਜਾਂਦਾ ਹੈ। ਉਸ ਦਾ ਕਹਿਣਾ ਹੈ ਕਿ ਉਸ ਦਾ ਮੁੱਖ ਮਕਸਦ ਸੰਗੀਤ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਨਾ ਹੈ।

ਉਸ ਦਾ ਕਹਿਣਾ ਹੈ ਕਿ ਕੰਪਿਊਟਰ ਦੇ ਯੁੱਗ ’ਚ ਗਾਣਿਆਂ ਦਾ ਸੰਗੀਤ ਤਿਆਰ ਕਰਨ ਲਈ ਜ਼ਿਆਦਾ ਮਿਹਨਤ ਨਹੀਂ ਕੀਤੀ ਜਾਂਦੀ ਤੇ ਕੰਪਿਊਟਰ ਰਾਹੀਂ ਮਿੰਟਾਂ-ਸਕਿੰਟਾਂ ’ਚ ਧੁਨਾਂ ਤਿਆਰ ਕਰ ਲਈਆਂ ਜਾਂਦੀਆਂ ਹਨ। ਅਜਿਹਾ ਸੰਗੀਤ ਬਹੁਤਾ ਚਿਰ ਲੋਕਾਂ ਦੇ ਦਿਲਾਂ ’ਚ ਜਗ੍ਹਾ ਬਣਾ ਕੇ ਨਹੀਂ ਰੱਖ ਸਕਦਾ। ਪੁਰਾਣੇ ਸੰਗੀਤਕਾਰ ਇਕ-ਇਕ ਗਾਣੇ ਲਈ ਕਿੰਨੀ-ਕਿੰਨੀ ਮਿਹਨਤ ਕਰਦੇ ਸਨ, ਜਿਸ ਕਾਰਨ ਅੱਜ ਵੀ ਇਹ ਸੰਗੀਤ ਸਦਾਬਹਾਰ ਹੈ। ਅਜੋਕੇ ਗਾਣੇ ਚਾਰ ਕੁ ਦਿਨ ਵੱਜਦੇ ਹਨ ਤੇ ਫਿਰ ਲੋਕ ਭੁੱਲ-ਭੁਲਾ ਜਾਂਦੇ ਹਨ।

ਕੋਰੋਨਾ ਕਾਲ ’ਚ ਹੋਰਨਾਂ ਵਰਗਾਂ ਦੀ ਤਰ੍ਹਾਂ ਸਾਜ਼ੀਆਂ ਨੂੰ ਵੀ ਬਹੁਤ ਹੀ ਜ਼ਿਆਦਾ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕੁਝ ਕਲਾਕਾਰਾਂ ਤੇ ਸਮਾਜ ਸੇਵੀ ਜਥੇਬੰਦੀਆਂ ਨੇ ਉਨ੍ਹਾਂ ਦੀ ਮਦਦ ਕੀਤੀ।

ਉਹ ਹੁਣ ਤੱਕ ਪੰਜਾਬ ਦੇ ਕਈ ਵੱਡੇ ਕਲਾਕਾਰਾਂ ਨਾਲ ਕੰਮ ਕਰ ਚੁੱਕਿਆ ਹੈ, ਜਿਨ੍ਹਾਂ ’ਚ ਦੇਬੀ ਮਖ਼ਸੂਸਪੁਰੀ, ਰਣਜੀਤ ਰਾਣਾ, ਰੋਸ਼ਨ ਪਿ੍ਰੰਸ, ਫ਼ਿਰੋਜ਼ ਖ਼ਾਨ, ਕੁਲਵਿੰਦਰ ਬਿੱਲਾ, ਮਿਸ ਪੂਜਾ, ਸਰਦਾਰ ਅਲੀ, ਰਾਜਵੀਰ ਜਵੰਧਾ ਆਦਿ ਸ਼ਾਮਲ ਹਨ।

ਉਸ ਦਾ ਕਹਿਣਾ ਹੈ ਕਿ ਉਹ ਸੱਚ ਮੂੰਹ ’ਤੇ ਕਹਿ ਦਿੰਦਾ ਹੈ, ਜਿਸ ਦਾ ਉਸ ਨੂੰ ਕਾਫ਼ੀ ਨੁਕਸਾਨ ਵੀ ਉਠਾਉਣਾ ਪਿਆ ਹੈ ਪਰ ਉਸ ਨੇ ਸੱਚਾਈ ਦਾ ਪੱਲਾ ਕਦੇ ਨਹੀਂ ਛੱਡਿਆ। ਉਸ ਦਾ ਕਹਿਣਾ ਹੈ ਕਿ ਸਾਰੇ ਸਾਜ਼ੀਆਂ ਨੂੰ ਏਕਤਾ ਦੇ ਸੂਤਰ ’ਚ ਬੱਝਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਕੋਈ ਹੱਲ ਕੱਢਿਆ ਜਾ ਸਕੇ।

Posted By: Sarabjeet Kaur