ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੇਰਾ ਤੇ ਪਾਕਿਸਤਾਨੀ ਗਾਇਕ ਅਕਰਮ ਰਾਹੀਂ ਦਾ ਗਾਇਆ ਧਾਰਮਿਕ ਗੀਤ ਨਵੰਬਰ 'ਚ ਰਿਲੀਜ਼ ਹੋਵੇਗਾ ਜਿਸ ਦਾ ਪੂਰਾ ਖੁਲਾਸਾ ਬਾਅਦ ਵਿਚ ਕੀਤਾ ਜਾਵੇਗਾ। ਇਹ ਜਾਣਕਾਰੀ 'ਪੰਜਾਬੀ ਜਾਗਰਣ' ਦੇ ਲੁਧਿਆਣਾ ਦਫ਼ਤਰ ਪਹੁੰਚੇ ਗਾਇਕ ਪੰਮੀ ਬਾਈ ਨੇ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਸ ਗੀਤ ਦੀ ਰਿਕਾਰਡਿੰਗ ਅਤੇ ਸ਼ੂਟਿੰਗ ਭਾਰਤ ਤੇ ਪਾਕਿਸਤਾਨ ਵਿਚ ਹੋਵੇਗੀ। ਪੰਮੀ ਬਾਈ ਨੇ ਕਿਹਾ ਕਿ ਉਹ ਗਾਇਕ ਅਕਰਮ ਰਾਹੀ ਨਾਲ ਪਹਿਲਾਂ ਵੀ ਇਕ ਗੀਤ 'ਅਸੀਂ ਦੋਵੇਂ ਪੰਜਾਬ ਦੇ ਪੁੱਤਰ ਹਾਂ ਪੰਜਾਬੀ ਸਾਡੀ ਬੋਲੀ ਹੈ' ਗਾ ਚੁੱਕੇ ਹਨ। ਇਸ ਤੋਂ ਇਲਾਵਾ ਪਾਕਿਸਤਾਨ ਦੀ ਮਸ਼ਹੂਰ ਗਾਇਕਾ ਨਸੀਬੋ ਲਾਲ ਨਾਲ ਗੱਡੀ ਜੱਟ ਦੀ ਧੂੜਾ ਪਈ ਪੱਟਦੀ ਅਤੇ ਟੱਪੇ ਗਾ ਚੁੱਕੇ ਹਨ, ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ।

ਪੰਜਾਬੀ ਫਿਲਮਾਂ ਲਈ ਪੰਜਾਬ 'ਚ ਨਹੀਂ ਮਿਲਦੀ ਸਬਸਿਡੀ : ਪੰਮੀ

ਵਧੇਰੇ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਵਿਦੇਸ਼ਾਂ ਵਿਚ ਹੋਣ ਦੇ ਸਵਾਲ ਤੇ ਪੰਮੀ ਬਾਈ ਨੇ ਕਿਹਾ ਕਿ ਇਸ ਦਾ ਵੱਡਾ ਕਾਰਨ ਵਿਦੇਸ਼ਾਂ ਵਿਚ ਸਬਸਿਡੀ ਮਿਲਣਾ ਹੈ ਜਦ ਕਿ ਪੰਜਾਬ 'ਚ ਪੰਜਾਬੀ ਫਿਲਮਾਂ ਲਈ ਹੀ ਨਹੀਂ ਮਿਲਦੀ ਸਬਸਿਡੀ। ਦਰਸ਼ਕ ਕੈਨੇਡਾ, ਅਮਰੀਕਾ, ਆਸਟਰੇਲੀਆ ਤੇ ਹੋਰ ਦੇਸ਼ਾਂ ਦੀ ਧਰਤੀ ਤੇ ਫਿਲਮਾਏ ਗਏ ਦਿ੍ਸ਼ ਵੇਖਣਾ ਵੀ ਪਸੰਦ ਕਰਦੇ ਹਨ। ਵਿਦੇਸ਼ਾਂ ਵਿਚ ਸ਼ੂਟਿੰਗ ਹੋਣ ਕਾਰਨ ਵਿਦੇਸ਼ਾਂ ਵਿਚ ਵੱਸਦੇ ਭਾਰਤੀਆਂ ਦਾ ਕ੍ਰੇਜ਼ ਵੀ ਬਣਿਆ ਰਹਿੰਦਾ ਹੈ। ਪੰਮੀ ਬਾਈ ਨੇ ਬਲਦੇਵ ਸਿੰਘ ਸੜਕਨਾਮਾ ਦੇ ਨਾਵਲ 'ਤੇ ਬਣੀ ਉਨ੍ਹਾਂ ਦੇ ਲੀਡ ਰੋਲ ਵਾਲੀ ਫਿਲਮ 'ਦਾਰਾ' ਅਤੇ ਧੀ ਜੱਟ ਦੀ, ਬਗਾਵਤ, ਕਬੱਡੀ ਵਨਸ ਅਗੇਨ ਅਤੇ ਮੁੰਡਾ ਫਰੀਦਕੋਟੀਆ ਨੂੰ ਭਰਵਾਂ ਹੁੰਗਾਰਾ ਦੇਣ 'ਤੇ ਦਰਸ਼ਕਾਂ ਦਾ ਧੰਨਵਾਦ ਕੀਤਾ।

ਪੰਜਾਬੀ ਫਿਲਮ 'ਖਤਰੇ ਦਾ ਘੁੱਗੂ' ਸਮੇਤ ਤਿੰਨ ਫਿਲਮਾਂ 'ਚ ਨਜ਼ਰ ਆਉਣਗੇ ਜਸ਼ਨ

ਪੰਮੀ ਬਾਈ ਨਾਲ 15 ਸਾਲ ਬਤੌਰ ਭੰਗੜਾ ਕਲਾਕਾਰ ਕੰਮ ਕਰ ਚੁੱਕੇ ਅਤੇ ਸੁਪਰਹਿੱਟ ਪੰਜਾਬੀ ਫਿਲਮ 'ਛੜਾ' ਵਿਚ ਪੰਡਿਤ ਦਾ ਅਹਿਮ ਕਿਰਦਾਰ ਨਿਭਾ ਚੁੱਕੇ ਐਕਟਰ ਜਸ਼ਨਜੀਤ ਨੇ ਕਿਹਾ ਕਿ ਉਹ ਆਉਣ ਵਾਲੀ ਪੰਜਾਬੀ ਫਿਲਮ 'ਖਤਰੇ ਦਾ ਘੁੱਗੂ', ਤੂੰ ਮੇਰਾ ਕੀ ਲੱਗਦਾ ਅਤੇ ਛੱਲੇ ਮੁੰਦੀਆਂ 'ਚ ਅਹਿਮ ਕਿਰਦਾਰ ਨਿਭਾਅ ਰਹੇ ਹਨ। ਜਸ਼ਨ ਨੇ ਕਿਹਾ ਕਿ ਉਸਨੇ ਜੀਟੀਵੀ ਦੇ ਸੀਰੀਅਲ ਦਾਣੇ ਅਨਾਰ ਦੇ ਰਾਹੀਂ ਅਦਾਕਾਰੀ ਦੀ ਸ਼ੁਰੂਆਤ ਕੀਤੀ ਅਤੇ ਪੰਜਾਬੀ ਫਿਲਮ ਅੰਗਰੇਜ਼ ਨਾਲ ਫਿਲਮਾਂ ਦੇ ਖੇਤਰ ਵਿਚ ਕਦਮ ਰੱਖਿਆ। ਅੰਗਰੇਜ਼ ਤੋਂ ਇਲਾਵਾ ਉਸਨੇ ਪੰਜਾਬੀ ਫਿਲਮ ਨਿੱਕਾ ਜੈਲਦਾਰ 1, ਨਿੱਕਾ ਜੈਲਦਾਰ 2, ਹਰਜੀਤਾ, ਲੌਂਗ ਲੈਚੀ ਅਤੇ ਕਿਸਮਤ ਵਿਚ ਵੱਖ ਵੱਖ ਕਿਰਦਾਰ ਨਿਭਾਏ। ਭੰਗੜੇ ਦੇ ਖੇਤਰ ਵਿਚ ਅੰਤਰਰਾਸ਼ਟਰੀ ਗੋਲਡ ਮੈਡਲ ਹਾਸਲ ਕਰ ਚੁੱਕੇ ਜਸ਼ਨ ਨੇ ਸਹਿਯੋਗ ਤੇ ਉਤਸ਼ਾਹ ਵਧਾਉਣ ਲਈ ਗਾਇਕ ਤੇ ਅਦਾਕਾਰ ਪੰਮੀ ਬਾਈ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।