ਸੰਜੀਵ ਗੁਪਤਾ, ਜਗਰਾਓਂ : 80 ਤੋਂ ਵੱਧ ਹਿੰਦੀ, ਪੰਜਾਬੀ ਫਿਲਮਾਂ ਕਰਨ ਵਾਲੇ ਪ੍ਰਸਿੱਧ ਅਭਿਨੇਤਰੀ ਦਲਜੀਤ ਕੌਰ ਵੀਰਵਾਰ ਨੂੰ ਹਮੇਸ਼ਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਹਾਲਾਂਕਿ ਉਨ੍ਹਾਂ ਦਾ ਜੱਦੀ ਪਿੰਡ ਐਤੀਆਣਾ ਸੀ ਪਰ ਉਨ੍ਹਾਂ ਅੰਤਿਮ ਸਾਹ ਆਪਣੇ ਚਚੇਰੇ ਭਰਾ ਹਰਜਿੰਦਰ ਸਿੰਘ ਖੰਗੂੜਾ ਦੇ ਸੁਧਾਰ ਸਥਿਤ ਘਰ ਵਿਚ ਲਏ। ਉਹ ਪਿਛਲੇ 12 ਸਾਲਾਂ ਤੋਂ ਸੁਧਾਰ ਪਿੰਡ ਵਿਚ ਹੀ ਭਰਾ ਦੇ ਘਰ ਵਿਚ ਰਹਿ ਰਹੇ ਸਨ।

ਜਾਣਕਾਰੀ ਅਨੁਸਾਰ ਪੰਜਾਬੀ ਫਿਲਮ ਜਗਤ ’ਤੇ ਰਾਜ ਕਰਨ ਵਾਲੀ ਅਭਿਨੇਤਰੀ ਦਲਜੀਤ ਕੌਰ ਦਾ ਆਖਰੀ ਸਮਾਂ ਬੜੇ ਇਕੱਲੇਪਨ ਵਿਚ ਬੀਤਿਆ। 12 ਵਰ੍ਹੇ ਪਹਿਲਾਂ ਮਾਨਸਿਕ ਤਣਾਅ ਦੇ ਘੇਰੇ ਵਿਚ ਆਏ ਅਭਿਨੇਤਰੀ ਦਲਜੀਤ ਕੌਰ ਦਿਮਾਗੀ ਬਿਮਾਰੀ ਦੀ ਲਪੇਟ ਵਿਚ ਆ ਗਏ, ਜਿਸ ’ਤੇ ਉਹ ਫਿਲਮੀ ਦੁਨੀਆਂ ਦੇ ਸ਼ਹਿਰ ਮੁੰਬਈ ਨੂੰ ਛੱਡ ਕੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੁਰੂਸਰ ਸੁਧਾਰ ਵਿਖੇ ਆਪਣੇ ਚਚੇਰੇ ਭਰਾ ਹਰਜਿੰਦਰ ਸਿੰਘ ਖੰਗੂੜਾ ਦੇ ਘਰ ਰਹਿਣ ਲੱਗ ਪਏ ਸਨ।

ਵੀਰਵਾਰ ਸਵੇਰੇ ਜਿਉਂ ਹੀ ਉਨ੍ਹਾਂ ਦੇ ਦੇਹਾਂਤ ਦੀ ਖਬਰ ਆਈ ਤਾਂ ਫਿਲਮ ਜਗਤ ਵਿਚ ਜਿਥੇ ਸ਼ੋਕ ਛਾ ਗਿਆ, ਉਥੇਹੀ ਮੀਡੀਆ ਵਿਚ ਵੀ ਉਨ੍ਹਾਂ ਦੀ ਮੌਤ ਦੀ ਖ਼ਬਰ ਦੇ ਨਾਲ ਹੀ ਫਿਲਮ ਜਗਤ ਵਿਚ ਉਨ੍ਹਾਂ ਦੇ ਕਿਰਦਾਰ ਅਤੇ ਹਿੱਟ ਫਿਲਮਾਂ ਦਾ ਜ਼ਿਕਰ ਹੋਇਆ। ਇਲੈਕਟ੍ਰੋਨਿਕ ਮੀਡੀਆ ’ਚ ਵੀ ਦਿਨ ਭਰ ਉਨ੍ਹਾਂ ਦੀਆਂ ਵੱਖ ਵੱਖ ਫਿਲਮਾਂ ’ਚ ਜਾਨਦਾਰ ਕਿਰਦਾਰ ਦੇ ਸੀਨ ਚੱਲੇ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਯਾਦ ਕਰਦਿਆਂ ਗਮਗੀਨ ਹੋਏ। ਵੀਰਵਾਰ ਦੁਪਹਿਰ ਫਿਲਮ ਜਗਤ ਦੀ ਇਸ ਮਸ਼ਹੂਰ ਅਭਿਨੇਤਰੀ ਦਾ ਸਸਕਾਰ ਕਸਬਾ ਗੁਰੂਸਰ ਸੁਧਾਰ ਦੀ ਸ਼ਮਸ਼ਾਨਘਾਟ ਵਿਖੇ ਹੋਇਆ, ਜਿਥੇ ਉਨ੍ਹਾਂ ਦੇ ਚਚੇਰੇ ਭਰਾ ਹਰਜਿੰਦਰ ਸਿੰਘ ਖੰਗੂੜਾ, ਦਿੱਲੀ ਵਾਸੀ ਭੈਣ ਓਮਾ ਕੁਮਾਰ ਪਰਿਵਾਰ ਸਮੇਤ ਪਹੁੰਚੇ ਪਰ ਉਨ੍ਹਾਂ ਦੇ ਇਕਲੌਤੇ ਸਕੇ ਭਰਾ ਅਮੀਰ ਟਰਾਂਸਪੋਰਟਰ ਨਵਤੇਜ ਸਿੰਘ ਖੰਗੂੜਾ ਸਿਲੀਗੁੜੀ ਤੋਂ ਨਾ ਪਹੁੰਚ ਸਕੇ ਜਿਸ ਦੇ ਚੱਲਦਿਆਂ ਉਨ੍ਹਾਂ ਦੇ ਚਚੇਰੇ ਭਰਾ ਹਰਜਿੰਦਰ ਸਿੰਘ ਖੰਗੂੜਾ ਨੇ ਦਲਜੀਤ ਕੌਰ ਦੀ ਮ੍ਰਿਤਕ ਦੇਹ ਨੂੰ ਅੱਗ ਦਿਖਾਈ। ਉਨ੍ਹਾਂ ਦੇ ਸਸਕਾਰ ਮੌਕੇ ਫਿਲਮ ਜਗਤ ਨਾਲ ਜੁੜੀ ਕੋਈ ਵੀ ਹਸਤੀ ਨਾ ਪਹੁੰਚੀ।

Posted By: Seema Anand