ਔਰਤ ਦੇ ਇਤਿਹਾਸ ਦੇ ਵੱਖ-ਵੱਖ ਦਰਦ ਭਰੇ ਪੜਾਅ ਰਹੇ ਹਨ। ਕਦੇ ਔਰਤ ਨੂੰ ਸਤੀ ਹੋਣਾ ਪੈਂਦਾ ਸੀ ਤੇ ਕਦੇ ਦਾਜ ਦੀ ਬਲੀ ਚੜ੍ਹਦੀ ਰਹੀ। ਨਾਰੀਵਾਦੀ ਸਦਾ ਇਹ ਕਹਿੰਦੇ ਰਹੇ ਕਿ ਆਰਥਿਕ ਤੌਰ 'ਤੇ ਸੰਪੰਨ ਔਰਤ ਹੀ ਆਜ਼ਾਦ ਹੋ ਸਕਦੀ ਹੈ। ਇਸ ਸਾਰੀ ਇਤਿਹਾਸਕ ਪ੍ਰਕਿਰਿਆ ਦੌਰਾਨ ਇਸ ਵੇਲੇ ਪੰਜਾਬ ਦੀਆਂ ਕੁੜੀਆਂ ਆਈਲੈਟਸ ਕਰ ਕੇ ਬਾਹਰ ਪੜ੍ਹਨ ਜਾ ਰਹੀਆਂ ਹਨ। ਕੀ ਇਸ ਤਰ੍ਹਾਂ ਉਨ੍ਹਾਂ ਦੀ ਸਮਾਜਿਕ ਸਥਿਤੀ ਬਦਲ ਚੁੱਕੀ ਹੈ? ਕੀ ਕੁੜੀਆਂ ਦੀ ਸਮਾਜਿਕ ਕੀਮਤ ਵੱਧ ਗਈ ਹੈ? ਕੀ ਹੁਣ ਉਨ੍ਹਾਂ ਨੂੰ ਆਈਲੈਟਸ ਦੇ ਬਹਾਨੇ ਮੁੰਡਿਆਂ ਤੋਂ ਦਾਜ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ? ਅਜਿਹੇ ਬਹੁਤ ਸਾਰੇ ਸਵਾਲਾਂ ਦੇ ਸਨਮੁੱਖ ਕਰਦੀ ਹੈ ਅੱਠ ਮਿੰਟਾਂ ਦੀ ਇਹ ਲਘੂ ਫਿਲਮ 'ਨਜ਼ਰੀ ਨਾ ਆਵੇ'।

ਪਾਲੀਵੁੱਡ ਦੀ ਦਮਦਾਰ ਅਦਾਕਾਰਾ ਨਿਰਮਲ ਰਿਸ਼ੀ ਦੀ ਮੁੱਖ ਭੂਮਿਕਾ ਵਾਲੀ ਇਹ ਫਿਲਮ ਯੂ-ਟਿਊਬ 'ਤੇ ਰਿਲੀਜ਼ ਹੋਈ ਹੈ। ਇਹ ਫਿਲਮ ਕਈ ਪੱਖਾਂ ਤੋਂ ਬਹੁਤ ਮਹੱਤਵਪੂਰਨ ਹੈ। ਇਸ ਰਾਹੀਂ ਅਸੀਂ ਅਭਿਨੇਤਰੀਆਂ ਦੇ ਫ਼ਰਜ਼ਾਂ ਦੀ ਗੱਲ ਕਰ ਸਕਦੇ ਹਾਂ ਜਿਸ ਤਰ੍ਹਾਂ ਕਿ ਨਿਰਮਲ ਰਿਸ਼ੀ ਪੰਜਾਬੀ ਅਦਾਕਾਰੀ ਖੇਤਰ ਦੇ ਸਭ ਤੋਂ ਸੀਨੀਅਰ ਅਭਿਨੇਤਰੀਆਂ 'ਚੋਂ ਇਕ ਹਨ। ਉਹ ਦੂਰਦਰਸ਼ਨ ਤੋਂ ਲੈ ਕੇ ਫਿਲਮਾਂ ਤਕ ਪ੍ਰਮੁੱਖ ਭੂਮਿਕਾਵਾਂ ਨਿਭਾਉਂਦੇ ਰਹਿੰਦੇ ਹਨ। ਉਨ੍ਹਾਂ ਦੀ ਮੁੱਖ ਵਿਸ਼ੇਸ਼ਤਾ ਇਕ ਸਹਾਇਕ ਅਦਾਕਾਰਾ ਵਜੋਂ ਰਹੀ ਹੈ। ਇੱਥੇ ਇਹ ਗੱਲ ਕਰਨੀ ਬਣਦੀ ਹੈ ਕਿ ਫਿਲਮਾਂ ਦੇ ਮੁੱਖ ਅਦਾਕਾਰ ਤੇ ਸਹਾਇਕ ਅਦਾਕਾਰ ਕਿਸ ਤਰ੍ਹਾਂ ਕਲਾ ਅਤੇ ਸਮਾਜ ਵਿਚ ਆਪਣਾ ਯੋਗਦਾਨ ਪਾਉਂਦੇ ਹਨ।

ਮੁੱਖ ਅਦਾਕਾਰ ਆਪਣੀ ਪ੍ਰਸਿੱਧੀ ਕਰ ਕੇ ਫੀਚਰ ਫਿਲਮਾਂ ਹੀ ਕਰਦੇ ਹਨ ਜੋ ਜ਼ਿਆਦਾਤਰ ਪੈਸਾ ਕਮਾਉਣ ਲਈ ਹੀ ਬਣਦੀਆਂ ਹਨ। ਇਸ ਲਈ ਉਹ ਆਪਣਾ ਸਮਾਜਿਕ ਯੋਗਦਾਨ ਪਾਉਣ ਤੋਂ ਪਿੱਛੇ ਰਹਿ ਜਾਂਦੇ ਹਨ। ਜਦੋਂ ਕਿ ਸਹਾਇਕ ਅਦਾਕਾਰ ਫੀਚਰ ਫਿਲਮਾਂ ਦੇ ਨਾਲ-ਨਾਲ ਲਘੂ ਫਿਲਮਾਂ ਰਾਹੀਂ ਆਪਣਾ ਸਮਾਜ ਦੀ ਤਰੱਕੀ 'ਚ ਯੋਗਦਾਨ ਬਾਖ਼ੂਬੀ ਪਾਉਂਦੇ ਹਨ। ਇਸ ਪੱਖ ਤੋਂ ਮਹਾਂਬੀਰ ਭੁੱਲਰ, ਸਰਦਾਰ ਸੋਹੀ, ਨਿਰਮਲ ਰਿਸ਼ੀ ਆਦਿ ਕਈ ਨਾਂ ਲਏ ਜਾ ਸਕਦੇ ਹਨ ਜੋ ਆਪਣੇ ਸਮਾਜਿਕ ਫ਼ਰਜ਼ ਵੀ ਬਾਖ਼ੂਬੀ ਪਛਾਣਦੇ ਹਨ। ਇਸੇ ਤਰ੍ਹਾਂ 'ਨਜ਼ਰੀ ਨਾ ਆਵੇ' ਲਘੂ ਫਿਲਮ ਰਾਹੀਂ ਨਿਰਮਲ ਰਿਸ਼ੀ ਨੇ ਆਪਣਾ ਸਮਾਜਿਕ ਫ਼ਰਜ਼ ਪਛਾਣਦਿਆਂ ਇਕ ਬਹੁਤ ਹੀ ਚੰਗਾ ਕੰਮ ਕੀਤਾ ਹੈ। ਦੂਜਾ ਨੁਕਤਾ ਇਹ ਹੈ ਕਿ ਛੋਟੀਆਂ ਫਿਲਮਾਂ ਰਾਹੀਂ ਵੀ ਵੱਡੇ ਸੰਦੇਸ਼ ਦਿੱਤੇ ਜਾ ਸਕਦੇ ਹਨ ਅਤੇ ਅਕਸਰ ਛੋਟੀਆਂ ਫਿਲਮਾਂ ਹੀ ਸਮਾਜਿਕ ਸੰਦੇਸ਼ਾਂ ਨਾਲ ਵਧੇਰੇ ਜੁੜੀਆਂ ਹੁੰਦੀਆਂ ਹਨ। ਇਸ ਲਘੂ ਫਿਲਮ ਦੀ ਨਿਰਦੇਸ਼ਕ ਤੇ ਲੇਖਕ ਰੋਜ਼ ਗਿੱਲ ਹੈ ਜੋ ਪੀਸੀਐੱਸ ਦੇ 2014 ਬੈਚ ਦੀ ਚੁਣੀ ਹੋਈ ਪ੍ਰਸ਼ਾਸਨਿਕ ਅਧਿਕਾਰੀ ਹੈ।

ਉਹ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਖ਼ੂਬ ਸਮਝਦੀ ਹੈ ਤੇ ਆਪਣੀ ਮਿਹਨਤ ਤੇ ਲਗਨ ਨਾਲ ਉਸ ਨੇ ਇਕ ਚੰਗੀ ਲਘੂ ਫਿਲਮ ਬਣਾਉਣ 'ਚ ਸਫਲਤਾ ਹਾਸਲ ਕੀਤੀ ਹੈ। ਫਿਲਮ ਦੀ ਲੇਖਕ ਤੇ ਨਿਰਦੇਸ਼ਕ ਰੋਜ਼ ਗਿੱਲ ਦਾ ਮੰਨਣਾ ਹੈ ਕਿ ਸਮਾਜ 'ਚ ਬਹੁਤ ਕੁਝ ਐਸਾ ਹੁੰਦਾ ਹੈ ਜੋ ਸਾਨੂੰ ਨਜ਼ਰੀਂ ਨਹੀਂ ਆਉਂਦਾ ਜਾਂ ਜਾਣ ਬੁੱਝ ਕੇ ਅੱਖੋਂ ਓਹਲੇ ਕਰ ਦਿੰਦੇ ਹਾਂ। ਅੱਖੋਂ ਓਹਲੇ ਕਰ ਦਿੱਤੇ ਗਏ ਜਾਂ ਹੋ ਗਏ ਸੱਚ ਨੂੰ ਹੀ ਪੇਸ਼ ਕਰਨਾ ਕਲਾ ਦਾ ਮੁੱਖ ਮੰਤਵ ਹੁੰਦਾ ਹੈ। ਇਸੇ ਮੰਤਵ ਨੂੰ ਲੈ ਕੇ ਉਨ੍ਹਾਂ ਨੇ ਇਹ ਫਿਲਮ ਬਣਾਉਣ ਦਾ ਉਪਰਾਲਾ ਕੀਤਾ ਹੈ।

ਫਿਲਮ 'ਨਜ਼ਰੀ ਨਾ ਆਵੇ' ਮਹਿਜ਼ ਅੱਠ ਕੁ ਮਿੰਟਾਂ ਰਾਹੀਂ ਪੰਜਾਬੀ ਮਾਨਸਿਕਤਾ ਦੀਆਂ ਪਰਤਾਂ ਨੂੰ ਪੇਸ਼ ਕਰਦੀ ਹੈ ਜਿੱਥੇ ਇਕ ਪਾਸੇ ਪਿਛਲੇ ਦਹਾਕਿਆਂ ਵਿਚ ਪੰਜਾਬ ਦੀਆਂ ਕਾਫ਼ੀ ਕੁੜੀਆਂ ਦਾਜ ਦੀ ਬਲੀ ਚੜ੍ਹ ਗਈਆਂ ਉੱਥੇ ਹੀ ਇਸ ਵੇਲੇ ਆਈਲੈਟਸ ਰਾਹੀਂ ਉਨ੍ਹਾਂ ਦੀ ਸਥਿਤੀ ਬਿਲਕੁਲ ਬਦਲ ਗਈ ਹੈ। ਇਹ ਫਿਲਮ ਇਨ੍ਹਾਂ ਦੋਵਾਂ ਨੁਕਤਿਆਂ ਦੇ ਦਰਮਿਆਨ ਘੁੰਮਦੀ ਹੈ ਤੇ ਬਹੁਤ ਹੀ ਖ਼ੂਬਸੂਰਤ ਜਜ਼ਬਾਤੀ ਇਕ ਸੁਨੇਹਾ ਦਰਸ਼ਕਾਂ ਨੂੰ ਦਿੰਦੀ ਹੈ। ਇਹ ਫਿਲਮ ਦਰਸ਼ਕਾਂ ਦਾ ਨਜ਼ਰੀਆ ਬਦਲਣ ਦਾ ਦਮ ਰੱਖਦੀ ਹੈ।

ਜੋਤੀ ਹੀਰ

Posted By: Harjinder Sodhi