ਖ਼ੁਸ਼ਕਿਸਮਤ ਹੁੰਦੇ ਹਨ ਉਹ ਚਿਹਰੇ ਜੋ ਤਜਰਬੇਕਾਰ ਨਿਰਦੇਸ਼ਕਾਂ ਨਾਲ ਕੰਮ ਕਰ ਕੇ ਘੱਟ ਉਮਰ ’ਚ ਬੁਲੰਦੀਆਂ ਨੂੰ ਛੂਹਦੇ ਹਨ। ਫਿਲਮੀ ਦੁਨੀਆ ’ਚ ਆਪਣਾ ਨਾਂ ਮਕਬੂਲ ਕਰਨ ਵਾਲੀ ਨੀਰੂ ਬਾਜਵਾ ਫਿਲਮ ਜਗਤ ਦੀ ਅਜਿਹੀ ਹੀ ਅਦਾਕਾਰਾ ਹੈ। 26 ਅਗਸਤ 1980 ਨੂੰ ਬਿ੍ਰਟਿਸ਼ ਕੋਲੰਬੀਆ (ਕੈਨੇਡਾ) ’ਚ ਜਨਮੀ ਨੀਰੂ ਨੂੰ ਬਚਪਨ ਤੋਂ ਅਦਾਕਾਰਾ ਬਣਨ ਦਾ ਸ਼ੌਕ ਸੀ। ਉਸ ਨੇ ਆਪਣੀ ਮੁੱਢਲੀ ਪੜ੍ਹਾਈ ਵੀ ਕੈਨੇਡਾ ਤੋਂ ਪ੍ਰਾਪਤ ਕੀਤੀ ਹੈ। ਉਸ ਦੀਆਂ ਦੋ ਭੈਣਾਂ ਰੁਬੀਨਾ ਬਾਜਵਾ, ਸਬਰੀਨਾ ਬਾਜਵਾ ਤੇ ਭਰਾ ਦਾ ਨਾਂ ਸੋਹਿਲ ਬਾਜਵਾ ਹੈ। ਉਸ ਦੀਆਂ ਦੋਵੇਂ ਭੈਣਾਂ ਰੁਬੀਨਾ ਬਾਜਵਾ ਤੇ ਸਬਰੀਨਾ ਬਾਜਵਾ ਵੀ ਫਿਲਮ ਖੇਤਰ ’ਚ ਸਰਗਰਮ ਹਨ। ਉਸ ਨੇ ਸਕੂਲ ਪੜ੍ਹਦੇ ਸਮੇਂ ‘ਮਿਸ ਇੰਡੀਆ ਕੈਨੇਡਾ ਪੈਜੀਏਂਟ’ ਪ੍ਰੋਗਰਾਮ ਦਾ ਹਿੱਸਾ ਬਣ ਕੇ ਦੂਜਾ ਸਥਾਨ ਪ੍ਰਾਪਤ ਕੀਤਾ।

ਬਚਪਨ ’ਚ ਟੈਲੀਵਿਜ਼ਨ ’ਤੇ ਫਿਲਮਾਂ ਦੇਖਣ ਦੇ ਸ਼ੌਕ ਨਾਲ ਅਦਾਕਾਰਾ ਬਣਨ ਦਾ ਜਨੂੰਨ ਉਸ ਨੂੰ ਫਿਲਮ ਨਗਰੀ ’ਚ ਲੈ ਆਇਆ। ਉਸ ਨੇ ਆਪਣਾ ਫਿਲਮੀ ਸਫ਼ਰ ਹਿੰਦੀ ਸਿਨੇਮੇ ਤੋਂ ਸ਼ੁਰੂ ਕਰ ਕੇ ਛੋਟੇ ਪਰਦੇ ਤੋਂ ਹੁੰਦਿਆਂ ਪਾਲੀਵੁੱਡ ’ਚ ਬਤੌਰ ਹੀਰੋਇਨ ਆਪਣੀ ਵਿਲੱਖਣ ਅਦਾਕਾਰੀ ਦੇ ਨਾਲ-ਨਾਲ ਫਿਲਮ ਨਿਰਮਾਣ ਦੇ ਖੇਤਰ ’ਚ ਕਦਮ ਰੱਖ ਕੇ ਲੋਕਾਂ ਦੇ ਦਿਲਾਂ ’ਚ ਵੱਖਰੀ ਥਾਂ ਬਣਾਈ ਹੈ। ਉਸ ਨੇ ਹਰ ਤਰ੍ਹਾਂ ਦਾ ਕਿਰਦਾਰ ਬਾਖ਼ੂਬੀ ਨਿਭਾਇਆ ਹੈ। ਉਸ ਦਾ ਵਿਆਹ ਹੈਰੀ ਜਵੰਧਾ ਨਾਲ ਹੋਇਆ ਹੈ।

ਬਾਲੀਵੁੱਡ ’ਚ ਸ਼ੁਰੂਆਤ

ਆਪਣੀ ਕਿਸਮਤ ਦੇ ਸਿਤਾਰੇ ਚਮਕਾਉਣ ਲਈ ਨੀਰੂ ਬਾਜਵਾ ਨੂੰ ਮੁੰਬਈ ਆ ਕੇ ਪਰਦੇ ’ਤੇ ਆਉਣ ਲਈ ਕਾਫ਼ੀ ਸੰਘਰਸ਼ ਕਰਨਾ ਪਿਆ। 1998 ’ਚ ਹਿੰਦੀ ਫਿਲਮਾਂ ਦੇ ਮਕਬੂਲ ਅਦਾਕਾਰ ਤੇ ਨਿਰਦੇਸ਼ਕ ਦੇਵ ਆਨੰਦ ਦੀ ਨਿਰਦੇਸ਼ਨਾ ਹੇਠ ਬਣੀ ਹਿੰਦੀ ਫਿਲਮ ‘ਮੈਂ ਸੋਲਾਂ ਵਰਸ ਕੀ’ ਨਾਲ ਉਸ ਨੇ ਵੱਡੇ ਪਰਦੇ ’ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਨੇ ਹਿੰਦੀ ਦੀਆਂ ਹੋਰ ਫਿਲਮਾਂ ‘ਪਿ੍ਰੰਸ’, ‘ਫੂੰਕ’, ‘ਮਿਲੇ ਨਾ ਮਿਲੇ ਹਮ’ ਲਈ ਵੀ ਕੰਮ ਕੀਤਾ। ਫਿਲਮ ‘ਸਪੈਸ਼ਲ 26’ ਦੇ ‘ਗੋਰੇ ਮੁਖੜੇ ਪੇ ਜ਼ੁਲਫੇਂ’ ਗਾਣੇ ’ਚ ਵੀ ਉਹ ਨਜ਼ਰ ਆ ਚੁੱਕੀ ਹੈ।

ਛੋਟੇ ਪਰਦੇ ’ਤੇ ਦਮਦਾਰ ਅਦਾਕਾਰੀ

ਨੀਰੂ ਬਾਜਵਾ ਨੇ ਬਾਲੀਵੁੱਡ ਤੇ ਪਾਲੀਵੁੱਡ ਦੀਆਂ ਫਿਲਮਾਂ ਵਿਚ ਕੰਮ ਕਰਨ ਤੋਂ ਇਲਾਵਾ ਛੋਟੇ ਪਰਦੇ ’ਤੇ ਵੀ ਆਪਣੀ ਵਿਲੱਖਣ ਅਦਾਕਾਰੀ ਨਾਲ ਹਿੰਦੀ ਲੜੀਵਾਰ ‘ਅਸਤਿਤਵ... ਏਕ ਪ੍ਰੇਮ ਕਹਾਣੀ’,‘ਜੀਤ’,‘ਹਰੀ ਮਿਰਚੀ ਲਾਲ ਮਿਰਚੀ’ ਆਦਿ ਵਿਚ ਅਹਿਮ ਰੋਲ ਨਿਭਾਏ, ਜਿਸ ਨਾਲ ਉਹ ਟੀਵੀ ਦੇ ਦਰਸ਼ਕਾਂ ਦੀ ਵੀ ਹਰਮਨ ਪਿਆਰੀ ਅਦਾਕਾਰਾ ਬਣੀ ।

ਪੰਜਾਬੀ ਸਿਨੇਮੇ ਦਾ ਸੁਨਹਿਰੀ ਸਫ਼ਰ

ਛੋਟੇ ਪਰਦੇ ’ਤੇ ਕੰਮ ਕਰਦਿਆਂ-ਕਰਦਿਆਂ ਨੀਰੂ ਬਾਜਵਾ ਨੂੰ ਪੰਜਾਬੀ ਫਿਲਮਾਂ ਕਰਨ ਦਾ ਮੌਕਾ ਮਿਲਿਆ। ਉੱਘੇ ਨਿਰਦੇਸ਼ਕ ਮਨਮੋਹਨ ਸਿੰਘ (ਮਨ ਜੀ) ਦੀ ਪਾਰਖੂ ਨਜ਼ਰ ਉਸ ’ਤੇ ਪਈ ਤੇ ਪੰਜਾਬੀ ਫਿਲਮ ‘ਅਸਾਂ ਨੂੰ ਮਾਣ ਵਤਨਾਂ ਦਾ’ ਰਾਹੀਂ ਉਸ ਦੇ ਪੰਜਾਬੀ ਫਿਲਮ ਇੰਡਸਟਰੀ ’ਚ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਫਿਲਮ ’ਚ ਬਾਕੀ ਕਲਾਕਾਰਾਂ ਦੇ ਨਾਲ-ਨਾਲ ਨੀਰੂ ਦੇ ਕੰਮ ਨੂੰ ਵੀ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ।

ਪਾਲੀਵੁੱਡ ’ਚ ਸ਼ਾਨਦਾਰ ਖਾਤਾ ਖੋਲ੍ਹਣ ’ਚ ਕਾਮਯਾਬ ਨੀਰੂ ਬਾਜਵਾ ਨੇ ਅੱਗੇ ਵਧ ਕੇ ਇਕ ਤੋਂ ਬਾਅਦ ਇਕ ਦੋ ਦਰਜਨ ਦੇ ਕਰੀਬ ਸੁਪਰ ਹਿੱਟ ਪੰਜਾਬੀ ਫਿਲਮਾਂ ਫਿਲਮ ਇੰਡਸਟਰੀ ਨੂੰ ਦਿੱਤੀਆਂ। ਉਸ ਨੇ ਪੰਜਾਬੀ ਫਿਲਮ ‘ਦਿਲ ਆਪਣਾ ਪੰਜਾਬੀ’,‘ਮੇਲ ਕਰਾਦੇ ਰੱਬਾ’,‘ਹੀਰ ਰਾਂਝਾ’,‘ਪਤਾ ਨ੍ਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ’, ‘ਜੀਹਨੇ ਮੇਰਾ ਦਿਲ ਲੁੱਟਿਆ’,‘ਜੱਟ ਐਂਡ ਜੂਲੀਅਟ’,‘ਜੱਟ ਐਂਡ ਜੂਲੀਅਟ-2’,‘ਆ ਗਏ ਮੁੰਡੇ ਯੂਕੇ ਦੇ’,‘ਸਾਡੀ ਲਵ ਸਟੋਰੀ’,‘ਨੌਟੀ ਜੱਟ’,‘ਸਰਦਾਰ ਜੀ’,‘ਚੰਨੋ’,‘ਜਿੰਦੂਆ’,‘ਆਟੇ ਦੀ ਚਿੜੀ’,‘ੳ ਅ’,‘ਛੜਾ’,‘ਲੌਂਗ ਲਾਚੀ’ ਆਦਿ ਫਿਲਮਾਂ ਵਿਚ ਆਪਣੇ ਦਿਲਕਸ਼ ਅੰਦਾਜ਼ ਵਾਲੀਆਂ ਅਦਾਵਾਂ ਨਾਲ ਯਾਦਗਾਰੀ ਰੋਲ ਨਿਭਾ ਕੇ ਆਪਣੇ ਪ੍ਰਸ਼ੰਸ਼ਕਾਂ ਦਾ ਘੇਰਾ ਵਿਸ਼ਾਲ ਕੀਤਾ ਹੈ।

ਫਿਲਮ ਨਿਰਮਾਣ ਵੱਲ ਰੁਝਾਨ

ਅਦਾਕਾਰਾ ਨੀਰੂ ਬਾਜਵਾ ਨੇ ਛੋਟੇ ਪਰਦੇ, ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਫਿਲਮਾਂ ਦੇ ਨਾਲ-ਨਾਲ ਅੰਗਰੇਜ਼ੀ ਫਿਲਮ ‘ਬਾਲੀਵੁੱਡ ਬੌਂਡ’ ’ਚ ਵੀ ਕੰਮ ਕੀਤਾ। ਆਪਣੀ ਵਿਲੱਖਣ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਨੀਰੂ ਬਾਜਵਾ ਨੇ ਫਿਲਮ ਨਿਰਮਾਣ ’ਚ ਵੀ ਆਪਣਾ ਹੱਥ ਅਜ਼ਮਾਇਆ ਹੈ। ਉਸ ਨੇ ਬਤੌਰ ਨਿਰਦੇਸ਼ਕ ਪੰਜਾਬੀ ਫਿਲਮ ‘ਸਰਗੀ’ ਬਣਾਈ ਤੇ ਇਸ ਫਿਲਮ ਰਾਹੀਂ ਆਪਣੀ ਛੋਟੀ ਭੈਣ ਰੁਬੀਨਾ ਬਾਜਵਾ ਨੂੰ ਲਾਂਚ ਕੀਤਾ।

ਮਾਣਮੱਤੀਆਂ ਪ੍ਰਾਪਤੀਆਂ

2019 ’ਚ ਰਿਲੀਜ਼ ਹੋਈ ਨਿਰਦੇਸ਼ਕ, ਲੇਖਕ ਤੇ ਅਦਾਕਾਰ ਅੰਬਰਦੀਪ ਸਿੰਘ ਦੀ ਪੰਜਾਬੀ ਫਿਲਮ ‘ਲੌਂਗ-ਲਾਚੀ’ ਨੂੰ ਜਿੱਥੇ ਦਰਸ਼ਕਾਂ ਨੇ ਸਲਾਹਿਆ, ਉੱਥੇ ਹੀ ਨੀਰੂ ਬਾਜਵਾ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਇਸ ਫਿਲਮ ’ਚ ਉਸ ’ਤੇ ਫਿਲਮਾਏ ਗਏ ਗਾਣੇ ‘ਵੇ ਤੂੰ ਲੌਂਗ ਵੇ ਮੈਂ ਲਾਚੀ’ ਨੂੰ ਲੋਕਾਂ ਨੇ ਅਥਾਹ ਪਿਆਰ ਦਿੱਤਾ ਹੈ। ਯੂ-ਟਿਊਬ ’ਤੇ ਇਸ ਗੀਤ ਦੇ 1.3 ਬਿਲੀਅਨ ਵਿਊਜ਼ ਹੋ ਚੁੱਕੇ ਹਨ ਭਾਵ 130 ਕਰੋੜ ਦੇ ਕਰੀਬ ਲੋਕਾਂ ਨੇ ਇਹ ਗਾਣਾ ਸੁਣਿਆ ਹੈ। ਇਸ ਦੀ ਸਫਲਤਾ ਨਾਲ ਨੀਰੂ ਬਾਜਵਾ ਦਾ ਫਿਲਮ ਜਗਤ ’ਚ ਕੱਦ ਹੋਰ ਉੱਚਾ ਹੋਇਆ ਹੈ। ਉਸ ਨੂੰ ਕਈ ਵਾਰੀ ਪੀਟੀਸੀ ਪੰਜਾਬੀ ਵੱਲੋਂ ਸਰਵੋਤਮ ਅਦਾਕਾਰਾ ਦੇ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।

ਕਈ ਵੱਡੀਆਂ ਹਸਤੀਆਂ ਨਾਲ ਕੀਤਾ ਕੰਮ

ਪਰਮਾਤਮਾ ਦੀ ਰਜ਼ਾ ’ਚ ਰਾਜ਼ੀ ਰਹਿਣ ਵਾਲੀ ਅਦਾਕਾਰਾ ਨੀਰੂ ਬਾਜਵਾ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦੀ ਹੈ ਕਿ ਉਸ ਨੂੰ ਤਜਰਬੇਕਾਰ ਨਿਰਦੇਸ਼ਕਾਂ ਦੀ ਨਿਰਦੇਸ਼ਨਾ ਤਹਿਤ ਕੰਮ ਕਰਨ ਦੇ ਨਾਲ-ਨਾਲ ਹਿੰਦੀ ਤੇ ਪੰਜਾਬੀ ਸਿਨੇਮੇ ਦੇ ਕਈ ਸਟਾਰ ਅਦਾਕਾਰਾਂ ਨਾਲ ਫਿਲਮਾਂ ਕਰਨ ਦਾ ਮੌਕਾ ਮਿਲਿਆ ਹੈ। ਉਸ ਦੀਆਂ ਆਉਣ ਵਾਲੀਆਂ ਹੋਰ ਪੰਜਾਬੀ ਫਿਲਮਾਂ ’ਚ ‘ਪਾਣੀ ਵਿੱਚ ਮਧਾਣੀ’,‘ਫੱਟੇ ਦਿੰਦੇ ਚੱਕ ਪੰਜਾਬੀ’ ਅਤੇ ‘ਛਾਵਾ ਨੀ ਗਰਧਾਰੀ ਲਾਲ’ ਆਦਿ ਸ਼ਾਮਲ ਹਨ। ਪਰਮਾਤਮਾ ਕਰੇ ਨੀਰੂ ਬਾਜਵਾ ਬੁਲੰਦੀਆਂ ਨੂੰ ਛੂਹਦੀ ਰਹੇ ਤੇ ਲੋਕੀਂ ਉਸ ਨੂੰ ਇਸੇ ਤਰ੍ਹਾਂ ਹੱਥੀਂ ਛਾਵਾਂ ਕਰਦੇ ਰਹਿਣ।

ਕਾਲਾ ਸਿੰਘ ਸੈਣੀ 98767-20402

Posted By: Harjinder Sodhi