ਜਨਾਬ ਨੀਲੇ ਖ਼ਾਨ ਪੰਜਾਬ ਦੇ ਸਿਰਮੌਰ ਗੀਤਕਾਰਾਂ 'ਚੋਂ ਇਕ ਨਾਂ ਹੈ। ਉਸ ਨੇ ਛੋਟੀ ਉਮਰੇ ਹੀ ਪੰਜਾਬੀ ਗੀਤਕਾਰੀ ਵਿਚ ਵੱਡਾ ਮੁਕਾਮ ਹਾਸਲ ਕੀਤਾ। ਭਾਵੇਂ ਉਸ ਦਾ ਗੀਤਕਾਰੀ ਸਫ਼ਰ ਇਕ ਦਹਾਕੇ ਤੋਂ ਵੀ ਘੱਟ ਸੀ ਪਰ ਉਸ ਦੀ ਕਲਮ 'ਚੋਂ ਉਪਜੇ ਗੀਤਾਂ ਨੇ ਉਸ ਦਾ ਨਾਂ 20ਵੀਂ ਸਦੀ ਦੇ ਨਾਮਵਰ ਪੰਜਾਬੀ ਗੀਤਕਾਰਾਂ 'ਚ ਜ਼ਰੂਰ ਸ਼ਾਮਲ ਕਰ ਦਿੱਤਾ। ਨੀਲੇ ਦੇ ਗੀਤਾਂ ਨੇ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਚ ਅੱਜ ਵੀ ਉਸ ਲਈ ਵੱਖਰੀ ਥਾਂ ਬਣਾਈ ਹੋਈ ਹੈ। ਅੱਜ ਵੀ ਉਸ ਦੇ ਲਿਖੇ ਗੀਤ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ।

ਨੀਲੇ ਖ਼ਾਨ ਦਾ ਜਨਮ ਜ਼ਿਲ੍ਹਾ ਬਠਿੰਡਾ ਦੇ ਪਿੰਡ ਰਾਈਆ ਵਿਖੇ ਪਿਤਾ ਰਫ਼ੀਕ ਮੁਹੰਮਦ ਤੇ ਮਾਤਾ ਗੁੱਡੋ ਦੇ ਘਰ 6 ਮਈ 1982 ਨੂੰ ਹੋਇਆ। ਉਸ ਦਾ ਬਚਪਨ ਪਿੰਡ ਰਾਈਏ ਦੀਆਂ ਗਲੀਆਂ 'ਚ ਹੀ ਗੁਜਰਿਆਂ ਤੇ ਉਸ ਨੇ 10ਵੀਂ ਤਕ ਦੀ ਪੜ੍ਹਾਈ ਵੀ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਕੀਤੀ। ਉਹ ਆਪਣੀਆਂ ਤਿੰਨ ਭੈਣਾਂ ਤੋਂ ਛੋਟਾ ਤੇ ਇਕ ਭੈਣ ਤੇ ਇਕ ਭਰਾ ਬਾਗਅਲੀ ਤੋਂ ਵੱਡਾ ਸੀ। ਮਈ 2003 'ਚ ਨੀਲੇ ਦਾ ਵਿਆਹ ਰਮਨ ਵਾਸੀ ਬਠਿੰਡਾ ਨਾਲ ਹੋਇਆ ਤੇ ਇਨ੍ਹਾਂ ਦੇ ਘਰ ਦੋ ਬੱਚੇ ਅਫ਼ਤਾਬ ਤੇ ਅਮਾਨਤ ਨੇ ਜਨਮ ਲਿਆ। ਨੀਲਾ ਜਿੱਥੇ ਵਧੀਆਂ ਗੀਤਕਾਰ ਸੀ ਉੱਥੇ ਇਕ ਸਮਾਜ ਵਿਚ ਵਿਚਰਨ ਵਾਲਾ ਸੁਝਵਾਨ ਤੇ ਮਿਲਣਸਾਰ ਇਨਸਾਨ ਵੀ ਸੀ।

ਬਚਪਨ 'ਚ ਨੀਲੇ ਖ਼ਾਨ ਪੁਰਾਣੇ ਗੀਤਾਂ ਦੀਆਂ ਤਰਜ਼ਾਂ 'ਤੇ ਨਵੇਂ ਗੀਤ ਲਿਖਦਾ ਰਿਹਾ ਸੀ। ਪਿੰਡ ਦੇ ਟੂਰਨਾਮੈਂਟ, ਸੱਥਾਂ, ਸਕੂਲ ਪ੍ਰੋਗਰਾਮਾਂ ਅਤੇ ਹੋਰ ਪ੍ਰੋਗਰਾਮਾਂ ਮੌਕੇ ਉਹ ਅਕਸਰ ਆਪਣੇ ਲਿਖੇ ਗੀਤ ਗਾਉਂਦਾ ਰਹਿੰਦਾ ਸੀ। ਫਿਰ ਮਾਸਟਰ ਬੂਟਾ ਖ਼ਾਨ ਭਦੌੜ ਦੀ ਬਦੋਲਤ ਨੀਲੇ ਖ਼ਾਨ ਦਾ ਪਹਿਲਾ ਗੀਤ 18 ਕੁ ਸਾਲ ਦੀ ਉਮਰ 'ਚ 'ਕਦੇ ਤਾਂ ਤੇਰੇ ਸੀ' ਗਾਇਕ ਗੋਗੀ ਧਾਲੀਵਾਲ ਦੀ ਆਵਾਜ਼ 'ਚ ਰਿਕਾਰਡ ਹੋਇਆ। ਉਸ ਤੋਂ ਬਾਅਦ ਲਗਾਤਾਰ ਨੀਲੇ ਦੇ ਗੀਤ ਰਿਕਾਰਡ ਹੋਣੇ ਸ਼ੁਰੂ ਹੋ ਗਏ ਜਿਨ੍ਹਾਂ 'ਚੋਂ 'ਦੋ ਗੱਲਾ ਕਰੀਏ' ਬਲਕਾਰ ਸਿੱਧੂ, 'ਬਠਿੰਡਾ ਬੀਕਾਨੇਰ ਹੋ ਗਿਆ', 'ਗੱਭਰੂ ਨਾਂ ਗੱਲ ਕਿਵੇਂ ਕਰਾਂ', 'ਅੰਬਰਾਂ ਦਾ ਚੰਨ', 'ਨਨਕਾਣਾ ਵੇਖਣ ਨੂੰ', 'ਦਸ ਦਿਨ ਪੇਕੇ', 'ਰਾਤ ਮੁਕਣੇ ਨੂੰ ਆਈ ਹੋਈ ਆ', 'ਲਾਰੇ ਤਾਂ ਨੀ ਮੁੱਕ ਗੇ' (ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ) ਦੀ ਆਵਾਜ਼ 'ਚ, 'ਯਾਦ ਕਰ ਕੇ ਨਸੀਬੋ ਤੈਨੂੰ ਰੋਈ', 'ਤੇਰੀ ਮੁੰਦਰੀ', 'ਤੇਰਿਆ ਸਹਾਰਿਆਂ ਦੀ ਲੋੜ ਸੀ' (ਹਰਦੇਵ ਮਾਹੀਨੰਗਲ ਤੇ ਸੁਦੇਸ਼ ਕੁਮਾਰੀ), 'ਫੋਟੋ ਕੀਹਦੀ ਬਟੂਏ 'ਚ ਪਾਈ ਫਿਰਦਾ', 'ਗੱਲ ਹੋਰ ਵੀ ਕਰੇਗੀ' (ਧਰਮਪ੍ਰੀਤ), 'ਕੀ ਲੱਡੂਆਂ ਦਾ ਤੋੜਾ' (ਦੀਪ ਢਿੱਲੋਂ ਤੇ ਗੁਰਲੇਜ਼ ਅਖ਼ਤਰ), 'ਮੁੱਕ ਜੂ ਕਲੇਸ਼' (ਮਿੰਟੂ ਧੂਰੀ ਤੇ ਮਿਸ ਪੂਜਾ), 'ਨਜ਼ਰ ਸੋਹਣੀ ਚੀਜ਼ ਨੂੰ', 'ਜਾਂਦੀ-ਜਾਂਦੀ', (ਮਾਸ਼ਾ ਅਲੀ), 'ਸ਼ੀਸ਼ੇ ਦਾ ਬੰਗਲਾ' (ਸੁਰਿੰਦਰ ਖ਼ਾਨ), 'ਦੁੱਖ ਦੇਣ ਦੀ ਵੀ ਹੱਦ' (ਸੁਰਪ੍ਰੀਤ), 'ਚੋਰ ਕੁੜੀ' (ਲਵਜੀਤ), 'ਪੀਂਘ ਨੂੰ ਹੁਲਾਰਾ' (ਗੁੱਡੂ ਗਿੱਲ), 'ਪੈਂਦੈਂ ਨੇ ਭੁਲੇਖੇ' (ਗੁਰਸ਼ੇਰ ਗਿੱਲ), 'ਸਿਫ਼ਤਾਂ' (ਜਗਪਾਲ ਢਿੱਲੋ) ਆਦਿ ਜ਼ਿਕਰਯੋਗ ਹਨ।

ਨੀਲੇ ਖ਼ਾਨ ਦੀ ਖ਼ਾਸੀਅਤ ਸੀ ਕਿ ਉਹ ਆਪਣੇ ਗੀਤਾਂ ਨੂੰ ਜ਼ੁਬਾਨੀ ਯਾਦ ਹੀ ਰੱਖਦਾ ਸੀ ਅਤੇ ਕਦੇ ਵੀ ਕਿਸੇ ਡਾਇਰੀ ਜਾਂ ਕਾਪੀ 'ਤੇ ਨਹੀਂ ਸੀ ਲਿਖਦਾ। ਇਸੇ ਕਰ ਕੇ ਉਸ ਦੇ ਸੰਸਾਰ ਤੋਂ ਤੁਰ ਜਾਣ ਮਗਰੋਂ ਸਿਰਫ਼ ਚਾਰ ਕੁ ਗੀਤ ਹੀ ਰਿਕਾਰਡ ਹੋ ਸਕੇ। ਇਹ ਗੀਤ ਵੀ ਨੀਲੇ ਦੇ ਭਰਾ ਬਾਗਅਲੀ ਨੂੰ ਯਾਦ ਸਨ। ਨੀਲੇ ਖ਼ਾਨ ਦਾ ਛੋਟਾ ਭਰਾ ਬਾਗਅਲੀ ਜੋ ਇਕ ਵਧੀਆਂ ਗਾਇਕ ਹੈ। ਉਸ ਨੇ ਵੀ ਨੀਲੇ ਖ਼ਾਨ ਦੇ ਕੁਝ ਗੀਤ ਆਪਣੀ ਆਵਾਜ਼ 'ਚ ਰਿਕਾਰਡ ਕਰਵਾਏ ਹਨ। ਗੀਤਕਾਰ ਰਿਕੀ ਖ਼ਾਨ ਜੋ ਨੀਲੇ ਖ਼ਾਨ ਦਾ ਸਕਾ ਭਾਣਜਾ ਹੈ ਤੋਂ ਵੀ ਨੀਲੇ ਦੇ ਪਰਿਵਾਰ ਨੂੰ ਹੁਣ ਵੱਡੀ ਉਮੀਦਾਂ ਹਨ।

ਰਾਈਏ ਪਿੰਡ ਦੇ ਲੋਕ ਨੀਲੇ ਖ਼ਾਨ 'ਤੇ ਬੜਾ ਫ਼ਖ਼ਰ ਮਹਿਸੂਸ ਕਰਦੇ ਹਨ ਕਿ ਉਸ ਦੀ ਬਦੌਲਤ ਪਿੰਡ ਦਾ ਨਾਂ ਪੰਜਾਬੀ ਗੀਤਾਂ 'ਚ ਬੋਲਣ ਲੱਗਾ। ਇਸੇ ਲਈ ਨੀਲੇ ਦੀ ਯਾਦ ਵਿਚ ਹਰ ਸਾਲ ਉਸ ਦੇ ਪਿੰਡ ਰਾਈਆ ਵਿਖੇ 28 ਮਈ ਨੂੰ ਸੱਭਿਆਚਾਰਕ ਮੇਲਾ ਲਗਾਇਆ ਜਾਂਦਾ ਹੈ। ਇਸ ਮੇਲਾ 'ਤੇ ਹਰ ਸਾਲ ਕਈ ਨਾਮਵਰ ਗਾਇਕ ਨੀਲੇ ਦੇ ਲਿਖੇ ਗੀਤਾਂ ਨੂੰ ਗਾ ਕੇ ਉਸ ਨੂੰ ਯਾਦ ਕਰਦੇ ਹਨ। ਇਸ ਵਾਰ ਕੋਰੋਨਾ ਮਹਾਮਾਰੀ ਕਾਰਨ ਇਸ ਮੇਲੇ ਨੂੰ ਰੱਦ ਕਰ ਦਿੱਤਾ ਗਿਆ ਹੈ। ਆਪਣੀ ਜ਼ਿੰਦਗੀ ਬੜੇ ਚਾਂਵਾਂ-ਮਲਾਰਾ ਨਾਲ ਮਾਣ ਰਹੇ ਨੀਲੇ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਮੌਤ ਦੇ ਬੇਦਰਦ ਪੰਜੇ ਨੇ ਦਬੋਚ ਲਿਆ।

28 ਮਈ 2011 ਨੂੰ ਆਪਣੇ ਘਰ 'ਚ ਸਵੇਰੇ-ਸਵੇਰੇ ਏਅਰ ਕੂਲਰ ਦੇ ਸ਼ਾਟ ਸਰਕਟ ਹੋ ਜਾਣ ਤੋਂ ਲੱਗੇ ਝੱਟ ਕੇ ਨੇ ਨੀਲੇ ਨੂੰ ਹਮੇਸ਼ਾਂ ਲਈ ਖਾਮੋਸ਼ ਕਰ ਦਿੱਤਾ। ਉਹ ਆਪਣੀ ਜ਼ਿੰਦਗੀ ਦੇ 28 ਸਾਲ 22 ਦਿਨਾਂ ਦਾ ਸਫ਼ਰ ਤਹਿ ਕਰ ਕੇ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਿਆ। ਨੀਲੇ ਖ਼ਾਨ ਦੇ ਛੋਟੀ ਉਮਰੇ ਸੰਸਾਰ ਤੋਂ ਤੁਰ ਜਾਣ ਨਾਲ ਪੰਜਾਬੀ ਸੰਗੀਤ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਤੇ ਇਹ ਘਾਟ ਹਮੇਸ਼ਾ ਰੜਕਦੀ ਰਹੇਗੀ।

ਗੋਰਾ ਸੰਧੂ ਖੁਰਦ

98781-50541

Posted By: Harjinder Sodhi