ਪੰਜਾਬੀ ਸੰਗੀਤ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਗੋਰਿਆਂ ਨੂੰ ਸਿਖਾਉਂਦੇ-ਸਿਖਾਉਂਦੇ ਅਸੀਂ ਖ਼ੁਦ ਭਟਕ ਗਏ ਹਾਂ। ਲੋਕ ਗਾਥਾਵਾਂ ਤੇ ਲੋਕ ਗੀਤਾਂ ਨੂੰ ਤਿਲਾਂਜ਼ਲੀ ਦੇ ਕੇ ਧੀਆਂ-ਭੈਣਾ ਦਾ ਅਕਸ ਖ਼ਰਾਬ ਕਰਨ ਤਕ ਅੱਪੜ ਗਏ ਹਾਂ। ਪੰਜਾਬੀ ਗੀਤ ਸੰਗੀਤ ਤੇ ਸੱਭਿਆਚਾਰ ਦੇ ਪਹਿਰੇਦਾਰ ਅਖਵਾਉਣ ਵਾਲੇ ਬਹੁਤੇ ਫ਼ਨਕਾਰਾਂ ਦੀ ਇਹੀ ਅਹਿਮ ਪ੍ਰਾਪਤੀ ਹੈ। ਦੋ ਦਹਾਕੇ ਪਹਿਲਾਂ ਰੂਹਦਾਰ ਗਾਣੇ ਸੁਣਨ ਨੂੰ ਮਿਲਦੇ ਸਨ। ਉਸ ਸਮੇਂ ਗਾਇਕ ਵੀ ਚੰਗੀ ਤਰ੍ਹਾਂ ਸੰਗੀਤ ਸਿੱਖਣ ਤੋਂ ਬਾਅਦ ਹੀ ਇਸ ਖੇਤਰ 'ਚ ਕਦਮ ਧਰਦੇ ਸਨ। ਅੱਜ ਤਾਂ ਕੰਪਿਊਟਰ ਦੀ ਮਦਦ ਨਾਲ ਗਾਇਕ ਬਣਨਾ ਕਾਫ਼ੀ ਸੌਖਾ ਹੋ ਗਿਆ ਹੈ।

ਲੱਚਰਤਾ ਦਾ ਮੁੱਦਾ

ਪੌਪ ਗਾਇਕੀ ਦੀ ਹਨੇਰੀ ਨੇ ਅਜਿਹਾ ਕਲਯੁਗੀ ਦੌਰ ਲਿਆਂਦਾ ਕਿ ਸਾਡੇ ਪੌਪ ਗਾਇਕ ਗੀਤਾਂ ਵਿਚ ਗਾਲੀ ਗਲੋਚ ਦਾ ਮਿਸ਼ਰਣ ਕਰਨ 'ਚ ਮਾਣ ਮਹਿਸੂਸ ਕਰਨ ਲੱਗੇ। ਕਿਸੇ ਵੇਲੇ ਗੀਤਾਂ 'ਚ ਸਾਦਗੀ, ਸਰੂਰ ਤੇ ਰਿਸ਼ਤਿਆਂ ਦੀ ਭਾਵਕੁਤਾ ਦਾ ਵਰਣਨ ਹੁੰਦਾ ਸੀ। ਨਿੱਕੀ-ਨਿੱਕੀ ਨੋਕ-ਝੋਕ ਤੇ ਮਾਮੂਲੀ ਰੁਮਾਂਟਿਕਤਾ ਸੀ। ਰੁਮਾਂਸਵਾਦੀ ਪਰੰਪਰਾ 'ਚ ਇਕ ਸੀਮਾ ਨਿਰਧਾਰਤ ਸੀ ਜਿਸ ਨੂੰ ਪਾਰ ਕਰਨਾ ਸੱਭਿਆਚਾਰ ਨੂੰ ਖੋਰਾ ਲਗਾਉਣ ਦੇ ਬਰਾਬਰ ਸਮਝਿਆ ਜਾਂਦਾ ਸੀ। ਉਦੋਂ ਸੱਭਿਆਚਾਰ ਵੀ ਸੁਰਜੀਤ ਸੀ ਤੇ ਰਿਸ਼ਤੇ ਵੀ ਜਿਉਂਦੇ ਜਾਗਦੇ ਸਨ। ਅਣਖ ਤੇ ਗ਼ੈਰਤ ਵੀ ਪੰਜਾਬੀਆਂ 'ਚ ਕੁੱਟ-ਕੁੱਟ ਕੇ ਭਰੀ ਹੋਈ ਸੀ। ਜਦ ਰੁਮਾਂਸਵਾਦੀ ਪਰੰਪਰਾ ਨੂੰ ਨਵੀਨ ਦਿੱਖ ਦੇ ਕੇ ਵਣਜ ਕਰਨ ਵਾਲਿਆਂ ਦਾ ਦੌਰ ਚੱਲਿਆ ਤਾਂ ਔਰਤਾਂ ਦਾ ਮਾਣ-ਸਤਿਕਾਰ, ਰਿਸ਼ਤਿਆਂ ਦੀ ਪਵਿੱਤਰਤਾ, ਅਣਖ, ਗ਼ੈਰਤ ਤੇ ਸੱਭਿਆਚਾਰ ਕਿਧਰੇ ਉੱਡ ਪੁੱਡ ਹੀ ਗਏ। ਵਕਤ ਨਹੀਂ, ਅਸੀਂ ਆਪ ਬਦਲ ਗਏ ਹਾਂ, ਸੋਚ ਬਦਲ ਗਈ ਹੈ। ਸਭ ਕੁਝ ਲੋਭ ਦੀ ਮੁੱਠੀ ਵਿਚ ਲੁਕ ਗਿਆ ਹੈ। ਨਵੀਂ ਪੀੜ੍ਹੀ ਆਧੁਨਿਕਤਾ ਦੀ ਹਾਮੀ ਹੋ ਕੇ ਚੰਗੀ ਤੇ ਮਾੜੀ ਗਾਇਕੀ ਵਿਚਲਾ ਅੰਤਰ ਭੁੱਲ ਚੁੱਕੀ ਹੈ। ਲੱਚਰ ਗਾਇਕੀ ਦਾ ਮੁੱਦਾ ਅਕਸਰ ਗਰਮਾਇਆ ਰਹਿੰਦਾ ਹੈ। ਸਾਹਿਤਕਾਰ, ਲੇਖਕ, ਪੱਤਰਕਾਰ ਤੇ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ। ਸਿਆਸੀ ਪਾਰਟੀਆਂ ਵੋਟਾਂ ਬਟੋਰਨ ਲਈ ਵਾਅਦੇ ਕਰਦੀਆਂ ਹਨ ਪਰ ਸੱਤਾ ਤੇ ਕਾਬਜ਼ ਹੁੰਦਿਆਂ ਹੀ ਲੱਚਰ ਗਾਇਕੀ ਦਾ ਮਾਮਲਾ ਠੰਡੇ ਬਸਤੇ 'ਚ ਪੈ ਜਾਂਦਾ ਹੈ। ਲੱਚਰ ਗਾਇਕੀ ਖ਼ਿਲਾਫ ਜੰਗ ਅਸਲ ਵਿਚ ਲੋਕਾਂ ਦੇ ਫ਼ਰਜ਼ਾਂ ਨਾਲ ਜੁੜੀ ਹੋਈ ਹੈ।

ਸਿੱਠਣੀਆਂ ਤੋਂ ਗੀਤਾਂ ਤਕ

ਇਕ ਪਾਸੇ ਲੇਖਕ, ਸਾਹਿਤਕਾਰ, ਇਨਸਾਫ਼ ਪਸੰਦ ਲੋਕ ਸੱਭਿਆਚਾਰ ਤੇ ਸਾਫ਼-ਸੁਥਰੀ ਗਾਇਕੀ ਲਈ ਪ੍ਰਚਾਰ ਕਰ ਰਹੇ ਹਨ। ਦੂਜੇ ਪਾਸੇ ਸੰਗੀਤਕ ਮੰਡੀ ਨਾਲ ਜੁੜੇ ਕਾਰਪੋਰੇਟ ਘਰਾਣਿਆਂ ਨੇ ਗਾਇਕੀ ਵਿਚ ਲੱਚਰਤਾ ਪੇਸ਼ ਕਰ ਕੇ ਨਵੀਂ ਪੀੜ੍ਹੀ ਨੂੰ ਮਾਨਸਿਕ ਤੇ ਸਰੀਰਕ ਤੌਰ 'ਤੇ ਕਮਜ਼ੋਰ ਕਰਨਾ ਆਰੰਭ ਕੀਤਾ ਹੋਇਆ ਹੈ। ਲੱਚਰ ਗਾਇਕੀ ਦਾ ਇਹ ਗੋਰਖਧੰਦਾ ਅੱਜ ਦਾ ਨਹੀਂ, ਸਗੋਂ ਇਸ ਦਾ ਰੁਝਾਨ ਸਾਡੇ ਪਿਉ-ਦਾਦਿਆਂ ਤੋਂ ਵੀ ਪਹਿਲਾਂ ਦਾ ਹੈ। ਸਿੱਠਣੀਆਂ ਦੀ ਤਰਜ਼ 'ਤੇ ਹੋਂਦ ਵਿਚ ਆਈ ਦੋਗਾਣਾ ਗਾਇਕੀ ਵਿਚ ਮਾਮੂਲੀ ਨੋਕ-ਝੋਕ ਨੂੰ ਬੇਹੱਦ ਪਸੰਦ ਕੀਤਾ ਗਿਆ। ਮੱਠੀ-ਮੱਠੀ ਕਸ਼ਮਕਸ਼ ਨੇ ਦਿਓਰ ਭਰਜਾਈ ਦੇ ਰਿਸ਼ਤੇ ਬਾਰੇ ਸਵਾਲ-ਜਵਾਬ ਦੀ ਪੇਸ਼ਕਾਰੀ ਨੇ ਤਾਂ ਮਨੋਰੰਜਨ ਦੇ ਨਾਂ 'ਤੇ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਗੰਧਲਾ ਕਰ ਕੇ ਰੱਖ ਦਿੱਤਾ। ਇਸ ਅਮਲ ਵਿਚ ਸਮੇਂ-ਸਮੇਂ ਪ੍ਰਸਿੱਧ ਗਾਇਕ ਜੋੜੀਆਂ ਨੇ ਪੰਜਾਬਣ ਮੁਟਿਆਰਾਂ ਦੇ ਹੁਸਨ ਦੀ ਰੱਜ ਕੇ ਤਿਜਾਰਤ ਕੀਤੀ ਤੇ ਆਪਣੀਆਂ ਤਜੋਰੀਆਂ ਭਰੀਆਂ। ਸਮੇਂ-ਸਮੇਂ ਲੱਚਰ ਗਾਇਕੀ ਖ਼ਿਲਾਫ਼ ਬਗ਼ਾਵਤ ਦਾ ਉੱਠਣਾ ਜਾਰੀ ਰਿਹਾ। ਲੱਚਰ ਗਾਇਕੀ ਕਾਰਨ ਇਕ ਬਹੁ-ਚਰਚਿਤ ਦੋਗਾਣਾ ਜੋੜੀ ਜ਼ਿੰਦਗੀ ਤੋਂ ਹੱਥ ਧੋ ਬੈਠੀ ਸੀ। ਬਰਦਾਸ਼ਤ ਦੀ ਹੱਦ ਸੀ ਕਿ ਕਈ ਨਾਮੀ ਗਾਇਕ ਜੋੜੀਆਂ ਨੇ ਦੋ-ਅਰਥੇ ਗੀਤਾਂ ਨਾਲ ਪੰਜਾਬੀ ਗਾਇਕੀ ਦਾ ਅਜਿਹਾ ਬਿੰਬ ਸਿਰਜ ਦਿੱਤਾ, ਜਿਸ ਨੂੰ ਸੁਣ ਕੇ ਹਰ ਗ਼ੈਰਤਮੰਦ ਪੰਜਾਬੀ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਅਜਿਹੇ ਬਹੁਤ ਸਾਰੇ ਗੀਤ ਅੱਜ ਵੀ ਯੂ-ਟਿਊਬ 'ਤੇ ਮੌਜੂਦ ਹਨ।

ਗੀਤਾਂ ਦਾ ਫਿਲਮਾਂਕਣ

ਲੱਚਰ ਗਾਇਕੀ ਪੀੜ੍ਹੀ-ਦਰ-ਪੀੜ੍ਹੀ ਚੱਲਦੀ ਆ ਰਹੀ ਹੈ। ਪੁਰਾਤਨ ਸਮੇਂ ਅਜਿਹੀ ਦੋ-ਅਰਥੀ ਗਾਇਕੀ ਪੰਜਾਬ ਦੇ ਘਰਾਂ, ਸੱਥਾਂ ਤੇ ਜਨਤਕ ਥਾਵਾਂ ਤੋਂ ਕੋਹਾਂ ਦੂਰ ਸੀ। ਦੋ-ਅਰਥੇ ਗੀਤ ਖੇਤਾਂ ਵਿਚ ਮੋਟਰਾਂ 'ਤੇ ਜਾਂ ਇਕਾਂਤ ਥਾਵਾਂ 'ਤੇ ਸੁਣੇ ਜਾਂਦੇ ਸਨ। ਵੱਡੀ ਗੱਲ ਇਹ ਹੈ ਕਿ ਉਦੋਂ ਗਾਣਾ ਸਿਰਫ਼ ਸੁਣਿਆ ਜਾਂਦਾ ਸੀ ਪਰ ਅੱਜ ਤਕਨੀਕੀ ਵਿਕਾਸ ਹੋਣ ਕਾਰਨ ਗੀਤ ਸੁਣਨ ਦੇ ਨਾਲ-ਨਾਲ ਵੇਖਣ ਵਾਲੀ ਵਸਤੂ ਬਣ ਗਿਆ ਹੈ। ਇਹੀ ਕਾਰਨ ਹੈ ਕਿ ਹੁਣ ਦੇ ਗੀਤਾਂ ਨੂੰ ਟੀਵੀ ਚੈਨਲਾਂ ਨੇ ਲੋਕਾਂ ਦੇ ਡਰਾਇੰਗ ਰੂਮ ਤਕ ਪਹੁੰਚਾ ਦਿੱਤਾ ਹੈ। ਇਸ ਵਿਚ ਲੱਚਰਤਾ ਭਰੇ ਬੋਲਾਂ ਤੇ ਮਾੜੇ ਫਿਲਮਾਂਕਣ ਦਾ ਰੁਝਾਨ ਵੱਧਣ ਲੱਗਾ ਹੈ। ਪੰਜਾਬੀ ਗੀਤਾਂ ਦੇ ਫਿਲਮਾਂਕਣ ਵਿਚ ਹੁਣ ਪੱਛਮੀ ਪਹਿਰਾਵੇਂ ਵਿਚ ਕੁੜੀਆਂ ਆਮ ਹੀ ਨੱਚਦੀਆਂ ਵੇਖਣ ਨੂੰ ਮਿਲਦੀਆਂ ਹਨ। ਕਈ ਵਾਰ ਤਾਂ ਗਾਇਕ ਗੀਤ ਵਿਚ ਸੂਟ ਜਾਂ ਫੁਲਕਾਰੀ ਦੀ ਗੱਲ ਕਰਦਾ ਹੁੰਦਾ ਹੈ ਤੇ ਫਿਲਮਾਂਕਣ ਵਿਚ ਲਈ ਕੁੜੀ ਨੇ ਜੀਨ-ਟੌਪ ਪਾਇਆ ਹੁੰਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਅਸੀਂ ਮੂਕ ਦਰਸ਼ਕ ਬਣ ਕੇ ਇਹ ਸਭ ਵੇਖ ਰਹੇ ਹਾਂ।

ਹਰ ਕੋਈ ਪਛਾਣੇ ਫ਼ਰਜ਼

ਜੇ ਮਨੁੱਖੀ ਸੱਭਿਅਤਾ ਤੇ ਸੰਸਕ੍ਰਿਤੀ ਦੀ ਗੱਲ ਕਰੀਏ ਤਾਂ ਪੰਜਾਬੀ ਸੱਭਿਆਚਾਰ ਸਦਾਚਾਰ ਤੇ ਕਦਰਾਂ ਕੀਮਤਾਂ ਨੂੰ ਪ੍ਰਣਾਇਆ ਹੋਇਆ ਹੈ। ਬਹੁ ਗਿਣਤੀ ਪੰਜਾਬੀਆਂ ਦੀ ਅਣਖ ਗ਼ੈਰਤ ਦੱਸਦੀ ਹੈ ਕਿ ਉਹ ਲੱਚਰ ਗਾਇਕਾਂ ਦੇ ਹਾਮੀ ਨਹੀਂ ਬਲਕਿ ਸਾਫ਼-ਸੁਥਰੀ ਤੇ ਲੋਕ-ਪੱਖੀ ਗਾਇਕੀ ਦੇ ਪੱਖ ਵਿਚ ਹਨ। ਇਸੇ ਕਰਕੇ ਲੱਚਰਤਾ ਖ਼ਿਲਾਫ਼ ਲਗਾਤਾਰ ਆਵਾਜ਼ਾਂ ਉੱਠ ਰਹੀਆਂ ਹਨ। ਲੇਖਕਾਂ ਤੇ ਪੱਤਰਕਾਰਾਂ ਵਲੋਂ ਵੀ ਲੱਚਰ ਗਾਇਕੀ ਖ਼ਿਲਾਫ਼ ਹੋਕਾ ਦਿੱਤਾ ਜਾ ਰਿਹਾ ਹੈ। ਪਾਠਕ ਤੇ ਸਰੋਤੇ ਵੀ ਚਿੰਤਤ ਹਨ। ਹੁਣ ਸਰਕਾਰ ਤੇ ਲੱਚਰ ਗਾਇਕਾਂ, ਸੰਗੀਤਕ ਕੰਪਨੀਆਂ ਤੇ ਵੀਡੀਓ ਨਿਰਦੇਸ਼ਕਾਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ। ਆਪਣੇ ਫਰਜ਼ ਪਛਾਣਦਿਆਂ ਲੱਚਰਤਾ ਖ਼ਿਲਾਫ਼ ਉੱਠੀਆਂ ਕਲਮਾਂ ਦੇ ਹੋਕੇ ਨੂੰ ਕਿਸੇ ਨਿੱਜੀ ਰੰਜ਼ਿਸ਼ ਵਜੋਂ ਨਹੀਂ, ਸਗੋਂ ਲੱਚਰ ਗਾਇਕੀ ਖ਼ਿਲਾਫ਼ ਉੱਠੇ ਲੋਕ ਵਿਦਰੋਹ ਵਜੋਂ ਕਬੂਲ ਕਰ ਲੈਣਾ ਚਾਹੀਦਾ ਹੈ। ਪੰਜਾਬੀ ਮਾਂ-ਬੋਲੀ ਤੇ ਪੰਜਾਬੀ ਸੱਭਿਆਚਾਰ ਦੇ ਹਿੱਤ ਵਿਚ ਇਹ ਇਕ ਸਲਾਹੁਣਯੋਗ ਫ਼ੈਸਲਾ ਹੋਵੇਗਾ।

ਮਹਿਲਾ ਜਥੇਬੰਦੀਆਂ ਦੀ ਪਹਿਲਕਦਮੀ

ਲੱਚਰ ਗਾਇਕੀ ਦੀ ਲਾਗ ਤੋਂ ਨਵੀਂ ਪੀੜ੍ਹੀ ਦੇ ਨਵੇਂ ਗਾਇਕ ਵੀ ਬਚ ਨਹੀਂ ਸਕੇ। ਕੁਝ ਗਾਇਕਾਂ ਵੱਲੋਂ ਪੰਜਾਬਣ ਮੁਟਿਆਰਾਂ ਲਈ ਅਜਿਹੇ ਇਤਰਾਜਯੋਗ ਸ਼ਬਦ ਵਰਤੇ ਗਏ, ਜਿਨ੍ਹਾਂ ਬਾਰੇ ਗੱਲ ਕਰਦਿਆਂ ਵੀ ਸ਼ਰਮ ਆਉਂਦੀ ਹੈ। ਨਵੇਂ ਪੋਚ ਦੇ ਰੈਪ ਸਟਾਰਜ਼ ਨੇ ਤਾਂ ਸ਼ਰਮ-ਹਯਾ ਦੇ ਹੱਦਾਂ ਬੰਨੇ ਹੀ ਪਾਰ ਕਰ ਦਿੱਤੇ। ਇਕ ਗਾਇਕ ਨੂੰ ਤਾਂ ਲੱਚਰਤਾ ਖ਼ਿਲਾਫ਼ ਉੱਠੇ ਵਿਦਰੋਹ ਮਗਰੋਂ ਮਾਫ਼ੀ ਤਕ ਮੰਗਣੀ ਪਈ ਸੀ। ਪੰਜਾਬੀ ਗਾਇਕਾਂ ਦੀਆਂ ਮਨਮਰਜ਼ੀਆਂ ਖ਼ਿਲਾਫ਼ ਬੀਬੀਆਂ ਦੀ ਇਕ ਜਥੇਬੰਦੀ ਨੇ ਔਰਤਾਂ ਲਈ ਗੀਤਾਂ 'ਚ ਮਾੜੀ ਸ਼ਬਦਾਬਲੀ ਵਰਤਣ ਵਾਲੇ ਗਾਇਕਾਂ ਨੂੰ ਸਬਕ ਸਿਖਾਉਣ ਲਈ ਮੋਰਚਾ ਖੋਲ੍ਹ ਕੇ ਸੰਗੀਤਕ ਖੇਤਰ 'ਚ ਗਹਿ-ਗੱਚ ਜੰਗ ਵੀ ਛੇੜੀ। 'ਇਸਤਰੀ ਜਾਗ੍ਰਿਤੀ ਮੰਚ' ਵੱਲੋਂ ਬੀਬੀ ਗੁਰਬਖ਼ਸ਼ ਕੌਰ ਸੰਘਾ ਦੀ ਅਗਵਾਈ ਵਿਚ ਪੰਜਾਬੀ ਗਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਗਿਆ। ਇਸ ਵਿਦਰੋਹ ਨਾਲ ਦੇਰ ਤੋਂ ਲੱਚਰਤਾ ਖ਼ਿਲਾਫ਼ ਉੱਡਦੀਆਂ ਆਵਾਜ਼ਾਂ ਨੂੰ ਹਕੀਕੀ ਜ਼ਮੀਨ ਮਿਲੀ।

ਕੁਲਦੀਪ ਸਿੰਘ ਲੋਹਟ

98764-92410

Posted By: Harjinder Sodhi