ਸ਼ੌਕ ਕਦੇ ਲੁਕਿਆ ਨਹੀਂ ਰਹਿੰਦਾ, ਬੱਸ ਇਨਸਾਨ ਮਿਹਨਤੀ, ਦ੍ਰਿੜ੍ਹ ਹੌਸਲੇ ਵਾਲਾ ਤੇ ਸੰਘਰਸ਼ਸ਼ੀਲ ਹੋਣਾ ਚਾਹੀਦਾ ਹੈ। ਕੁਦਰਤ ਨੇ ਹਰ ਇਨਸਾਨ ਨੂੰ ਕੋਈ ਨਾ ਕੋਈ ਗੁਣ ਜ਼ਰੂਰ ਦਿੱਤਾ ਹੁੰਦੈ ਪਰ ਉਸ ਗੁਣ ਨੂੰ ਲੋਕਾਂ ਸਾਹਮਣੇ ਉਜਾਗਰ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਕੋਈ ਵੀ ਸ਼ੌਕ ਜਦੋਂ ਜਨੂੰਨ ਤਕ ਪਹੁੰਚ ਜਾਵੇ ਤਾਂ ਇਨਸਾਨ ਹੋਰ ਕੰਮਾਂ ਦੀ ਸੁਧ-ਬੁਧ ਭੁੱਲ ਜਾਂਦਾ ਹੈ। ਕੁਝ ਇਸੇ ਤਰ੍ਹਾਂ ਦਾ ਹੀ ਨੌਜਵਾਨ ਹੈ - ਬਲਰਾਜ

ਜਲੰਧਰ ਵਿਖੇ ਪਿਤਾ ਰਮੇਸ਼ ਜਲੰਧਰੀ ਤੇ ਮਾਤਾ ਸੁਦੇਸ਼ ਕੁਮਾਰੀ ਦੇ ਘਰ ਜਨਮੇ ਬਲਰਾਜ ਨੂੰ ਬਚਪਨ ਤੋਂ ਹੀ ਸ਼ੌਕ ਸੀ ਕਿ ਉਹ ਮਾਪਿਆਂ ਨੂੰ ਕੁਝ ਕਰ ਕੇ ਦਿਖਾਵੇ। ਘਰ 'ਚ ਸੰਗੀਤਕ ਮਾਹੌਲ ਹੋਵੇ ਤਾਂ ਜ਼ਾਹਿਰ ਹੈ ਘਰ ਦਾ ਕੋਈ ਨਾ ਕੋਈ ਮੈਂਬਰ ਵਾਰਿਸਾਂ ਦੀਆਂ ਪੈੜਾਂ 'ਤੇ ਚੱਲਦਾ ਹੀ ਹੈ। ਬਲਰਾਜ ਨੂੰ ਵੀ ਆਪਣੇ ਪਿਤਾ ਨੂੰ ਗਾਉਂਦਿਆਂ ਵੇਖ ਕੇ ਸੰਗੀਤ ਦੀ ਚੇਟਕ ਲੱਗੀ। ਆਪਣੇ ਸ਼ੌਕ ਨੂੰ ਆਪਣਾ ਹੁਨਰ ਬਣਾਉਣ ਲਈ ਉਸ ਨੇ ਐੱਮਸੀ ਪਤਰਸ ਨੂੰ ਗੁਰੂ ਧਾਰਿਆ ਤੇ ਉਨ੍ਹਾਂ ਕੋਲੋਂ ਹਰਮੋਨੀਅਮ ਦੀਆਂ ਬਾਰੀਕੀਆਂ ਸਿੱਖੀਆਂ।

ਇਕ ਵੇਲ੍ਹਾ ਸੀ, ਜਦੋਂ ਲੋਕ ਗਾਉਣ ਵਾਲੇ ਨੂੰ ਹੀ ਜਾਣਦੇ ਸਨ ਤੇ ਪਿੱਠਵਰਤੀ ਭੂਮਿਕਾ ਨਿਭਾਉਣ ਵਾਲੇ ਗੀਤਕਾਰਾਂ, ਸੰਗੀਤਕਾਰਾਂ ਤੇ ਸਾਜਿੰਦਿਆਂ ਤੋਂ ਨਾ-ਵਾਕਿਫ਼ ਹੁੰਦੇ ਸਨ। ਸਮੇਂ ਨੇ ਅੰਗੜਾਈ ਲਈ। ਗੀਤਕਾਰਾਂ ਦੇ ਨਾਲ-ਨਾਲ ਸਾਜਿੰਦਿਆਂ, ਸੰਗੀਤਕਾਰਾਂ ਦੀ ਵੀ ਬੱਲੇ-ਬੱਲੇ ਹੋਣ ਲੱਗੀ। ਸਧਾਰਨ ਪਰਿਵਾਰ 'ਚ ਪੈਦਾ ਹੋਇਆ ਬਲਰਾਜ ਜਦੋਂ ਕੀ-ਬੋਰਡ 'ਤੇ ਆਪਣੀਆਂ ਉਂਗਲਾਂ ਦਾ ਜਾਦੂ ਚਲਾਉਂਦੈ ਤਾਂ ਸਰੋਤੇ ਅਸ਼-ਅਸ਼ ਕਰ ਉੱਠਦੇ ਹਨ। ਟੇਲੈਂਟ ਸ਼ੋਅ 'ਆਵਾਜ਼ ਪੰਜਾਬ ਦੀ', 'ਵਾਇਸ ਆਫ ਪੰਜਾਬ' ਤੋਂ ਲੈ ਕੇ ਸੰਗੀਤਕ ਖੇਤਰ ਦੇ ਨਾਮਵਾਰ ਕਲਾਕਾਰਾਂ ਲਹਿੰਬਰ ਹੁਸੈਨਪੁਰੀ, ਨਿੰਜਾ, ਗੈਰੀ ਸੰਧੂ, ਜੈਸਮੀਨ ਸੈਂਡਲਸ, ਨੂਰਾਂ ਸਿਸਟਰਜ਼, ਗਗਨ ਥਿੰਦ, ਦਿਲਜਾਨ, ਜੱਸੀ ਸੋਹਲ, ਮਾਸਟਰ ਸਲੀਮ, ਹਸ਼ਮਤ-ਸੁਲਾਤਾਨਾ ਆਦਿ ਨਾਲ ਉਹ ਬਤੌਰ ਕੀ-ਬੋਰਡ ਪਲੇਅਰ ਆਪਣੀ ਕਲਾ ਦਾ ਹੁਨਰ ਦਿਖਾ ਚੁੱਕਾ ਹੈ। ਹਰਿਵੱਲਭ ਸੰਗੀਤ ਸੰਮੇਲਨ 'ਚ ਉਹ ਚਾਰ ਸਾਲ ਹਰਮੋਨੀਅਮ ਨਾਲ ਪ੍ਰੋਗਰਾਮ ਦਾ ਹਿੱਸਾ ਬਣਿਆ।

ਇਸ ਤੋਂ ਇਲਾਵਾ ਉਹ ਗਾਇਕੀ ਦਾ ਵੀ ਸ਼ੌਕ ਰੱਖਦਾ ਹੈ। ਉਹ ਸਮੇਂ ਨੂੰ ਕਦੇ ਅੰਞਾਈਂ ਨਹੀਂ ਗੁਆਉਂਦਾ ਤੇ ਵਿਹਲੇ ਸਮੇਂ ਰਿਆਜ਼ ਤੇ ਹਰ ਪਲ ਕੁਝ ਨਵਾਂ ਸਿੱਖਣ ਦੀ ਤਾਂਘ 'ਚ ਰਹਿੰਦਾ। ਉਸ ਨੇ ਦੱਸਿਆ ਕਿ ਉਹ ਐੱਸਡੀ ਕਾਲਜ ਫਾਰ ਗਰਲਜ਼ ਜਲੰਧਰ, ਡਿਪਸ ਸਕੂਲ, ਦਸਮੇਸ਼ ਕਾਲਜ ਮੁਕੇਰੀਆਂ, ਸੇਂਟ ਸੋਲਜ਼ਰ ਕਾਲਜ ਬਸਤੀ ਦਾਨਿਸ਼ਮੰਦਾਂ 'ਚ ਸੰਗੀਤ ਦੇ ਵਿਦਿਆਰਥੀਆਂ ਨੂੰ ਹਰਮੋਨੀਅਮ ਦੀ ਤਾਲੀਮ ਦੇ ਚੁੱਕਾ ਹੈ। ਸੰਗੀਤ ਉਸ ਦੀ ਰੂਹ ਦੀ ਖ਼ੁਰਾਕ ਹੈ ਅਤੇ ਉਹ ਸੰਗੀਤ ਨੂੰ ਮੁੱਖ ਰੱਖ ਕੇ ਹੀ ਜ਼ਿੰਦਗੀ 'ਚ ਅੱਗੇ ਵਧ ਰਿਹਾ ਹੈ। ਕਲਾ ਦੀਆਂ ਮੰਜ਼ਿਲਾਂ ਨੂੰ ਕਲਾਵੇ 'ਚ ਲੈ ਕੇ ਬਲਰਾਜ ਪੰਜਾਬੀ ਸੰਗੀਤ ਦੇ ਖੇਤਰ 'ਚ ਸੰਗੀਤਕ ਧੁਨਾਂ ਨਾਲ ਕੁਝ ਨਵਾਂ ਕਰਨ ਦੀ ਕੋਸ਼ਿਸ਼ 'ਚ ਹੈ। ਸ਼ਾਲਾ! ਉਸ ਦੀਆਂ ਕੋਸ਼ਿਸ਼ਾਂ ਨੂੰ ਜਲਦੀ ਬੂਰ ਪਵੇ।

- ਹਨੀ ਸੋਢੀ

Posted By: Harjinder Sodhi