ਬਿਨਾਂ ਸ਼ੱਕ ਆਦਿ ਕਾਲ ਤੋਂ ਹੀ ਸੰਗੀਤ ਦੁਨੀਆ ਭਰ ਵਿਚ ਮਨੁੱਖ ਦਾ ਸਾਥੀ ਰਿਹਾ ਹੈ। ਸੰਗੀਤ ਉਹ ਮਾਧਿਅਮ ਹੈ ਜਿਸ ਰਾਹੀਂ ਮਨੁੱਖ ਆਪਣੇ ਦੁੱਖ, ਸੁੱਖ, ਖ਼ੁਸ਼ੀ, ਗ਼ਮੀ ਆਦਿ ਦੇ ਭਾਵ ਪ੍ਰਗਟ ਕਰ ਕੇ ਸਕੂਨ ਹਾਸਲ ਕਰਦਾ ਆਇਆ ਹੈ। ਭਾਰਤ ਸਮੇਤ ਹੋਰ ਮੁਲਕਾਂ ਵਿਚ ਵੀ ਮਨੁੱਖ ਨੇ ਸੰਗੀਤ ਦਾ ਉਪਯੋਗ ਭਗਤੀ ਦੇ ਮਾਧਿਅਮ ਵਜੋਂ ਵੀ ਕੀਤਾ ਹੈ ਤੇ ਇਸ ਨੂੰ ਰੱਬੀ ਦਰਗਾਹ 'ਚੋਂ ਹਾਸਲ ਕੀਤੀ ਦਾਤ ਦੱਸਿਆ ਹੈ। ਗੱਲ ਭਾਵੇਂ ਸੂਫ਼ੀ ਸੰਗੀਤ ਦੀ ਹੋਵੇ ਤੇ ਭਾਵੇਂ ਗੁਰਮਤਿ ਸੰਗੀਤ ਦੀ। ਇਹ ਦੋਵੇਂ ਹੀ ਆਤਮਾ ਨੂੰ ਪਰਮਾਤਮਾ ਤਕ ਪੰਹੁਚਾਉਣ ਲਈ ਸਫਲ ਸਾਧਨ ਸਿੱਧ ਹੋਏ ਹਨ। ਜ਼ਿਕਰਯੋਗ ਹੈ ਕਿ 21 ਜੂਨ ਨੂੰ ਵਿਸ਼ਵ ਭਰ 'ਚ ਸੰਗੀਤ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਸੰਗੀਤ ਦੀ ਮਹਿਮਾ ਨੂੰ ਜਾਨਣ ਤੇ ਸਮਝਣ ਦਾ ਦਿਨ ਹੁੰਦਾ ਹੈ।

'ਸੰਗੀਤ ਦਿਵਸ' ਦੀ ਸ਼ੁਰੂਆਤ

ਗੱਲ 1970 ਦੀ ਹੈ ਜਦੋਂ ਅਮਰੀਕੀ ਸੰਗੀਤਕਾਰ ਜੋਇਲ ਕੋਹੇਨ (ਜੋ ਕਿ ਇਕ ਫ਼ਰਾਂਸੀਸੀ ਰੇਡੀਓ 'ਤੇ ਕੰਮ ਕਰਦਾ ਸੀ) ਨੇ ਇਹ ਵਿਚਾਰ ਦਿੱਤਾ ਸੀ ਕਿ 21 ਜੂਨ ਦੇ ਦਿਨ ਇਕ ਵਿਸ਼ਾਲ ਸੰਗੀਤ ਸਭਾ ਹਰ ਦੇਸ਼ ਹਰ ਸੂਬੇ ਵਿਚ ਆਯੋਜਿਤ ਕੀਤੀ ਜਾਣੀ ਚਾਹੀਦੀ ਹੈ ਤੇ ਹਰ ਪਾਸੇ ਸੰਗੀਤ ਹੀ ਸੰਗੀਤ ਗੂੰਜਣਾ ਚਾਹੀਦਾ ਹੈ। 21 ਜੂਨ ਦੇ ਦਿਨ ਦਾ ਹੀ ਖ਼ਾਸ ਨਾਂ ਲਏ ਜਾਣ ਦਾ ਕਾਰਨ ਇਹ ਸੀ ਕਿ ਇਹ ਦਿਨ ਸਭ ਤੋਂ ਲੰਬਾ ਦਿਨ ਹੁੰਦਾ ਹੈ ਤੇ ਠੰਡੇ ਮੁਲਕਾਂ ਵਿਚ ਇਹ ਗਰਮੀਆਂ ਦੀ ਸ਼ੁਰੂਆਤ ਹੋਣ ਦਾ ਪ੍ਰਤੀਕ ਹੋਣ ਕਰ ਕੇ ਉੱਥੋਂ ਦੇ ਲੋਕਾਂ ਦਾ ਸਭ ਤੋਂ ਮਨਪਸੰਦ ਦਿਨ ਹੁੰਦਾ ਹੈ। ਜੋਇਲ ਕੋਹੇਨ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਦਾ ਖ਼ਿਆਲ 1981 ਵਿਚ ਫਰਾਂਸ ਦੇ ਮੌਰਿਸ ਫਲਾਰੈੱਟ ਦੇ ਮਨ ਵਿਚ ਵੀ ਉੱਠਿਆ ਸੀ, ਜਦੋਂ ਉਹ ਮਨਿਸਟਰੀ ਆਫ਼ ਕਲਚਰ ਅਧੀਨ ਸੰਗੀਤ ਅਤੇ ਨਾਚ ਵਿਭਾਗ ਦਾ ਨਿਰਦੇਸ਼ਕ ਬਣਿਆ ਸੀ। ਉਸ ਨੇ ਅਤੇ ਫ਼ਰਾਂਸ ਦੇ ਸੱਭਿਅਚਾਰਕ ਮਾਮਲਿਆਂ ਦੇ ਮੰਤਰੀ ਜੈਕ ਲੈਂਗ ਨੇ ਦੁਨੀਆ ਭਰ ਵਿਚ ਸੰਗੀਤ ਦੀ ਖ਼ੁਸ਼ਬੂ ਫ਼ੈਲਾਉਣ ਲਈ ਸਮੂਹ ਸੰਗੀਤ ਪ੍ਰੇਮੀਆਂ ਨੂੰ 21 ਜੂਨ ਦੇ ਦਿਨ ਘਰਾਂ, ਗਲੀਆਂ, ਬਜ਼ਾਰਾਂ ਤੇ ਪਾਰਕਾਂ ਵਿਚ ਇਕੱਤਰ ਹੋ ਕੇ ਸਾਰਾ ਵਾਤਾਵਰਣ ਸੰਗੀਤਮਈ ਕਰ ਦੇਣ ਦਾ ਹੋਕਾ ਦਿੱਤਾ ਸੀ। ਆਖ਼ਰ 1982 ਦੀ 21 ਜੂਨ ਨੂੰ 50 ਲੱਖ ਦੇ ਕਰੀਬ ਲੋਕ ਫ਼ਰਾਂਸ ਦੀਆਂ ਗਲੀਆਂ ਵਿਚ ਉਤਰ ਆਏ ਸਨ ਤੇ ਸਾਰਾ ਦਿਨ ਸੰਗੀਤਕ ਸਮਾਗਮ ਚੱਲਦੇ ਰਹੇ ਸਨ ਤੇ ਲੋਕ ਸੰਗੀਤ ਦੀਆਂ ਧੁਨਾਂ ਦਾ ਆਨੰਦ ਲੈਂਦੇ ਰਹੇ ਸਨ। ਫਿਰ 1982 ਤੋਂ ਬਾਅਦ ਇਹ ਦਿਨ ਦੁਨੀਆ ਦੇ ਲਗਪਗ 170 ਦੇਸ਼ਾਂ ਵਿਚ ਵਿਸ਼ਵ 'ਸੰਗੀਤ ਦਿਵਸ' ਵਜੋਂ ਮਨਾਉਣਾ ਸ਼ੁਰੂ ਹੋ ਗਿਆ ਸੀ ਤੇ ਅੱਜ ਵੀ ਇਹ ਦਿਨ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਕਿਵੇਂ ਮਨਾਉਂਦੇ ਹਨ

ਇਸ ਦਿਨ ਦੁਨੀਆ ਭਰ ਵਿਚ ਸਿਖਾਂਦਰੂ ਤੇ ਉਸਤਾਦ ਸੰਗੀਤਕਾਰ 'ਮੇਕ ਮਿਊਜ਼ਿਕ' ਦੇ ਉਦੇਸ਼ ਨਾਲ ਗਲੀਆਂ-ਬਜ਼ਾਰਾਂ ਵਿਚ ਇਕੱਤਰ ਹੁੰਦੇ ਹਨ ਜਾਂ ਵੱਡੇ ਮੈਦਾਨਾਂ ਵਿਚ ਵੱਡੇ ਸੰਗੀਤਕ ਸਮਾਗਮ ਆਯੋਜਿਤ ਕਰਦੇ ਹਨ ਤੇ ਆਮ ਲੋਕਾਂ ਨੂੰ ਹਰ ਪ੍ਰਕਾਰ ਦੇ ਸੰਗੀਤ ਨਾਲ ਸਰਾਬੋਰ ਕਰ ਦਿੰਦੇ ਹਨ। ਇਸ ਗੱਲ ਦਾ ਵੀ ਖ਼ਾਸ ਧਿਆਨ ਜ਼ਰੂਰ ਰੱਖਦੇ ਹਨ ਕਿ ਸੰਗੀਤ ਆਨੰਦ ਦੇਵੇ ਤੇ ਸ਼ੋਰ ਨਾ ਬਣ ਜਾਵੇ ਜਿਸ ਨਾਲ ਕਿਸੇ ਵਿਅਕਤੀ ਨੂੰ ਪਰੇਸ਼ਾਨੀ ਨਾ ਮਹਿਸੂਸ ਹੋਵੇ। 1985 ਦੇ ਵਰ੍ਹੇ ਨੂੰ 'ਯਰੂਪੀਅਨ ਯੀਅਰ ਆਫ਼ ਮਿਊਜ਼ਿਕ' ਵਜੋਂ ਮਨਾਇਆ ਗਿਆ ਸੀ ਤੇ ਹੰਗਰੀ ਤੇ ਰਾਜਧਾਨੀ ਬੁੱਢਾਪੈਸਟ ਵਿਖੇ 'ਮਿਊਜ਼ਿਕ ਚਾਰਟਰ' ਸਾਈਨ ਕੀਤਾ ਗਿਆ ਸੀ ਜਿਸ ਰਾਹੀਂ ਯਰੂਪ ਤੋਂ ਬਾਹਰਲੇ ਮੁਲਕਾਂ ਨੂੰ ਵੀ ਇਹ ਦਿਨ 'ਸੰਗੀਤ ਦਿਵਸ' ਵਜੋਂ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ।

ਮਾੜੇ ਸੰਗੀਤ ਦਾ ਕੀਤਾ ਜਾਵੇ ਬਾਈਕਾਟ

ਇਹ ਕਹਿਣਾ ਜ਼ਰੂਰ ਬਣਦਾ ਹੈ ਕਿ ਕਾਸ਼ ਭਾਰਤ ਵਿਚ ਵੀ ਅਜਿਹਾ ਹੁੰਦਾ ਕਿ ਇਸ ਦਿਨ ਦੇਸ਼ ਦੇ ਹਰ ਗਲੀ-ਕੂਚੇ ਵਿਚ ਭਾਰਤੀ ਲੋਕ ਸੰਗੀਤ ਅਤੇ ਪ੍ਰਾਦੇਸ਼ਿਕ ਸੰਗੀਤ ਦੀਆਂ ਵੱਖ-ਵੱਖ ਵੰਨਗੀਆਂ ਦੀ ਗੂੰਜ ਸੁਣਾਈ ਦਿੰਦੀ। ਇਸ ਤਰ੍ਹਾਂ ਸਾਡੀ ਅਜੋਕੀ ਨੌਜਵਾਨ ਪੀੜ੍ਹੀ ਸਾਡੇ ਬੇਸ਼ਕੀਮਤੀ ਤੇ ਵਿਰਾਸਤੀ ਸੰਗੀਤ ਦੇ ਰੂਬਰੂ ਹੋ ਕੇ ਉਸ ਦਾ ਆਨੰਦ ਲੈਂਦੀ। ਫਿਰ ਸੰਗੀਤ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਰੂਹ ਨਾਲ ਸਾਂਭਦੀ, ਸੁਆਰਦੀ ਤੇ ਹਿਰਦੇ 'ਚ ਵਸਾਉਂਦੀ। ਇਹ ਦਿਨ ਫੂਹੜ ਤੇ ਫਾਹਸ਼ ਕਿਸਮ ਦੇ ਸੰਗੀਤ ਅਤੇ ਭੜਕਾਊ ਗੀਤਾਂ ਦੇ ਗਾਇਕਾਂ ਦੇ ਬਾਈਕਾਟ ਦੇ ਦਿਨ ਵਜੋਂ ਵੀ ਮਨਾਇਆ ਜਾਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਦਰਸਾਇਆ ਜਾਣਾ ਚਾਹੀਦਾ ਹੈ ਕਿ ਸੰਗੀਤ ਤਾਂ ਆਪ ਵੀ ਪਾਕ ਹੈ ਤੇ ਇਹ ਸੁਣਨ ਵਾਲੇ ਨੂੰ ਵੀ ਪਾਕ ਕਰਦਾ ਹੈ ਪਰ ਸੁੱਚੇ ਸੰਗੀਤ 'ਚ ਜ਼ਹਿਰ ਘੋਲਣ ਵਾਲਿਆਂ ਦੇ ਸੰਗੀਤ ਦੀ ਨਾ ਤਾਂ ਉਮਰ ਲੰਬੀ ਹੁੰਦੀ ਹੈ ਤੇ ਨਾ ਹੀ ਉਨ੍ਹਾਂ ਦਾ ਕਰੀਅਰ ਜ਼ਿਆਦਾ ਸਮਾਂ ਚੜ੍ਹਾਈ 'ਚ ਰਹਿੰਦਾ ਹੈ। ਅਜਿਹੇ ਲੋਕ ਹਵਾ ਦੇ ਬੁੱਲੇ ਵਰਗੇ ਹੁੰਦੇ ਹਨ ਜਿਸ ਦੀ ਮਿਆਦ ਚੰਦ ਪਲਾਂ ਤੋਂ ਵੱਧ ਨਹੀਂ ਹੁੰਦੀ ਹੈ। ਸੰਗੀਤ ਸੁੱਚਤਾ ਤੇ ਆਨੰਦ ਦਾ ਮਾਧਿਅਮ ਹੈ ਤੇ ਇਸ 'ਚ ਜ਼ਹਿਰ ਘੋਲਣ ਦੀ ਹਿਮਾਕਤ ਤੋਂ ਬਚਣਾ ਚਾਹੀਦਾ ਹੈ। ਇਹ ਦਿਨ ਵਿਸ਼ਵ ਦੇ ਤੇ ਭਾਰਤ ਦੇ ਮਹਾਨ ਸੰਗੀਤਕਾਰਾਂ ਨੂੰ ਯਾਦ ਕਰਨ ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦਾ ਦਿਨ ਵੀ ਹੈ।

- ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

97816-46008

Posted By: Harjinder Sodhi