ਜਿਨ੍ਹਾਂ ਲੜਕੀਆਂ ਨੂੰ ਸਮਾਜ ਦੇ ਮਾੜੇ ਅਨਸਰ ਜਨਮ ਤੋਂ ਪਹਿਲਾਂ ਹੀ ਮਾਰ ਮੁਕਾਉਂਦੇ ਹਨ, ਉਹ ਇਹ ਨਹੀਂ ਜਾਣਦੇ ਕਿ ਇਹ ਲੜਕੀਆਂ ਮਾਤਾ ਸਰਸਵਤੀ ਅਤੇ ਮਾਤਾ ਲਕਸ਼ਮੀ ਬਣ ਕੇ ਸਮਾਜ ਨੂੰ ਹਰ ਪੱਖੋਂ ਸੁਚੱਜਾ ਅਤੇ ਨਰੋਆ ਵੀ ਬਣਾਉਂਦੀਆਂ ਹਨ। ਇਸੇ ਤਰ੍ਹਾਂ ਲਾਕਡਾਊਨ ਦੌਰਾਨ ਟਿਕ ਟਾਕ ਵੀਡੀਓ 'ਤੇ ਮਸ਼ਹੂਰ ਹੋਇਆ ਬਾਲ ਕਲਾਕਾਰ ਨੂਰ ਅਸਲ ਵਿਚ ਇਕ ਲੜਕੀ ਹੈ। ਉਸ ਦਾ ਸੰਵਾਦ ਬੋਲਣ ਦਾ ਅੰਦਾਜ਼ ਇੰਨਾ ਕਮਾਲ ਦਾ ਹੈ ਕਿ ਉਸ ਦੇ ਟਿਕ ਟਾਕ ਅਕਾਊਂਟ ਨੂੰ ਦਸਾਂ ਦਿਨਾਂ 'ਚ ਹੀ ਪੰਜ ਲੱਖ ਤੋਂ ਵੱਧ ਦੇ ਫਾਲੋਅਰ ਮਿਲ ਗਏ ਸਨ। ਇਕ ਪੰਜ ਸਾਲ ਦੀ ਲੜਕੀ ਦੀ ਹੈਰਾਨ ਕਰਨ ਵਾਲੀ ਕਲਾ ਬੜੀ ਕਮਾਲ ਦੀ ਹੈ।

ਦਰਸ਼ਕਾਂ ਦੀ ਹੈਰਾਨੀ ਤਾਂ ਉਸ ਵੇਲੇ ਸਿਖ਼ਰ 'ਤੇ ਪੁੱਜ ਗਈ, ਜਦੋਂ ਇਹ ਪਤਾ ਲੱਗਾ ਕਿ ਨੂਰ ਮੋਗੇ ਦੇ ਪਿੰਡ ਭਿੰਡਰ ਕਲਾਂ ਦੇ ਭੱਠੇ 'ਤੇ ਕੰਮ ਕਰਨ ਵਾਲੇ ਕਿਰਤੀ ਸਤਨਾਮ ਸਿੰਘ ਦੀ ਪੰਜ ਸਾਲਾ ਧੀ ਨਵਨੂਰ ਕੌਰ ਹੈ। ਟਿਕ ਟਾਕ ਵੀਡੀਓਜ਼ ਵਿਚ ਉਸ ਦਾ ਸਾਥ ਦੇਣ ਵਾਲੇ ਬੱਚੇ ਵੀ ਇਸੇ ਪਿੰਡ ਦੇ ਹਨ। ਇਨ੍ਹਾਂ ਵੀਡੀਓਜ਼ ਵਿਚ ਉਸ ਦੀ ਵੱਡੀ ਭੈਣ 9 ਸਾਲਾ ਜਸ਼ਨਪ੍ਰੀਤ ਵੀ ਉਸ ਦਾ ਬਾਖ਼ੂਬੀ ਸਾਥ ਨਿਭਾਉਂਦੀ ਹੈ। ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਇਹ ਦੋਵੇਂ ਭੈਣਾਂ ਨਰਸਰੀ ਅਤੇ ਪੰਜਵੀਂ ਕਲਾਸ ਦੀਆਂ ਵਿਦਿਆਰਥਣਾਂ ਹਨ। ਨੂਰ ਦੀ ਮਾਤਾ ਜਗਵੀਰ ਕੌਰ ਘਰ ਨੂੰ ਸੰਭਾਲਦੀ ਹੋਈ ਉਸ ਨੂੰ ਜਨਮ ਤੋਂ ਹੀ ਮੁੰਡੇ ਵਾਂਗ ਪਾਲਦੀ ਪਲੋਸਦੀ ਆਈ ਹੈ। ਇਸੇ ਲਈ ਨੂਰ ਵੀ ਬਹੁਤੀ ਵਾਰ ਸਿਰ 'ਤੇ ਪਟਕਾ ਬੰਨ੍ਹ ਕੇ ਰੱਖਦੀ ਤੇ ਉਹ ਮੁੰਡਿਆਂ ਵਾਂਗ ਹੀ ਵਿਹਾਰ ਕਰਦੀ। ਉਸ ਦੇ ਇਹੀ ਗੁਣ ਉਨ੍ਹਾਂ ਦੇ ਘਰ ਨਜ਼ਦੀਕ ਦੁਕਾਨ ਕਰਦੇ ਸੰਦੀਪ ਸਿੰਘ ਤੂਰ ਨੇ ਵੇਖੇ ਤਾਂ ਉਸ ਨੂੰ ਇਕ ਨਿਵੇਕਲਾ ਫੁਰਨਾ ਫੁਰ ਗਿਆ। ਸੰਦੀਪ ਨੂੰ ਪਹਿਲਾਂ ਹੀ ਟਿਕ ਟਾਕ 'ਤੇ ਵੀਡੀਓਜ਼ ਬਣਾਉਣ ਦਾ ਸ਼ੌਕ ਸੀ। 23 ਸਾਲਾ ਦੁਕਾਨਦਾਰ ਸੰਦੀਪ ਸਿੰਘ ਤੂਰ ਅਨੁਸਾਰ ਇਹ ਬੱਚੀ ਉਸ ਦੀ ਦੁਕਾਨ ਤੇ ਅਕਸਰ ਆਉਂਦੀ ਜਾਂਦੀ ਸੀ। ਉਸ ਦੀ ਕਲਾਤਮਿਕ ਸ਼ਖ਼ਸੀਅਤ ਨੇ ਉਸ ਅੰਦਰ ਨਵੇਂ ਰਾਹ ਰੋਸ਼ਨ ਕਰ ਦਿੱਤਾ। ਟਿਕ ਟਾਕ ਦਾ ਤਾਂ ਉਹ ਪਹਿਲਾਂ ਹੀ ਸ਼ੌਕੀਨ ਸੀ ਪਰ ਉਸ ਨੂੰ ਇਹ ਗੱਲ ਤਾਂ ਚਿੱਤ ਚੇਤੇ ਵੀ ਨਹੀਂ ਸੀ ਕਿ ਇਨ੍ਹਾਂ ਬੱਚਿਆਂ ਦੇ ਟਿਕ ਟਾਕ ਨੂੰ ਲਾਕਡਾਊਨ ਦੌਰਾਨ ਘਰਾਂ ਅੰਦਰ ਬੈਠੇ ਲੱਖਾਂ ਪ੍ਰਸ਼ੰਸਕ ਮਿਲ ਜਾਣਗੇ। 'ਬਾਪੂ ਤੇਰੇ ਵਾਲਾ ਵੀ ਫ਼ੇਲ੍ਹ ਹੋ ਗਿਆ' ਵਾਲੀ ਟਿਕ ਟਾਕ ਵੀਡੀਓ 'ਚ ਪਿੰਡ ਦੇ ਰਾਜ ਮਿਸਤਰੀ ਵਰਨਦੀਪ ਸਿੰਘ ਨੇ ਨੂਰ ਦੇ ਪਿਤਾ ਦੀ ਭੂਮਿਕਾ ਨਿਭਾਈ ਹੈ।

ਜਦੋਂ ਨੂਰ ਆਪਣਾ ਨਤੀਜਾ ਬਾਪ ਤੋਂ ਲਕਾਉਂਦਾ ਹੋਇਆ ਆਖ਼ਦਾ ਹੈ ,'ਯਾਰ ਡਾਕਟਰ ਦਾ ਮੁੰਡਾ ਫੇਲ੍ਹ ਹੋ ਗਿਆ, ਸਰਪੰਚ ਦੀ ਕੁੜੀ ਵੀ ਫੇਲ੍ਹ ਹੋ ਗਈ'। ਜਦੋਂ ਉਸ ਦਾ ਪਿਤਾ ਉਸ ਦੇ ਨਤੀਜੇ ਬਾਰੇ ਪੁੱਛਣ ਦੀ ਜ਼ਿੱਦ ਕਰਦਾ ਹੈ ਤਾਂ ਉਹ ਆਖਦਾ ,'ਤੂੰ ਕਿਹੜਾ ਡੀਸੀ ਲੱਗਾ , ਤੇਰੇ ਵਾਲਾ ਵੀ ਫੇਲ੍ਹ ਹੋ ਗਿਆ'। ਬਸ ਇਸ ਗੱਲ ਨਾਲ ਨੂਰ ਨੇ ਸਿਰਾ ਹੀ ਲਾ ਦਿੱਤਾ। ਇਹ ਵੀਡੀਓ ਪੂਰੀ ਦੁਨੀਆ 'ਚ ਤੇਜ਼ੀ ਨਾਲ ਵਾਇਰਲ ਹੋਈ ਤੇ ਨੂਰ ਲੱਖਾਂ ਦਰਸ਼ਕਾਂ ਦੇ ਦਿਲ ਜਿੱਤਣ 'ਚ ਕਾਮਯਾਬ ਹੋ ਗਈ।

ਇੱਥੇ ਉਸ ਦੇ ਨਿਰਮਾਤਾ ਤੇ ਨਿਰਦੇਸ਼ਕ ਸੰਦੀਪ ਤੂਰ ਅਤੇ ਉਸ ਦੇ ਸਾਥੀ ਸੰਦੀਪ ਸਿੰਘ ਨਾਗੀ ਦੀ ਵੀ ਸਿਫ਼ਤ ਕਰਨੀ ਬਣਦੀ ਹੈ ਜਿਨ੍ਹਾਂ ਨੇ ਉਸ ਦੀ ਪ੍ਰਤਿਭਾ ਨੂੰ ਪੂਰੀ ਦੁਨੀਆ 'ਚ ਪ੍ਰਸਾਰਿਤ ਕਰਨ ਦਾ ਬੀੜਾ ਚੁਕਿਆ ਹੋਇਆ ਹੈ। ਸੰਦੀਪ ਦਾ ਕਹਿਣਾ ਹੈ ਕਿ ਇਸ ਟਿਕ ਟਾਕ ਨੇ ਦਸ ਦਿਨਾਂ 'ਚ 5 ਲੱਖ ਦਰਸ਼ਕ ਜੋੜ ਕੇ ਅੰਕੜਾ ਅੱਠ ਲੱਖ ਤੋਂ ਉਪਰ ਪਹੁੰਚਾ ਦਿੱਤਾ, ਜਿਸ ਬਾਰੇ ਉਸ ਨੇ ਕਦੀ ਸੁਪਨਾ ਵੀ ਨਹੀਂ ਸੀ ਲਿਆ। ਸੰਦੀਪ ਕੋਲ ਵੀ ਕਮਾਲ ਦੀ ਕਲਾ ਹੈ ਜਿਸ ਦੇ ਜ਼ਰੀਏ ਉਹ ਆਨ ਲਾਈਨ ਸੋਸ਼ਲ ਮੀਡੀਆ 'ਤੇ ਹਾਸੇ ਬਿਖ਼ੇਰਨ ਦਾ ਮਾਹਰ ਬਣ ਗਿਆ ਹੈ। ਅੱਜਕੱਲ੍ਹ ਨੂਰ ਨੂੰ ਕਾਮੇਡੀ ਅਤੇ ਫਿਲਮੀ ਦੁਨੀਆ ਵਾਲੇ ਵੀ ਸੰਪਰਕ ਕਰ ਰਹੇ ਹਨ। ਉਸ ਦੇ ਪਿਤਾ ਸਤਨਾਮ ਸਿੰਘ ਅਤੇ ਮਾਤਾ ਨੇ ਤਾਂ ਹੋਰ ਵੀ ਹੈਰਾਨ ਕਰਨ ਵਾਲੀ ਗੱਲ ਦੱਸੀ ਕਿ ਜਿਹੜੇ ਕਦੀ ਉਨ੍ਹਾਂ ਨੂੰ ਬੁਲਾਉਂਦੇ ਵੀ ਨਹੀਂ ਸਨ। ਅੱਜਕੱਲ੍ਹ ਉਹ ਉਨ੍ਹਾਂ ਨੂੰ ਘਰ ਆਉਣ ਦੇ ਸੱਦੇ ਦੇ ਰਹੇ ਹਨ।


ਤਾਲਾਬੰਦੀ ਦੇ ਦੌਰ ਨੇ ਉਨ੍ਹਾਂ ਦੇ ਜੀਵਨ ਨੂੰ ਪਲਟਾ ਕੇ ਰੱਖ ਦਿੱਤਾ ਹੈ। ਚੈਨਲਾਂ ਵਾਲੇ ਨੂਰ ਦੀ ਕਲਾਕਾਰ ਟੋਲੀ ਦੀਆਂ ਸਿਫ਼ਤਾਂ ਤੇ ਜੀਵਨ ਸੰਘਰਸ਼ ਨੂੰ ਪੇਸ਼ ਕਰ ਰਹੇ ਹਨ। ਆਗੂ ਅਤੇ ਕਲਾ ਪ੍ਰੇਮੀ ਹਰ ਤਰ੍ਹਾਂ ਉਨ੍ਹਾਂ ਦੀ ਬਾਂਹ ਫੜ ਰਹੇ ਹਨ ਪਰ ਉਹ ਅਜੇ ਇਸ ਚੱਕਰ ਤੋਂ ਬਚ ਕੇ ਹੀ ਚੱਲ ਰਹੇ ਹਨ। ਇਸ ਤਰ੍ਹਾਂ ਟਿਕ ਟਾਕ ਨਾਲ ਪੂਰੀ ਦੁਨੀਆ ਵਿਚ ਮਸ਼ਹੂਰੀ ਖੱਟਣ ਵਾਲੀ ਨੂਰ ਇਕ ਮੁੰਡਾ ਨਹੀਂ ਸਗੋਂ ਇਕ ਲੜਕੀ ਹੈ। ਦੂਜੇ ਪਾਸੇ ਸਰਕਾਰੀ ਸਕੂਲ ਦੇ ਅਧਿਆਪਕਾਂ ਲਈ ਵੀ ਇਹ ਕਿਸੇ ਉਡਣ ਪਰੀ ਤੋਂ ਘੱਟ ਨਹੀਂ। ਕਲਾ ਦੀ ਇਸ ਖਿੜ ਰਹੀ ਕਰੂੰਬਲ ਨੂੰ ਅਜੇ ਬਹੁਤ ਸੰਭਾਲਣ ਦੀ ਲੋੜ ਹੈ। ਮਾਪਿਆਂ ਅਤੇ ਉਸ ਦੇ ਨਿਰਮਾਤਾ ਤੇ ਨਿਰਦੇਸ਼ਕ ਸੰਦੀਪ ਤੂਰ ਨੂੰ ਬੜੇ ਫੂਕ-ਫੂਕ ਕੇ ਕਦਮ ਰੱਖਣ ਦੀ ਲੋੜ ਹੈ। ਇਸ ਕਲਾਕਾਰ ਟੋਲੀ ਪਰਿਵਾਰ ਲਈ ਢੇਰ ਸਾਰੀਆਂ ਸ਼ੁੱਭ ਕਾਮਨਾਵਾਂ।

ਬਲਜਿੰਦਰ ਮਾਨ

98150-18947

Posted By: Harjinder Sodhi