ਪੰਜਾਬ ਦੀ ਧਰਤੀ ਲੇਖਣ ਕਲਾ ਪੱਖੋਂ ਬੜੀ ਜ਼ਰਖ਼ੇਜ਼ ਹੈ। ਇੱਥੋਂ ਦੇ ਕਈ ਲਿਖਾਰੀਆਂ ਨੇ ਸ਼ਬਦਾਂ ਦੀ ਜੜਤ ਅਜਿਹੀ ਖ਼ੂਬਸੂਰਤੀ ਨਾਲ ਕੀਤੀ ਹੈ ਕਿ ਉਨ੍ਹਾਂ ਦੀ ਕਲਮ ’ਚੋਂ ਨਿਕਲੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ ’ਚ ਵੱਸਦੇ ਹਨ ਤੇ ਹਮੇਸ਼ਾ ਵਸੇ ਰਹਿਣਗੇ।

ਮੋਗਾ ਜ਼ਿਲ੍ਹੇ ਦੇ ਪਿੰਡ ਧੂੜਕੋਟ ਰਣਸੀਂਹ ਨੇ ਪੰਜਾਬੀ ਮਾਂ-ਬੋਲੀ ਨੂੰ ਗੀਤਕਾਰ ਵਜੋਂ ਦੋ ਅਜਿਹੇ ਹੀਰੇ ਦਿੱਤੇ, ਜਿਨ੍ਹਾਂ ਦਾ ਲਿਖਿਆ ਹਰ ਗੀਤ ਸਰੋਤਿਆਂ ਦੀ ਜ਼ੁਬਾਨ ’ਤੇ ਚੜ੍ਹ ਗਿਆ। ਇਹ ਦੋ ਭਰਾਵਾਂ ਦੀ ਜੋੜੀ ਹੈ ਗੁਰਨਾਮ ਗਾਮਾ ਤੇ ਸ਼ਹਿਬਾਜ਼ ਦੀ। ਇਨਸਾਨ ਜਦੋਂ ‘ਹੈ’ ਤੋਂ ‘ਸੀ’ ਹੋ ਜਾਂਦਾ ਹੈ ਤਾਂ ਕਾਲਜੇ ਦਾ ਰੁੱਗ ਨਿਕਲ ਜਾਂਦਾ ਹੈ ਪਰ ਮੌਤ ਹੈ ਹੀ ਅਜਿਹੀ ਡਾਢੀ ਸ਼ੈਅ ਕਿ ਇਸ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਇਕ ਸਾਲ ਦੇ ਵਕਫ਼ੇ ਅੰਦਰ ਕਲਮ ਦੇ ਬਾਦਸ਼ਾਹ ਦੋਵੇਂ ਭਰਾ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਪਰ ਇਨ੍ਹਾਂ ਦਾ ਰਚਿਆ ਹਰ ਗੀਤ ਅਮਰ ਹੈ। ਦੋਵੇਂ ਭਰਾ ਥੋੜ੍ਹੇ ਹੀ ਸਮੇਂ ’ਚ ਗੀਤਕਾਰੀ ਦੇ ਆਕਾਸ਼ ’ਚ ਧਰੂ ਤਾਰੇ ਵਾਂਗ ਛਾ ਗਏ।

ਸ਼ਹਿਬਾਜ਼ ਦਾ ਜਨਮ ਜ਼ਿਲ੍ਹਾ ਮੋਗਾ ਦੇ ਪਿੰਡ ਧੂੜਕੋਟ ਰਣਸੀਂਹ ਵਿਖੇ ਪਿਤਾ ਹਰਬੰਸ ਸਿੰਘ ਦੇ ਗ੍ਰਹਿ ਮਾਤਾ ਸੁਖਬੀਰ ਕੌਰ ਦੀ ਕੁੱਖੋਂ ਹੋਇਆ। ਲਿਖਣ ਦੀ ਚੇਟਕ ਭਾਵੇਂ ਉਸ ਨੰੂ ਬਚਪਨ ’ਚ ਹੀ ਲੱਗ ਗਈ ਸੀ ਪਰ ਗੀਤਕਾਰੀ ਦੀਆਂ ਬਾਰੀਕੀਆਂ ਉਸ ਨੇ ਆਪਣੇ ਵੱਡੇ ਭਰਾ ਗੀਤਕਾਰ ਗੁਰਨਾਮ ਗਾਮਾ ਤੋਂ ਸਿੱਖੀਆਂ। ਉਸ ਦਾ ਲਿਖਿਆ ਪਹਿਲਾ ਗੀਤ ‘ਯੱਕਾ ਯਾਰਾਂ ਦਾ ਮੜਕ ਨਾਲ ਤੁਰਨਾ’ ਸੀ, ਜਿਸ ਨੂੰ ਪਰਵਿੰਦਰ ਭੋਲਾ ਤੇ ਪ੍ਰਵੀਨ ਭਾਰਟਾ ਨੇ ਗਾਇਆ। ਲੋਕਾਂ ਨੇ ਉਸ ਦੇ ਪਲੇਠੇ ਹੀ ਗਾਣੇ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ। ਨਛੱਤਰ ਗਿੱਲ ਦੇ ਗਾਏੇ ਗੀਤ ‘ਸਾਡੀ ਗੱਲ ਹੋਰ ਅਸੀਂ ਕੀਤਾ ਏ ਪਿਆਰ’ ਨੇ ਉਸ ਨੂੰ ਰਾਤੋ-ਰਾਤ ਗੀਤਕਾਰੀ ਦੇ ਖੇਤਰ ਅੰਦਰ ਮੂਹਰਲੀਆਂ ਸ਼ਫ਼ਾਂ ’ਚ ਲਿਆ ਖੜ੍ਹਾ ਕੀਤਾ। ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਨਛੱਤਰ ਗਿੱਲ ਦੀ ਆਵਾਜ਼ ’ਚ ਹੀ ‘ਨੈਣ ਨੈਣਾਂ ਨਾਲ ਮਿਲਾ ਲਈਂ ਭੇਦ ਖੁੱਲਜੂਗਾ ਸਾਰਾ’, ‘ਜਾਨ ਤੋਂ ਪਿਆਰਿਆ ਵੇ ਮੁੱਖ ਮੋੜ ਕੇ’, ‘ਜੇ ਟੁੱਟ ਹੀ ਗਿਆ ਤਾਂ ਦੁੱਖ ਸਹਿ ਦਿਲਾ ਮੇਰਿਆ’, ‘ਬੇਵਫ਼ਾਈ ਦੀ ਸਜ਼ਾ’ ਜਿਹੇ ਗਾਣੇ ਸੁਪਰ-ਡੁਪਰ ਹਿੱਟ ਰਹੇ।

ਇਸ ਤੋਂ ਬਾਅਦ ਇੰਦਰਜੀਤ ਨਿੱਕੂ ਨੇ ‘ਮੈਂ ਤਾਜ ਬਣਾਵਾਂ ਕੀਹਦੇ ਲਈ ਮੇਰੀ ਮੁਮਤਾਜ਼ ਬੇਵਫ਼ਾ ਏ’, ‘ਦੁੱਖ ਤੂੰ ਜੁਦਾਈਆਂ ਵਾਲੇ’, ‘ਆਖ਼ਰੀ ਤਮੰਨਾ’, ਹਰਭਜਨ ਸ਼ੇਰਾ ਨੇ ‘ਖ਼ਤ ਮੋੜ ਕੇ ਕਹਿੰਨੀ ਏਂ’, ‘ਦਿਲ ਦਾ ਦਰਦ ਉਦੋਂ ਆ ਗਿਆ ਜ਼ੁਬਾਨ ’ਤੇ’, ਫ਼ਿਰੋਜ਼ ਖ਼ਾਨ ਨੇ ‘ਪਿਛਲੇ ਜਨਮ ਪੁੰਨ ਕੀਤਾ ਹੋਊ ਜ਼ਰੂਰ’, ‘ਗੱਲ ਮੱਥੇ ਦੀਆਂ ਲਿਖੀਆਂ ’ਤੇ ਮੁੱਕ ਜਾਂਦੀ ਏ’, ਗੋਰਾ ਚੱਕ ਵਾਲਾ ਨੇ ‘ਵਾਹ ਸੱਜਣਾ ਵਾਹ’, ਆਕਾਸ਼ਦੀਪ ਨੇ ‘ਰੰਗਾਂ ਦਾ ਉਦੋਂ ਭਾਰ ਲੱਗੂਗਾ’, ਸੁਖਬੀਰ ਰਾਣਾ ਨੇ ‘ਦਿਲ ’ਤੇ ਚੜ੍ਹੇ ਸੀ ਜਿਹੜੇ ਮਹਿੰਦੀ ਵਾਂਗੂੰ’ ਆਦਿ ਤੋਂ ਇਲਾਵਾ ਹੋਰ ਵੀ ਕਈ ਗਾਇਕਾਂ ਨੇ ਸ਼ਹਿਬਾਜ਼ ਦੇ ਦਰਦ ਭਰੇ ਬੋਲਾਂ ਨੂੰ ਆਪਣੀ ਆਵਾਜ਼ ਦਿੱਤੀ। ਦਿਲਟੁੰਬਵੇਂ ਅਲਫ਼ਾਜ਼ ਤੇ ਬੁਲੰਦ ਆਵਾਜ਼ ਨੇ ਸੋਨੇ ’ਤੇ ਸੁਹਾਗੇ ਦਾ ਕੰਮ ਕੀਤਾ।

ਹੋਰ ਵੀ ਕਈ ਗੀਤਕਾਰਾਂ ਨੇ ਉਦਾਸ ਗੀਤਾਂ ਦੀ ਰਚਨਾ ਕੀਤੀ ਪਰ ਅਜਿਹੇ ਗੀਤਾਂ ਨਾਲ ਸਭ ਤੋਂ ਜ਼ਿਆਦਾ ਮਕਬੂਲੀਅਤ ਖੱਟਣ ਵਾਲਾ ਗੀਤਕਾਰ ਸ਼ਹਿਬਾਜ਼ ਹੀ ਸੀ। ਉਦਾਸ ਗੀਤਾਂ ਦੇ ਨਾਲ-ਨਾਲ ਉਸ ਨੇ ਕੁਝ ਕੁ ਬੀਟ ਗੀਤ ਵੀ ਲਿਖੇ, ਜਿਨ੍ਹਾਂ ’ਚ ਨਛੱਤਰ ਗਿੱਲ ਦਾ ਗਾਇਆ ‘ਚੁੰਨੀ ਸਤਰੰਗੀ’, ‘ਤੇਰੇ ਨੈਣਾਂ ’ਚੋਂ ਸ਼ਰਾਬ’ ਤੇ ਗਿੱਲ ਹਰਦੀਪ ਦਾ ਗਾਇਆ ‘ਸਾਰਾ ਪਿੰਡ ਜੱਟ ਦੀ ਟੌਹਰ ’ਤੇ ਸੜਦਾ’ ਆਦਿ ਸ਼ਾਮਲ ਹਨ।

ਉਸ ਨੇ ਆਪਣੀ ਕਲਮ ਰਾਹੀਂ ਹੋਰ ਵੀ ਦਿਲਟੁੰਬਵੇਂ ਗੀਤ ਪੰਜਾਬੀ ਸਰੋਤਿਆਂ ਦੀ ਝੋਲੀ ਪਾਉਣੇ ਸਨ ਪਰ 31 ਅਗਸਤ ਨੂੰ ਮੋਟਰਸਾਈਕਲ ’ਤੇ ਜਾਂਦਿਆਂ ਸੜਕ ਹਾਦਸੇ ਨੇ ਇਹ ਅਨਮੋਲ ਹੀਰਾ ਸਾਥੋਂ ਖੋਹ ਲਿਆ। ਉਹ ਭਾਵੇਂ ਸਰੀਰਕ ਤੌਰ ’ਤੇ ਸਾਡੇ ਦਰਮਿਆਨ ਨਹੀਂ ਰਿਹਾ ਪਰ ਉਸ ਦਾ ਲਿਖਿਆ ਹਰ ਬੋਲ ਹਮੇਸ਼ਾ ਸਭ ਦੇ ਦਿਲਾਂ ’ਚ ਵੱਸਿਆ ਰਹੇਗਾ। ਦਿਲ ਦਾ ਦਰਦ ਸ਼ਬਦਾਂ ’ਚ ਪਰੋਣ ਵਾਲਾ ਬੜੀ ਛੋਟੀ ਉਮਰ ’ਚ ਆਪਣੇ ਹਜ਼ਾਰਾਂ ਚਾਹੁਣ ਵਾਲਿਆਂ ਨੂੰ ਉਮਰ ਭਰ ਦਾ ਦਰਦ ਦੇ ਕੇ ਚਲਾ ਗਿਆ ਹੈ। ਉਸ ਦੇ ਹੀ ਲਿਖੇ ਬੋਲ ਵਾਰ-ਵਾਰ ਜ਼ਿਹਨ ’ਚ ਆ ਰਹੇ ਨੇ :

ਜੀਹਦੇ ਅੱਗੇ ਸਾਰੀ ਦੁਨੀਆ ਹੀ

ਝੁਕ ਜਾਂਦੀ ਐ

ਗੱਲ ਮੱਥੇ ਦੀਆਂ ਲਿਖੀਆਂ ’ਤੇ

ਮੁੱਕ ਜਾਂਦੀ ਏ।

ਜਾਪਦੀ ਹੈ ਆਪਣੀ ਜ਼ਿੰਦਗੀ ਦੀ ਕਹਾਣੀ

ਸ਼ਹਿਬਾਜ਼ ਦੇ ਗੀਤਾਂ ਦੀ ਖ਼ਾਸੀਅਤ ਇਹ ਹੈ ਕਿ ਉਸ ਨੇ ਜ਼ਿੰਦਗੀ ਦੀ ਫਿਲਾਸਫ਼ੀ ਨੂੰ ਬਿਆਨ ਕੀਤਾ ਹੈ। ਉਸ ਦੇ ਗੀਤ ਮਹਿਜ਼ ਰੁਦਨ ਨਹੀਂ ਸਗੋਂ ਰਿਸ਼ਤਿਆਂ ਤੇ ਸਮਾਜ ਦੇ ਯਥਾਰਥ ਦੀ ਬਾਤ ਪਾਉਂਦੇ ਹਨ। ਹਰ ਸੁਣਨ ਵਾਲੇ ਨੂੰ ਅਜਿਹਾ ਜਾਪਦਾ ਹੈ ਕਿ ਇਹ ਗੀਤ ਤਾਂ ਉਸ ਦੀ ਆਪਣੀ ਜ਼ਿੰਦਗੀ ਦੀ ਕਹਾਣੀ ਬਿਆਨਦਾ ਹੈ। ਗੀਤ ਦੇ ਆਖ਼ਰ ’ਚ ਉਹ ਆਪਣਾ ਨਾਂ ਬੜੀ ਖ਼ੂਬਸੂਰਤੀ ਨਾਲ ਫਿੱਟ ਕਰਦਾ ਸੀ।

ਗੁਰਪ੍ਰੀਤ ਖੋਖਰ 75289-06680

Posted By: Harjinder Sodhi