ਤੇਜਿੰਦਰ ਸਿੰਘ ਬੱਬੂ, ਸਰਾਏ ਅਮਾਨਤ ਖਾਂ : ਬਾਲੀਵੁੱਡ ਅਦਾਕਾਰ ਆਮਿਰ ਖਾਨ ਅੱਜਕੱਲ੍ਹ ਆਪਣੀ ਫਿਲਮ 'ਲਾਲ ਸਿੰਘ ਚੱਢਾ' ਨੂੰ ਲੈ ਕੇ ਪੰਜਾਬ 'ਚ ਹਨ। ਲੰਘੇ ਦੋ ਦਿਨ ਉਨ੍ਹਾਂ ਨੇ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਖੇਤਰ ਸਰਾਏ ਅਮਾਨਤ ਖਾਂ, ਰੱਖ ਭੁੱਸੇ ਅਤੇ ਗੰਡੀਵਿੰਡ ਪਿੰਡ ਦੇ ਆਸ ਪਾਸ ਕਈ ਸ਼ਾਟ ਓਕੇ ਕੀਤੇ ਅਤੇ ਸ਼ਡਿਊਲ ਨੂੰ ਮੁਕੰਮਲ ਕਰ ਕੇ ਵਾਪਸ ਪਰਤ ਗਏ।

ਸੂਤਰਾਂ ਮੁਤਾਬਕ ਉਕਤ ਫਿਲਮ ਦੀ ਸ਼ੂਟਿੰਗ ਲਈ ਯੂਨਿਟ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਦੋ ਦਿਨ ਦੀ ਮਨਜ਼ੂਰੀ ਲਈ ਸੀ। ਸਰਹੱਦੀ ਖੇਤਰ ਵਿਚ ਮੰਗਲਵਾਰ ਨੂੰ ਉਕਤ ਫਿਲਮ ਦੀ ਸ਼ੂਟਿੰਗ ਲਈ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਖੇਤਰ ਰੱਖ ਭੁੱਸੇ ਪਹੁੰਚੇ ਅਤੇ ਫਿਲਮ ਦੇ ਦਿ੍ਸ਼ ਫਿਲਮਾਏ ਗਏ।

ਇਸ ਦੌਰਾਨ ਆਪਣੇ ਚਹੇਤੇ ਕਲਾਕਾਰ ਦਾ ਦੀਦਾਰ ਕਰਨ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚੇ। ਹਾਲਾਂਕਿ ਸੁਰੱਖਿਆ ਦੇ ਮੱਦੇਨੇਜ਼ਰ ਉਨ੍ਹਾਂ ਨੂੰ ਸ਼ੂਟਿੰਗ ਸਥਾਨ ਤੋਂ ਦੂਰ ਹੀ ਰਹਿਣਾ ਪਿਆ, ਜਦੋਂਕਿ ਸੁਰੱਖਿਆ 'ਚ ਤਾਇਨਾਤ ਪੁਲਿਸ ਅਮਲੇ ਨਾਲ ਆਮਿਰ ਖਾਨ ਨੇ ਕਈ ਤਸਵੀਰਾਂ ਵੀ ਖਿੱਚਵਾਈਆਂ। ਆਮਿਰ ਖਾਨ ਉੱਪਰ ਸਰਾਏ ਅਮਾਨਤ ਖਾਂ ਪਿੰਡ ਦੀ ਪੁਰਾਤਨ ਸਰਾਂ 'ਚ ਫਿਲਮ ਦੇ ਦਿ੍ਸ਼ ਫਿਲਮਾਏ ਗਏ, ਜਦੋਂਕਿ ਪਿੰਡ ਗੰਡੀਵਿੰਡ ਤੋਂ ਇਲਾਵਾ ਰੱਖ ਭੁੱਸੇ ਦੇ ਜੰਗਲ 'ਚ ਵੀ ਫਿਲਮ ਦੇ ਸੀਨ ਫਿਲਮਾਏ ਗਏ। ਸਰਾਏ ਅਮਾਨਤ ਖਾਂ ਦੀ ਦਾਣਾ ਮੰਡੀ 'ਚ ਸਮੁੱਚੇ ਯੂਨਿਟ ਦਾ ਬਸੇਰਾ ਰਿਹਾ।