ਸੰਘਰਸ਼ ਤੋਂ ਬਿਨਾਂ ਕੋਈ ਵੀ ਮੰਜ਼ਿਲ ਹਾਸਲ ਨਹੀਂ ਹੁੰਦੀ। ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਸੰਘਰਸ਼ ਕਰਨ ਵਾਲਿਆਂ ਲਈ ਰਾਹ ਵਿਚਲੇ ਕੰਡੇ ਵੀ ਫਿਰ ਫੁੱਲਾਂ ਦੀ ਸੇਜ ਵਾਂਗ ਲੱਗਦੇ ਹਨ। ਸੰਗੀਤਕ ਕਲਾ ਦੇ ਖੇਤਰ ’ਚ ਅਜਿਹਾ ਹੀ ਨਾਂ ਹੈ ਖਰੜ ਦਾ ਜੰਮਪਲ ਕ੍ਰਿਸ਼ਨ ਕੁਮਾਰ।

ਉੱਘੇ ਸੰਗੀਤਕਾਰ ਸੋਨੂੰ ਖਾਨਪੁਰੀ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖਦਿਆਂ ਬਤੌਰ ਕੀ-ਬੋਰਡ ਪਲੇਅਰ ਅਤੇ ਸੰਗੀਤਕਾਰ ਵਜੋਂ ਸੰਗੀਤਕ ਫੁਲਵਾੜੀ ’ਚ ਸੁਗੰਧਿਤ ਫੁੱਲ ਬਣ ਕੇ ਖਿੜਿਆ ਖਰੜ ਦਾ ਜੰਮਪਲ ਕ੍ਰਿਸ਼ਨ ਕੁਮਾਰ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਤੇ ਗਾਇਕਾਵਾਂ ਭੁਪਿੰਦਰ ਗਿੱਲ, ਮਿਸ ਨੀਲਮ, ਜੱਸੀ ਗਿੱਲ, ਬੱਬਲ ਰਾਏ, ਪ੍ਰਭ ਗਿੱਲ, ਗਿੱਪੀ ਗਰੇਵਾਲ, ਹਿੰਮਤ ਸੰਧੂ, ਜੋਰਡਨ ਸੰਧੂ , ਰੇਸ਼ਮ ਸਿੰਘ ਅਨਮੋਲ ਆਦਿ ਨਾਲ ਅਨੇਕਾਂ ਹੀ ਸਟੇਜ਼ ਪ੍ਰੋਗਰਾਮ ਕਰਕੇ ਵੱਖਰੀ ਪਛਾਣ ਬਣਾਈ ਹੈ। ਬਤੌਰ ਸੰਗੀਤਕਾਰ ਉਸ ਨੇ ਸਾਹਿਲ ਬੈਂਸ ਦੇ ਗੀਤ ‘ਜਾਦੂਗਰ’, ਜਸ਼ਨਦੀਪ ਸਵੀਟੀ ਦੇ ਗੀਤ ‘ਨੈਚਰਲ ਬਿਊਟੀ’, ਮਨਿੰਦਰ ਮਾਹੀ ਦੇ ਧਾਰਮਿਕ ਗੀਤ ‘ਮਾਤਾ ਗੁਜਰੀ ਦੇ ਲਾਲ’ ਆਦਿ ਗੀਤਾਂ ਨੂੰ ਸ਼ਿੰਗਾਰਿਆ ਹੈ।

ਪਿਤਾ ਸੋਮਲਾਲ ਭੋਲਾ ਤੇ ਮਾਤਾ ਲਤਾ ਰਾਣੀ ਦਾ ਇਹ ਲਾਡਲਾ ਸੰਗੀਤ ਦੇ ਖੇਤਰ ’ਚ ਹੋਰ ਮੱਲਾਂ ਮਾਰਦਿਆਂ ਵਿਲੱਖਣ ਪਛਾਣ ਬਣਾਉਣ ਲਈ ਯਤਨਸ਼ੀਲ ਹੈ।

Posted By: Sandip Kaur