ਸੁਭਾਅ ਦਾ ਖੁੱਲ੍ਹਾ, ਹਰ ਥਾਂ ਯਾਰੀ ਪਾ ਲੈਣ ਵਾਲਾ, ਮਿੱਠ ਬੋਲੜਾ, ਵਹਿਮਾਂ-ਭਰਮਾਂ ਦਾ ਸਖ਼ਤ ਵਿਰੋਧੀ, ਅਗਾਂਹ ਵਧੂ ਸੋਚ ਦਾ ਧਾਰਨੀ, ਕਈ ਢਾਡੀਆਂ ਤੇ ਕਵੀਸ਼ਰਾਂ ਦਾ ਉਸਤਾਦ ਸੀ ਕਰਨੈਲ ਸਿੰਘ ਪਾਰਸ ਰਾਮੂਵਾਲੀਆ। ਮੌਜੀ ਤੇ ਮਸਤ ਰਹਿਣ ਵਾਲੇ ਪਾਰਸ ਦਾ ਜਨਮ ਨਾਨਕੇ ਪਿੰਡ ਮਰ੍ਹਾਝ ਜ਼ਿਲ੍ਹਾ ਬਠਿੰਡਾ ਵਿਖੇ 28 ਜੂਨ 1916 ਨੂੰ ਹੋਇਆ। ਘਰਦਿਆਂ ਨੇ ਤਾਂ ਉਸ ਦਾ ਨਾਂ ਗਮਦੂਰ ਸਿੰਘ ਰੱਖਿਆ ਜੋ ਬਾਅਦ 'ਚ ਸਮੇਂ ਨਾਲ ਕਰਨੈਲ ਸਿੰਘ ਹੋ ਗਿਆ। ਉਸ ਦੇ ਪਿਤਾ ਦਾ ਨਾਂ ਤਾਰਾ ਸਿੰਘ ਗਿੱਲ ਤੇ ਮਾਤਾ ਦਾ ਨਾਂ ਰਾਮ ਕੌਰ ਰਾਮੀ ਸੀ।

ਕਰਨੈਲ ਸਿੰਘ ਨਾਲ 'ਪਾਰਸ' ਸ਼ਬਦ ਜੁੜਨਾ

ਕਰਨੈਲ ਦਾ ਪਿਤਾ ਤੇ ਉਸ ਦਾ ਚਾਚਾ ਕਰਤਾਰ ਸਿੰਘ ਇੱਕਠੇ ਰਹਿੰਦੇ ਸਨ। ਦੋਵਾਂ ਭਰਾਵਾਂ ਦੇ ਹਿੱਸੇ ਚੋਖੀ ਜ਼ਮੀਨ ਆਉਂਦੀ ਸੀ। ਉਨ੍ਹਾਂ ਸਮਿਆਂ 'ਚ ਜਿਨ੍ਹਾਂ ਕੋਲ ਜ਼ਮੀਨ ਚੰਗੀ ਹੁੰਦੀ ਸੀ। ਉਹ ਮਾਪੇ ਆਪਣੇ ਬੱਚੇ ਨੂੰ ਪੜ੍ਹਨ ਘੱਟ ਹੀ ਭੇਜ ਦੇ ਸਨ। ਕਰਨੈਲ ਨੂੰ ਵੀ ਸਕੂਲ ਨਹੀਂ ਭੇਜਿਆ ਗਿਆ। ਫਿਰ ਜਦੋਂ ਕਰਨੈਲ ਨੇ ਆਪਣੇ ਹਮ ਉਮਰਾਂ ਨੂੰ ਪੜ੍ਹਨ ਜਾਂਦੇ ਵੇਖਿਆ ਤਾਂ ਉਸ ਦਾ ਦਿਲ ਵੀ ਪੜ੍ਹਨ ਲਈ ਕਰਨ ਲੱਗਾ। ਇਸ ਤਰ੍ਹਾਂ ਉਹ ਵੀ ਨਿੱਕੇ ਜੁਆਕਾਂ ਸੰਗ ਰਹਿ ਕੇ ਊੜਾ-ਐੜਾ ਸਿੱਖਣ ਲੱਗਿਆ। ਕਰਨੈਲ ਨੇ ਗਿਣਵੇਂ ਦਿਨਾਂ 'ਚ ਪੈਂਤੀ ਚੇਤੇ ਕਰ ਲਈ ਸੀ। ਇਕ ਦਿਨ ਕਰਨੈਲ ਦੀ ਦਾਦੀ ਨੇ ਉਸ ਨੂੰ ਡੇਰੇ ਪੜ੍ਹਾਉਂਦੇ ਮਹੰਤ ਕ੍ਰਿਸ਼ਨਾ ਨੰਦ ਕੋਲ ਸਹੀ ਤਰੀਕੇ ਨਾਲ ਵਿੱਦਿਆ ਹਾਸਲ ਕਰਨ ਲਈ ਭੇਜਿਆ। ਜਦੋਂ ਨੇਤਰਹੀਣ ਮਹੰਤ ਨੇ ਉਸ ਨੂੰ ਪੰਜ ਪੌੜੀਆਂ ਦਾ ਸਬਕ ਦਿੱਤਾ ਤਾਂ ਪਾਰਸ ਨੇ ਤਿੰਨ-ਚਾਰ ਘੰਟਿਆਂ 'ਚ ਯਾਦ ਕਰ ਕੇ ਸੁਣਾ ਦਿੱਤਾ। ਉਹ ਖ਼ੁਸ਼ ਹੋਇਆ ਤੇ ਕਹਿਣ ਲੱਗਾ ਕਿ 'ਜਾ ਕਾਕਾ ਹੁਣ ਤੂੰ ਆਪਣੇ ਘਰ ਪੜ੍ਹੀ ਜਾਇਆ ਕਰ।' ਪਾਰਸ ਬੋਲਿਆ 'ਨਹੀਂ ਬਾਬਾ ਜੀ ਤੁਸੀਂ ਮੈਨੂੰ ਅੱਗੇ ਪਾਠ ਦਿਓ, ਮੈਂ ਤਾਂ ਤੁਹਾਡੇ ਕੋਲ ਹੀ ਪੜ੍ਹਨੈ।' ਪਾਰਸ ਦੀ ਗੱਲ ਸੁਣ ਮਹੰਤ ਖ਼ੁਸ਼ ਹੋਇਆ ਤੇ ਉਸ ਨੂੰ ਹਰੋ ਪੰਜ ਪੌੜੀਆਂ ਦਾ ਪਾਠ ਦਿੱਤਾ।

ਤੀਖਣ ਬੁੱਧੀ ਦੇ ਮਾਲਕ ਪਰਾਸ ਨੇ ਉਹ ਵੀ ਯਾਦ ਕਰ ਕੇ ਉਸ ਨੂੰ ਸੁਣਾ ਦਿੱਤਾ। ਮਹੰਤ ਇਹ ਸਭ ਵੇਖ ਕੇ ਬਹੁਤ ਖ਼ੁਸ਼ ਹੋਇਆ ਤੇ ਕਹਿਣ ਲੱਗਾ 'ਕਾਕਾ ਤੂੰ ਕਦੋਂ ਆਇਆ ਤੇ ਕਦੋਂ ਸਿੱਖ ਗਿਆ। ਤੂੰ ਤਾਂ ਪਾਰਸ ਏਂ ਪਾਰਸ।' ਇਸ ਤਰ੍ਹਾਂ ਕਰਨੈਲ ਦੇ ਨਾਂ ਨਾਲ 'ਪਾਰਸ' ਜੁੜ ਗਿਆ।

ਕਵੀਸ਼ਰੀ ਦੀ ਚੇਟਕ

ਕਰੈਨਲ ਸਿੰਘ ਦਾ ਪਿਤਾ ਨਿੱਕੀ ਉਮਰੇ ਹੀ ਚੱਲ ਵਸਿਆ ਸੀ। ਇਸ ਤੋਂ ਬਾਅਦ ਉਹ ਇਕੱਲਾ ਪੈ ਗਿਆ। ਕਰਨੈਲ ਨੂੰ ਉਦਾਸ ਵੇਖ ਉਸ ਦਾ ਚਾਚੇ ਵੀ ਕਾਫ਼ੀ ਦੁੱਖੀ ਹੁੰਦਾ। ਉਨ੍ਹਾਂ ਦਿਨਾਂ 'ਚ ਪਿੰਡਾ 'ਚ ਹੁੰਦੇ ਜਲਸਿਆਂ ਵਿਚ ਕਵੀਸ਼ਰ ਮੰਗਾ ਸਿੰਘ ਭੂੰਦੜ, ਅੱਛਰੂ ਰਾਮ, ਸ਼ੇਰ ਸਿੰਘ ਸੰਦਲ ਤਖ਼ਤੂਪੁਰ, ਕ੍ਰਿਸ਼ਨ ਲਾਲ ਸ਼ਰਮਾ ਆਦਿ ਦੀ ਚੜ੍ਹਤ ਸੀ। ਇਨ੍ਹਾਂ ਨੂੰ ਵੇਖ ਪਾਰਸ ਅੰਦਰ ਵੀ ਕਵੀਸ਼ਰੀ ਸਿੱਖਣ ਦਾ ਸ਼ੌਕ ਪੈਦਾ ਹੋ ਗਿਆ। ਪਾਰਸ ਨੂੰ ਪੜ੍ਹਨ ਦਾ ਸ਼ੌਕ ਤਾਂ ਪਹਿਲਾ ਹੀ ਸੀ ਉਤੋਂ ਕਵੀਸ਼ਰੀ ਦਾ ਵੀ ਪੈ ਗਿਆ ਸੀ। ਇਸੇ ਦੌਰਾਨ ਉਸ ਨੂੰ ਇਕ ਦਿਨ ਘਰ ਅੰਦਰ ਪਈ ਇਕ ਬੋਰੀ ਨੂੰ ਢੇਰੀ ਕਰਨ ਸਮੇਂ ਉਸ 'ਚੋਂ ਕੁਝ ਕਿੱਸਿਆਂ ਦੀਆਂ ਕਿਤਾਬਾਂ ਮਿਲ ਗਈਆਂ। ਇਨ੍ਹਾਂ ਲਿਬੜੀਆਂ-ਤਿੱਬੜੀਆਂ ਕਿਤਾਬਾਂ ਨੂੰ ਪਾਰਸ ਦੀ ਜ਼ਿੰਦਗੀ ਨੂੰ ਇਕ ਨਵਾਂ ਮੋੜ ਦਿੱਤਾ।

ਉਹ ਉਨ੍ਹਾਂ ਕਿਤਾਬਾਂ 'ਚੋਂ ਕਿੱਸੇ ਮੂੰਹ ਜ਼ੁਬਾਨੀ ਯਾਦ ਕਰ ਲੈਂਦਾ ਤੇ ਫਿਰ ਗੁਣਗੁਣਾਉਂਦਾ ਰਹਿੰਦਾ। ਫਿਰ ਸਬੱਬੀਂ ਮੁਕਤਸਰ ਸਾਹਿਬ 'ਚ ਮਾਘੀ ਮੇਲੇ 'ਤੇ ਪਾਰਸ ਨੇ ਕਵੀਸ਼ਰ ਮੋਹਨ ਸਿੰਘ ਰੋਡਿਆਂ ਵਾਲੇ ਨੂੰ ਗਾਉਂਦਿਆਂ ਸੁਣਿਆ ਤੇ ਕਾਫ਼ੀ ਪ੍ਰਭਾਵਿਤ ਹੋਇਆ। ਉਹ ਵੀ ਮੋਹਨ ਸਿੰਘ ਰੋਡਿਆਂ ਵਾਲੇ ਦਾ ਸ਼ਾਗਿਰਦ ਬਣ ਗਿਆ ਤੇ ਕਵੀਸ਼ਰੀ ਦੀਆਂ ਬਾਰੀਕੀਆਂ ਦਾ ਗਿਆਨ ਹਾਸਲ ਕੀਤਾ। ਇਸ ਪਿੱਛੋਂ ਪਾਰਸ ਨੇ ਸਿੱਧਵਾ ਵਾਲੇ ਰਣਜੀਤ ਸਿੰਘ ਨਾਲ ਆਪਣਾ ਜੱਥਾ ਬਣਾ ਕੇ ਕਵੀਸ਼ਰੀ ਕਰਨੀ ਸ਼ੁਰੂ ਕਰ ਦਿੱਤੀ।

ਤਵੇ ਰਿਕਾਰਡ ਹੋਣੇ

1954 'ਚ ਪਾਰਸ ਨੇ ਆਲ ਇੰਡੀਆ ਰੇਡੀਓ ਜਲੰਧਰ 'ਤੇ ਪਹਿਲੀ ਵਾਰ ਕਵਿਤਾਵਾਂ ਗਾਈਆਂ। ਇਸ ਤਰ੍ਹਾਂ ਰੇਡੀਓ 'ਤੇ ਗਾਉਣ ਤੋਂ ਬਾਅਦ ਉਸ ਦੀ ਹੋਰ ਬੱਲੇ-ਬੱਲੇ ਹੋ ਗਈ। ਕੁਝ ਸਮੇਂ ਬਾਅਦ ਹੀ ਮਸ਼ਹੂਰ ਕੰਪਨੀ ਐੱਚਐੱਮਵੀ ਨੇ ਕਰਨੈਲ ਸਿੰਘ ਪਾਰਸ ਦੀ ਕਵੀਸ਼ਰੀ ਰਿਕਾਰਡ ਕਰ ਕੇ ਤਵੇ ਮਾਰਕੀਟ 'ਚ ਰਿਲੀਜ਼ ਕੀਤੇ। ਇਸ ਤਰ੍ਹਾਂ ਉਸ ਦੀ ਹੋਰ ਪ੍ਰਸਿੱਧੀ ਹੋ ਗਈ। ਉਸ ਦਾ ਤਵਾ 'ਕਿਓ ਫੜੀ ਸਿਪਾਹੀਆਂ ਭੈਣੋਂ ਇਹ ਹੰਸਾਂ ਦੀ ਜੋੜੀ' ਕਰੀਬ ਡੇਢ ਲੱਖ ਤੋਂ ਵੱਧ ਵਿਕਿਆ। ਫਿਰ ਕਰਨੈਲ ਸਿੰਘ ਦੇ ਲਿਖੇ ਕਿੱਸਿਆਂ ਦੀਆਂ ਕਿਤਾਬਾਂ ਵੀ ਮੇਲਿਆਂ, ਬਾਜ਼ਾਰਾਂ 'ਚ ਵਿਕਣ ਲੱਗਆਂ। ਪਾਰਸ ਦੀ ਕਵੀਸ਼ਰੀ ਦੇ ਲਗਪਗ 22 ਰਿਕਾਰਡ ਮਾਰਕੀਟ ਵਿਚ ਆਏ, ਜਿਨ੍ਹਾਂ ਨੇ ਰਿਕਾਰਡ ਤੋੜ ਕਮਾਈ ਕੀਤੀ।

ਸੰਸਾਰ ਨੂੰ ਅਲਵਿਦਾ

ਇਸ ਮਹਾਨ ਕਵੀਸ਼ਰ ਨੂੰ ਚੰਗੀ ਗਾਇਕੀ ਲਈ ਕਈ ਮਾਣ ਸਨਮਾਣ ਵੀ ਮਿਲੇ, ਜਿਨ੍ਹਾਂ 'ਚ ਪੰਜਾਬ ਸਰਕਾਰ ਵੱਲੋਂ 1985 'ਚ ਮਿਲਿਆ 'ਸ਼੍ਰੋਮਣੀ ਕਵੀਸ਼ਰ ਦਾ ਪੁਰਸਕਾਰ' ਵੀ ਸ਼ਾਮਲ ਹੈ। ਕਵੀਸ਼ਰੀ ਦੇ ਥੰਮ੍ਹ ਮੰਨੇ ਗਏ ਕਰਨੈਲ ਸਿੰਘ ਪਾਰਸ ਨੇ 28 ਫਰਵਰੀ 2009 ਨੂੰ ਹਮੇਸ਼ਾ ਲਈ ਸਰੀਰਕ ਤੌਰ 'ਤੇ ਦੁਨੀਆ ਨੂੰ ਅਲਵਿਦਾ ਆਖ ਦਿੱਤੀ। ਪਾਰਸ ਇਕ ਕਵੀਸ਼ਰ ਹੋਣ ਦੇ ਨਾਲ-ਨਾਲ ਵਧੀਆ ਕਿੱਸਾਕਾਰ ਵੀ ਸੀ। ਉਸ ਵੱਲੋਂ ਲਿਖੇ ਕਿੱਸੇ ਅੱਜ ਵੀ ਪਾਠਕਾਂ ਵੱਲੋਂ ਖ਼ੂਬ ਪੜ੍ਹੇ ਤੇ ਸਲਾਹੇ ਜਾਂਦੇ ਹਨ।

ਅਲੀ ਰਾਜਪੁਰਾ

94176-79302

Posted By: Harjinder Sodhi