ਕਰਨੈਲ ਜਲਾਲ ਉਰਫ਼ ਸਿੱਧੂ 'ਅੱਠ ਜਲਾਲਾਂ ਵਾਲਾ' ਨੇ ਲੋਕ ਗਥਾਵਾਂ ਦੇ ਬਾਦਸ਼ਾਹ ਮਰਹੂਮ ਗਾਇਕ ਕੁਲਦੀਪ ਮਾਣਕ ਦੇ ਮੁੱਢਲੇ ਗੀਤਾਂ ਦੀ ਸਿਰਜਣਾ ਕਰ ਕੇ ਉਸ ਨੂੰ ਗਾਇਕੀ ਦੇ ਰਾਹ ਤੋਰਿਆ ਸੀ। ਇਹ ਦੋਵੇਂ ਬਚਪਨ ਦੇ ਪੱਕੇ ਯਾਰ ਸਨ। ਮੁਹੰਮਦ ਲਤੀਫ਼ ਤੋਂ ਕੁਲਦੀਪ ਮਾਣਕ ਬਣਨ ਤਕ ਗੀਤਕਾਰ ਕਰਨੈਲ ਜਲਾਲ ਦਾ ਵੱਡਾ ਯੋਗਦਾਨ ਰਿਹਾ। ਸਮੇਂ ਦੇ ਨਾਲ ਕਰਨੈਲ ਤੇ ਮਾਣਕ ਦਾ ਸਾਥ, ਯਾਰੀ ਦੋਸਤੀ ਤੋਂ ਉੱਪਰ ਉੱਠ ਕੇ ਕਲਮ ਅਤੇ ਆਵਾਜ਼ ਦਾ ਬਣ ਗਿਆ ਸੀ। ਕਰਨੈਲ ਜਿਮੀਂਦਾਰਾਂ ਦਾ ਮੁੰਡਾ ਸੀ। ਚਾਰ-ਪੰਜ ਜਮਾਤਾਂ ਪੜ੍ਹ ਕੇ ਉਹ ਖੇਤੀ ਦੇ ਧੰਦੇ 'ਚ ਪੈ ਗਿਆ। ਭਾਵੇਂ ਕਿ ਉਹ ਬਹੁਤੀਆਂ ਜਮਾਤਾਂ ਨਾ ਪੜ੍ਹ ਸਕਿਆ ਪਰ ਉਸ ਨੇ ਵਾਰਿਸ ਸ਼ਾਹ ਦੀ ਹੀਰ , ਪੀਲੂ ਦਾ ਮਿਰਜ਼ਾ, ਹਾਸ਼ਮ ਦੀ ਸੱਸੀ ਤੋਂ ਇਲਾਵਾ ਪੁਰਾਣੇ ਕਿੱਸੇ ਬਹੁਤ ਧਿਆਨ ਨਾਲ ਪੜ੍ਹੇ ਜੋ ਉਸ ਦੀ ਸਫਲ ਗੀਤਕਾਰੀ ਦਾ ਆਧਾਰ ਬਣੇ। ਮਾਣਕ ਦੀ ਮੁੱਢਲੀ ਗਾਇਕੀ 'ਚ ਕਰਨੈਲ ਜਲਾਲ ਦੀ ਕਲਮ ਦਾ ਚੰਗੇਰਾ ਯੋਗਦਾਨ ਰਿਹਾ। ਤਵਿਆਂ ਦੀਆਂ ਰਿਕਾਡਿੰਗਾਂ ਤੋਂ ਪਹਿਲਾਂ ਮਾਣਕ ਨੇ ਕਰਨੈਲ ਜਲਾਲ ਦੇ ਅਨੇਕਾਂ ਗੀਤ ਜਨਤਕ ਸਮਾਗਮਾਂ 'ਤੇ ਗਾਏ ਜੋ ਬਾਅਦ 'ਚ ਰਿਕਾਰਡ ਵੀ ਹੋਏ।

ਪਹਿਲੀ ਰਿਕਾਰਡਿੰਗ

ਕਰਨੈਲ ਜਲਾਲ ਦੀ ਲਿਖੀ ਪਹਿਲੀ ਰਚਨਾ ਲੋਕ ਗਾਥਾ 'ਉਹਨੂੰ ਮੌਤ ਨੇ ਵਾਜ਼ਾਂ ਮਾਰੀਆਂ, ਸੋਹਣੀ ਸੁੱਤੀ ਲਈ ਜਗਾ' 1972 'ਚ ਰਿਕਾਰਡ ਹੋਈ। ਇਹ ਮਾਣਕ ਦੀ ਪਹਿਲੀ ਲੋਕਗਾਥਾ ਸੀ ਜੋ ਅਲਗੋਜਿਆ ਨਾਲ ਰਿਕਾਰਡ ਕਰਵਾਈ। ਫਿਰ ਮਾਣਕ ਨੇ ਕਰਨੈਲ ਦੀ ਲਿਖੀ ਇਕ ਹੋਰ ਗਾਥਾ 'ਦਹੂਦ ਬਾਦਸ਼ਾਹ' ਦੀ 'ਚਿੱਠੀ ਲਿਖੀ ਦਹੂਦ ਨੇ ਵਾਲਾਂ ਵਿਚ ਟੰਗੀ, ਪਹਿਲਾਂ ਸੀ ਤੂੰ ਬੇਗ਼ਮੇ ਮੇਰੇ ਨਾਲ ਮੰਗੀ' ਰਿਕਾਰਡ ਹੋਈ। ਇਸ ਤੋਂ ਬਾਅਦ ਇਕ ਤੋਂ ਇਕ ਲਗਾਤਾਰ ਗੀਤ ਰਿਕਾਰਡ ਹੁੰਦੇ ਗਏ। ਕਰਨੈਲ ਪਹਿਲਾਂ ਆਪਣੇ ਗੀਤਾਂ 'ਚ 'ਜਲਾਲ' ਦੀ ਥਾਂ 'ਸਿੱਧੂ' ਲਿਖਦਾ ਹੁੰਦਾ ਸੀ। ਫਿਰ ਉਸ ਨੂੰ ਮਾਣਕ ਨੇ ਕਿਹਾ ਕਿ 'ਆਪਾਂ ਆਪਣੇ ਪਿੰਡ ਦਾ ਨਾਂ ਵੀ ਮਸ਼ਹੂਰ ਕਰੀਏ।' ਇਸ ਕਰ ਕੇ ਕਰਨੈਲ ਨੇ ਆਪਣੇ ਗੀਤਾਂ 'ਚ 'ਸਿੱਧੂ' ਦੀ ਥਾਂ 'ਤੇ 'ਅੱਠ ਜਲਾਲਾਂ ਵਾਲਾ/ ਜਲਾਲ' ਦਾ ਜ਼ਿਕਰ ਕਰਨ ਲੱਗਿਆ।

ਜਲਾਲ ਪਿੰਡ 'ਚੋਂ ਅੱਗੇ ਅੱਠ ਪਿੰਡ ਹੋਰ ਵਸੇ ਹੋਣ ਕਰ ਕੇ ਇਸ ਨੂੰ 'ਅੱਠ ਜਲਾਲਾਂ ਵਾਲਾ' ਵੀ ਕਹਿੰਦੇ ਹਨ। ਕਰਨੈਲ ਦੇ ਲਿਖੇ ਗੀਤ ਪਹਿਲਾਂ ਹੀ ਹਰਮਨ ਪਿਆਰੇ ਸੀ ਤੇ ਜਦੋਂ ਰਿਕਾਰਡ ਹੋ ਕੇ ਬਨੇਰ੍ਹਿਆਂ 'ਤੇ ਵੱਜਣ ਲੱਗੇ ਤਾਂ ਉਸ ਦਾ ਹੌਸਲਾ ਹੋਰ ਵੀ ਵੱਧ ਗਿਆ। ਮਾਣਕ ਨੇ ਕਰਨੈਲ ਦੇ ਲਿਖੇ 30-35 ਦੇ ਕਰੀਬ ਗੀਤ ਐੱਚਐੱਮਵੀ ਕੰਪਨੀ ਦੇ ਤਵਿਆਂ 'ਤੇ ਰਿਕਾਰਡ ਕਰਵਾਏ। ਕਰਨੈਲ ਦੀਆਂ ਕਈ ਲਿਖਤਾਂ ਪੰਜਾਬੀ ਗਾਇਕੀ ਵਿਚ ਸ਼ਾਹਕਾਰ ਲਿਖਤਾਂ ਬਣੀਆਂ। ਲੋਕ ਤੱਥ 'ਵਕਤ ਪਏ ਤੋਂ ਪਰਖੀ ਜਾਂਦੀ ਯਾਰੀ ਯਾਰਾਂ ਦੀ', 'ਪੁੱਤ ਬਰਾਬਰ ਦਾ ਜਦ ਅੱਗਿਓ ਆ ਲਲਕਾਰ ਦਾ' ਵੀ ਕਰਨੈਲ ਜਲਾਲ ਦੀ ਬਾਕਮਾਲ ਸਿਰਜਣਾ ਹੈ। ਪੂਰਨ ਭਗਤ ਦੀ ਗਾਥਾ ਬਹੁਤ ਲਿਖਾਰੀਆਂ ਨੇ ਲਿਖੀ ਹੈ। ਹਰੇਕ ਨੇ ਪੂਰਨ ਦੇ ਵੱਖ-ਵੱਖ ਪਹਿਲੂਆਂ ਨੂੰ ਲਿਖਿਆ ਹੈ ਪਰ ਕਰਨੈਲ ਦਾ ਲਿਖਿਆ ਤੇ ਮਾਣਕ ਦਾ ਗਾਇਆ ਇਹ ਵਿਯੋਗਮਈ ਗੀਤ ਸਰੋਤਿਆਂ ਨੂੰ ਹਲੂਣ ਕੇ ਰੱਖ ਦਿੰਦਾ ਹੈ। 'ਇੱਛਰਾਂ ਧਾਹਾਂ ਮਾਰਦੀ ਨਾਲੇ ਦੇਵੇ ਦੁਹਾਈਆਂ, ਮੇਰੇ ਪੂਰਨ ਪੁੱਤ ਦੇ ਹੱਥਕੜੀਆਂ ਲਾਈਆਂ'। ਇਕ ਮਾਂ ਦੇ ਦਿਲ 'ਚੋਂ ਨਿਕਲੀ ਵੈਰਾਗਮਈ ਹੂਕ ਨੂੰ ਇਹ ਗੀਤ ਬੜੀ ਭਾਵਕੁਤਾ ਨਾਲ ਬਿਆਨਦਾ ਹੈ, ਜਦੋਂ ਲੂਣਾ ਦੀ ਝੂਠੀ ਤੋਹਮਤ ਲਾਉਣ 'ਤੇ ਰਾਜਾ ਸਲਵਾਨ ਨੇ ਪੂਰਨ ਨੂੰ ਟੁਕੜੇ-ਟੁਕੜੇ ਕਰ ਕੇ ਖੂਹ ਵਿਚ ਸੁੱਟਣ ਦਾ ਹੁਕਮ ਦੇ ਦਿੰਦਾ ਹੈ।

ਲੋਕ ਗਾਥਾਵਾਂ ਤੋਂ ਮਿਲੀ ਪਛਾਣ

ਕਰਨੈਲ ਜਲਾਲ ਦਾ ਜਨਮ ਪਿਤਾ ਸੰਤਾ ਸਿੰਘ ਤੇ ਮਾਤਾ ਨਿਹਾਲ ਕੌਰ ਦੇ ਘਰ ਜਿਲ੍ਹਾਂ ਬਠਿੰਡਾ ਦੇ ਪਿੰਡ ਜਲਾਲ ਵਿਖੇ 1942 ਨੂੰ ਹੋਇਆ। ਕਰਨੈਲ ਤੇ ਮਾਣਕ ਬਚਪਨ ਦੇ ਯਾਰ ਰਹੇ। ਦੋਵਾਂ ਨੇ ਕਲਾ ਦਾ ਸਫ਼ਰ ਵੀ ਇੱਕਠਿਆਂ ਹੀ ਸ਼ੁਰੂ ਕੀਤਾ। ਕਰਨੈਲ ਨੇ ਮਾਣਕ ਲਈ ਬਹੁਤ ਸਾਰੇ ਗੀਤ ਲਿਖੇ। ਫਿਰ ਜਦੋਂ ਮਾਣਕ ਦੇ ਗਾਇਕੀ 'ਚ ਪੈਰ ਲੱਗ ਗਏ ਤਾਂ ਉਹ ਲੁਧਿਆਣੇ ਚਲਾ ਗਿਆ। ਜਦ ਵੀ ਵਕਤ ਮਿਲਦਾ ਕਰਨੈਲ ਵੀ ਮਾਣਕ ਕੋਲ ਲੁਧਿਆਣੇ ਚਲਾ ਜਾਂਦਾ। ਨਵਿਆਂ ਗੀਤਾਂ ਬਾਰੇ ਦੋਵੇਂ ਗੱਲਾਂ ਬਾਤਾਂ ਕਰਦੇ। ਮਾਣਕ ਕੋਲ ਕਰਨੈਲ ਦੇ ਲਿਖੇ ਪੁਰਾਣੇ ਗੀਤਾਂ ਦੀ ਕਾਪੀ ਸੀ ਜਿਸ 'ਚੋਂ ਉਹ ਗੀਤ ਰਿਕਾਰਡ ਕਰਵਾਉਂਦਾ ਰਿਹਾ। ਕਰਨੈਲ ਜਲਾਲ ਦੀ ਲਿਖਣ ਸ਼ੈਲੀ ਆਮ ਗੀਤਕਾਰਾਂ ਤੋਂ ਬਹੁਤ ਅਲੱਗ ਸੀ। ਉਸ ਦੁਆਰਾ ਲਿਖੀਆਂ ਬਹੁਤ ਸਾਰੀਆਂ ਲੋਕ ਗਥਾਵਾਂ ਮਾਣਕ ਦੀ ਗਾਇਕੀ ਦਾ ਆਧਾਰ ਬਣੀਆਂ। ਕਰਨੈਲ ਜਲਾਲ ਦਾ ਇਕ ਹੋਰ ਗੀਤ 'ਕਰ ਕਰ ਵੇਲਾ ਯਾਦ ਜਿੰਦੜੀਏ ਰੋਵਂੇਗੀ' ਵੀ ਕਮਾਲ ਦੀ ਸਿਰਜਣਾ ਹੈ ਜੋ ਦੁਨੀਆਵੀਂ ਮੋਹ 'ਚ ਫਸੇ ਮਨੁੱਖ ਨੂੰ ਵਕਤ ਅਤੇ ਮੌਤ ਦੇ ਸੱਚ ਤੋਂ ਜਾਣੂ ਕਰਵਾਉਂਦਾ ਹੈ। ਅਜਿਹੇ ਗੀਤ ਬਹੁਤ ਘੱਟ ਗੀਤਕਾਰਾਂ ਦੇ ਹਿੱਸੇ ਆਏ ਹਨ। ਹੀਰ-ਰਾਝਾ, ਮਿਰਜ਼ਾ-ਸਾਹਿਬਾਂ, ਸੱਸੀ-ਪੁੰਨੂੰ, ਸੋਹਣੀ-ਮਹੀਵਾਲ ਆਦਿ ਆਸ਼ਕਾਂ ਬਾਰੇ ਸਮੇਂ-ਸਮੇਂ ਦੇ ਲੇਖਕਾਂ ਨੇ ਆਪਣੇ ਹੀ ਢੰਗ ਵਿਚ ਲਿਖਿਆ ਹੈ ਪਰ ਅਫ਼ਸੋਸ ਕਿ ਅੱਜ ਦੇ ਗੀਤਕਾਰਾਂ ਵਲੋਂ ਇਨ੍ਹਾਂ ਬਾਰੇ ਕੋਈ ਗੀਤ ਨਹੀਂ ਲਿਖਿਆ ਜਾ ਰਿਹਾ। ਆਮ ਗੀਤਕਾਰੀ ਤੋਂ ਵੱਖਰਾ ਕਰਨ ਲਈ ਕਰਨੈਲ ਜਲਾਲ ਨੇ ਇਕ 'ਬਾਰਾਂ-ਮਾਹ' ਗੀਤ ਵੀ ਲਿਖਿਆ ਸੀ ਜਿਸ ਵਿਚ ਰਾਂਝੇ ਦੀ ਯਾਦ ਵਿਚ ਖੇੜ੍ਹਿਆਂ ਦੇ (ਸਹੁਰੇ) ਘਰ ਬੈਠੀ ਹੀਰ ਦੇ ਹਰੇਕ ਮਹੀਨੇ ਦਾ ਵਰਣਨ ਕੀਤਾ ਗਿਆ ਹੈ। 'ਦਿਲ ਵਿਚ ਰਾਂਝੇ ਚਾਕ ਦੀ ਪਈ ਯਾਦ ਸਤਾਵੇ, ਘਰ ਖੇੜ੍ਹਿਆਂ ਦਾ ਹੀਰ ਨੂੰ ਪਿਆ ਵੱਢ-ਵੱਢ ਖਾਵੇ'।

ਮਕਬੂਲ ਗੀਤ

ਲੋਕ ਗਥਾਵਾਂ ਤੋਂ ਇਲਾਵਾ ਕਰਨੈਲ ਜਲਾਲ ਦੇ ਲਿਖੇ ਅਨੇਕਾਂ ਗੀਤ ਵੀ ਰਿਕਾਰਡ ਹੋਏ ਜਿਨ੍ਹਾਂ ਨੂੰ ਅੱਜ ਵੀ ਸੁਣਿਆ ਜਾ ਰਿਹਾ ਹੈ। ਇਨ੍ਹਾਂ ਗੀਤਾਂ 'ਚੋਂ 'ਕੋਠੇ 'ਤੇ ਗਲਾਸੀ ਏ', 'ਸਾਨੂੰ ਨੱਚ ਕੇ ਵਿਖਾ ਜਰਨੈਲ ਕੁੜੇ', 'ਵਕਤ ਪਏ ਤੋਂ ਪਰਖੀ ਜਾਂਦੀ ਯਾਰੀ ਯਾਰਾਂ ਦੀ', 'ਜਾਗੋ ਛੜਿਓ ਵਿਆਹ ਕਰਵਾ ਲਓ', 'ਲਾਰਾ ਲੱਪਾ ਲਾਈ ਰੱਖਦਾ', 'ਛੱਡ ਕੇ ਤੂੰ ਚੰਨਾ ਮੈਨੂੰ ਜਾਈਂ ਨਾ', 'ਜਾਹ ਨੀਂ ਤੇਰਾ ਕੱਖ ਨਾ ਰਹੇ', 'ਮੇਰਾ ਧੀਦੋ ਰਾਂਝਾ ਬੇਪ੍ਰਵਾਹ ਕੁੜੀਓ', 'ਝੰਗ ਦੀਆਂ ਕੁੜੀਆਂ ਕੱਠੀਆਂ ਹੋ ਕੇ', ' ਸਾਥੋਂ ਬਾਰਾਂ ਸਾਲ ਮੱਝੀਆਂ ਚਰਾ ਕੇ', 'ਜੰਝ ਆਈ ਖੇੜਿਆਂ ਦੀ', 'ਛੱਡ ਦੇ ਮੇਰੀਏ ਬੱਚੀਏ ਰਾਂਝੇ ਦੀ ਯਾਰੀ', 'ਚੋਟਾਂ ਇਸ਼ਕ ਦੀਆਂ' (ਇਹ ਸਾਰੇ ਗੀਤ ਕੁਲਦੀਪ ਮਾਣਕ ਦੀ ਆਵਾਜ਼ 'ਚ ਰਿਕਾਰਡ ਹੋਏ), 'ਤੀਆਂ ਦੇ ਦਿਨ ਨੇੜੇ, ਲੈ ਕੇ ਜਾਵੀਂ ਵੇ ਵੀਰਾਂ' (ਗੁਰਚਰਨ ਗੋਪੀ), 'ਅਸੀਂ ਕਿੱਡਾ ਵੱਡਾ ਆਸ਼ਕਾਂ ਦਾ ਜ਼ੇਰਾ ਵੇਖਿਆ', 'ਧੰਨ ਹੁੰਦੀਆਂ ਨੇ ਮਾਵਾਂ' ਆਦਿ ਗੀਤ ਪ੍ਰਮੁੱਖ ਹਨ। ਕਰਨੈਲ ਜਲਾਲ ਨੇ ਮਾਣਕ ਨੂੰ ਇਕ ਗੀਤ ਮਾਂ ਬਾਰੇ (ਧੰਨ ਹੁੰਦੀਆਂ ਨੇ ਮਾਵਾਂ) ਵੀ ਲਿਖ ਕੇ ਦਿੱਤਾ ਜੋ ਉਹ ਅਕਸਰ ਸਟੇਜਾਂ 'ਤੇ ਗਾਉਂਦਾ ਰਿਹਾ ਪਰ ਰਿਕਾਰਡ ਨਾ ਕਰਵਾ ਸਕਿਆ ਬਾਅਦ 'ਚ ਇਹ ਗੀਤ ਮਾਣਕ ਦੇ ਸ਼ਾਗਿਰਦ ਗੁਰਚਰਨ ਗੋਪੀ ਨੇ ਕੈਸਿਟ 'ਵੀਰ ਭੈਣਾਂ ਦਾ ਮਾਣ' 'ਚ ਰਿਕਾਰਡ ਕਰਵਾਇਆ ਸੀ।

ਕੁਲਦੀਪ ਮਾਣਕ ਨਾਲ ਸੀ ਭਰਾਵਾਂ ਵਰਗਾ ਪਿਆਰ


ਦਸ ਸਾਲ ਪਹਿਲਾਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਕਰਨੈਲ ਜਲਾਲ ਦੇ ਛੋਟੇ ਬੇਟੇ ਪਰਮਜੀਤ ਸਿੰਘ ਨੇ ਦੱਸਿਆ ਕਿ ਪਿਤਾ ਜੀ ਬਹੁਤ ਸਬਰ-ਸੰਤੋਖ ਤੇ ਚੁੱਪ ਬਿਰਤੀ ਵਾਲੇ ਸਨ। ਉਹ ਜਲਦਬਾਜ਼ੀ 'ਚ ਕੋਈ ਗੱਲ ਜੁਬਾਨ 'ਤੇ ਨਹੀਂ ਸੀ ਲਿਆਉਂਦੇ। ਉਨ੍ਹਾਂ ਦੇ ਲਿਖੇ ਕੁਝ ਗੀਤਾਂ ਨਾਲ ਛੇੜਛਾੜ ਵੀ ਹੋਈ ਤੇ ਉਹ ਹੋਰ ਨਾਵਾਂ 'ਤੇ ਵੀ ਰਿਕਾਰਡ ਹੋਏ। ਕੁਲਦੀਪ ਮਾਣਕ ਜੀ ਦਾ ਪਿਤਾ ਨਾਲ ਚੰਗੀ ਮਿੱਤਰਤਾਂ ਸੀ। ਬਲਕਿ ਦੋਵਾਂ 'ਚ ਭਰਾਵਾਂ ਵਰਗਾ ਪਿਆਰ ਸੀ। ਗਾਇਕੀ ਖੇਤਰ ਦੇ ਰੁਝੇਵੇਂ ਵਧਣ ਕਰ ਕੇ ਮਾਣਕ ਪਿੰਡ ਬਹੁਤ ਘੱਟ ਆਉਂਦਾ ਸੀ ਪਰ ਪ੍ਰੋਗਰਾਮਾਂ ਤੋਂ ਲੰਘਦਾ ਟੱਪਦਾ ਉਹ ਕੁਝ ਪਲ ਆਪਣੇ ਘਰੇ (ਪਿੰਡੋਂ ਬਾਹਰ ਖੇਤ) ਜ਼ਰੂਰ ਹੋ ਕੇ ਜਾਂਦਾ ਰੁਕਦਾ। ਮਾਣਕ ਨੇ ਪਿਤਾ ਜੀ ਨਾਲ ਬਚਪਨ ਵਾਲੀ ਯਾਰੀ ਮਰਦੇ ਦਮ ਤਕ ਕਾਇਮ ਰੱਖੀ। ਜਦ ਬਾਪੂ ਜੀ ( ਕਰਨੈਲ ਜਲਾਲ) ਪੂਰੇ ਹੋਏ ਤਾਂ ਮਾਣਕ ਵਿਦੇਸ਼ ਗਿਆ ਹੋਇਆ ਸੀ ਉਹ ਭੋਗ 'ਤੇ ਨਾ ਆ ਸਕਿਆ। ਫਿਰ ਬਾਅਦ 'ਚ ਆਇਆ ਤੇ ਕਿੰਨਾ ਚਿਰ ਬਾਪੂ ਦੀਆਂ ਗੱਲਾਂ ਕਰਦਾ ਰੋਂਦਾ ਰਿਹਾ। ਕਰਨੈਲ ਜਲਾਲ ਦਾ ਵਿਆਹ ਨਸੀਬ ਕੌਰ ਨਾਲ ਹੋਇਆ ਸੀ। ਇਨ੍ਹਾਂ ਦੇ ਘਰ ਦੋ ਪੁੱਤ ਅਤੇ ਦੋ ਧੀਆਂ ਨੇ ਜਨਮ ਲਿਆ। ਇਕ ਪੁੱਤ ਅਤੇ ਧੀ ਆਪਣੇ ਪਰਿਵਾਰਾਂ ਸਮੇਤ ਅਮਰੀਕਾ ਰਹਿ ਰਹੇ ਹਨ ਜਦਕਿ ਬਾਕੀ ਦੋਵੇਂ ਪੰਜਾਬ ਹੀ ਹਨ। ਕਰਨੈਲ ਜਲਾਲ ਵੀ ਆਪਣੇ ਵੱਡੇ ਪੁੱਤ ਕੋਲ ਅਮਰੀਕਾ ਜਾਣ ਦੀ ਤਿਆਰੀ 'ਚ ਸੀ ਕਿ ਅਚਾਨਕ ਰੱਬ ਘਰੋਂ ਬੁਲਾਵਾ ਆ ਗਿਆ। ਉਸ ਦਾ ਛੋਟਾ ਪੁੱਤ ਪਰਮਜੀਤ ਸਿੰਘ ਫ਼ੌਜ 'ਚੋਂ ਸੇਵਾਮੁਕਤ ਹੋ ਕੇ ਅੱਜਕੱਲ੍ਹ ਪਿੰਡ ਖੇਤੀਬਾੜੀ ਦਾ ਕੰਮ ਹੀ ਕਰਦਾ ਹੈ।

ਪਿੰਡ ਦਾ ਨਾਂ ਕੀਤਾ ਮਸ਼ਹੂਰ

ਕਰਨੈਲ ਜਲਾਲ ਦੇ ਗੀਤਾਂ ਨੂੰ ਮਾਣਕ ਤੋਂ ਇਲਾਵਾ ਗੁਰਚਰਨ ਗੋਪੀ ਭਦੌੜ ਨੇ ਵੀ ਗਾÎਇਆ। ਗੋਪੀ ਮਾਣਕ ਦਾ ਹੀ ਦੂਜਾ ਰੂਪ ਸੀ। ਉਹੀ ਅੰਦਾਜ਼ , ਉਹੀ ਆਵਾਜ਼...ਜੋ ਮਾਣਕ ਦਾ ਭੁਲੇਖਾ ਪਾਉਂਦੀ ਸੀ। ਕੁਲਦੀਪ ਮਾਣਕ ਨਾਲ ਗੋਪੀ ਦੀ ਉਸਤਾਦੀ ਸ਼ਾਗਿਰਦੀ ਕਰਨੈਲ ਜਲਾਲ ਤੇ ਬਿੰਦਰ ਭਦੌੜ ਨੇ ਹੀ ਕਰਵਾਈ ਸੀ। ਕਰਨੈਲ ਜਲਾਲ ਨੇ ਜਿੰਨੇ ਵੀ ਗੀਤ ਲਿਖੇ ਉਹ ਸਰੋਤਿਆਂ ਦੀ ਪਸੰਦ ਬਣੇ। ਜੇ ਮਾਣਕ ਨਾਲ ਉਸ ਦੀ ਨੇੜਤਾ ਬਣੀ ਰਹਿੰਦੀ ਤਾਂ ਅੱਜ ਕਰਨੈਲ ਦੀ ਗੀਤਕਾਰੀ ਦਾ ਇਤਿਹਾਸ ਹੋਰ ਵੱਡਾ ਹੋਣਾ ਸੀ। ਇਕ ਚੰਗੇ ਗੀਤਕਾਰ ਦੇ ਸਾਰੇ ਗੁਣ ਉਸ ਦੀ ਕਲਮ ਅਤੇ ਸੋਚ 'ਚ ਸਨ। ਕਰਨੈਲ ਦੇ ਸੰਸਾਰ ਤੋਂ ਤੁਰ ਜਾਣ ਮਗਰੋਂ ਵੀ ਅੱਜ ਸਂੈਕੜੇ ਗੀਤ ਉਸ ਦੀਆਂ ਹੱਥ ਲਿਖਤ ਕਾਪੀਆਂ 'ਚ ਦਰਜ਼ ਪਏ ਹਨ ਜਿਨ੍ਹਾਂ ਨੂੰ ਗਾਉਣ ਵਾਲਾ ਨਾ ਤਾਂ ਕੁਲਦੀਪ ਮਾਣਕ ਹੈ ਤੇ ਨਾ ਹੀ ਉਸ ਦਾ ਸ਼ਾਗਿਰਦ ਗੁਰਚਰਨ ਗੋਪੀ। ਮਾਣਕ ਵਾਂਗ ਕਰਨੈਲ ਨੇ ਵੀ ਆਪਣੇ ਗੀਤਾਂ 'ਚ ਪਿੰਡ 'ਜਲਾਲ' ਦੁਨੀਆ ਭਰ 'ਚ ਮਸ਼ਹੂਰ ਕੀਤਾ। ਉਸ ਦੇ ਲਿਖੇ ਗੀਤ ਮਾਣਕ ਦੀ ਆਵਾਜ਼ ਵਾਂਗ ਸਦਾ ਅਮਰ ਰਹਿਣਗੇ।

ਸੁਰਜੀਤ ਜੱਸਲ, 98146-07737

Posted By: Harjinder Sodhi