ਇੰਡੀਅਨ ਆਈਡਲ ਸੀਜ਼ਨ 11 ਦਾ ਜੇਤੂ ਰਿਹਾ ਸੰਨੀ ਹਿੰਦੁਸਤਾਨੀ ਸਚਮੁੱਚ ਕੰਮੀਆਂ ਦੇ ਵਿਹੜੇ ਦਾ ਸੂਰਜ ਬਣ ਕੇ ਗਾਇਕੀ 'ਚ ਅੰਬਰ 'ਤੇ ਚੜ੍ਹਿਆ ਹੈ। ਘਰ 'ਚ ਪਏ ਗ਼ੁਰਬਤ ਦੇ ਹਨੇਰਿਆਂ ਨੂੰ ਚੀਰ ਸੂਰਜ ਦੀ ਕਿਰਨ ਬਣ ਚਮਕਿਆ ਇਹ ਨੌਜਵਾਨ ਅੱਜ ਹੋਰਨਾਂ ਲਈ ਵੀ ਪ੍ਰੇਰਣਾ ਸਰੋਤ ਬਣ ਗਿਆ ਹੈ। ਉਸ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸੱਚੇ ਦਿਲੋਂ ਕੀਤੀ ਮਿਹਤਨ ਤੇ ਲਗਨ ਇਕ ਦਿਨ ਜ਼ਰੂਰ ਰੰਗ ਲਿਆਉਂਦੀ ਹੈ। ਆਰਥਿਕ ਸਥਿਤੀ ਨਾਲ ਦੋ-ਚਾਰ ਹੁੰਦਿਆਂ ਸੰਨੀ ਦਾ ਬਚਪਨ ਕਈ ਮੁਸ਼ਕਲਾਂ 'ਚੋਂ ਲੰਘਿਆ। ਫਿਰ ਜਦੋਂ ਜਵਾਨੀ ਆਈ ਤਾਂ ਮਾਂ ਨੂੰ ਲੋਕਾਂ ਦੇ ਘਰਾਂ ਵਿਚ ਦੋ ਵਕਤ ਲਈ ਰੋਟੀ ਮੰਗਦਿਆਂ ਵੇਖਿਆ।

ਇਕ ਪਾਸੇ ਤਾਂ ਘਰ ਦੇ ਹਾਲਾਤ ਤੇ ਦੂਜੇ ਪਾਸੇ ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਦੀ ਸੁਰੀਲੀ ਆਵਾਜ਼ ਉਸ ਦੇ ਦਿਲ 'ਚ ਤਰਥੱਲੀ ਮਚਾਉਂਦੀ ਰਹਿੰਦੀ ਕਿ ਉਹ ਵੀ ਫ਼ਨਕਾਰ ਬਣੇ ਤੇ ਆਪਣਾ ਨਾਂ ਚਮਕਾਏ। ਆਖ਼ਰ ਘਰ ਦੀ ਆਰਥਿਕ ਸਥਿਤੀ ਨੇ ਉਸ ਦੇ ਹੱਥ ਸੰਗੀਤਕ ਸਾਜ਼ਾਂ ਦੀ ਬਜਾਏ ਬੂਟ ਪਾਲਿਸ਼ ਦੀ ਡੱਬੀ ਫੜਾ ਦਿੱਤੀ। ਉਹ ਪੜ੍ਹਨ ਲਿਖਣ, ਗਾਉਣ ਤੇ ਖੇਡਣ ਕੁੱਦਣ ਦੇ ਸੁਪਨੇ ਵਿਸਾਰ ਸਾਰਾ ਦਿਨ ਬਠਿੰਡਾ ਦੇ ਬੱਸ ਸਟੈਂਡ 'ਤੇ ਬੈਠਾ ਬੂਟ ਪਾਲਿਸ਼ ਕਰਦਾ। ਆਥਣ ਨੂੰ ਰੋਟੀ ਖਾਣ ਜੋਗੇ ਪੈਸੇ ਕਮਾ ਘਰ ਵਾਪਸ ਆ ਜਾਂਦਾ। ਆਪਣੇ ਹੱਥਾਂ ਨਾਲ ਮਾਂ ਦੇ ਮੂੰਹ 'ਚ ਬੁਰਕੀਆਂ ਪਾਉਂਦਾ। ਮਾਂ ਬਥੇਰਾ ਵਿਲਕਦੀ ਵੇ ਪੁੱਤ ਛੱਡ ਦੇ ਬੂਟ-ਪਾਲਿਸ਼ ਦਾ ਖਹਿੜਾ, ਤੂੰ ਪੜ੍ਹ ਲਿਖ ਲੈ, ਗਾ ਲੈ... ਪਰ ਉਹ ਮਾਂ ਦੀ ਗੱਲ ਹਰ ਵਾਰ ਵਿਸਾਰ ਛੱਡਦਾ। ਅਸਲ 'ਚ ਸੰਨੀ ਸੁਪਨੇ ਤਾਂ ਤਿਆਗ

ਸਕਦਾ ਸੀ ਪਰ ਮਾਂ ਦੀ ਬੇਵੱਸੀ ਨਹੀਂ ਸੀ ਵੇਖ ਸਕਦਾ।

ਭਾਵੇਂ ਉਹ ਬਹੁਤਾ ਪੜ੍ਹਿਆ ਨਹੀਂ ਪਰ ਬੂਟ ਪਾਲਿਸ਼ਾਂ ਕਰ ਸ਼ਾਮ ਨੂੰ ਜਦ ਉਹ ਘਰ ਪਰਤਦਾ ਤਾਂ ਦੇਰ ਰਾਤ ਤਕ ਨੁਸਰਤ ਸਾਹਿਬ ਦੇ ਗੀਤਾਂ ਜ਼ਰੂਰ ਸੁਣਦਾ। ਨੁਸਰਤ ਫ਼ਤਹਿ ਅਲੀ ਖ਼ਾਨ ਦੀਆਂ ਕੱਵਾਲੀਆਂ ਨਾਲ ਉਸ ਨੂੰ ਮੁਹੱਬਤ ਜਿਹੀ ਹੋ ਗਈ ਸੀ। ਨੁਸਰਤ ਦੇ ਗੀਤ ਸੁਣਦਾ ਤੇ ਖ਼ੁਦ ਉਨ੍ਹਾਂ ਵਾਂਗ ਗਾ ਕੇ ਵੇਖਦਾ। ਦੋਸਤ-ਮਿੱਤਰ ਅਕਸਰ ਉਸ ਦੀ ਆਵਾਜ਼ ਸੁਣ ਆਖਦੇ ਕਿ 'ਸੰਨੀ ਤੂੰ ਵੀ ਕੋਈ ਗੀਤ ਰਿਕਾਰਡ ਕਰ ਲੈ' ਪਰ ਉਹ ਅੱਗੋਂ ਚੁੱਪ ਹੋ ਜਾਂਦਾ। ਅਸਲ 'ਚ ਸੰਨੀ ਨੂੰ ਇਸ ਗੱਲ ਦਾ ਇਲਮ ਸੀ ਕਿ ਹੁਣ ਨਾਂ ਚਮਕਾਉਣ ਲਈ ਕਲਾ ਦੇ ਨਾਲ-ਨਾਲ ਪੈਸਾ ਹੋਣਾ ਵੀ ਜ਼ਰੂਰੀ ਹੈ। ਸੰਗੀਤ ਨੂੰ ਵਪਾਰ ਬਣਾਈ ਬੈਠੇ ਮਿਊਜ਼ਿਕ ਕੰਪਨੀਆਂ ਵਾਲਿਆਂ ਤੋਂ ਉਸ ਨੂੰ ਕੋਈ ਆਸ ਨਹੀਂ ਸੀ ਪਰ ਉਮੀਦ ਜ਼ਰੂਰ ਸੀ ਕਿ ਇਕ ਦਿਨ ਪਰਮਾਤਮਾ ਉਸ ਨੂੰ ਖ਼ੁਦ ਅੱਗੇ ਆਉਣ ਦਾ ਮੌਕਾ ਦੇਵੇਗਾ ਤੇ ਸ਼ੁਹਰਤ ਵੀ ਬਖ਼ਸ਼ੇਗਾ।

ਫਿਰ ਜਦੋਂ 'ਇੰਡੀਅਨ ਆਇਡਲ 11' ਸ਼ੁਰੂ ਹੋਇਆ ਤਾਂ ਦੋਸਤਾਂ-ਮਿੱਤਰਾਂ ਦੀ ਹੱਲਾਸ਼ੇਰੀ ਨੇ ਸੰਨੀ ਹਿੰਦੁਸਤਾਨੀ ਨੂੰ ਮੁੰਬਈ ਤੋਰ ਦਿੱਤਾ। ਇਸ ਮੁਕਾਬਲੇ ਦੇ ਜੱਜ ਮਸ਼ਹੂਰ ਸੰਗੀਤਕਾਰ ਅਨੂ ਮਲਿਕ, ਵਿਸ਼ਾਲ ਡਡਲਾਨੀ ਤੇ ਗਾਇਕਾ ਨੇਹਾ ਕੱਕੜ ਨੇ ਜਦੋਂ ਸੰਨੀ ਨੂੰ ਸੁਣਿਆ ਤਾਂ ਉਹ ਦੰਗ ਰਹਿ ਗਏ। ਬਿਲਕੁਲ ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਦੀ ਆਵਾਜ਼ ਸੀ। ਇਸੇ ਮੁਕਾਬਲੇ 'ਚ ਉਸ ਦੇ ਨਾਂ ਮਗਰ 'ਹਿੰਦੁਸਤਾਨੀ' ਸ਼ਬਦ ਲੱਗਿਆ। ਫਿਰ ਦਿਨਾਂ 'ਚ ਹੀ ਪੂਰੇ ਭਾਰਤ ਵਾਸੀਆਂ 'ਤੇ ਸੰਨੀ ਹਿੰਦੁਸਤਾਨੀ ਦੀ ਸੁਰੀਲੀ ਆਵਾਜ਼ ਦਾ ਜਾਦੂ ਚੱਲਣ ਲੱਗਾ। ਗਿਣਵੇਂ ਦਿਨਾਂ 'ਚ ਹੀ ਸਭ ਦੇ ਜ਼ੁਬਾਨ 'ਤੇ ਬੱਸ ਇੱਕੋ ਨਾਂ ਸੰਨੀ-ਸੰਨੀ ਸੀ। ਆਖ਼ਰ 23 ਫਰਵਰੀ ਦਾ ਦਿਨ ਵੀ ਆ ਗਿਆ ਜਦ ਸੰਨੀ ਹਿੰਦੁਸਤਾਨੀ ਸਭ ਨੂੰ ਪਿੱਛੇ ਛੱਡ ਪਹਿਲੇ ਨੰਬਰ 'ਤੇ ਪਹੁੰਚ ਗਿਆ। ਇਸ ਪ੍ਰੋਗਰਾਮ ਦਾ ਜੇਤੂ ਬਣ ਕੇ ਉਸ ਨੇ 25 ਲੱਖ ਰੁਪਏ ਦਾ ਇਨਾਮ ਹੀ ਨਹੀਂ, ਸਗੋਂ ਲੱਖਾਂ ਭਾਰਤ ਵਾਸੀਆਂ ਦਾ ਦਿਲ ਵੀ ਜਿੱਤਿਆ ਹੈ। ਸੰਨੀ ਦੀ ਮਾਂ ਤੇ ਭੈਣਾਂ ਤੋਂ ਚਾਅ ਸਾਂਭੇ ਨਹੀਂ ਜਾ ਰਹੇ। ਅੱਜ ਉਸ ਦਾ ਸਾਰਾ ਪਰਿਵਾਰ ਖ਼ੁਸ਼ੀ ਵਿਚ ਖੀਵਾ ਹੋਇਆ ਫਿਰਦਾ ਹੈ। ਸੰਨੀ ਨੇ ਜੇਤੂ ਬਣਨ ਤੋਂ ਬਾਅਦ 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਇੰਨਾ ਪਿਆਰ ਮਿਲਣ ਤੋਂ ਬਾਅਦ ਮੈਂ ਭਾਰਤੀਆਂ ਦੀ ਮੁਹੱਬਤ ਦਾ ਸਾਰੀ ਉਮਰ ਲਈ ਕਰਜ਼ਾਈ ਹੋ ਗਿਆ ਹਾਂ।' ਆਉਣ ਵਾਲੇ ਦਿਨਾਂ ਵਿਚ ਉਸ ਦੀ ਆਵਾਜ਼ ਬਾਲੀਵੁੱਡ ਤੇ ਪਾਲੀਵੁੱਡ ਫਿਲਮਾਂ 'ਚ ਸੁਣਨ ਨੂੰ ਮਿਲੇਗੀ। ਇਸ ਤੋਂ ਇਲਾਵਾ ਉਸ ਦੇ ਇੰਗਲੈਂਡ 'ਚ ਵੀ ਤਿੰਨ ਸ਼ੋਅ ਬੁੱਕ ਕੀਤੇ ਗਏ ਹਨ। ਇਸ ਨੌਜਵਾਨ ਦੀ ਹਿੰਮਤ ਨੂੰ ਦਿਲੋਂ ਸਲੂਟ ਹੈ। ਆਸ ਕਰਦੇ ਹਾਂ ਕਿ ਸੰਨੀ ਪੰਜਾਬੀ ਮਾਂ ਬੋਲੀ ਦਾ ਕੱਦ ਦੁਨੀਆ 'ਚ ਹੋਰ ਉੱਚਾ ਕਰੇਗਾ।

ਜਸਵੰਤ ਦਰਦ ਪ੍ਰੀਤ

98729-22212

Posted By: Harjinder Sodhi