ਗੁਰਪ੍ਰੀਤ ਖੋਖਰ, ਜਲੰਧਰ : ਪੰਜਾਬੀ ’ਚ ਨਵੇਂ ਵਿਸ਼ਿਆਂ ’ਤੇ ਨਵੇਂ ਚਿਹਰਿਆਂ ਨੂੰ ਲੈ ਕੇ ਫਿਲਮਾਂ ਬਣਾਈਆਂ ਜਾ ਰਹੀਆਂ ਹਨ, ਜੋ ਬਹੁਤ ਚੰਗੀ ਗੱਲ ਹੈ। ਇਹ ਕਹਿਣਾ ਹੈ ਪੰਜਾਬੀ ਫਿਲਮਾਂ ਦੇ ਨਵੇਂ ਹੀਰੋ ਇਕਲਵਿਆ ਪਦਮ ਦਾ, ਜੋ ਫਿਲਮ ‘ਸ਼ੱਕਰਪਾਰੇ’ ਦੀ ਟੀਮ ਨਾਲ ‘ਪੰਜਾਬੀ ਜਾਗਰਣ’ ਦੇ ਮੁੱਖ ਦਫ਼ਤਰ ਪਹੁੰਚੇ। ਇਸ ਤੋਂ ਪਹਿਲਾਂ ਉਹ ਮਾਡਲਿੰਗ ’ਚ ਚੰਗਾ ਨਾਂ ਬਣਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਪਹਿਲੀ ਹੀ ਫਿਲਮ ’ਚ ਸਰਦਾਰ ਸੋਹੀ, ਨਿਰਮਲ ਰਿਸ਼ੀ, ਸਵਿੰਦਰ ਮਾਹਲ, ਸੀਮਾ ਕੌਸ਼ਲ ਤੇ ਦਿਲਾਵਰ ਸਿੱਧੂ ਜਿਹੇ ਵੱਡੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ, ਜਿਸ ਕਰਕੇ ਉਨ੍ਹਾਂ ਨੂੰ ਕਾਫ਼ੀ ਕੁਝ ਸਿੱਖਣ ਦਾ ਮੌਕਾ ਮਿਲਿਆ। ਇਕਲਵਿਆ ਪਦਮ ਨਾਲ ਲਵ ਗਿੱਲ ਹੀਰੋਇਨ ਵਜੋਂ ਨਜ਼ਰ ਆਵੇਗੀ, ਜੋ ਪਹਿਲਾਂ ਕਰਮਜੀਤ ਅਨਮੋਲ ਨਾਲ ਫਿਲਮ ‘ਕੁੜੀਆਂ ਜਵਾਨ ਬਾਪੂ ਪਰੇਸ਼ਾਨ’ ’ਚ ਲੋਕਾਂ ਦਾ ਦਿਲ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ ਹਨੀ ਮੱਟੂ, ਰਮਨਦੀਪ ਜੱਗਾ, ਅਰਸ਼ ਹੁੰਦਲ, ਗੋਨੀ ਸੱਗੂ ਤੇ ਮੋਨਿਕਾ ਵੀ ਇਸ ਫਿਲਮ ’ਚ ਬੜੇ ਅਹਿਮ ਕਿਰਦਾਰ ਨਿਭਾ ਰਹੇ ਹਨ।

ਗੋਲਡਨ ਕੀ ਐਟਰਟੇਨਮੈਂਟ ਦੀ ਪੇਸ਼ਕਸ਼ ਅਤੇ ਨਿਰਮਾਤਾ ਵਿਸ਼ਨੂੰ ਕੇ ਪੋਡਰ ਅਤੇ ਪੁਨੀਤ ਚਾਵਲਾ ਦੀ ਇਸ ਫਿਲਮ ’ਚ ਵੱਖਰੀ ਤਰ੍ਹਾਂ ਦੀ ਪ੍ਰੇਮ ਕਹਾਣੀ ਹੋਵੇਗੀ, ਜੋ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਸੁਨੇਹਾ ਵੀ ਦਿੰਦੀ ਹੈ। ਇਸ ਫਿਲਮ ਦਾ ਇਕ ਖ਼ਾਸ ਪੱਖ ਇਹ ਹੈ ਕਿ ਇਸ ਰਾਹੀਂ ਜਿੱਥੇ ਇਨਸਾਨ ਨੂੰ ਮੁਹੱਬਤ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ, ਉੱਥੇ ਹੀ ਬੇਜ਼ੁਬਾਨਿਆਂ ਨੂੰ ਵੀ ਪਿਆਰ ਕਰਨ ਦਾ ਸੁਨੇਹਾ ਮਿਲੇਗਾ।

ਆਪਣੇ ਨਾਂਹ-ਪੱਖੀ ਕਿਰਦਾਰਾਂ ਦੇ ਨਾਲ-ਨਾਲ ਕਈ ਹਾਂ-ਪੱਖੀ ਕਿਰਦਾਰ ਨਿਭਾਅ ਕੇ ਦਿਲਾਂ ’ਚ ਵੱਖਰੀ ਜਗ੍ਹਾ ਬਣਾ ਚੁੱਕੇ ਸਰਦਾਰ ਸੋਹੀ ਨੂੰ ਫਿਲਮ ‘ਸ਼ੱਕਰਪਾਰੇ’ ’ਚ ਵੀ ਦਰਸ਼ਕ ਵੱਖਰੀ ਹੀ ਤਰ੍ਹਾਂ ਦੇ ਕਿਰਦਾਰ ’ਚ ਦੇਖਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਸ ਫਿਲਮ ਵਿਚਲਾ ਕਿਰਦਾਰ ਹੁਣ ਤਕ ਨਿਭਾਏ ਗਏ ਕਿਰਦਾਰਾਂ ਤੋਂ ਪੂਰੀ ਤਰ੍ਹਾਂ ਵਿਲੱਖਣ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਨੈਸ਼ਨਲ ਸਕੂਲ ਆਫ ਡਰਾਮਾ ’ਚੋਂ ਪਾਸ ਆਊਟ ਹੋਏ ਅਦਾਕਾਰ, ਲੇਖਕ ਤੇ ਨਿਰਦੇਸ਼ਕ ਫਿਲਮੀ ਖੇਤਰ ’ਚ ਆਏ ਹਨ, ਉਦੋਂ ਤੋਂ ਸਿਨੇਮਾ ’ਚ ਰੰਗਮੰਚ ਵਾਲਿਆਂ ਦੀ ਇੱਜ਼ਤ ਬਹੁਤ ਜ਼ਿਆਦਾ ਵਧ ਗਈ ਹੈ। ਉਨ੍ਹਾਂ ਕਿਹਾ ਕਿ ਰੰਗਮੰਚ ਦੇ ਕਲਾਕਾਰਾਂ ਨੂੰ ਹੁਣ ਪੰਜਾਬੀ ਫਿਲਮਾਂ ’ਚ ਬਹੁਤ ਵਧੀਆ ਕੰਮ ਮਿਲ ਰਿਹਾ ਹੈ, ਜੋ ਕਿ ਬਹੁਤ ਚੰਗੀ ਗੱਲ ਹੈ।

ਲੀਕ ਤੋਂ ਹਟ ਕੇ ਹੈ ਫਿਲਮ : ਪੁਨੀਤ ਚਾਵਲਾ

ਨਿਰਮਾਤਾ ਪੁਨੀਤ ਚਾਵਲਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਕਸਦ ਪੰਜਾਬੀ ਸਿਨੇਮਾ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਵਿਸ਼ਿਆਂ ’ਤੇ ਫਿਲਮ ਬਣਾਉਣਾ ਹੈ। ਇਸ ਲਈ ਉਹ ਲੀਕ ਤੋਂ ਹਟ ਕੇ ਫਿਲਮ ‘ਸ਼ੱਕਰਪਾਰੇ’ ਲੈ ਕੇ ਆਏ ਹਨ। ਉਮੀਦ ਹੈ ਕਿ ਲੋਕ ਉਨ੍ਹਾਂ ਦੇ ਇਸ ਨਿਵੇਕਲੇ ਉੱਦਮ ਨੂੰ ਦਿਲ ਖੋਲ੍ਹ ਕੇ ਪਿਆਰ ਦੇਣਗੇ।

ਬੜੇ ਅਹਿਮ ਕਿਰਦਾਰਾਂ ’ਚ ਨਜ਼ਰ ਆਵੇਗੀ ਲਵ ਗਿੱਲ

ਲਵ ਗਿੱਲ ਦਾ ਕਹਿਣਾ ਹੈ ਕਿ ਉਸ ਨੂੰ ਅਜੋਕੀ ਪੀੜ੍ਹੀ ਨਾਲ ਨੇੜਿਓਂ ਜੁੜੀ ਇਸ ਫਿਲਮ ਦਾ ਹਿੱਸਾ ਬਣ ਕੇ ਬਹੁਤ ਖ਼ੁਸ਼ੀ ਹੋਈ ਹੈ। ਛੇਤੀ ਹੀ ਉਹ ਹੋਰ ਵੀ ਕਈ ਪੰਜਾਬੀ ਫਿਲਮਾਂ ’ਚ ਅਹਿਮ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀ ਸਿਨੇਮਾ ਦਾ ਦਾਇਰਾ ਦਿਨੋ-ਦਿਨ ਵਸੀਹ ਹੁੰਦਾ ਜਾ ਰਿਹਾ ਹੈ ਤੇ ਕਈ ਨਵੇਂ ਮੁੰਡੇ-ਕੁੜੀਆਂ ਦਾ ਇਸ ਖੇਤਰ ’ਚ ਦਾਖ਼ਲ ਹੋਣਾ ਸ਼ੁਭ ਸੰਕੇਤ ਹੈ।

Posted By: Jagjit Singh