ਅਜੋਕੀ ਪੰਜਾਬੀ ਗਾਇਕੀ ਭਾਵੇਂ ਹੁਣ ਜ਼ਿਆਦਾ ਲੱਚਰਤਾ ਤੇ ਹਥਿਆਰ ਨੂੰ ਪ੍ਰਮੋਟ ਕਰਨ ਲੱਗੀ ਹੈ ਪਰ ਅਜੇ ਵੀ ਕੁਝ ਸ਼ਖ਼ਸੀਅਤਾਂ ਅਜਿਹੀਆਂ ਹਨ ਜੋ ਆਪਣੀ ਜ਼ਿੰਮੇਵਾਰੀ ਨੂੰ ਸਮਝਦੀਆਂ ਹੋਈਆਂ ਮਿਆਰੀ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੀਆਂ ਹਨ। ਇਨ੍ਹਾਂ 'ਚ ਹੀ ਇਕ ਨਾਂ ਆਉਂਦਾ ਹੈ ਢਾਡੀ ਬਲਵਿੰਦਰ ਸਿੰਘ ਭਗਤਾ ਦਾ ਜਿਸ ਨੇ ਹਮੇਸ਼ਾ ਮਿਆਰੀ ਤੇ ਸਮਾਜਿਕ ਮੁੱਦਿਆਂ ਦੀ ਗੱਲ ਕਰਦੇ ਗੀਤਾਂ ਨਾਲ ਹੀ ਸਰੋਤਿਆਂ ਦਾ ਮਨੋਰੰਜਨ ਕੀਤਾ ਹੈ। ਸਮਾਜ ਸੇਵਾ 'ਚ ਵਿਸ਼ੇਸ਼ ਰੁਚੀ ਰੱਖਣ ਵਾਲੇ ਅਤੇ 66 ਵਾਰ ਖ਼ੂਨਦਾਨ ਕਰ ਚੁੱਕੇ ਢਾਡੀ ਬਲਵਿੰਦਰ ਸਿੰਘ ਭਗਤਾ ਦਾ ਜਨਮ 1 ਅਪ੍ਰੈਲ 1967 ਨੂੰ ਜ਼ਿਲ੍ਹਾ ਬਠਿੰਡਾ ਦੇ ਕਸਬਾ ਭਗਤਾ ਭਾਈ ਵਿਖੇ ਪਿਤਾ ਕਰਨੈਲ ਸਿੰਘ ਮੋਮੀ ਤੇ ਮਾਤਾ ਬਲਵੀਰ ਕੌਰ ਦੇ ਘਰ ਹੋਇਆ। ਉਸ ਦਾ ਵਿਆਹ 1988 ਵਿਚ ਪਿੰਡ ਠੱਠੀ ਭਾਈ ਦੀ ਸੁਖਜਿੰਦਰ ਕੌਰ ਨਾਲ ਹੋਇਆ। ਬਲਵਿੰਦਰ ਸਿੰਘ ਨੂੰ ਛੋਟੀ ਉਮਰੇ ਹੀ ਕਵਿਸ਼ਰੀ ਦੀ ਚੇਟਕ ਲੱਗ ਗਈ ਸੀ। ਫਿਰ ਉਹ ਉੱਘੇ ਢਾਡੀ ਬਲਜਿੰਦਰ ਸਿੰਘ ਬਗ਼ੀਚਾ ਨਾਲ ਸਟੇਜਾਂ ਸਾਝੀਆਂ ਕਰਨ ਲੱਗ ਗਿਆ।

1997 ਦੌਰਾਨ ਪੰਜਾਬ 'ਚ ਵਾਪਰਿਆ ਕਿਰਨਜੀਤ ਕਾਂਡ ਕਿਸ ਦੇ ਯਾਦ ਨਹੀਂ ਹੋਵੇਗਾ ਜਿਸ ਦੇ ਖ਼ਿਲਾਫ਼ ਵੱਡੀ ਲੋਕ ਲਹਿਰ ਖੜ੍ਹੀ ਹੋਈ ਸੀ। ਇਸ ਦੌਰਾਨ ਢਾਡੀ ਬਲਜਿੰਦਰ ਸਿੰਘ ਬਗ਼ੀਚਾ ਦੇ ਜੱਥੇ ਵਲੋਂ ਕਿਰਨਜੀਤ ਕੌਰ ਨੂੰ ਸਰਧਾਂਜਲੀ ਭੇਂਟ ਕਰਦੀ ਇਕ ਕੈਸਿਟ 'ਵਿਛੋੜਾ ਕਿਰਨਜੀਤ' ਵੀ ਲੋਕਾਂ ਦੇ ਰੂਬਰੂ ਕੀਤੀ ਸੀ। ਇਸ ਕੈਸਿਟ 'ਚ ਬਲਵਿੰਦਰ ਸਿੰਘ ਭਗਤਾ ਦੀ ਆਵਾਜ਼ ਵੀ ਸ਼ਾਮਲ ਹੈ, ਜੋ ਉਸ ਦੀ ਸਰੋਤਿਆਂ 'ਚ ਵੱਖਰੀ ਪਛਾਣ ਬਣਾ ਗਈ।

ਇਸ ਤੋਂ ਬਾਅਦ ਨਾਮੀ ਢਾਡੀ ਮੱਖਣ ਸਿੰਘ ਸਿੱਧੂ ਦੇ ਜੱਥੇ ਨਾਲ ਕਾਰਗਿਲ ਦੇ ਸ਼ਹੀਦਾਂ ਨੂੰ ਸਮਰਪਿਤ ਕੈਸਿਟ ਵਿਚਲੇ ਗੀਤ 'ਪੁੱਤ ਦਾਗ਼ ਲਗਾਵੀ ਨਾ' ਨੂੰ ਬਲਵਿੰਦਰ ਸਿੰਘ ਭਗਤਾ ਨੇ ਖ਼ੁਦ ਕਮਲਬੰਦ ਕੀਤਾ। ਇਸ ਗੀਤ ਨੇ ਵੀ ਬਲਵਿੰਦਰ ਨੂੰ ਚੰਗੀ ਪਛਾਣ ਦਿੱਤੀ। ਸਾਲ 2001 ਵਿਚ ਬਲਵਿੰਦਰ ਸਿੰਘ ਭਗਤਾ ਨੇ ਬੇਅੰਤ ਸਿੰਘ ਕਲਿਆਣ, ਮਹਿੰਦਰ ਸਿੰਘ ਸਫ਼ਰੀ ਅਤੇ ਗੁਰਚਰਨ ਸਿੰਘ ਭਾਈਰੂਪਾ ਨਾਲ ਮਿਲ ਕੇ ਆਪਣਾ ਵੱਖਰਾ ਜੱਥਾ ਕਾਇਮ ਕਰ ਕੇ ਚੰਗਾ ਨਾਮਣਾ ਖੱਟਿਆ। ਚੰਗੀ ਗਾਇਕੀ ਲਈ ਅਨੇਕਾਂ ਮਾਣ-ਸਨਮਾਨ ਹਾਸਲ ਕਰਨ ਵਾਲੇ ਬਲਵਿੰਦਰ ਸਿੰਘ ਭਗਤਾ ਨੂੰ ਪੰਜਾਬੀ ਮਾਂ ਬੋਲੀ ਸਤਿਕਾਰ ਐਕਸ਼ਨ ਕਮੇਟੀ ਵਲੋਂ ਸਾਲ 2018 ਵਿਚ ਢਾਡੀ ਸੋਹਣ ਸਿੰਘ ਸੀਤਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਢਾਡੀ ਬਲਵਿੰਦਰ ਸਿੰਘ ਨੇ ਹੁਣ ਤਕ ਸੈਂਕੜੇ ਧਾਰਮਿਕ ਪ੍ਰਸੰਗਾਂ ਸਮੇਤ ਨਸ਼ਿਆਂ, ਭਰੂਣ ਹੱਤਿਆ ਅਤੇ ਸਮਾਜ ਸੁਧਾਰ ਦੇ ਗੀਤ ਲਿਖੇ ਤੇ ਗਾਏ ਹਨ। ਉਸ 'ਚ ਗੀਤ ਲਿਖਣ ਦੀ ਅਜਿਹੀ ਕਲਾ ਹੈ ਕਿ ਉਹ ਕੁਝ ਹੀ ਪਲ ਵਿਚ ਕਿਸੇ ਵੀ ਮੁੱਦੇ 'ਤੇ ਗੀਤ ਲਿਖਣ 'ਚ ਖ਼ਾਸ ਮੁਹਾਰਤ ਰੱਖਦਾ ਹੈ। ਉਸ ਨੇ 'ਪੰਜਾਬੀ ਜਾਗਰਣ' ਅਖ਼ਬਾਰ ਦੀ ਨੌਵੀਂ ਵਰ੍ਹੇਗੰਢ ਮੌਕੇ 'ਪੰਜਾਬੀ ਜਾਗਰਣ ਦੀ ਬੜੀ ਚੜ੍ਹਾਈ ਜੀ' ਗੀਤ ਪੇਸ਼ ਕਰ ਕੇ ਵੀ ਚੰਗੀ ਵਾਹ-ਵਾਹ ਖੱਟੀ ਹੈ।

ਵੀਰਪਾਲ ਸਿੰਘ ਭਗਤਾ

96532-00226

Posted By: Harjinder Sodhi