ਜਤਿੰਦਰ ਪੰਮੀ, ਜਲੰਧਰ : ''ਪੰਜਾਬੀ ਫਿਲਮਾਂ ਵਿਚ ਕੰਮ ਕਰਨਾ ਜ਼ਿਆਦਾ ਚੰਗਾ ਲੱਗਦਾ ਹੈ, ਇਸ ਲਈ ਪਾਲੀਵੁੱਡ ਦੀਆਂ ਫਿਲਮਾਂ ਕਰ ਰਹੀ ਹਾਂ।'' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਿਲੀਜ਼ ਹੋ ਰਹੀ ਪੰਜਾਬੀ ਫਿਲਮ '15 ਲੱਖ ਕਦੋਂ ਆਊਗਾ' ਦੀ ਹੀਰੋਇਨ ਪੂਜਾ ਵਰਮਾ ਨੇ 'ਪੰਜਾਬੀ ਜਾਗਰਣ' ਦੇ ਦਫਤਰ ਵਿਚ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।

ਪੂਜਾ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਚੌਥੀ ਪੰਜਾਬੀ ਫਿਲਮ ਹੈ, ਇਸ ਤੋਂ ਪਹਿਲਾਂ ਉਹ 'ਬਾਜ਼' ਤੇ 'ਡਾਕੂਆਂ ਦਾ ਮੁੰਡਾ' ਫਿਲਮਾਂ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੱਖਣੀ ਫਿਲਮਾਂ ਵਿਚ ਵੀ ਕੰਮ ਕੀਤਾ ਪਰ ਪੰਜਾਬੀ ਸਿਨੇਮਾ ਜ਼ਿਆਦਾ ਚੰਗਾ ਲੱਗਦਾ ਹੈ। '15 ਲੱਖ ਕਦੋਂ ਆਊਗਾ' ਬਾਰੇ ਗੱਲਬਾਤ ਕਰਦਿਆਂ ਪੂਜਾ ਵਰਮਾ ਨੇ ਦੱਸਿਆ ਕਿ ਇਸ ਫਿਲਮ ਵਿਚ ਉਸ ਨੇ 'ਚੰਨੋ' ਦੀ ਭੂਮਿਕਾ ਨਿਭਾਈ ਹੈ, ਜਦੋਂਕਿ ਗਾਇਕ ਤੇ ਅਦਾਕਾਰ ਰਵਿੰਦਰ ਗਰੇਵਾਲ ਨੇ 'ਜੱਸੀ' ਨਾਂ ਦੇ ਵਿਅਕਤੀ ਦੀ ਭੂਮਿਕਾ ਨਿਭਾਈ ਹੈ।

ਜੱਸੀ ਵਿਹਲੜ ਤੇ ਲਾਲਚੀ ਕਿਸਮ ਦਾ ਇਨਸਾਨ ਹੈ, ਜੋ ਕਿ ਮਿਹਨਤ-ਮਜ਼ਦੂਰੀ ਕਰਨ ਦੀ ਥਾਂ ਮੁਫਤ ਵਿਚ ਹੀ ਸਭ ਕੁਝ ਭਾਲਦਾ ਹੈ। ਪ੍ਰੋਡਿਊਸਰ ਰੂਪਾਲੀ ਗੁਪਤਾ ਨੇ ਦੱਸਿਆ ਕਿ ਇਹ ਫਿਲਮ 10 ਮਈ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਦੇ ਨਿਰਦੇਸ਼ਕ ਮਨਪ੍ਰਰੀਤ ਬਰਾੜ ਤੇ ਲੇਖਕ ਸੁਖਮੀਤ ਮਾਵੀ ਹਨ।

ਫਿਲਮ ਵਿਚਲੇ ਪੰਜ ਗੀਤਾਂ 'ਚੋਂ 4 ਗੀਤ ਰਵਿੰਦਰ ਗਰੇਵਾਲ ਨੇ ਹੀ ਗਾਏ ਹਨ। ਫਿਲਮ ਦੇ ਹੋਰਨਾਂ ਕਲਾਕਾਰਾਂ 'ਚ ਮੁਲਕੀਤ ਰੌਨੀ, ਖਿਆਲੀ, ਜਸਵਿੰਦਰ ਰਾਠੌਰ ਤੋਂ ਇਲਾਵਾ ਰਾਣਾ ਰਣਬੀਰ ਗੈਸਟ ਆਰਟਿਸਟ ਹਨ।