ਜ਼ਿੰਦਗੀ ਬਹੁਤ ਖ਼ੂਬਸੂਰਤ ਹੈ। ਸਾਨੂੰ ਇਸ ਦੇ ਹਰ ਪਲ ਦਾ ਆਨੰਦ ਮਾਣਨਾ ਚਾਹੀਦਾ ਹੈ। ਸਾਨੂੰ ਕਦੇ ਵੀ ਦੁਖੀ ਨਹੀਂ ਹੋਣਾ ਚਾਹੀਦਾ ਸਗੋਂ ਜ਼ਿੰਦਗੀ ਦਾ ਹਰ ਪਲ ਖ਼ੁਸ਼ ਰਹਿ ਕੇ ਗੁਜ਼ਾਰਨਾ ਚਾਹੀਦਾ ਹੈ। ਜ਼ਿੰਦਗੀ ’ਚ ਉਤਰਾਅ ਚੜਾਅ ਆਉਂਦੇ ਹੀ ਰਹਿੰਦੇ ਹਨ। ਖ਼ੁਸ਼ੀ ਅਤੇ ਗ਼ਮੀ ਜੀਵਨ ਦੇ ਦੋ ਪਹਿਲੂ ਹਨ। ਖ਼ੁਸ਼ੀ ਮਨੁੱਖ ਨੂੰ ਨਵੀਂ ਊਰਜਾ ਤੇ ਹੋਰ ਖ਼ੁਸ਼ੀਆਂ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਦੀ ਹੈ। ਜਦਕਿ ਗ਼ਮੀ ਅਤੇ ਉਦਾਸੀ ਸਹਿਜਤਾ ਪੈਦਾ ਕਰਦੀ ਮਨੁੱਖੀ ਜ਼ਿੰਦਗੀ ਦੇ ਅਰਥ ਸਮਝਉਂਦੀ ਹੈ। ਖ਼ੁਸ਼ੀ ਅਤੇ ਗ਼ਮੀ ਦਾ ਜੀਵਨ ਵਿਚ ਆਉਣਾ ਸੁਭਾਵਿਕ ਹੈ।

ਖ਼ੁਸ਼ੀਆਂ ਅਤੇ ਗ਼ਮੀਆਂ ਹਰੇਕ ਮਨੁੱਖ ਦੀਆਂ ਸਾਂਝੀਆਂ ਹੁੰਦੀਆਂ ਹਨ। ਖ਼ੁਸ਼ੀਆਂ ਤੇ ਗ਼ਮੀਆਂ ਦੀਆਂ ਕਿਧਰੇ ਦੁਕਾਨਾਂ ਨਹੀਂ ਸਜਦੀਆਂ। ਗ਼ਮੀਆਂ ਅਤੇ ਖ਼ੁਸ਼ੀਆਂ ਨੂੰ ਲੱਭਣ ’ਚ ਕੁੱਝ ਗੁਆਚਦਾ ਨਹੀਂ ਹੈ ਸਗੋਂ ਗ਼ਮਾਂ ਨਾਲ ਯਾਰੀ ਪਾ ਕੇ ਮਨੁੱਖ ਸਭ ਕੁਝ ਗੁਆ ਲੈਂਦਾ ਹੈ। ਕੁਝ ਜ਼ਿੰਦਗੀ ਦੁੱਖਾਂ ਤੇ ਸੁੱਖਾਂ ਦਾ ਸੁਮੇਲ ਹੈ। ਨਿਰਾਸ਼ਾਵਾਦੀ ਸੋਚ ਵਾਲੇ ਵਿਅਕਤੀਆਂ ਨੂੰ ਖ਼ੁਸ਼ੀਆਂ ਦਿੱਸਦੀਆਂ ਨਹੀਂ ਹਨ। ਅਜਿਹੇ ਵਿਅਕਤੀ ਜ਼ਿੰਦਗੀ ਨੂੰ ਦੁੱਖਾਂ ਦਾ ਘਰ ਬਣਾ ਲੈਂਦੇ ਹਨ। ਜਿਵੇਂ ਰਾਤ ਬਗ਼ੈਰ ਦਿਨ ਦੇ ਮਹੱਤਵ ਦਾ ਪਤਾ ਨਹੀਂ ਲੱਗਦਾ, ਇਵੇਂ ਹੀ ਦੁੱਖ ਬਗ਼ੈਰ ਸੱੁਖ ਦੀ ਕਦਰ ਘੱਟ ਜਾਂਦੀ ਹੈ।

ਅਸੀਂ ਦੇਖਦੇ ਹਾਂ ਕਿ ਜੇ ਗਰਮੀ ਹੈ ਤਾਂ ਸਰਦੀ ਦਾ ਮੌਸਮ ਵੀ ਆਉਂਦਾ ਹੈ। ਬਰਸਾਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਮੌਸਮ ਸਾਫ਼ ਵੀ ਹੋ ਜਾਂਦਾ ਹੈ। ਦਿਨ ਚੜ੍ਹਦਾ ਹੈ ਤਾਂ ਰਾਤ ਵੀ ਆਉਂਦੀ ਹੈ। ਭਾਵ ਜ਼ਿੰਦਗੀ ਹਮੇਸ਼ਾ ਇਕ ਤਰ੍ਹਾਂ ਦੀ ਨਹੀਂ ਰਹਿੰਦੀ, ਬਦਲਦੀ ਰਹਿੰਦੀ ਹੈ। ਬਦਲਾਓ ਕੁਦਰਤ ਦਾ ਨੇਮ ਹੈ। ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਸਮਾਂ ਸਾਰਿਆਂ ਦਾ ਬਦਲਦਾ ਹੈ। ਚਾਹੇ ਅੱਜ ਬਦਲੇ ਜਾਂ ਕੁਝ ਦਿਨਾਂ ਬਾਅਦ ਬਦਲੇ। ਕੋਈ ਨਾ ਕੋਈ ਹੀਲਾ ਵਸੀਲਾ ਕਰਨਾ ਪੈਂਦਾ ਹੈ। ਦਿਲ ਲਗਾ ਕੇ ਮਿਹਨਤ ਕਰਨ ਨਾਲ ਹੀ ਅਸੀਂ ਮੰਜ਼ਿਲ ਵੱਲ ਆਪਣੇ ਕਦਮ ਵਧਾ ਸਕਦੇ ਹਾਂ। ਜ਼ਿੰਦਗੀ ਵਿਚ ਮਨੁੱਖ ਨੂੰ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ। ਮਨੁੱਖ ਕੋਲ ਜੋ ਕੁਝ ਵੀ ਹੈ ਉਸ ਵਿਚ ਸਬਰ ਅਤੇ ਸੰਤੋਖ ਰੱਖਣਾ ਚਾਹੀਦਾ ਹੈ। ਜ਼ਿੰਦਗੀ ਹੱਸ ਖੇਡਕੇ ਹੀ ਗੁਜ਼ਾਰਨੀ ਚਾਹੀਦੀ ਹੈ। ਚਾਰਲੀ ਚੈਪਲਿਨ ਅਨੁਸਾਰ ‘ਜੀਵਨ ਵਿਚ ਤੁਸੀਂ ਕਿੰਨੇ ਖ਼ੁਸ਼ ਹੋ, ਇਹ ਮਹੱਤਵਪੂਰਨ ਨਹੀਂ ਸਗੋਂ ਤੁਹਾਡੀ ਵਜ੍ਹਾ ਨਾਲ ਕਿੰਨੇ ਲੋਕ ਖ਼ੁਸ਼ ਹਨ, ਇਹ ਮੱਹਤਵਪੂਰਨ ਹੈ।’

ਖ਼ੁਸ਼ੀਆਂ ਦੇ ਮੌਕੇ ਆਪ ਪੈਦਾ ਕਰਨੇ ਪੈਂਦੇ ਹਨ। ਖ਼ੁਸ਼ੀਆਂ ਜਦ ਵੀ ਸਾਨੂੰ ਮਿਲਣ ਤਾਂ ਮਾਣ ਲੈਣੀਆਂ ਚਾਹੀਦੀਆਂ ਹਨ। ਕਿਉਂਕਿ ਖ਼ੁਸ਼ੀ ਨਸੀਬਾਂ ਨਾਲ ਹੀ ਮਿਲਦੀ ਹੈ। ਚੰਗੇ ਨਸੀਬਾਂ ਦਾ ਵਕਤ ਹੁੰਦਾ ਹੈ ਜੋ ਸਾਨੂੰ ਸਾਂਭ ਲੈਣਾ ਚਾਹੀਦਾ ਹੈ। ਜੋ ਵਿਅਕਤੀ ਖ਼ੁਸ਼ੀ ਨੂੰ ਸਾਂਭ ਨਹੀਂ ਸਕਦਾ ਉਹ ਉਮਰ ਭਰ ਬਦਨਸੀਬ ਹੀ ਬਣਿਆ ਰਹਿੰਦਾ ਹੈ।

ਖ਼ੁਸ਼ੀ ਦਾ ਸਭ ਤੋਂ ਵੱਡਾ ਮੰਤਰ ਮਨ ਦੀ ਸੰਤੁਸ਼ਟੀ ਹੈ। ਕੁਦਰਤ ਨੇ ਜੋ ਤੁਹਾਨੂੰ ਦਿੱਤਾ ਹੈ ਉਹ ਤੁਹਾਡਾ ਨਸੀਬ ਹੈ। ਜੇ ਤੁਸੀਂ ਆਪਣੇ ਨਸੀਬ ’ਤੇ ਖ਼ੁਸ਼ ਰਹੋਗੇ ਤਾਂ ਹੀ ਤੁਹਾਨੂੰ ਸਭ ਤਰ੍ਹਾਂ ਦੀ ਖ਼ੁਸ਼ੀ ਮਿਲੇਗੀ। ਤੁਸੀਂ ਦੂਸਰਿਆਂ ਦੀ ਦੌਲਤ ਅਤੇ ਰੁਤਬੇ ਨੂੰ ਦੇਖਕੇ ਝੂਰਦੇ ਰਹੋਗੇ ਤਾਂ ਖ਼ੁਸ਼ ਨਹੀਂ ਹੋਵੋਗੇ। ਜੇਕਰ ਤੁਸੀਂ ਆਰਥਿਕ ਤੌਰ ’ਤੇ ਖ਼ੁਸ਼ਹਾਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਮਿਹਨਤ ਜ਼ਰੂਰ ਕਰਨੀ ਚਾਹੀਦੀ ਹੈ। ਕਿਉਂਕਿ ਮਿਹਨਤ ਦੇ ਪਸੀਨੇ ਨਾਲ ਤੁਸੀਂ ਆਪਣੀ ਬਦਨਸੀਬੀ ਨੂੰ ਖ਼ੁਸ਼ਨਸੀਬੀ ’ਚ ਬਦਲ ਸਕਦੇ ਹੋ। ਸਖ਼ਤ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ। ਖ਼ੁਸ਼ੀ ਕੋਈ ਮੁੱਲ ਮਿਲਣ ਵਾਲੀ ਚੀਜ਼ ਨਹੀਂ ਹੈ। ਬਾਹਰ ਤੋਂ ਮਿਲਣ ਵਾਲੀ ਖ਼ੁਸ਼ੀ ਥੋੜ੍ਹੇ ਚਿਰ ਦੀ ਹੁੰਦੀ ਹੈ। ਖ਼ੁਸ਼ੀ ਹਾਸਲ ਕਰਨ ਲਈ ਪਹਿਲਾਂ ਦੂਜੇ ਨੂੰ ਖ਼ੁਸ਼ੀ ਵੰਡਣੀ ਪੈਂਦੀ ਹੈ। ਖ਼ੁਸ਼ੀ ਦੇ ਬੀਜ ਪਹਿਲਾਂ ਦੂਸਰੇ ਦੇ ਦਿਲਾਂ ’ਚ ਬੀਜਣੇ ਪੈਂਦੇ ਹਨ। ਉਹ ਬੀਜ ਅੰਦਰ ਫੁੱਲਦੇ ਹਨ ਅਤੇ ਸਮਾਂ ਪਾ ਕੇ ਵੱਡੇ ਹੁੰਦੇ ਹਨ। ਫਿਰ ਗੁਲਦਸਤਾ ਬਣ ਕੇ ਤੁਹਾਡੇ ਕੋਲ ਵਾਪਸ ਆਉਂਦੇ ਹਨ।

ਮਨ ਨੂੰ ਸ਼ਾਂਤ ਤੇ ਅਡੋਲ ਰੱਖਣ ਲਈ ਮਨੁੱਖ ਨੂੰ ਇਹ ਭਾਵਨਾ ਜ਼ਰੂਰ ਧਾਰਨ ਕਰ ਲੈਣੀ ਚਾਹੀਦੀ ਹੈ ਕਿ ਦੁਨੀਆ ’ਚ ਬਹੁਤ ਕੁਝ ਹੈ ਜੋ ਵੱਸ ਤੋਂ ਬਾਹਰ ਹੈ। ਇਸ ਲਈ ਮਨੁੱਖ ਨੂੰ ਬੇਕਾਰ ਚਿੰਤਾ, ਫ਼ਿਕਰ ਜਾਂ ਦੱੁਖ ਮਹਿਸੂਸ ਕਰਨ ਦੀ ਬਜਾਏ ਸ਼ਾਂਤ ਚਿੰਤ ਰਹਿਕੇ ਉਸਾਰੂ ਭਾਵਨਾ ਨਾਲ ਆਪਣਾ ਫ਼ਰਜ਼ ਅਦਾ ਕਰਦੇ ਰਹਿਣਾ ਚਾਹੀਦਾ ਹੈ। ਸਿਆਣੇ ਬਣਨ ਦਾ ਭਾਵ ਨਾਂਹ-ਪੱਖੀ ਸੋਚ ਦੀ ਥਾਂ ਚੰਗੀ ਤੇ ਉਸਾਰੂ ਸੋਚ ਧਾਰਨ ਕਰ ਕੇ ਮਨੁੱਖ ਨੂੰ ਆਪਣੇ ਤੇ ਸਰਬੱਤ ਦੇ ਭਲੇ ਲਈ ਕਾਰਜਸ਼ੀਲ ਹੋ ਜਾਣਾ ਚਾਹੀਦਾ ਹੈ। ਮਨੁੱਖ ਨੂੰ ਸੱਚੀ ਖ਼ੁਸ਼ੀ ਹਾਸਲ ਕਰਨ ਲਈ ਲੋੜਵੰਦਾਂ ਦੀ ਯਥਾਸ਼ਕਤੀ ਅਨੁਸਾਰ ਮਦਦ ਕਰਨੀ ਚਾਹੀਦੀ ਹੈ। ਲੋੜਵੰਦਾਂ ਦੇ ਭਲੇ ਲਈ ਜੋ ਵੀ ਸੰਭਵ ਹੋਵੇ ਜ਼ਰੂਰ ਕਰਨਾ ਚਾਹੀਦਾ ਹੈ।

ਖ਼ੁਸ਼ ਰਹਿਣ ਦਾ ਇਹ ਅਰਥ ਹਰਗ਼ਿਜ਼ ਨਹੀਂ ਹੈ ਕਿ ਤੁਹਾਡੀ ਜ਼ਿੰਦਗੀ ’ਚ ਸਭ ਕੁਝ ਠੀਕ ਹੈ, ਸਗੋਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਦੁੱਖਾਂ ਤੋਂ ਉੱਪਰ ਉੱਠ ਕੇ ਜੀਣਾ ਸਿੱਖ ਲਿਆ ਹੈ। ਦੁਨੀਆ ਭਰ ’ਚ ਹਰੇਕ ਜੀਵ ਖ਼ੁਸ਼ ਰਹਿਣਾ ਚਾਹੁੰਦਾ ਹੈ ਪਰ ਉਸਦੇ ਹਾਲਾਤ ਉਸਦਾ ਸੁਭਾਅ ਉਸ ਨੂੰ ਖ਼ੁਸ਼ ਨਹੀਂ ਰਹਿਣ ਦਿੰਦਾ। ਜੇ ਸੰਸਾਰ ਦਾ ਹਰ ਵਿਅਕਤੀ ਆਪ ਖ਼ੁਸ਼ ਰਹੇ ਤੇ ਦੂਜਿਆਂ ਵਿਚ ਖ਼ੁਸ਼ੀਆਂ ਵੰਡੇ ਦੇ ਸਿਧਾਂਤ ’ਤੇ ਅਮਲ ਕਰੇ ਤਾਂ ਸੰਸਾਰ ਦਾ ਮਣਾਂ ਮੂੰਹੀਂ ਦੁੱਖ ਦਰਦ ਤੇ ਪਰੇਸ਼ਾਨੀਆਂ ਘੜੀ ਪਲ ’ਚ ਕਾਫੂਰ ਹੋ ਸਕਦੀਆਂ ਹਨ।

ਜ਼ਿੰਦਗੀ ’ਚ ਖ਼ੁਸ਼ ਰਹਿਣਾ ਹਰ ਮਨੁੱਖ ਦੀ ਖ਼ਾਹਿਸ਼ ਹੁੰਦੀ ਹੈ ਤਾਂ ਕਿ ਉਹ ਸ਼ਾਂਤੀ ਪੂਰਵਕ ਜ਼ਿੰਦਗੀ ਬਸਰ ਕਰ ਸਕੇ। ਕਈ ਮਨੁੱਖ ਦੁਨਿਆਵੀ ਪਦਾਰਥਾਂ ’ਚ ਸੁੱਖ ਭਾਲਦੇ ਹਨ, ਜਿੳਂੁ-ਜਿਉਂ ਮਨੁੱਖ ਨੂੰ ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਜਾਂਦੀ ਹੈ, ਤਿਉਂ-ਤਿਉਂ ਉਸ ਅੰਦਰ ਹਉਮੈ ਵੀ ਵਧਦੀ ਜਾਂਦੀ ਹੈ। ਇਸ ਦੇ ਨਾਲ ਹੀ ਕਾਮ, ਕ੍ਰੋਧ, ਲੋਭ, ਹੰਕਾਰ ਅਤੇ ਮੋਹ ਅਜਿਹੀਆਂ ਅਲਾਮਤਾਂ ਵੀ ਉਸ ਨੂੰ ਘੇਰ ਲੈਂਦੀਆਂ ਹਨ। ਜੇਕਰ ਅਸੀਂ ਸੋਚਦੇ ਹਾਂ ਕਿ ਸਾਡੇ ਚੰਗੇ ਕੰਮਾਂ ਦਾ ਫਲ ਸਾਨੂੰ ਜ਼ਰੂਰ ਮਿਲੇਗਾ ਤਾਂ ਸਾਨੂੰ ਆਪਣੇ ਮਨ ’ਚ ਇਹ ਵੀ ਪੱਕਾ ਕਰ ਲੈਣਾ ਚਾਹੀਦਾ ਹੈ ਕਿ ਸਾਡੇ ਮਾੜੇ ਕੰਮਾਂ ਦਾ ਫਲ ਵੀ ਇਕ ਦਿਨ ਜ਼ਰੂਰ ਮਿਲੇੇਗਾ। ਇਸ ਲਈ ਮਨੁੱਖ ਨੂੰ ਚੰਗਾ ਸੋਚਣਾ, ਚੰਗਾ ਕਰਨਾ ਤੇ ਚੰਗਾ ਬੋਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮਨੁੱਖ ਨੂੰ ਹਰੇਕ ਦੀ ਇੱਜ਼ਤ ਕਰਨੀ ਚਾਹੀਦੀ ਹੈ। ਨਿੰਦਾ ਚੁਗਲੀ ਤੇ ਬੇਈਮਾਨੀ ਤੋਂ ਬਚਣਾ ਚਾਹੀਦਾ ਹੈ। ਸਵਰਗ ਜਾਂ ਨਰਕ ਇਸ ਧਰਤੀ ’ਤੇ ਹੀ ਹੈ। ਸਾਡੇ ਚੰਗੇ ਜਾਂ ਮਾੜੇ ਕਰਮਾਂ ਦਾ ਹਿਸਾਬ ਧਰਤੀ ’ਤੇ ਨਾਲ ਦੀ ਨਾਲ ਹੀ ਹੋਈ ਜਾਂਦਾ ਹੈ। ਮਨੁੱਖ ਨੂੰ ਕੋਈ ਕੰਮ ਕਰਨ ਲੱਗੇ ਰੱਬ ਅਤੇ ਮੌਤ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ। ਕਿਉਂਕਿ ਭਲੇ ਕੰਮ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਮਨੁੱਖ ਨੂੰ ਭਲਾ ਕੰਮ ਨਿਰਸੁਅਰਥ ਹੋ ਕੇ ਕਰਨਾ ਚਾਹੀਦਾ ਹੈ।

ਲੋਕ ਅਕਸਰ ਪੈਸਾ, ਪਦਾਰਥ, ਪਰਿਵਾਰ, ਪੁੱਤਰ ਜਾਂ ਦੁਨਿਆਵੀ ਸੁੱਖਾਂ ’ਚੋਂ ਖ਼ੁਸ਼ੀ ਹਾਸਲ ਕਰਨ ਦੀ ਚਾਹਤ ’ਚ ਸਾਰੀ ਉਮਰ ਭੱਜ ਨੱਸ ਕਰਦੇ ਰਹਿੰਦੇ ਹਨ ਤੇ ਜੀਵਨ ਦੇ ਅੰਤ ਵਿਚ ਇਸ ਸਿੱਟੇ ’ਤੇ ਪੁੱਜਦੇ ਹਨ। ਇਨ੍ਹਾਂ ’ਚੋਂ ਬਹੁਤੇ ਤਾਂ ਸੁੱਖਾਂ ਦੀ ਥਾਂ ਜੀਵਨ ਦੇ ਵੱਡੇ ਦੁੱਖਾਂ ਦੇ ਕਾਰਨ ਹੋ ਨਿੱਬੜੇ ਹਨ। ਆਰਥਿਕ, ਸਮਾਜਿਕ, ਰਾਜਨੀਤਕ ਜਾਂ ਸੰਸਾਰਿਕ ਪੱਧਰ ’ਤੇ ਖ਼ੁਸ਼ਹਾਲ ਹੋ ਜਾਣ ਦਾ ਮਤਲਬ ਇਹ ਨਹੀਂ ਕਿ ਸਬੰਧਿਤ ਵਿਅਕਤੀ ਬਹੁਤ ਖ਼ੁਸ਼ ਹੋਵੇਗਾ। ਸਗੋਂ ਕਾਨਿਆਂ ਦੀ ਛੰਨ ਬਣਾ ਕੇ ਤੇ ਹੱਥ ’ਤੇ ਰੱਖਕੇ ਰੋਟੀ ਖਾਣ ਵਾਲਾ ਗ਼ਰੀਬ ਵਿਅਕਤੀ ਸ਼ਾਇਦ ਮਹਿਲਾਂ ’ਚ ਬੈਠਕੇ ਸੋਨੇ ਚਾਂਦੀ ਦੇ ਬਰਤਨਾਂ ਵਿਚ ਛੱਤੀ ਪ੍ਰਕਾਰ ਦੇ ਭੋਜਨ ਖਾਣ ਵਾਲੇ ਧਨਾਂਢ ਨਾਲੋਂ ਵੱਧ ਸ਼ਾਂਤ, ਸੰਤੁਸ਼ਟ, ਮਾਨਸਿਕ ਤੌਰ ’ਤੇ ਹੌਲਾ, ਖ਼ੁਸ਼ ਅਤੇ ਚੈਨ ਦੀ ਨੀਂਦ ਸੌਂਦਾ ਹੋਵੇ। ਮਨੁੱਖ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਖ਼ੁਸ਼ੀ ਪਦਾਰਥਾਂ ਅੰਦਰ ਨਹੀਂ ਸਗੋਂ ਵਿਅਕਤੀ ਦੀ ਮਨੋ ਦਸ਼ਾ ਅੰਦਰ ਸਮਾਈ ਹੋਈ ਹੈ। ਇਸ ਲਈ ਮਨੁੱਖ ਨੂੰ ਚਾਹਤ ਦੀਆਂ ਚੀਜ਼ਾਂ ਨੂੰ ਹਾਸਲ ਕਰਨ ਦੀ ਸ਼ਿੱਦਤ ਦੇ ਨਾਲ-ਨਾਲ ਜੋ ਚੀਜ਼ਾਂ ਉਸ ਕੋਲ ਹਨ ਉਨ੍ਹਾਂ ਦੇ ਨਾਲ ਵੀ ਖ਼ੁਸ਼ ਰਹਿਣਾ ਸਿੱਖਣਾ ਚਾਹੀਦਾ ਹੈ।

ਖ਼ੁਸ਼ ਰਹਿਣ ਲਈ ਮਨੁੱਖ ਨੂੰ ਆਪਣੇ ਆਪ ਨੂੰ ਸੁਧਾਰਨਾ ਚਾਹੀਦਾ ਹੈ। ਮਾੜੀਆਂ ਆਦਤਾਂ ਨੂੰ ਛੱਡਕੇ ਚੰਗੀਆਂ ਆਦਤਾਂ ਨੂੰ ਅਪਣਾਉਣਾ ਚਾਹੀਦਾ ਹੈ। ਛੋਟੇ-ਛੋਟੇ ਸੁਧਾਰ ਜ਼ਿੰਦਗੀ ’ਚ ਵੱਡੀ ਤਬਦੀਲੀ ਲਿਆ ਸਕਦੇ ਹਨ। ਗ਼ਲਤੀ ਹੋਵੇ ਤਾਂ ਉਸ ਨੂੰ ਸਵੀਕਾਰ ਕਰਨ ਦਾ ਹੌਸਲਾ ਜ਼ਰੂਰ ਰੱਖਣਾ ਚਾਹੀਦਾ ਹੈ ਕਿਉਂਕਿ ਜੋ ਮਨੁੱਖ ਆਪਣੀ ਗ਼ਲਤੀ ਸਵੀਕਾਰ ਨਹੀਂ ਕਰ ਸਕਦਾ ਉਹ ਮਨੁੱਖ ਆਪਣਾ ਜੀਵਨ ਕਦੀ ਵੀ ਬਦਲ ਨਹੀਂ ਸਕਦਾ। ਸਮਾਜ ਵਿਚ ਬੰਦਾ ਜਿੰਨਾ ਝੁਕਦਾ ਹੈ ਉਸਦੀ ਸ਼ਖਸੀਅਤ ਓਨ੍ਹੀ ਹੀ ਉੱਪਰ ਉੱਠਦੀ ਹੈ। ਉਹ ਪਿਆਰ ਨਾਲ ਸਾਰੀ ਦੁਨੀਆ ਨੂੰ ਵੀ ਝੁਕਾ ਸਕਦਾ ਹੈ। ਜੇ ਤੁਸੀਂ ਕੁਦਰਤ ਦੇ ਨਿਯਮਾਂ ਤੇ ਦੇਸ਼ ਦੇ ਕਾਨੂੰਨ ਦਾ ਪਾਲਣ ਕਰੋਗੇ ਤਾਂ ਨਿਡਰ ਹੋ ਕੇ ਬਾਦਸ਼ਾਹਾਂ ਦੀ ਤਰ੍ਹਾਂ ਜ਼ਿੰਦਗੀ ਜਿਊਂਗੇ ਅਤੇ ਸਦਾ ਖ਼ੁਸ਼ ਰਹੋਗੇ। ਖ਼ੁਸ਼ ਰਹਿਣ ਵਾਲਾ ਇਨਸਾਨ ਆਮ ਇਨਸਾਨ ਨਾਲੋਂ ਜ਼ਿਆਦਾ ਸਮਾਂ ਜਿਊਂਦਾ ਹੈ। ਖ਼ੁਸ਼ੀਆਂ ਜ਼ਿੰਦਗੀ ’ਚ ਸਬਰ ਤੇ ਸ਼ੁਕਰਾਨੇ ਨਾਲ ਆਉਂਦੀਆਂ ਹਨ। ਜੇ ਸਾਡੇ ਅੰਦਰ ਸਬਰ ਹੈ ਤਾਂ ਸਾਡੇ ਕੋਲ ਸਭ ਕੁਝ ਹੈ ਤੇ ਸਾਡਾ ਚਿਹਰਾ ਹਮੇਸ਼ਾ ਖਿੜਿਆ ਰਹੇਗਾ। ਖ਼ੁਸ਼ੀ ਮਨ ਦਾ ਇਕ ਭਾਵ ਹੈ। ਜੇ ਤੁਸੀਂ ਇਕ ਪਲ ਖ਼ੁਸ਼ ਰਹਿੰਦੇ ਹੋ ਤਾਂ ਇਸ ਨਾਲ ਤੁਹਾਡੇ ਅਗਲੇ ਪਲ ’ਚ ਖੁਸ਼ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਦੂਜਿਆਂ ਦੀ ਜ਼ਿੰਦਗੀ ’ਚ ਖ਼ੁਸ਼ੀ ਲਿਆਉਣ ਦੀ ਇੱਛਾ ਹੀ ਖ਼ੁਸ਼ੀਆਂ ਦਾ ਸਭ ਤੋਂ ਵੱਡਾ ਸੋਮਾ ਬਣ ਜਾਂਦੀ ਹੈ। ਮੁਸਕਰਾਹਟ ਸਾਡੇ ਚਿਹਰੇ ’ਤੇ ਰੱਬ ਦਾ ਹਸਤਾਖਰ ਹੈ। ਪਰੇਸ਼ਾਨੀਆਂ ਨੂੰ ਹਲਕੇ ਢੰਗ ਨਾਲ ਲੈਣਾ ਤੇ ਹੱਸਦੇ ਮੁਸਕਰਾਉਂਦੇ ਹੋਏ ਛੋਟੀਆਂ-ਛੋਟੀਆਂ ਖ਼ੁਸ਼ੀਆਂ ਨੂੰ ਜੀਅ ਭਰਕੇ ਜਿਊਣਾ ਹੀ ਅਸਲੀ ਅਰਥਾਂ ਵਿਚ ਜਿਊਣਾ ਹੈ।

ਖ਼ੁਸ਼ੀ ਦੀ ਤਰਜਮਾਨੀ ਹੁੰਦੀ ਵੇਖਣੀ ਹੋਵੇ ਤਾਂ ਬਾਗ਼ਾਂ ’ਚ ਕੂਕਦੀ ਕੋਇਲ, ਦੁੜੰਗੇ ਮਾਰਦੇ ਪਸ਼ੂ, ਚਹਿਕਦੇ ਪੰਛੀ, ਬਹਾਰ ਰੁੱਤੇ ਖਿੜੇ ਫੁੱਲਾਂ ਦੇ ਦਰਸ਼ਨ, ਮੀਂਹ ਪੈ ਕੇ ਹੱਟਣ ਤੋਂ ਬਾਅਦ ਅੰਬਰ ਤੇ ਪਈ ਸਤਰੰਗੀ ਪੀਂਘ, ਹਵਾ ਨਾਲ ਮਸਤੀ ’ਚ ਝੂਮਦੇ ਪੇੜ ਪੌਦੇ ਆਦਿ ਕੁਦਰਤ ਦੀ ਖ਼ੁਸ਼ੀ ਦਾ ਪ੍ਰਗਟਾਵਾ ਹੀ ਤਾਂ ਹੈ।

ਅਜੋਕੀ ਤਰੱਕੀ ਸਾਰਾ ਕੁਝ ਹੀ ਬਦਲ ਰਹੀ ਹੈ। ਸਮਾਜਿਕ ਬਦਲਾਅ ਨਾਲ ਬਜ਼ੁਰਗਾਂ ਦਾ ਸਤਿਕਾਰ ਘੱਟ ਗਿਆ ਹੈ। ਵੱਧ ਰਹੇ ਬਿਰਧ ਆਸ਼ਰਮਾਂ ਦੀ ਗਿਣਤੀ ਅਤੇ ਆਪਸੀ ਰਿਸ਼ਤਿਆਂ ’ਚ ਦੂਰੀ ਸਾਡੀ ਲਾਲਚੀ ਬਿਰਤੀ ਦੀ ਗਵਾਹੀ ਹੈ। ਅਸੀਂ ਅਕਸਰ ਆਪਣਿਆਂ ਦੁੱਖਾਂ ਕਰਕੇ ਘੱਟ ਤੇ ਗੁਆਂਢੀਆਂ ਦੀ ਖ਼ੁਸ਼ੀ ਵੇਖਕੇ ਵੱਧ ਦੁਖੀ ਹੁੰਦੇ ਹਾਂ। ਸਾਨੂੰ ਗੁਆਂਢੀਆਂ ਦੀ ਖ਼ੁਸ਼ੀ ਵੇਖਕੇ ਦੁਖੀ ਨਹੀਂ ਹੋਣਾ ਚਾਹੀਦਾ ਸਗੋਂ ਇਹ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਖ਼ੁਸ਼ਹਾਲ ਕਿਵੇਂ ਹੋਇਆ। ਮਨੁੱਖ ਨੂੰ ਖ਼ੁਦ ਦੀ ਮਿਹਨਤ ’ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਇਕ ਪਲ ਦੀ ਖ਼ੁਸ਼ੀ ਕਈ ਹਜ਼ਾਰਾ ਪਲਾਂ ਨਾਲੋਂ ਮਹਿੰਗੀ ਹੋਈ ਹੈ।

ਵਧਦੀਆਂ ਖ਼ਾਹਿਸ਼ਾਂ ਨੇ ਖ਼ੁਸ਼ੀ ਦੀਆਂ ਦੁਸ਼ਮਣ

ਸਾਡੀਆਂ ਜ਼ਿਆਦਾ ਖ਼ਾਹਿਸ਼ਾਂ ਹੀ ਸਾਡੀ ਖ਼ੁਸ਼ੀ ਨੂੰ ਲੁੱਟ ਲੈਂਦੀਆਂ ਹਨ। ਕਿਉਂਕਿ ਜਦੋਂ ਸਾਡੀ ਇਕ ਖ਼ਾਹਿਸ਼ ਪੂਰੀ ਹੁੰਦੀ ਹੈ ਤਾਂ ਉਸ ਸਮੇਂ ਸਾਡੇ ਅੰਦਰ ਕਈ ਹੋਰ ਨਵੀਆਂ ਖ਼ਾਹਿਸ਼ਾਂ ਉਤਪੰਨ ਹੋ ਜਾਂਦੀਆਂ ਹਨ। ਮਨੁੱਖ ਨੂੰ ਜ਼ਿੰਦਗੀ ਵਿਚ ਜੋ ਮਿਲਿਆ ਹੈ ਉਸ ਨਾਲ ਹੀ ਸੰਤੁਸ਼ਟ ਹੋਣਾ ਚਾਹੀਦਾ ਹੈ। ਮਨੁੱਖ ਸਾਦੇ ਕੱਪੜੇ ਤੇ ਭੋਜਨ ਨਾਲ ਸਹਿਜ ਜ਼ਿੰਦਗੀ ਬਸਰ ਕਰ ਸਕਦਾ ਹੈ। ਜੋ ਭੋਜਨ ਮਿਲ ਜਾਵੇ ਉਸ ਨੂੰ ਪ੍ਰਸ਼ਾਦ ਸਮਝਕੇ ਛੱਕ ਲੈਣਾ ਚਾਹੀਦਾ ਹੈ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਪਤਾ ਨਹੀਂ ਕਿ ਇਹ ਭੋਜਨ ਕੱਲ੍ਹ ਨੂੰ ਨਸੀਬ ਹੋਵੇ ਜਾਂ ਨਾ ਹੋਵੇ। ਜੋ ਜ਼ਿੰਦਗੀ ਅਸੀਂ ਜੀਅ ਰਹੇ ਹਾਂ ਕਈ ਲੋਕ ਇਸ ਨੂੰ ਵੀ ਤਰਸਦੇ ਹਨ। ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਉਹ ਕਦੋਂ ਰਾਜੇ ਨੂੰ ਰੰਕ ਬਣਾ ਦੇਵੇ ਅਤੇ ਰੰਕ ਨੂੰ ਰਾਜਾ ਬਣਾ ਦੇਵੇ।

- ਨਰਿੰਦਰ ਸਿੰਘ

Posted By: Harjinder Sodhi