ਧਰਮਿੰਦਰ ਸਿੰਘ (ਚੱਬਾ) - ਗਜ਼ਲ ਸਮਰਾਟ ਜਗਜੀਤ ਸਿੰਘ ਨੂੰ ਸੰਗੀਤ ਦਾ ਸ਼ੌਕ ਬਚਪਨ ਵਿਚ ਹੀ ਪੈ ਗਿਆ ਸੀ। ਇਸ ਲਈ ਉਨ੍ਹਾਂ ਦੇ ਪਿਤਾ ਨੇ ਪੰਡਿਤ ਚਮਨ ਲਾਲ ਸ਼ਰਮਾ ਤੋਂ ਉਨ੍ਹਾਂ ਨੂੰ ਸੰਗੀਤ ਦੀ ਤਾਲੀਮ ਦਿਵਾਉਣੀ ਸ਼ੁਰੂ ਕੀਤੀ। ਫਿਰ ਸ਼ਾਸਤਰੀ ਸੰਗੀਤ ਦੀ ਸਿੱਖਿਆ ਉਨ੍ਹਾਂ ਉਸਤਾਦ ਜਮਾਲ ਖ਼ਾਨ ਤੋਂ ਹਾਸਲ ਕਰਦਿਆਂ ਛੇ ਸਾਲ ਖੱਯਾਲ, ਠੁਮਰੀ, ਧਰੁਪਦ ਆਦਿ ਰਾਗਾਂ 'ਤੇ ਰਿਆਜ਼ ਕੀਤਾ। ਜਗਜੀਤ ਸਿੰਘ ਹਰਮੋਨੀਅਮ, ਤਾਨਪੁਰਾ ਤੇ ਪਿਆਨੋ 'ਤੇ ਚੰਗੀ ਪਕੜ ਰੱਖਦੇ ਸਨ। ਉਨ੍ਹਾਂ ਜਲੰਧਰ ਦੇ ਡੀਏਵੀ ਕਾਲਜ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਤੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਇਤਿਹਾਸ ਦੀ ਐੱਮਏ ਦੀ ਡਿਗਰੀ ਕੀਤੀ।

ਸੰਘਰਸ਼ ਦਾ ਦੌਰ

ਜਗਜੀਤ ਸਿੰਘ ਸਿੱਖ ਪਰਿਵਾਰ ਨਾਲ ਸਬੰਧ ਰੱਖ ਦੇ ਸਨ। ਉਨ੍ਹਾਂ ਦਾ ਜਨਮ 8 ਫਰਵਰੀ 1941 ਨੂੰ ਰਾਜਸਥਾਨ ਦੇ ਸ਼ਹਿਰ ਗੰਗਾਨਗਰ ਵਿਚ ਪਿਤਾ ਅਮਰ ਸਿੰਘ ਧੀਮਾਨ ਤੇ ਮਾਤਾ ਬਚਨ ਕੌਰ ਦੇ ਘਰ ਹੋਇਆ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਗਜੀਤ ਸਿੰਘ ਕਲਾ ਦੇ ਖੇਤਰ 'ਚ ਕੁਝ ਕਰਨ ਦੇ ਸੁਪਨੇ ਲੈ ਕੇ ਮੁਬੰਈ ਗਿਆ, ਪਰ ਕਾਮਯਾਬੀ ਨਸੀਬ ਨਾ ਹੋਈ ਤੇ ਵਾਪਸ ਆ ਗਿਆ। ਫਿਰ ਦੁਬਾਰਾ 1965 'ਚ ਮੁਬੰਈ ਗਏ। ਸੜਕਾਂ 'ਤੇ ਫਾਕੇ ਕੱਟਣੇ ਪਏ, ਫੁੱਟਪਾਥਾਂ ਤੇ ਹੀ ਸੌਣਾਂ ਪਿਆ। ਅਖ਼ੀਰ ਇਕ ਦਿਨ ਐਸਾ ਆਇਆ ਕਿ ਉਨ੍ਹਾਂ ਦੀ ਕਲਾ ਦੀ ਮੰਜ਼ਿਲ ਦਾ ਰਾਹ ਪੱਧਰਾ ਹੋਣਾ ਸ਼ੁਰੂ ਹੋ ਗਿਆ। ਇਸੇ ਸਾਲ ਹੀ ਐੱਚਐੱਮਵੀ ਕੰਪਨੀ ਨੇ ਇਕ ਐੱਲਪੀ ਰਿਕਾਰਡ ਕੀਤਾ।

ਇਸ 'ਚ ਦੋ ਗ਼ਜ਼ਲਾਂ ਜਗਜੀਤ ਸਿੰਘ ਦੀਆਂ ਵੀ ਰਿਕਾਰਡ ਹੋਈਆਂ। ਉਨ੍ਹਾਂ ਦਿਨਾਂ ਵਿਚ ਗਾਇਕੀ ਖੇਤਰ ਵਿਚ ਮੁਹੰਮਦ ਰਫ਼ੀ, ਤਲਤ ਮਹਿਮੂਦ, ਕਿਸ਼ੋਰ ਕੁਮਾਰ, ਮੰਨਾ ਡੇ, ਨੂਰਜਹਾਂ, ਮਲਿਕਾ ਪੁਖਰਾਜ਼, ਬੇਗ਼ਮ ਅਖ਼ਤਰ, ਕੁੰਦਨ ਲਾਲ ਸਹਿਗਲ ਆਦਿ ਚੋਟੀ ਦੇ ਫ਼ਨਕਾਰ ਸਨ। ਇਨ੍ਹਾਂ ਵਿਚ ਆਪਣੀ ਜਗ੍ਹਾਂ ਬਣਾਉਣੀ ਕੋਈ ਮਾਮੂਲੀ ਕਾਰਜ ਨਹੀਂ ਸੀ। ਜਗਜੀਤ ਸਿੰਘ ਨੇ ਹੌਲੀ-ਹੌਲੀ ਸਭ ਕੁਝ ਕਰ ਵਿਖਾਇਆ। ਮੁੰਬਈ ਵਿਚ ਹੀ 1967 ਵਿਚ ਜਗਜੀਤ ਦੀ ਮੁਲਾਕਾਤ ਮਸ਼ਹੂਰ ਗਾਇਕਾ ਚਿਤਰਾ ਸਿੰਘ ਨਾਲ ਹੋਈ। ਦੋ ਸਾਲ ਬਾਅਦ 1969 ਨੂੰ ਦੋਵੇਂ ਵਿਆਹ ਬੰਧਨ 'ਚ ਬੱਝ ਗਏ ਤੇ ਮਿਲ ਕੇ ਗਾਇਕੀ ਖੇਤਰ 'ਚ ਕਾਮਯਾਬੀ ਦੀਆਂ ਮੰਜ਼ਿਲਾਂ ਸਰ ਕਰਨ ਲੱਗੇ।

ਕਈ ਭਾਸ਼ਾਵਾਂ 'ਚ ਗਾਏ ਗੀਤ

ਜਗਜੀਤ ਤੇ ਚਿਤਰਾ ਸਿੰਘ ਦੇ ਘਰ ਇਕ ਪੁੱਤਰ ਹੋਇਆ, ਜਿਸ ਦਾ ਨਾਂ ਉਨ੍ਹਾਂ ਪਿਆਰ ਨਾਲ ਵਿਵੇਕ ਰੱਖਿਆ। ਉਨ੍ਹਾਂ 'ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ 1985 'ਚ ਉਨ੍ਹਾਂ ਦੇ ਇਸ ਇਕਲੌਤੇ ਪੁੱਤਰ ਵਿਵੇਕ ਦੀ ਇਕ ਕਾਰ ਐਕਸੀਡੈਂਟ ਵਿਚ ਮੌਤ ਹੋ ਗਈ। ਜਵਾਨ ਪੁੱਤਰ ਦੀ ਮੌਤ ਨੇ ਦੋਵਾਂ ਨੂੰ ਝੰਜੋੜ ਕੇ ਰੱਖ ਦਿੱਤਾ। ਚਿਤਰਾ ਸਿੰਘ ਤਾਂ ਇਸ ਸਦਮੇ ਵਿੱਚੋਂ ਬਾਹਰ ਨਾ ਆ ਸਕੀ ਪਰ ਜਗਜੀਤ ਸਿੰਘ ਨੇ ਖ਼ੁਦ ਨੂੰ ਸੰਭਾਲ ਲਿਆ ਤੇ ਗ਼ਜ਼ਲ ਗਾਇਕੀ ਦੇ ਖੇਤਰ ਵਿਚ ਨਵੀਆਂ ਪੈੜਾਂ ਪਾਈਆਂ। ਜਗਜੀਤ ਸਿੰਘ ਪੰਜਾਬੀ, ਉਰਦੂ, ਗੁਜਰਾਤੀ ਤੇ ਨਿਪਾਲੀ ਭਾਸ਼ਾ ਚੰਗੀ ਤਰ੍ਹਾਂ ਬੋਲਣੀ ਜਾਣਦੇ ਸਨ। ਪੰਜਾਬੀ ਹੋਣ ਦੇ ਨਾਤੇ ਵੀ ਜਗਜੀਤ ਸਿੰਘ ਨੂੰ ਪਲੈਅ ਬੈਕ ਸਿੰਗਰ ਦੇ ਤੌਰ 'ਤੇ ਪਹਿਲੀ ਬ੍ਰੇਕ ਗੁਜਰਾਤੀ ਫਿਲਮ 'ਧਰਤੀ ਕਾ ਛੋਰੂ' 'ਚ ਮਿਲੀ।

ਦੂਜੀ ਵੀ ਗੁਜਰਾਤੀ ਫਿਲਮ 'ਬਹੂਰੁਚੀ' ਸੀ। ਫਿਰ ਉਸ ਤੋਂ ਬਾਅਦ 1981 ਵਿਚ ਸੁਦੇਸ਼ ਈਸਰ ਦੇ ਨਿਰਦੇਸ਼ਿਨ 'ਚ 'ਪ੍ਰੇਮ ਗੀਤ' ਫਿਲਮ ਦਾ ਸੰਗੀਤ ਤਿਆਰ ਕੀਤਾ। ਜਗਜੀਤ ਸਿੰਘ ਦੀਆਂ ਕੋਈ ਪੰਜਾਹ ਤੋਂ ਵੀ ਵੱਧ ਐਲਬਮਾਂ ਰਿਲੀਜ਼ ਹੋਈਆਂ। ਜਿੰਨਾਂ 'ਚ 'ਬਿਹਾਂਈਡ ਟਾਈਮ', 'ਸਿਲਸਿਲੇ', 'ਸੋਜ਼', 'ਜੀਵਨ ਕਯਾ ਹੈ' , 'ਤੁਮ ਤੋ ਨਹੀਂ' , 'ਜ਼ਜ਼ਬਾਤ', 'ਇੰਤਹਾ', 'ਆਇਨਾ', 'ਕਹਿਕਸ਼ਾਂ', 'ਸਜ਼ਦਾ' ਆਦਿ ਸ਼ਾਮਲ ਹਨ। 'ਸੰਵੇਦਨਾ' ਤੇ 'ਨਈ ਦਿਸ਼ਾ' ਐਲਬਮਜ਼ 'ਚ ਜਗਜੀਤ ਸਿੰਘ ਨੇ 'ਭਾਰਤ ਦੇ ਪ੍ਰਧਾਨ ਮੰਤਰੀ ਮਰਹੂਮ ਅਟੱਲ ਬਿਹਾਰੀ ਵਾਜਪਾਈ ਦੇ ਲਿਖੇ ਗੀਤਾਂ ਨੂੰ ਆਵਾਜ਼ ਦਿੱਤੀ ਸੀ। ਇਨ੍ਹਾਂ ਗੀਤਾਂ ਦਾ ਸੰਗੀਤ ਵੀ ਖ਼ੁਦ ਜਗਜੀਤ ਨੇ ਤਿਆਰ ਕੀਤਾ ਸੀ।

ਮਕਬੂਲ ਹੋਈਆਂ ਗ਼ਜ਼ਲਾਂ

ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਗਜੀਤ ਸਿੰਘ ਦੀਆਂ ਗ਼ਜ਼ਲਾਂ ਨੂੰ ਲੋਕ ਗੀਤਾਂ ਵਰਗੀ ਸਫਲਤਾ ਮਿਲੀ। ਉਸ ਦੀਆਂ ਗ਼ਜ਼ਲਾਂ ਦੇ ਮੁਖੜੇ ਲੋਕਾਂ ਦੀ ਜ਼ੁਬਾਨ ਤੇ ਆਪ ਮੁਹਾਰੇ ਆ ਜ਼ਾਂਦੇ ਹਨ ਜਿਵੇਂ 'ਹੋਠੋਂ ਸੇ ਛੂ ਲੋ ਤੁਮ', 'ਵੋਹ ਕਾਗਜ਼ ਕੀ ਕਸ਼ਤੀ', 'ਚਿੱਠੀ ਨਾ ਕੋਈ ਸੰਦੇਸ਼', 'ਯੇਹ ਦੌਲਤ ਲੇ ਲੋ', 'ਤੁਮ ਕੋ ਦੇਖਾ ਤੋ ਯੇਹ ਖ਼ਿਆਲ ਆਇਆ', 'ਸ਼ਾਮ ਸੇ ਆਂਖ ਮੇਂ ਨਮੀ ਸੀ ਹੈ', 'ਹੋਸ਼ ਵਾਲੋਂ ਕੋ ਖ਼ਬਰ ਕਯਾ ਹੈ', 'ਝੁਕੀ- ਝੁਕੀ ਸੀ ਨਜ਼ਰ', 'ਤੁਮ ਇਤਨਾ ਜੋ ਮੁਸਕਰਾ ਰਹੇ ਹੋ', (ਫਿਲਮ 'ਅਰਥ' 1982), 'ਓ ਮਾਂ ਤੁਝੇ ਸਲਾਮ' (ਫਿਲਮ 'ਖਲਨਾਇਕ' 1993), 'ਚਿੱਠੀ ਨਾ ਕੋਈ ਸੰਦੇਸ਼' (ਫਿਲਮ 'ਦੁਸ਼ਮਨ' 1998) ਆਦਿ ਪ੍ਰਮੁੱਖ ਹਨ। ਇਸ ਤੋਂ ਇਲਾਵਾ ਜਗਜੀਤ ਨੇ ਪੰਜਾਬੀ ਫਿਲਮਾਂ 'ਲੌਂਗ ਦਾ ਲਿਸ਼ਕਾਰਾ' ਅਤੇ 'ਬਿੱਲੂ ਬਾਦਸ਼ਾਹ' ਦਾ ਸੰਗੀਤ ਵੀ ਤਿਆਰ ਕੀਤਾ।

ਜਗਜੀਤ ਸਿੰਘ ਨੇ ਧਾਰਮਿਕ ਐਲਬਮਜ਼ ਵੀ ਕੀਤੀਆਂ ਜਿਵੇਂ 'ਸਤਿਨਾਮ ਸ਼੍ਰੀ ਵਾਹਿਗੁਰੂ' 1998, 'ਬਾਬਾ ਸ਼ੇਖ ਫ਼ਰੀਦ' 2006, 'ਕਬੀਰ' 2007, 'ਗੁਰੂ ਮਾਨਿਉ ਗ੍ਰੰਥ' 2009, 'ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ' ਆਦਿ।

ਸੰਸਾਰ ਤੋਂ ਰੁਖ਼ਸਤ ਹੋਣਾ

ਆਪਣੀਆਂ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਜਗਜੀਤ ਸਿੰਘ ਨੂੰ ਸਾਲ 2003 'ਚ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਪੁਰਸਕਾਰ 'ਪਦਮ ਭੂਸ਼ਣ' ਨਾਲ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਸਾਲ 2006 ਵਿਚ ਜਗਜੀਤ ਸਿੰਘ ਨੂੰ ਟੀਚਰਜ਼ ਅਚੀਵਮੈਂਟ ਐਵਾਰਡ ਵੀ ਮਿਲਿਆ। ਜਗਜੀਤ ਸਿੰਘ ਨੇ ਆਪਣੀ ਜ਼ਿੰਦਗੀ ਦਾ ਆਖ਼ਰੀ ਪ੍ਰੋਗਰਾਮ 17 ਸਤੰਬਰ 2011 ਨੂੰ ਫੋਰਟ ਨਵੀਂ ਦਿੱਲੀ ਵਿਖੇ ਲਾਇਆ ਤੇ 23 ਸਤੰਬਰ 2011 ਨੂੰ ਦਿਮਾਗ਼ ਦੀ ਨਾੜੀ ਫੱਟ ਜਾਣ ਕਾਰਨ (ਬ੍ਰੇਨ ਹੈਮਰਜ਼) ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ਮੁੰਬਈ ਵਿਚ ਦਾਖ਼ਲ ਕਰਵਾਇਆ ਗਿਆ। ਅੰਤ 10 ਅਕਤੂਬਰ 2011 ਨੂੰ ਸਵੇਰੇ ਅੱਠ ਵਜੇ ਇਹ ਮਹਾਨ ਗ਼ਜ਼ਲ ਸਮਰਾਟ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ। ਜਗਜੀਤ ਸਿੰਘ ਦੁਆਰਾ ਗਾਏ ਗੀਤਾਂ, ਸ਼ਬਦ ਤੇ ਗ਼ਜ਼ਲਾਂ ਨੂੰ ਸਰੋਤੇ ਸਦੀਆਂ ਤਕ ਸੁਣਦੇ ਰਹਿਣਗੇ ਤੇ ਉਨ੍ਹਾਂ ਦੀ ਗਾਇਕੀ ਨੂੰ ਯਾਦ ਰੱਖਣਗੇ।

Posted By: Harjinder Sodhi