ਆਸ਼ਿਮਾ ਸੱਚਦੇਵਾ - ਪੰਜਾਬੀ ਦਰਸ਼ਕਾਂ ਦਾ ਚਹੇਤਾ ਅਦਾਕਾਰ ਜੱਟ ਟਿੰਕਾ ਉਰਫ਼ ਹਰੀਸ਼ ਵਰਮਾ ਪੰਜਾਬੀ ਫਿਲਮ ਜਗਤ ਦਾ ਉਹ ਬੁਲੰਦ ਸਿਤਾਰਾ ਹੈ, ਜੋ ਆਪਣੀ ਹਰ ਫਿਲਮ 'ਚ ਇਕ ਵੱਖਰੇ ਅੰਦਾਜ਼ 'ਚ ਨਜ਼ਰ ਆਉਂਦਾ ਹੈ। ਸਾਲ 'ਚ ਗਿਣੀਆਂ ਚੁਣੀਆਂ ਫਿਲਮਾਂ ਕਰਨ ਵਾਲਾ ਹਰੀਸ਼ ਵਰਮਾ ਇਨ੍ਹਾਂ ਅਸੂਲਾਂ ਸਦਕਾ ਹੀ ਪੰਜਾਬੀ ਗਾਇਕਾਂ ਦੀ ਭਰਮਾਰ ਵਾਲੀ ਫਿਲਮ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਰੱਖਦਾ ਹੈ। ਗਾਇਕ ਤੋਂ ਅਦਾਕਾਰ ਬਣੇ ਕਲਾਕਾਰਾਂ ਦੀ ਭੀੜ 'ਚ ਹਰੀਸ਼ ਉਹ ਪਹਿਲਾ ਅਦਾਕਾਰ ਹੈ ਜੋ ਅਦਾਕਾਰ ਤੋਂ ਗਾਇਕ ਬਣਿਆ ਹੈ। ਉਹ ਆਪਣੀ ਗਾਇਕੀ ਦਾ ਇਜ਼ਹਾਰ ਆਪਣੇ ਤਿੰਨ ਖ਼ੂਬਸੂਰਤ ਗੀਤਾਂ ਰਾਹੀਂ ਕਰ ਚੁੱਕਾ ਹੈ। ਅੱਜ ਕੱਲ੍ਹ ਆਪਣੀ ਨਵੀਂ ਫਿਲਮ 'ਮੁੰਡਾ ਹੀ ਚਾਹੀਦਾ' ਦੀ ਸ਼ੂਟਿੰਗ 'ਚ ਰੁੱਝਿਆ ਹਰੀਸ਼ ਇਸ ਸਾਲ ਤਿੰਨ ਪੰਜਾਬੀ ਫਿਲਮਾਂ 'ਚ ਨਜ਼ਰ ਆਏਗਾ।

ਹਰੀਸ਼ ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਦਾ ਸ਼ਗਿਰਦ ਹੈ। ਹਰੀਸ਼ ਨੇ ਉਨ੍ਹਾਂ ਦੀ ਨਿਗਰਾਨੀ ਹੇਠ ਦਰਜਨਾਂ ਨਾਟਕ ਖੇਡੇ। ਭਾਈ ਮੰਨਾ ਸਿੰਘ ਦਾ ਥਾਪੜਾ ਤੇ ਰੰਗਮੰਚ ਤੋਂ ਅਦਾਕਾਰੀ ਦੀ ਗੁੜ੍ਹਤੀ ਲੈਣ ਤੋਂ ਬਾਅਦ ਹੀ ਉਹ ਆਪਣੀ ਕਿਸਮਤ ਅਜਮਾਉਣ ਮੁੰਬਈ ਗਿਆ ਸੀ। ਉਸ ਨੇ ਆਪਣੀ ਸ਼ੁਰੂਆਤ ਟੀਵੀ ਸੀਰੀਅਲਜ਼ ਤੋਂ ਕੀਤੀ ਸੀ। ਚਰਚਿਤ ਸੀਰੀਅਲ 'ਨਾ ਆਨਾ ਇਸ ਦੇਸ਼ ਲਾਡੋ' ਨਾਲ ਉਸ ਦੀ ਪਛਾਣ ਬਣੀ। 2009 'ਚ ਆਏ ਇਸ ਸੀਰੀਅਲ ਤੋਂ ਬਾਅਦ ਉਸ ਨੂੰ 2010 ਵਿਚ ਪੰਜਾਬੀ ਫਿਲਮ 'ਪੰਜਾਬਣ' 'ਚ ਕੰਮ ਕਰਨ ਦਾ ਮੌਕਾ ਮਿਲਿਆ ਪਰ ਇਹ ਫਿਲਮ ਨਾ ਚੱਲੀ। ਨਾਮਵਰ ਨਿਰਦੇਸ਼ਕ ਅਨੁਰਾਗ ਸਿੰਘ ਵੱਲੋਂ 2011 'ਚ ਬਣਾਈ ਪੰਜਾਬੀ ਫਿਲਮ 'ਯਾਰ ਅਣਮੁੱਲੇ' ਨੇ ਉਸ ਨੂੰ ਪੰਜਾਬੀ ਅਦਾਕਾਰ ਵਜੋਂ ਸਥਾਪਤ ਕੀਤਾ। ਇਸ ਫਿਲਮ ਨੇ ਉਸ ਨੂੰ 'ਜੱਟ ਟਿੰਕਾ' ਨਾਂ ਵੀ ਦਿੱਤਾ। ਅੱਜ ਵੀ ਬਹੁਤੇ ਦਰਸ਼ਕ ਉਸ ਨੂੰ ਜੱਟ ਟਿੰਕੇ ਵਜੋਂ ਹੀ ਜਾਣਦੇ ਹਨ। ਦਰਜ਼ਨ ਦੇ ਕਰੀਬ ਪੰਜਾਬੀ ਫਿਲਮਾਂ ਕਰ ਚੁੱਕਾ ਹਰੀਸ਼ ਫਿਲਮ ਦੀ ਚੋਣ ਬੜੀ ਸਮਝਦਾਰੀ ਨਾਲ ਕਰਦਾ ਹੈ। ਇਹੀ ਕਾਰਨ ਹੈ ਕਿ ਉਸ ਦੀ ਹਰ ਫਿਲਮ 'ਚ ਨਵਾਂਪਨ ਹੁੰਦਾ ਹੈ। ਇਸ ਗੱਲ ਦਾ ਸਬੂਤ ਪਿਛਲੇ ਸਾਲ ਰਿਲੀਜ਼ ਹੋਈ ਉਸ ਦੀ ਫਿਲਮ 'ਗੋਲਕ ਬੁਗਨੀ ਬੈਂਕ ਤੇ ਬੂਟਆਂ' ਅਤੇ ਛੇਤੀ ਰਿਲੀਜ਼ ਹੋ ਰਹੀ ਫਿਲਮ 'ਨਾਢੂ ਖ਼ਾਂ' ਹੈ।

ਹਰੀਸ਼ ਮੁਤਾਬਕ ਉਹ ਖ਼ੁਦ ਨੂੰ ਕਿਸੇ ਇਕ ਇਮੇਜ 'ਚ ਨਹੀਂ ਬੰਨ੍ਹਣਾ ਚਾਹੁੰਦਾ। ਉਹ ਕਲਾਕਾਰ ਹੈ ਅਤੇ ਹਰ ਤਰ੍ਹਾਂ ਦਾ ਕਿਰਦਾਰ ਨਿਭਾਉਣ ਦਾ ਚਾਹਵਾਨ ਹੈ। ਉਸ ਦੀ ਫਿਲਮ 'ਮੁੰਡਾ ਹੀ ਚਾਹੀਦਾ' ਜਿੱਥੇ ਉਸ ਨੂੰ ਇਕ ਵੱਖਰੇ ਕਿਰਦਾਰ 'ਚ ਪੇਸ਼ ਕਰੇਗੀ Àੁੱਥੇ ਫਿਲਮ 'ਨਾਢੂ ਖ਼ਾਂ' ਉਸ ਦੀ ਅਦਾਕਾਰੀ ਨੂੰ ਹੋਰ ਬੁਲੰਦ ਕਰੇਗੀ। ਇਮਰਾਨ ਸ਼ੇਖ਼ ਵੱਲੋਂ ਨਿਰਦੇਸ਼ਤ ਕੀਤੀ ਇਹ ਅਜਿਹੀ ਫਿਲਮ ਹੈ, ਜਿਸ 'ਚ ਕੰਮ ਕਰਦਿਆਂ ਉਸ ਦੇ ਅੰਦਰਲੇ ਕਲਾਕਾਰ ਦੀ ਪੂਰਤੀ ਹੋਈ ਹੈ। ਇਹ ਪੀਰੀਅਡ ਡਰਾਮਾ ਫਿਲਮ ਹੈ ਜੋ 26 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਇਸ 'ਚ ਉਸ ਨਾਲ ਅਦਾਕਾਰਾ ਵਾਮਿਕਾ ਗੱਬੀ ਵੀ ਨਜ਼ਰ ਆਵੇਗੀ। ਦੋਵੇਂ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ। 1940 ਦੇ ਆਸ-ਪਾਸ ਦੇ ਸਮੇਂ ਨੂੰ ਪਰਦੇ 'ਤੇ ਪੇਸ਼ ਕਰਦੀ ਫਿਲਮ 'ਨਾਢੂ ਖ਼ਾਂ' ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਦਰਸ਼ਕ ਹਰੀਸ਼ ਨੂੰ ਇਸ ਫਿਲਮ 'ਚ ਭਲਵਾਨੀ ਕਰਦੇ ਵੇਖਣਗੇ। ਇਸ ਕਿਰਦਾਰ ਨੂੰ ਹਰੀਸ਼ ਕਾਫ਼ੀ ਚੁਣੌਤੀਪੂਰਨ ਮੰਨਦਾ ਹੈ।

ਹਰੀਸ਼ ਦਾ ਕਹਿਣਾ ਹੈ ਕਿ ਪੰਜਾਬੀ ਸਿਨੇਮਾ ਹੁਣ ਬਿਲਕੁਲ ਬਦਲ ਗਿਆ ਹੈ। ਹੁਣ ਇਥੇ ਉਹੀ ਫਿਲਮ ਟਿਕਦੀ ਹੈ ਜੋ ਦਰਸ਼ਕਾਂ ਨੂੰ ਕੁਝ ਵੱਖਰਾ ਵਿਖਾਉਂਦੀ ਹੈ। ਇਸ ਹਾਲਾਤ 'ਚ ਕਲਾਕਾਰਾਂ ਦੀ ਜ਼ਿੰਮੇਵਾਰੀ ਹੋਰ ਵੱਡੀ ਹੋ ਗਈ ਹੈ। ਇਸ ਲਈ ਉਸ ਨੂੰ ਦਰਸ਼ਕਾਂ ਦੇ ਦਿਲਾਂ 'ਚ ਟਿਕੇ ਰਹਿਣ ਲਈ ਹਰ ਵਾਰ ਕੁਝ ਨਵਾਂ ਪੇਸ਼ ਕਰਨਾ ਹੀ ਪਵੇਗਾ। ਉਹ ਹਮੇਸ਼ਾ ਇਸ ਚੁਣੌਤੀ ਨੂੰ ਸਵੀਕਾਰ ਕਰ ਕੇ ਅੱਗੇ ਵਧਦਾ ਹੈ।

73072-66783

Posted By: Harjinder Sodhi