ਰੰਗਮੰਚ ਨੇ ਪਾਲੀਵੁੱਡ, ਬਾਲੀਵੁੱਡ ਅਤੇ ਹਾਲੀਵੁੱਡ ਨੂੰ ਕਈ ਦਮਦਾਰ ਅਦਾਕਾਰ ਦਿੱਤੇ ਹਨ। ਜ਼ਿਲ੍ਹਾ ਸੰਗਰੂਰ ਦੇ ਪਿੰਡ ਅਮਰਗੜ੍ਹ ਦਾ ਜੰਮਪਲ ਰਾਣਾ ਜੰਗ ਬਹਾਦਰ ਵੀ ਅਜਿਹੇ ਅਦਾਕਾਰਾਂ ਦੀ ਸੂਚੀ 'ਚ ਆਉਂਦਾ ਹੈ। ਆਪਣੀ ਦਮਦਾਰ ਅਦਾਕਾਰੀ ਨਾਲ ਫਿਲਮੀ ਪਰਦੇ 'ਤੇ ਵੱਖ-ਵੱਖ ਕਿਰਦਾਰਾਂ ਨੂੰ ਸੰਜੀਵ ਕਰਨ ਵਾਲਾ ਰਾਣਾ ਜੰਗ ਬਹਾਦਰ ਬਾਲੀਵੁੱਡ ਤੇ ਪਾਲੀਵੁੱਡ ਦਾ ਸਾਂਝਾ ਅਦਾਕਾਰ ਹੈ। ਫਿਲਮੀ ਪਰਦੇ 'ਤੇ ਉਸ ਵੱਲੋਂ ਨਿਭਾਏ ਹਰ ਕਿਰਦਾਰ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਹੈ। ਉਸ ਨੇ ਕਰੀਅਰ ਦੀ ਸ਼ੁਰੂਆਤ ਦੂਰਦਰਸ਼ਨ ਦੇ ਮਸ਼ਹੂਰ ਲੜੀਵਾਰ 'ਮਹਾਭਾਰਤ' ਤੋਂ ਕੀਤੀ। ਫਿਰ ਉਸ ਨੇ ਹਿੰਦੀ ਫਿਲਮਾਂ ਦਾ ਰੁਖ਼ ਕੀਤੇ ਅਤੇ ਕਈ ਹਿੱਟ ਬਾਲੀਵੁੱਡ ਫਿਲਮਾਂ 'ਚ ਅਹਿਮ ਕਿਰਦਾਰ ਨਿਭਾਉਂਦੇ ਹੋਏ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਬਾਲੀਵੁੱਡ ਵਾਂਗ ਪਾਲੀਵੁੱਡ ਫਿਲਮਾਂ 'ਚ ਵੀ ਹੁਣ ਤਕ ਉਹ ਦਮਦਾਰ ਕਿਰਦਾਰ ਨਿਭਾ ਚੁੱਕਾ ਹੈ।

ਥੀਏਟਰ ਨਾਲ ਜੁੜਨਾ

ਰਾਣਾ ਜੰਗ ਬਹਾਦਰ ਦੇ ਪਿਤਾ ਗਿਆਨੀ ਰਵੇਲ ਸਿੰਘ ਨੇ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਵਿਖੇ 60 ਸਾਲ ਤਕ ਬਤੌਰ ਗ੍ਰੰਥੀ ਸਿੰਘ ਸੇਵਾ ਨਿਭਾਈ ਸੀ। ਪਿਤਾ ਗੁਰੂ ਘਰ ਨਾਲ ਜੁੜੇ ਹੋਣ ਕਰ ਕੇ ਬਚਪਨ 'ਚ ਰਾਣੇ ਨੇ ਵੀ ਉਨ੍ਹਾਂ ਤੋਂ ਤਬਲੇ ਦੀ ਸਿੱਖਿਆ ਪ੍ਰਾਪਤ ਕੀਤੀ। ਤਬਲਾ ਵਜਾਉਣ ਦੀ ਤਾਲਿਮ ਹੋਣ ਕਰ ਕੇ ਉਹ ਆਪਣੇ ਪਿਤਾ ਨਾਲ ਇਲਾਕੇ 'ਚ ਹੁੰਦੇ ਧਾਰਮਿਕ ਪ੍ਰੋਗਰਾਮਾਂ 'ਚ ਵੀ ਜਾਣ ਲੱਗਾ ਸੀ। ਫਿਰ ਫਿਲਮੀ ਖੇਤਰ 'ਚ ਆਉਣਾ ਵੀ ਉਸ ਦੀ ਜ਼ਿੰਦਗੀ ਦਾ ਇਕ ਸੁਨਹਿਰੀ ਪੰਨਾ ਰਿਹਾ ਹੈ। ਬਚਪਨ 'ਚ ਫਿਲਮਾਂ ਵੇਖਦੇ ਉਸ ਦੇ ਮਨ ਅੰਦਰ ਵੀ ਪਰਦੇ 'ਤੇ ਨਜ਼ਰ ਆਉਣ ਦਾ ਸ਼ੌਕ ਪੈਦਾ ਹੋ ਗਿਆ। ਫਿਰ ਜਦੋਂ ਇਹ ਸ਼ੌਕ ਜਨੂੰਨ ਬਣਿਆ ਤਾਂ ਉਹ ਐਕਟਰ ਬਣਨ ਦੇ ਸੁਪਨੇ ਲੈਣ ਲੱਗਾ। ਇਸੇ ਦੌਰਾਨ ਉਸ ਨੂੰ ਮਲੇਰਕੋਟਲੇ ਆ ਕੇ ਗਾਇਕੀ ਨਾਲ ਜੁੜਨ ਦਾ ਮੌਕਾ ਮਿਲਿਆ। ਸੰਗੀਤ ਦੀ ਦੁਨੀਆ 'ਚ ਕਦਮ ਰੱਖ ਕੇ ਉਸ ਨੂੰ ਸਟੇਜ਼ਾਂ ਕਰਨ ਦਾ ਵੀ ਮੌਕਾ ਮਿਲਿਆ।

ਮਲੇਰਕੋਟਲੇ ਤੋਂ ਹੀ ਉਸ ਨੇ ਬੀਏ ਤਕ ਦੀ ਪੜ੍ਹਾਈ ਪੂਰੀ ਕੀਤੀ। ਫਿਰ ਜਦੋਂ ਐੱਮਏ ਦੀ ਪੜ੍ਹਾਈ ਲਈ ਰਾਣਾ ਯੂਨੀਵਰਸਿਟੀ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਥੇ ਡਰਾਮੇ ਦਾ ਵੀ ਕੋਰਸ ਕਰਵਾਇਆ ਜਾਂਦਾ ਹੈ। ਆਪਣੀ ਕਲਾ ਦਾ ਸੁਪਨਾ ਪੂਰਾ ਹੁੰਦਾ ਵੇਖ ਉਸ ਨੇ ਇਸ ਕੋਰਸ 'ਚ ਦਾਖ਼ਲਾ ਲੈ ਲਿਆ। ਰਾਣੇ ਨੇ ਥੀਏਟਰ ਨਾਲ ਜੁੜ ਕੇ ਬਲਵੰਤ ਗਾਰਗੀ, ਸੁਰਜੀਤ ਸਿੰਘ ਸੇਠੀ, ਡਾ. ਹਰਚਰਨ ਸਿੰਘ, ਰਾਮ ਗੋਪਾਲ ਬਜਾਜ ਆਦਿ ਨਾਮਵਰ ਨਾਟਕ ਨਿਰਦੇਸ਼ਕਾਂ ਨਾਲ ਕਈ ਸਾਲ ਕੰਮ ਕੀਤਾ। ਫਿਰ 'ਕੇਸਰੋ', 'ਕਣਕ ਦੀ ਬੱਲੀ', 'ਲੋਹਾ ਕੁਟ' ਆਦਿ ਨਾਟਕਾਂ ਦੇ ਅਨੇਕਾਂ ਸ਼ੋਅ ਕਰਦਿਆਂ ਉਸ ਨੇ ਬਤੌਰ ਲੇਖਕ ਤੇ ਨਾਟਕਕਾਰ 'ਬੋਦੀ ਵਾਲਾ ਤਾਰਾ' ਵੀ ਲਿਖਿਆ ਜਿਸ ਦੇ ਸਟੇਜ਼ ਸ਼ੋਅ ਪੰਜਾਬ ਤੋਂ ਲੈ ਕੇ ਦੇਸ਼ਾਂ-ਵਿਦੇਸ਼ਾਂ ਵਿਚ ਖੇਡੇ ਗਏ। ਕਿਸਮਤ ਦੇ ਧਨੀ ਰਾਣੇ ਨੇ ਉੱਚ ਵਿੱਦਿਆ ਪ੍ਰਾਪਤ ਕਰ ਕੇ ਉੱਚੇ ਅਹੁਦੇ ਦੀਆਂ ਕਈ ਨੌਕਰੀਆਂ ਵੀ ਸਮੇਂ-ਸਮੇਂ ਕੀਤੀਆਂ ਪਰ ਮਨ ਅੰਦਰ ਐਕਟਰ ਬਣਨ ਦਾ ਸੁਪਨਾ ਹੋਣ ਕਰ ਕੇ ਅਸਤੀਫਾ ਵੀ ਹਮੇਸ਼ਾਂ ਉਸ ਨੇ ਜੇਬ 'ਚ ਹੀ ਰੱਖਿਆ।

ਫਿਲਮੀ ਸਫ਼ਰ ਦੀ ਸ਼ੁਰੂਆਤ


ਫਿਲਮਾਂ 'ਚ ਕੰਮ ਕਰਨ ਦਾ ਸ਼ੌਕ ਰਾਣਾ ਜੰਗ ਬਹਾਦਰ ਨੂੰ ਪੰਜਾਬ ਤੋਂ ਮੁੰਬਈ ਲੈ ਗਿਆ ਸੀ। ਮੁੰਬਈ ਪਹੁੰਚ ਉਸ ਨੇ ਵੀ ਬਹੁਤੇ ਸਿਤਾਰਿਆਂ ਵਾਂਗ ਸੰਘਰਸ਼ ਕਰਦਿਆਂ ਕਈ ਤੰਗੀਆਂ-ਤੁਰਸ਼ੀਆਂ ਵੇਖੀਆਂ। ਮੁੰਬਈ ਰੇਲਵੇ ਸਟੇਸ਼ਨਾਂ 'ਤੇ ਹਨ੍ਹੇਰੀਆਂ ਰਾਤਾਂ ਕਟਦੇ ਹੋਏ ਕਈ-ਕਈ ਘੰਟੇ ਟ੍ਰੇਨਾਂ 'ਚ ਸੌਂ ਕੇ ਵਕਤ ਨੂੰ ਅੱਗੇ ਤੋਰਿਆ। ਫਿਰ ਵੀ ਉਸ ਨੇ ਕਦੇ ਹਾਰ ਨਾ ਮੰਨੀ ਅਤੇ ਸੁਪਨਿਆਂ ਨੂੰ ਆਖ਼ਰ ਹਕੀਕਤ 'ਚ ਤਬਦੀਲ ਕਰ ਹੀ ਲਿਆ। ਮੁੰਬਈ ਫਿਲਮ ਨਗਰੀ ਦੇ ਹਰ ਮੌੜ ਤੋਂ ਗੁਜ਼ਰਦੇ ਹੋਏ ਫਿਲਮਾਂ ਦੀਆਂ ਕਹਾਣੀਆਂ ਤੋਂ ਇਲਾਵਾ ਬਾਲੀਵੁੱਡ ਅਤੇ ਪਾਲੀਵੁੱਡ ਫਿਲਮ ਇੰਡਸਟਰੀ ਦੀਆਂ ਵੀ ਕਈ ਕਹਾਣੀਆਂ ਰਾਣਾ ਜੰਗ ਬਹਾਦਾਰ ਨੇ ਵੇਖਿਆ ਹਨ। ਸਫ਼ਰ ਦੀਆਂ ਕੁਝ ਘਟਨਾਵਾਂ ਉਸ ਨੂੰ ਅੱਜ ਵੀ ਕਿਸੇ ਫਿਲਮ ਦੇ ਸੀਨ ਦੀ ਤਰ੍ਹਾ ਲਗਦੀਆਂ ਹਨ। ਮੁੰਬਈ ਰਹਿ ਕੇ ਉਸ ਨੂੰ ਪਹਿਲਾ ਛੋਟੇ-ਛੋਟੇ ਰੋਲ ਕਰਨ ਦਾ ਮੌਕਾ ਮਿਲਿਆ। ਲੰਬੇ ਸੰਘਰਸ਼ ਤੋਂ ਬਾਅਦ ਬਾਲੀਵੁੱਡ ਦੇ ਨਾਮਵਰ ਨਿਰਦੇਸ਼ਕ ਜੇਪੀ ਦੱਤਾ ਦੀ1988 'ਚ ਰਿਲੀਜ਼ ਹੋਈ ਹਿੰਦੀ ਫਿਲਮ 'ਯਤੀਮ' ਨਾਲ ਉਸ ਨੂੰ ਫਿਲਮੀ ਪਰਦੇ 'ਤੇ ਆਪਣੀ ਪ੍ਰਤਿਭਾ ਵਿਖਾਉਣ ਦਾ ਸੁਨਹਿਰੀ ਮੌਕਾ ਮਿਲਿਆ। ਇਸ ਫਿਲਮ ਵਿਚ ਸੰਨੀ ਦਿਓਲ ਅਤੇ ਫ਼ਰਹਾ ਨਾਜ਼ ਨਾਲ ਅਦਾਕਾਰੀ ਵਿਖਾਉਂਦਿਆਂ ਉਸ ਨੂੰ ਚੰਗੀ ਪਛਾਣ ਮਿਲੀ। ਫਿਰ ਜੇਪੀ ਦੱਤਾ ਨੇ ਹੀ ਰਾਣੇ ਨੂੰ ਫਿਲਮ 'ਹਥਿਆਰ' 'ਚ ਇਕ ਹੋਰ ਦਮਾਦਰ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ। ਇਸ ਤੋਂ ਬਾਅਦ ਉਸ ਨੂੰ ਇਕ ਤੋਂ ਬਾਅਦ ਇਕ ਫਿਲਮ ਦੀ ਪੇਸ਼ਕਸ਼ ਮਿਲੀ ਗਈ।

ਚਰਚਿਤ ਰਹੀਆਂ ਫਿਲਮਾਂ

ਰਾਣਾ ਜੰਗ ਬਹਾਦਰ ਨੇ ਕੁਝ ਟੀਵੀ ਸੀਰੀਅਲਜ਼ 'ਚ ਵੀ ਅਹਿਮ ਕਿਰਦਾਰ ਨਿਭਾਏ ਹਨ। ਜੇ ਉਸ ਦੇ ਫਿਲਮੀ ਸਫ਼ਰ ਦੀ ਗੱਲ ਕਰੀਏ ਤਾਂ ਹੁਣ ਤਕ ਉਹ 150 ਦੇ ਕਰੀਬ ਹਿੰਦੀ ਫਿਲਮਾਂ 'ਚ ਆਪਣੀ ਅਦਾਕਾਰੀ ਦੇ ਜੌਹਰ ਵਿਖਾ ਚੁੱਕਾ ਹੈ। ਉਸ ਦੀਆਂ ਚਰਚਿਤ ਰਹੀਆਂ ਫਿਲਮਾਂ 'ਚ 'ਰੋਟੀ ਕੀ ਕੀਮਤ', 'ਫੂਲ ਔਰ ਕਾਂਟੇ', 'ਕੱਲ੍ਹ ਕੀ ਆਵਾਜ਼', 'ਬੇਤਾਜ਼ ਬਾਦਸ਼ਾਹ', 'ਦੂਹਲੇ ਰਾਜਾ', 'ਹਮਾਰਾ ਦਿਲ ਆਪ ਕੇ ਪਾਸ ਹੈ', 'ਦੀਵਾਨਗੀ', 'ਯਲਗਾਰ', 'ਅਜਬ ਪ੍ਰੇਮ ਕੀ ਗਜ਼ਬ ਕਹਾਣੀ', 'ਹਥਿਆਰ', 'ਬਟਵਾਰਾ', 'ਡੁਪਲੀਕੈਟ', 'ਤਰਾਜੂ', 'ਵਾਹ ਤੇਰਾ ਕਿਆ ਕਹਿਨਾ', 'ਦੇਸ਼ ਦਰੋਹੀ', 'ਏਕ ਸੇ ਬੜ ਕਰ ਏਕ', 'ਫਟਾ ਪੋਸਟਰ', 'ਧਮਾਲ', 'ਹੀਰਾ ਲਾਲ ਪੰਨਾ ਲਾਲ', 'ਵਾਰਿਸ', 'ਤੂੰ ਹੀ ਤੋ ਹੈ', 'ਤੁਮਸਾ ਨਹੀਂ ਦੇਖਾ', 'ਇਨਸਾਫ਼' ਆਦਿ ਸ਼ਾਮਲ ਹਨ।

ਰਾਣਾ ਜੰਗ ਬਹਾਦਰ ਵੱਲੋਂ ਫਿਲਮੀ ਸਫ਼ਰ ਦੌਰਾਨ ਨਿਭਾਏ ਨੈਗੇਟਿਵ ਕਿਰਦਾਰ ਜ਼ਿਆਦਾ ਮਸ਼ਹੂਰ ਹੋਏ ਹਨ। ਨੈਸ਼ਨਲ ਐਵਾਰਡ ਜੇਤੂ ਪੰਜਾਬੀ ਫਿਲਮ 'ਚੰਨ ਪ੍ਰਦੇਸੀ' ਨਾਲ ਉਸ ਨੇ ਪਾਲੀਵੁੱਡ 'ਚ ਸ਼ਾਨਦਾਰ ਐਂਟਰੀ ਕੀਤੀ ਸੀ। ਇਸ ਤੋਂ ਬਾਅਦ ਹੁਣ ਤਕ ਉਸ ਨੇ 100 ਦੇ ਕਰੀਬ ਪੰਜਾਬੀ ਫਿਲਮਾਂ ਰਾਹੀਂ ਪਾਲੀਵੁੱਡ 'ਚ ਵੀ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। ਇਨ੍ਹਾਂ ਫਿਲਮਾਂ 'ਚ 'ਮੌਲਾ ਜੱਟ', 'ਜੀਜਾ ਸਾਲੀ', 'ਜੱਟ ਦਾ ਗੰਡਾਸਾ', 'ਜੱਟ ਐਂਡ ਜੂਲੀਅਟ', 'ਸਰਦਾਰ ਮੁਹੰਮਦ', 'ਅਫਸਰ', 'ਕਪਤਾਨ', 'ਅੰਬਰਸਰੀਆ', 'ਕਬੱਡੀ ਵਨਸ਼ ਅਗੇਨ', 'ਠੱਗ ਲਾਈਫ਼', 'ਪਿੰਕੀ ਮੋਗੇ ਵਾਲੀ', 'ਮੰਜੇ ਬਿਸਤਰੇ', 'ਅਰਦਾਸ ਕਰ', 'ਬਲੈਕੀਆ', 'ਡਾਕਾ' ਆਦਿ ਸ਼ਾਮਲ ਹਨ।

ਹਿੰਦੀ ਤੇ ਪੰਜਾਬੀ ਫਿਲਮਾਂ ਤੋਂ ਇਲਾਵਾ ਰਾਣਾ ਜੰਗ ਬਹਾਦਰ ਹੁਣ ਤਕ ਮਰਾਠੀ, ਰਾਜਸਥਾਨੀ, ਗੁਜਰਾਤੀ ਆਦਿ ਖੇਤਰੀ ਭਾਸ਼ਾਵਾਂ ਦੀਆਂ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਦੇ ਜੌਹਰ ਵਿਖਾ ਚੁੱਕਾ ਹੈ। ਇਸ ਤੋਂ ਇਲਾਵਾ ਉਹ ਪਾਕਿਸਤਾਨੀ ਫਿਲਮ 'ਮੈਂ ਫਿਰ ਲੋਟ ਆਊਂਗਾ' 'ਚ ਵੀ ਅਹਿਮ ਕਿਰਦਾਰ ਨਿਭਾ ਚੁੱਕਾ ਹੈ।

ਸਾਹਿਤਕ ਰੁਚੀ ਹੋਣਾ

ਅਦਾਕਾਰੀ ਦੇ ਨਾਲ-ਨਾਲ ਰਾਣਾ ਜੰਗ ਬਹਾਦਰ ਆਪਣੀ ਦਮਦਾਰ ਆਵਾਜ਼ ਸਦਕਾ ਵੀ ਜਾਣਿਆਂ ਜਾਂਦਾ ਹੈ। ਜਦੋਂ ਉਹ ਆਪਣੀ ਭਾਰੀ ਆਵਾਜ਼ 'ਚ ਕਿਸੇ ਫਿਲਮ ਦਾ ਡਾਇਲਾਗ ਬੋਲਦਾ ਹੈ ਤਾਂ ਆਪਣੇ ਕਿਰਦਾਰ ਨੂੰ ਹੋਰ ਵੀ ਮਜ਼ਬੂਤ ਕਰ ਲੈਦਾ ਹੈ। ਇਸ ਨਾਲ ਹੀ ਉਸ ਦੀਆਂ ਮੋਟੀਆਂ-ਮੋਟੀਆਂ ਅੱਖਾਂ ਵੀ ਉਸ ਦੀ ਅਦਾਕਾਰੀ ਨੂੰ ਚਾਰ ਚੰਨ ਲਗਾ ਦਿੰਦੀਆਂ ਹਨ। ਜ਼ਿਕਰਯੋਗ ਹੈ ਕਿ ਰਾਣਾ ਨੇ ਛੋਟੇ ਪਰਦੇ ਦੇ ਮਸ਼ਹੂਰ ਸੀਰੀਅਲ 'ਮਹਾਭਾਰਤ' ਤੋਂ ਲੈ ਕੇ ਹੁਣ ਤਕ 40 ਦੇ ਕਰੀਬ ਹਿੰਦੀ ਸੀਰੀਅਲਜ਼ 'ਚ ਆਪਣੀ ਪ੍ਰਤਿਭਾ ਵਿਖਾਈ ਹੈ। ਇਨ੍ਹਾਂ 'ਚੋਂ 'ਤਾਰਾ', 'ਪ੍ਰੰਪਰਾ', 'ਅੰਦਾਜ਼', 'ਦੀਦਾਰ', ਆਦਿ ਨਾਟਕ ਪ੍ਰਮੁੱਖ ਹਨ।

ਇੰਨਾ ਹੀ ਨਹੀਂ ਅਭਿਨੈ ਕਲਾ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਇਸ ਅਦਾਕਾਰ ਨੂੰ ਸਾਹਿਤ ਨਾਲ ਵੀ ਅੰਤਾਂ ਦਾ ਮੋਹ ਹੈ। ਉਹ ਕੁਝ ਸਮਾਂ ਕਿਤਾਬਾਂ ਪੜ੍ਹਨ ਲਈ ਜ਼ਰੂਰ ਕੱਢਦਾ ਹੈ। ਉਸ ਦਾ ਕਹਿਣਾ ਹੈ ਕਿ ਸਾਹਿਤ, ਕੌਮ ਅਤੇ ਵਿਰਾਸਤ ਦੀ ਪਛਾਣ ਕਰਵਾਉਂਦਾ ਹੈ। ਰਾਣਾ ਜੰਗ ਬਹਾਦਰ ਨੇ 'ਬੋਦੀ ਵਾਲਾ ਤਾਰਾ' ਨਾਕਟ ਨੂੰ ਕਿਤਾਬੀ ਰੂਪ ਦੇ ਕੇ ਸਾਹਿਤ ਪ੍ਰੇਮੀਆਂ 'ਚ ਵੀ ਪਛਾਣ ਬਣਾਈ ਹੈ। ਪੰਜਾਬੀ ਫਿਲਮ 'ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ' ਨਾਲ ਉਸ ਨੇ ਬਤੌਰ ਨਿਰਮਾਤਾ ਫਿਲਮੀ ਖੇਤਰ 'ਚ ਕਦਮ ਰੱਖਿਆ ਸੀ। ਸਿਨੇਮਾ ਪ੍ਰੇਮੀਆਂ ਦੇ ਦਿਲਾਂ 'ਚ ਵਸੇ ਰਾਣਾ ਜੰਗ ਬਹਾਦਰ ਹਰ ਕਿਰਦਾਰ ਨੂੰ ਰੂਹ ਨਾਲ ਖੇਡਣ 'ਚ ਵਿਸ਼ਵਾਸ ਰੱਖਦਾ ਹੈ। ਇਸੇ ਲਈ ਉਸ ਦੀ ਝੋਲੀ ਅੱਜ ਵੀ ਪੰਜਾਬੀ ਫਿਲਮਾਂ ਨਾਲ ਭਰੀ ਹੋਈ ਹੈ। ਇਨ੍ਹੀਂ ਦਿਨੀਂ ਰਾਣਾ ਅਗਲੀਆਂ ਪੰਜਾਬੀ ਫਿਲਮਾਂ 'ਪੋਸਤੀ' ਅਤੇ 'ਕਾਲੇ ਕੱਛਿਆਂ ਵਾਲੇ' ਵਿਚਲੇ ਆਪਣੇ ਦਮਦਾਰ ਕਿਰਦਾਰ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹੈ।

ਕਾਲਾ ਸਿੰਘ ਸੈਣੀ

99882-80386

Posted By: Harjinder Sodhi