ਅਮਰਜੀਤ ਇਕ ਤੇ ਅਦਾਕਾਰ ਰਵਿੰਦਰ ਗਰੇਵਾਲ ਦੇ ਪ੍ਰਸ਼ੰਸਕਾਂ ਦੀ ਗਿਣਤੀ ਅੱਜ ਲੱਖਾਂ 'ਚ ਹੈ। ਗਾਇਕੀ ਦੇ ਨਾਲ-ਨਾਲ ਉਸ ਦੀ ਅਦਾਕਾਰੀ ਦੇ ਵੀ ਲੋਕ ਦੀਵਾਨੇ ਹਨ। ਆਖ ਸਕਦੇ ਹਾਂ ਕਿ ਉਹ ਸਮੇਂ ਦੀ ਨਬਜ਼ ਪਛਾਣ ਕੇ ਚੱਲਣ ਵਾਲਾ ਫ਼ਨਕਾਰ ਹੈ। ਟੈਲੀ ਫਿਲਮ 'ਫ਼ਾਸੀ' ਨਾਲ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲਾ ਰਵਿੰਦਰ ਹੁਣ ਤਕ 'ਡੰਗਰ ਡਾਕਟਰ', 'ਜੱਗੀ ਐੱਲਐੱਲਬੀ' ਦੋ ਪੰਜਾਬੀ ਫਿਲਮਾਂ 'ਚ ਵਧੀਆ ਅਦਾਕਾਰੀ ਪੇਸ਼ ਕਰ ਚੁੱਕਾ ਹੈ। ਭਾਵੇਂ ਉਸ ਨੇ ਘੱਟ ਫਿਲਮਾਂ ਕੀਤੀਆਂ ਪਰ ਇਨ੍ਹਾਂ ਦੇ ਵਿਸ਼ੇ ਪਾਲੀਵੁੱਡ ਦੀਆਂ ਬਾਕੀ ਫਿਲਮਾਂ ਨਾਲੋਂ ਬਿਲਕੁਲ ਵੱਖਰੇ ਹਨ। ਇਹੀ ਹਾਲ ਉਸ ਦੀ ਗਾਇਕੀ ਦਾ ਹੈ। ਸ਼ੋਰ-ਸ਼ਰਾਬੇ ਵਾਲੇ ਗੀਤਾਂ ਦੀ ਥਾਂ ਉਸ ਦਾ ਗੀਤ ਗਾਉਣ ਦਾ ਆਪਣਾ ਇਕ ਵੱਖਰਾ ਅੰਦਾਜ਼ ਹੈ। ਰਵਿੰਦਰ ਗਰੇਵਾਲ ਨਾਲ ਉਸ ਦੇ ਗਾਇਕੀ ਤੇ ਅਦਾਕਾਰੀ ਸਫ਼ਰ ਬਾਰੇ ਕੁਝ ਕੀਤੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ।

- ਤੁਹਾਡਾ ਘੱਟ ਤੇ ਵੱਖਰੇ ਵਿਸ਼ਿਆਂ 'ਤੇ ਫਿਲਮਾਂ ਕਰਨ ਦਾ ਕੀ ਕਾਰਨ ਹੈ?

ਮੇਰੀ ਤਮੰਨਾ ਹੁੰਦੀ ਹੈ ਕਿ ਮੈਂ ਬਹੁਤੀਆਂ ਫਿਲਮਾਂ ਨਾ ਕਰਾ। ਭਾਵੇਂ ਘੱਟ ਕਰਾਂ, ਪਰ ਵਧੀਆ ਫਿਲਮਾਂ ਕਰਾਂ। ਆਪਣੇ ਗੀਤਾਂ ਦੇ ਵਿਸ਼ਿਆਂ ਦੀ ਤਰ੍ਹਾਂ ਮੈਂ ਫਿਲਮਾਂ ਪ੍ਰਤੀ ਵੀ ਸੁਚੇਤ ਹਾਂ। ਮੈਨੂੰ ਲਗਦਾ ਹੈ ਕਹਾਣੀ ਹੀ ਫਿਲਮ ਦੀ ਜਿੰਦ-ਜਾਨ ਹੁੰਦੀ ਹੈ। ਇਸੇ ਲਈ ਜਿੰਨਾਂ ਸਮਾਂ ਮੈਨੂੰ ਸਟੋਰੀ ਪਸੰਦ ਨਾ ਆਵੇ, ਮੈਂ ਫਿਲਮ ਨਹੀਂ ਕਰਦਾ। ਇਸੇ ਕਾਰਨ ਮੈਂ ਬਹੁਤ ਘੱਟ ਫਿਲਮਾਂ ਕੀਤੀਆਂ। ਮੈਂ ਹਮੇਸ਼ਾ ਧਿਆਨ ਰੱਖਦਾ ਹਾਂ ਕਿ ਹਰ ਫਿਲਮ 'ਚ ਕੁਝ ਨਾ ਕੁਝ ਵੱਖਰਾ ਹੋਵੇ ਅਤੇ ਮੇਰੀ ਫਿਲਮ ਦੀ ਕਹਾਣੀ ਆਮ ਲੋਕਾਂ ਦੀ ਜ਼ਿੰਦਗੀ ਦੇ ਨੇੜੇ ਹੋਵੇ।

- ਹੱਦੋਂ ਵੱਧ ਪੰਜਾਬੀ ਫਿਲਮਾਂ ਫਲਾਪ ਰਹਿੰਦੀਆਂ ਹਨ, ਇਸ ਦੀ ਕੀ ਵਜ੍ਹਾ ਮੰਨਦੇ ਹੋ?

ਮੇਰੇ ਹਿਸਾਬ ਨਾਲ ਵਜ੍ਹਾ ਤਾਂ ਇਹੀ ਹੈ ਕਿ ਅਜੇ ਪਾਲੀਵੁੱਡ ਇੰਡਸਟਰੀ ਵਿਕਾਸ ਕਰ ਰਹੀ ਹੈ। ਨਵੇਂ-ਨਵੇਂ ਤਜ਼ਰਬੇ ਹੋ ਰਹੇ ਹਨ। ਨਵੇਂ-ਨਵੇਂ ਕਲਾਕਾਰ ਇਸ ਨਾਲ ਜੁੜ ਰਹੇ ਹਨ। ਕੁਝ ਨਵੇਂ ਆ ਰਹੇ ਪ੍ਰੋਡਿਊਸਰਾਂ ਨੂੰ ਇਸ ਲਾਈਨ ਬਾਰੇ ਬਹੁਤਾ ਗਿਆਨ ਨਹੀਂ ਹੁੰਦਾ। ਹੌਲੀ-ਹੌਲੀ ਸਮਝ ਆਉਂਦੀ ਹੈ। ਇਸੇ ਲਈ ਕੁਝ ਕਮੀਆਂ ਰਹਿ ਜਾਂਦੀਆਂ ਹਨ ਤੇ ਫਿਲਮ ਫਲਾਪ ਹੋ ਜਾਂਦੀ ਹੈ। ਅਜੇ ਇਥੇ ਠੱਗੀਆਂ-ਠੋਰੀਆਂ ਵੀ ਹਨ। ਜਿਹੜਾ ਨਵਾਂ ਬੰਦਾ ਫਿਲਮ ਬਣਾਉਣ ਆਉਂਦਾ ਹੈ, ਉਸ ਦੀ ਫਿਲਮ ਦਾ ਬਜਟ ਹੀ ਇੰਨਾ ਕਰ ਦਿੱਤਾ ਜਾਂਦਾ ਹੈ ਕਿ ਰਿਲੀਜ਼ ਹੋਣ ਤੋਂ ਬਾਅਦ ਫਿਲਮ ਦੀ ਲਾਗਤ ਵੀ ਪੂਰੀ ਨਹੀਂ ਹੁੰਦੀ। ਇਸ ਤਰ੍ਹਾਂ ਦੀਆਂ ਕੁਝ ਕਮੀਆਂ ਕਾਰਨ ਮਾਰ ਪੈ ਰਹੀ ਹੈ।

- ਕਾਮੇਡੀ ਫਿਲਮਾਂ ਦੇ ਮੌਜੂਦਾ ਦੌਰ ਨੂੰ ਕਿਸ ਨਜ਼ਰ ਨਾਲ ਵੇਖਦੇ ਹੋ?

ਕਾਮੇਡੀ ਅਸੀਂ ਵੀ ਆਪਣੀਆਂ ਫਿਲਮਾਂ 'ਚ ਕਰਦੇ ਹਾਂ, ਪਰ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਲਕੀਰ ਤੋਂ ਹਟ ਕੇ ਕੁਝ ਕੀਤਾ ਜਾਵੇ। ਫਿਲਮ ਲਈ ਕਾਮੇਡੀ ਤੋਂ ਇਲਾਵਾ ਇਕ ਚੰਗੀ ਕਹਾਣੀ ਜ਼ਰੂਰ ਹੋਣੀ ਚਾਹੀਦੀ ਹੈ। ਜਿੱਦਾਂ ਸਾਡੀ ਜ਼ਿੰਦਗੀ 'ਚ ਹਾਸਾ, ਰੋਣਾ, ਦੁੱਖ, ਸੁੱਖ ਤੇ ਲੜਾਈ ਝਗੜਾ ਹੁੰਦੇ ਹਨ, ਠੀਕ ਇਸੇ ਤਰ੍ਹਾਂ ਚੰਗੀ ਫਿਲਮ 'ਚ ਇਹ ਸਾਰੇ ਰੰਗ ਹੋਣੇ ਜ਼ਰੂਰੀ ਹਨ। ਮੈਂ ਹਮੇਸ਼ਾ ਇਹੀ ਕੋਸ਼ਿਸ਼ ਕਰਦਾ ਹਾਂ ਕਿ ਮੇਰੀ ਫਿਲਮ ਅਸਲ ਜ਼ਿੰਦਗੀ ਦੇ ਨੇੜੇ ਹੋਵੇ।

- ਕੋਈ ਖ਼ਾਸ ਕਿਰਦਾਰ ਨਿਭਾਉਣ ਦੀ ਤਮੰਨਾ?

ਕਿਰਦਾਰ ਤਾਂ ਬਹੁਤ ਨੇ। ਪੁਰਾਣੇ ਕਿੱਸਿਆਂ ਵਿਚਲੇ ਕਿਰਦਾਰ ਨਿਭਾਉਣੇ ਮੈਨੂੰ ਜ਼ਿਆਦਾ ਪਸੰਦ ਨੇ। ਸੁੱਚੇ ਸੂਰਮੇ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ। ਜੇ ਮੌਕਾ ਮਿਲੇ ਤਾਂ ਮੈਂ ਉਸ ਦਾ ਕਿਰਦਾਰ ਜ਼ਰੂਰ ਨਿਭਾਉਣਾ ਚਾਹਾਂਗਾ। 'ਫਾਂਸੀ' ਫਿਲਮ 'ਚ ਮੈਂ ਸ਼ਹੀਦ ਭਗਤ ਸਿੰਘ ਦਾ ਕਿਰਦਾਰ ਨਿਭਾਇਆ ਸੀ। ਇਹ ਕਿਰਦਾਰ ਨਿਭਾ ਮੈਨੂੰ ਬੇਹੱਦ ਸਕੂਨ ਮਿਲਿਆ ਸੀ। ਏਦਾਂ ਦੇ ਕਿਰਦਾਰ ਨਿਭਾਉਣੇ ਮੈਨੂੰ ਹਮੇਸ਼ਾ ਚੰਗੇ ਲੱਗਦੇ ਹਨ। ਮੈਂ ਹਰ ਕਿਰਦਾਰ 'ਚ ਜੀਅ ਜਾਨ ਨਾਲ ਮਿਹਨਤ ਕਰਨ 'ਚ ਵਿਸ਼ਵਾਸ਼ ਰੱਖਦਾ ਹਾਂ ਤੇ ਕੋਸ਼ਿਸ਼ ਹੁੰਦੀ ਹੈ ਕਿ ਉਸ ਕਿਰਦਾਰ 'ਚੋਂ ਦਰਸ਼ਕਾਂ ਨੂੰ ਰਵਿੰਦਰ ਗਰੇਵਾਲ ਨਾ ਨਜ਼ਰ ਆਵੇ।

- ਪੰਜਾਬੀ ਫਿਲਮਾਂ 'ਚ ਵਲਗਰ ਭਾਸ਼ਾ ਦੀ ਵਰਤੋਂ ਬਾਰੇ ਤੁਸੀਂ ਕੀ ਕਹੋਗੇ?

ਚੰਗੇ ਦੇ ਨਾਲ ਮਾੜਾ ਵੀ ਆਉਂਦਾ ਹੈ। ਵੈਸੇ, ਦਰਸ਼ਕ ਸਭ ਤੋਂ ਵੱਡੇ ਜੱਜ ਹੁੰਦੇ ਹਨ, ਉਨ੍ਹਾਂ ਨੇ ਹੀ ਫਿਲਮ ਨੂੰ ਪਾਸ ਜਾਂ ਫੇਲ੍ਹ ਕਰਨਾ ਹੁੰਦਾ ਹੈ। ਮੈਨੂੰ ਲਗਦਾ ਹੈ ਕਿ ਅਜੋਕੀਆਂ ਫਿਲਮਾਂ ਕਾਫ਼ੀ ਹੱਦ ਤਕ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਲਈ ਪਾਲੀਵੁੱਡ ਤਰੱਕੀ ਕਰ ਰਿਹਾ ਹੈ। ਨਵੀਂ ਪੀੜ੍ਹੀ ਪੰਜਾਬੀ ਫਿਲਮਾਂ ਨਾਲ ਜੁੜੀ ਹੈ। ਇਸ ਨਾਲ ਉਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਦੀ ਵੀ ਜਾਣਕਾਰੀ ਮਿਲਦੀ ਹੈ। ਅਜਿਹੀ ਭਾਸ਼ਾ ਕਿਤੇ ਥੋੜ੍ਹੀ-ਬਹੁਤੀ ਹੀ ਹੋਵੇਗੀ, ਜਿਵੇਂ ਕਹਿੰਦੇ ਹਨ ਕਿ ਕਣਕ 'ਚ ਗੁੱਲੀਡੰਡਾ ਤਾਂ ਹੁੰਦਾ ਹੀ ਹੈ। ਉਹ ਨਾਲ ਕੋਈ ਜ਼ਿਆਦਾ ਫ਼ਰਕ ਨੀ ਪੈਂਦਾ, ਮੇਰੇ ਹਿਸਾਬ ਨਾਲ ਫਿਲਮਾਂ 'ਚ ਚੰਗਾ ਕੰਮ ਜ਼ਿਆਦਾ ਹੋ ਰਿਹਾ ਹੈ।

- ਆਪਣੇ ਅਗਲੇ ਪ੍ਰਾਜੈਕਟਾਂ ਬਾਰੇ ਕੁਝ ਦੱਸੋ?

ਨਵੇਂ ਪ੍ਰਾਜੈਕਟਾਂ 'ਚ ਮੇਰੇ ਕੁਝ ਗਾਣੇ ਰਿਲੀਜ਼ ਲਈ ਤਿਆਰ ਹਨ, ਜੋ ਜਲਦੀ ਹੀ ਅਸੀਂ ਇਕ-ਇਕ ਕਰ ਕੇ ਰਿਲੀਜ਼ ਕਰਾਂਗੇ। ਮੇਰੀ ਜਲਦੀ ਹੀ ਰਿਲੀਜ਼ ਹੋਣ ਵਾਲੀ ਫਿਲਮ '15 ਲੱਖ ਕਦੋਂ ਆਊਗਾ' ਤੋਂ ਇਲਾਵਾ 'ਗਿੱਦੜ ਸਿੰਗੀ' ਤੇ 'ਤੂੰ ਮੇਰਾ ਕੀ ਲਗਦਾ' ਫਿਲਮਾਂ 'ਤੇ ਕੰਮ ਚੱਲ ਰਿਹਾ ਹੈ।

- 'ਗਿੱਦੜ ਸਿੰਗੀ' ਦਾ ਕੀ ਰਾਜ਼ ਹੈ?

ਗਿੰਦੜ ਸਿੰਗੀ ਬਾਰੇ ਸਾਰੇ ਜਾਣਦੇ ਹਨ। ਇਹ ਸਾਡੇ ਕਲਚਰ ਨਾਲ ਸਬੰਧਤ ਨਾਂ ਹੈ। ਇਹ ਸਾਡੇ ਕਲਚਰ ਦਾ ਗਵਾਚਦਾ ਜਾ ਰਿਹਾ ਸ਼ਬਦ ਹੈ। ਬੜੀ ਵਧੀਆ ਗੱਲ ਹੈ ਕਿ ਸਾਡੇ ਪ੍ਰੋਡਿਊਸਰ ਨੇ ਇਹ ਟਾਈਟਲ ਰੱਖਿਆ ਹੈ। ਘੱਟੋ-ਘੱਟ ਨਵੀਂ ਪੀੜ੍ਹੀ ਨੂੰ ਤਾਂ ਪਤਾ ਲੱਗੇਗਾ ਕਿ ਗਿੱਦੜ ਸਿੰਗੀ ਕੀ ਚੀਜ਼ ਹੁੰਦੀ ਸੀ। ਇਹ ਸਾਡੇ ਹੀ ਸ਼ਬਦ ਨੇ, ਸਾਡਾ ਹੀ ਕਲਚਰ ਹੈ। ਸੋ ਗਿੱਦੜ ਸਿੰਗੀ ਕੀ ਛੈਅ ਹੁੰਦੀ ਸੀ ਤੇ ਉਸ ਨੂੰ ਕਿਉ ਲੱਕੀ ਮੰਨਿਆ ਜਾਂਦਾ ਸੀ, ਬਸ ਇਹੀ ਰਾਜ਼ ਇਸ ਫਿਲਮ 'ਚ ਵਿਖਾਇਆ ਜਾਵੇਗਾ।

- ਫਿਲਮ '15 ਲੱਖ ਕਦੋਂ ਆਊਗਾ' ਕਿਸ ਵਿਸ਼ੇ 'ਤੇ ਹੈ?

ਇਸ 'ਚ ਮੇਰੀ ਮੁੱਖ ਭੂਮਿਕਾ ਹੈ। ਇਹ ਇਕ ਪਰਿਵਾਰਕ ਫਿਲਮ ਤੇ ਆਮ ਬੰਦੇ ਦੀ ਕਹਾਣੀ ਹੈ। ਮੇਰੇ ਹਿੱਸੇ ਆਏ ਕਿਰਦਾਰ ਦਾ ਨਾਂ 'ਜੱਸੀ' ਹੈ। ਜੱਸੀ ਕਈ ਪੁੱਠੇ-ਸਿੱਧੇ ਕੰਮ ਕਰਦਾ ਹੈ। ਹਰ ਬੰਦੇ ਨੂੰ ਲੱਗੇਗਾ ਕਿ ਇਹ ਉਸ ਦਾ ਹੀ ਆਪਣਾ ਕਿਰਦਾਰ ਹੈ। ਇਸ 'ਚ ਅਸੀ ਡੇਰਾਵਾਦ ਬਾਰੇ ਵੀ ਚਾਨਣਾ ਪਾਇਆ ਹੈ। ਤੁਹਾਨੂੰ ਫਿਲਮ ਵੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ '15 ਲੱਖ ਕਦੋਂ ਆਊਗਾ' ਦਾ ਵਿਸ਼ਾ-ਵਸਤੂ ਕੀ ਹੈ।

-

92606-00013

Posted By: Harjinder Sodhi