ਕਹਿੰਦੇ ਹਨ ਕਿ ਸੰਘਰਸ਼ ਤੇ ਮਿਹਨਤ ਦਾ ਮੁੱਲ ਭਾਵੇਂ ਦੇਰੀ ਨਾਲ ਪਵੇ ਪਰ ਪੈਂਦਾ ਜ਼ਰੂਰ ਹੈ। ਇਸ ਗੱਲ ਦਾ ਗਵਾਹ ਅਦਾਕਾਰ ਦੇਵ ਖਰੌੜ ਹੈ। ਦੇਵ ਉਹ ਅਦਾਕਾਰ ਹੈ ਜਿਸ ਨੇ ਲੰਬੇ ਸੰਘਰਸ਼ ਤੇ ਮਿਹਨਤ ਨਾਲ ਪੰਜਾਬੀ ਫਿਲਮ ਜਗਤ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ। ਪੰਜਾਬੀ ਫਿਲਮਾਂ ਦੇ ਐਕਸ਼ਨ ਹੀਰੋ ਬਣੇ ਦੇਵ ਨੂੰ ਉਸ ਦੀ ਮਿਹਨਤ ਅਜਿਹੀ ਰਾਸ ਆਈ ਹੈ ਕਿ ਅੱਜ ਉਹ ਪੰਜਾਬੀ ਫਿਲਮਾਂ ਦਾ ਚਰਚਿਤ ਹੀਰੋ ਹੈ। ਉਸ ਦੀ ਹਰ ਫਿਲਮ ਸਿਨੇਮਾ ਖਿੜਕੀ 'ਤੇ ਧਮਾਲ ਮਚਾਉਂਦੀ ਹੈ।

ਪੰਜਾਬੀ ਦਰਸ਼ਕਾਂ ਦੀ ਝੋਲੀ ਵਿਚ ਇਕ ਤੋਂ ਬਾਅਦ ਇਕ ਚਾਰ ਹਿੱਟ ਫਿਲਮਾਂ ਪਾ ਚੁੱਕਾ ਇਹ ਹੀਰੋ ਇਨ੍ਹੀਂ ਦਿਨੀਂ ਹਾਲ 'ਚ ਰਿਲੀਜ਼ ਹੋਈ ਫਿਲਮ 'ਬਲੈਕੀਆ' ਕਾਰਨ ਚਰਚਾ 'ਚ ਹੈ। ਇਸ ਫਿਲਮ ਵਿਚ ਵੀ ਉਹ ਦਮਦਾਰ ਐਕਸ਼ਨ ਕਰਦਾ ਨਜ਼ਰ ਆਇਆ ਹੈ। ਇਸ ਵਾਰ ਫਿਲਮ 'ਚ ਉਹ ਆਪਣੇ ਸਟਾਇਲਿਸ਼ ਕੱਪੜਿਆਂ ਤੇ ਵੱਖਰੇ ਅੰਦਾਜ਼ ਨਾਲ ਵੀ ਸਭ ਦਾ ਦਿਲ ਜਿੱਤ ਰਿਹਾ ਹੈ। ਨਿਰਮਾਤਾ ਵਿਵੇਕ ਓਹਰੀ ਵੱਲੋਂ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਸੁਖਮਿੰਦਰ ਧੰਜਲ ਨੇ ਕੀਤਾ ਹੈ। ਜਦਕਿ ਦੇਵ ਦੀ ਇਸ ਫਿਲਮ ਦੀ ਕਹਾਣੀ ਇੰਦਰਪਾਲ ਨੇ ਲਿਖੀ ਹੈ।

ਦੇਵ ਅਕਸਰ ਕਹਿੰਦਾ ਹੈ ਕਿ ਉਹ ਅੱਜ ਜਿਸ ਵੀ ਮੁਕਾਮ 'ਤੇ ਹੈ ਸਿਰਫ਼ ਆਪਣੇ ਪ੍ਰਸ਼ੰਸਕਾਂ ਦੀ ਬਦੌਲਤ ਹੀ ਹੈ। ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਇਹ ਹੀਰੋ ਲੰਬੇ ਅਰਸੇ ਤੋਂ ਥੀਏਟਰ ਨਾਲ ਵੀ ਜੁੜਿਆ ਹੋਇਆ ਹੈ। ਫਿਲਮਾਂ 'ਚ ਆਉਣ ਤੋਂ ਪਹਿਲਾਂ ਉਸ ਨੇ ਕਈ ਸਾਲ ਟੈਲੀਵਿਜ਼ਨ 'ਤੇ ਵੱਖ-ਵੱਖ ਅਦਾਕਾਰਾਂ ਨਾਲ ਕੰਮ ਕੀਤਾ। ਨਾਮਵਰ ਕਾਮੇਡੀਅਨ ਕਰਮਜੀਤ ਅਨਮੋਲ, ਰਾਣਾ ਰਣਬੀਰ ਤੇ ਭਗਵੰਤ ਮਾਨ ਨਾਲ ਉਹ ਕਈ ਟੀਵੀ ਸੀਰੀਅਲ ਅਤੇ ਡਰਾਮੇ ਕਰ ਚੁੱਕਾ ਹੈ। ਉਸ ਦੀ ਪਹਿਲੀ ਫਿਲਮ 'ਕਬੱਡੀ ਇਕ ਮੁਹੱਬਤ' ਸੀ ਜਦਕਿ ਉਸ ਨੂੰ ਵੱਖਰੀ ਪਛਾਣ ਫਿਲਮ 'ਰੁਪਿੰਦਰ ਗਾਂਧੀ' ਨਾਲ ਮਿਲੀ। ਇਸ ਤੋਂ ਬਾਅਦ ਉਸ ਨੇ 'ਰੁਪਿੰਦਰ ਗਾਂਧੀ 2' ਵਿਚ ਵੀ ਮੁੱਖ ਭੂਮਿਕਾ ਨਿਭਾਈ। ਪੰਜਾਬੀ ਫਿਲਮ 'ਡਾਕੂਆਂ ਦਾ ਮੁੰਡਾ' ਆਉਣ ਤੋਂ ਬਾਅਦ ਉਹ ਪਾਲੀਵੁੱਡ ਦਾ ਸਥਾਪਤ ਹੀਰੋ ਬਣ ਗਿਆ। ਦੇਵ ਦਾ ਮੰਨਣਾ ਹੈ ਕਿ ਇਕ ਦਮਦਾਰ ਕਹਾਣੀ ਹੀ ਕਿਸੇ ਕਲਾਕਾਰ ਦੀ ਅਲੱਗ ਪਛਾਣ ਕਾਇਮ ਕਰ ਸਕਦੀ ਹੈ। ਉਹ ਖ਼ੁਸ਼ਕਿਸਮਤ ਹੈ ਕਿ ਉਸ ਨੂੰ ਚੰਗੀਆਂ ਕਹਾਣੀਆਂ ਮਿਲ ਰਹੀਆਂ ਹਨ। ਦੇਵ ਦਾ ਕਹਿਣਾ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਤਰੱਕੀ ਕਰ ਰਹੀ ਹੈ। ਦਰਸ਼ਕ ਨਵੇਂ-ਨਵੇਂ ਵਿਸ਼ਿਆਂ ਵਾਲੀਆਂ ਫਿਲਮਾਂ ਦੀ ਮੰਗ ਕਰ ਰਹੇ ਹਨ। ਉਹ ਵੀ ਆਪਣੀ ਟੀਮ ਨਾਲ ਸਮੇਂ-ਸਮੇਂ 'ਤੇ ਵੱਖਰੇ-ਵੱਖਰੇ ਵਿਸ਼ਿਆਂ ਵਾਲੀਆਂ ਫਿਲਮਾਂ ਲੈ ਕੇ ਆਉਂਦਾ ਰਹੇਗਾ। ਉਸ ਦੀ ਅਗਲੀ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਡੀਐੱਸਪੀ ਦੇਵ' ਹੈ। ਫਿਲਹਾਲ ਉਹ ਉਸ ਇਸ ਦੀ ਸ਼ੂਟਿੰਗ 'ਚ ਰੁੱਝਾ ਹੋਇਆ ਹੈ।]

- ਅਕਸ ਮਹਿਰਾਜ

94788-84200

Posted By: Harjinder Sodhi