ਮੈਲਬੌਰਨ : ਸਿੱਧੂ ਮੂਸੇਵਾਲਾ ਤੋਂ ਬਾਅਦ ਇਕ ਹੋਰ ਪੰਜਾਬੀ ਗਾਇਕ ਦੀ ਮੌਤ ਦੀ ਖ਼ਬਰ ਮਿਲੀ ਹੈ। ਮੈਲਬੌਰਨ ਰਹਿੰਦੇ ਭਿਆਨਕ ਸੜਕ ਹਾਦਸੇ 'ਚ ਪੰਜਾਬੀ ਗਾਇਕ ਨਿਰਵੈਰ ਸਿੰਘ (Nirvair Singh) ਦੀ ਮੌਤ ਹੋ ਗਈ ਹੈ। ਬੀਤੇ ਕੱਲ੍ਹ ਦੁਪਹਿਰ ਨੂੰ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹਾਦਸਾ ਦੂਜੀ ਕਾਰ ਦੇ ਡਰਾਈਵਰ ਵੱਲੋਂ ਗਲਤ ਤਰੀਕੇ ਨਾਲ ਗੱਡੀ ਚਲਾਉਣ ਕਰਕੇ ਵਾਪਰਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਿਊਜ਼ਿਕ ਇੰਡਸਟਰੀ ਵਲੋਂ ਨਿਰਵੈਰ ਸਿੰਘ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ।

ਨਿਰਵੈਰ ਦਾ ਆਖਰੀ ਗੀਤ ਤਿੰਨ ਸਾਲ ਪਹਿਲਾਂ ਹਿੱਕ ਠੋਕ ਕੇ.. ਗੁਰਲੇਜ਼ ਅਖ਼ਤਰ ਨਾਲ ਆਇਆ ਸੀ। ਨਿਰਵੈਰ ਦੀ ਮੌਤ ਨੇ ਉਸ ਦੇ ਦੋਸਤ ਗਗਨ ਕੋਕਰੀ ਨੂੰ ਝਟਕਾ ਦਿੱਤਾ ਹੈ, ਜਿਸ ਨੇ ਉਸ ਨਾਲ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- ਨਿਰਵੈਰ ਭਾਈ, ਮੈਂ ਇਹ ਸੁਣ ਕੇ ਹੁਣੇ-ਹੁਣੇ ਉੱਠਿਆ ਹਾਂ। ਅਸੀਂ ਇਕੱਠੇ ਟੈਕਸੀ ਚਲਾਈ ਅਤੇ ਅਸੀਂ ਪਹਿਲੀ ਵਾਰ ਇੱਕੋ ਐਲਬਮ 'ਚ ਇਕੱਠੇ ਗਾਇਆ। ਮੈਂ ਜਾਣਦਾ ਹਾਂ ਕਿ ਤੂੰ ਕੁੰਮ 'ਚ ਰੁੱਝਿਆ ਹੋਵੇਗਾਂ, ਪਰ ਹਰ ਵਾਰ ਤੂੰ ਮੈਨੂੰ ਮੇਰੀ ਪ੍ਰਾਪਤੀ ਬਾਰੇ ਫ਼ੋਨ ਕਰਦਾ ਸੀ ਤੇ ਤੇਰੀ ਆਖਰੀ ਕਾਲ ਗਾਇਕੀ ਦੇ ਸੰਬੰਧ 'ਚ ਸੀ।

ਤੇਰਾ ਗੀਤ 'ਤੇਰੇ ਬਿਨਾ ਹਮਾਰੇ...' ਐਲਬਮ ਮਾਈ ਟਰਨ ਦਾ ਸਭ ਤੋਂ ਵਧੀਆ ਗੀਤ ਸੀ ਜਿਸ ਨਾਲ ਅਸੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਵੀਰ ਜੀ ਤੁਸੀਂ ਬਹੁਤ ਵਧੀਆ ਇਨਸਾਨ ਸੀ, ਤੁਹਾਡੇ ਜਾਣ ਨਾਲ ਪੂਰਾ ਮੈਲਬੌਰਨ ਸਦਮੇ 'ਚ ਹੈ।

Posted By: Seema Anand